ਰਾਂਚੀ, 24 ਫਰਵਰੀ :
ਝਾਰਖੰਡ ਦੇ ਰਾਂਚੀ ‘ਚ ਏਅਰ ਐਂਬੂਲੈਂਸ ਕ੍ਰੈਸ਼ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਦੋ ਪਾਇਲਟ, ਇਕ ਡਾਕਟਰ ਅਤੇ ਮਰੀਜ਼ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਇਹ ਹਾਦਸਾ ਮੌਸਮ ਖਰਾਬ ਹੋਣ ਕਾਰਨ ਵਾਪਰਿਆ ਹੈ। ਇਸ ਏਅਰ ਐਂਬੂਲੈਂਸ ਨੇ ਰਾਂਚੀ ਦੇ ਵਿਰਸਾ ਮੁੰਡਾ ਏਅਰਪੋਰਟ ਤੋਂ ਉਡਾਣ ਭਰੀ ਸੀ, ਜਿਸ ਰਾਹੀਂ ਮਰੀਜ਼ ਨੂੰ ਦਿੱਲੀ ਲਿਆਂਦਾ ਜਾ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ ਲਾਤੇਹਾਰ ਦੇ ਚਾਂਦਵਾ ਦੇ ਰਹਿਣ ਵਾਲੇ 41 ਸਾਲਾ ਸੰਜੇ ਕੁਮਾਰ ਨੂੰ ਬਿਹਤਰ ਇਲਾਜ ਲਈ ਦਿੱਲੀ ਲਿਜਾਇਆ ਜਾ ਰਿਹਾ ਸੀ। ਬੀਤੇ ਸ਼ਾਮ 7 ਵਜੇ ਦੇ ਕਰੀਬ ਜਹਾਜ਼ ਨੇ ਉਡਾਣ ਭਰੀ ਸੀ, ਜਿਸ ਤੋਂ 20 ਮਿੰਟ ਬਾਅਦ ਹੀ ਅਚਾਨਕ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਟੁੱਟ ਗਿਆ ਅਤੇ ਚਤਰਾ ਜ਼ਿਲ੍ਹੇ ਦੇ ਸਿਮਰੀਆ ਥਾਣਾ ਖੇਤਰ ਵਿੱਚ ਕਸੀਆਤੂ ਦੇ ਅਧੀਨ ਕਰਮਤੰਡ ਜੰਗਲ ਵਿੱਚ ਹਾਦਸਾਗ੍ਰਸਤ ਹੋ ਗਿਆ। ਚਸ਼ਮਦੀਦਾਂ ਦੇ ਅਨੁਸਾਰ, ਉਸ ਸਮੇਂ ਖੇਤਰ ਵਿੱਚ ਤੇਜ਼ ਤੂਫ਼ਾਨ, ਬਿਜਲੀ ਅਤੇ ਭਾਰੀ ਮੀਂਹ ਪੈ ਰਿਹਾ ਸੀ। ਹਾਦਸੇ ਦੀ ਖ਼ਬਰ ਮਿਲਦਿਆ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੁਰੰਤ ਕਾਰਵਾਈ ਸੰਭਾਲ ਲਈ। ਚਤਰਾ ਦੇ ਡੀਸੀ ਕੀਰਤੀ ਸ਼੍ਰੀ ਜੀ ਅਤੇ ਐਸਪੀ ਸੁਮਿਤ ਕੁਮਾਰ ਅਗਰਵਾਲ ਭਾਰੀ ਪੁਲਿਸ ਫੋਰਸ ਅਤੇ ਅਰਧ ਸੈਨਿਕ ਬਲਾਂ ਨਾਲ ਮੌਕੇ ‘ਤੇ ਪਹੁੰਚੇ। ਜਹਾਜ਼ ਦੇ ਮਲਬੇ ਵਿੱਚੋਂ ਇੱਕ ਔਰਤ ਅਤੇ ਛੇ ਪੁਰਸ਼ਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਘਟਨਾ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਇੱਕ ਫੋਰੈਂਸਿਕ ਟੀਮ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਹੈ।













