ਮੁਕੇਰੀਆਂ/ਹੁਸ਼ਿਆਰਪੁਰ, 23 ਫਰਵਰੀ:
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਦੇ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਗਤੀ ਦਿੰਦੇ ਹੋਏ ਅੱਜ ਮੁਕੇਰੀਆਂ ਵਿੱਚ ਨਸ਼ਾ ਮੁਕਤ ਸਮਾਜ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ’ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ’ ਅਧੀਨ ਆਯੋਜਿਤ ਜਨ-ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲਿਆ। ਪੰਜਾਬ ਦੇ ਸਰਹੱਦੀ ਇਲਾਕਿਆਂ ਤੋਂ ਸ਼ੁਰੂ ਹੋਈ ਇਹ ਨਸ਼ਾ ਵਿਰੋਧੀ ਯਾਤਰਾ ਹੁਣ ਸੂਬੇ ਦੇ ਅੰਦਰੂਨੀ ਜ਼ਿਲ੍ਹਿਆਂ ਵਿੱਚ ਵੀ ਸ਼ੁਰੂ ਹੋ ਗਈ ਹੈ।
’ਮਦਰਜ਼ ਅਗੇਂਸਟ ਡਰੱਗਜ਼’ ਥੀਮ ‘ਤੇ ਕੱਢੀ ਗਈ ਇਸ ਪਦਯਾਤਰਾ ਵਿੱਚ ਰਾਜਨੀਤਿਕ, ਪ੍ਰਸ਼ਾਸਨਿਕ, ਸਮਾਜਿਕ, ਧਾਰਮਿਕ ਸੰਗਠਨਾਂ, ਵਿਦਿਆਰਥੀਆਂ, ਵਪਾਰੀਆਂ, ਐਨ.ਜੀ.ਓਜ ਅਤੇ ਨਾਗਰਿਕਾਂ ਵੱਲੋਂ ਵਿਆਪਕ ਹਿੱਸੇਦਾਰੀ ਨਾਲ ਇਹ ਯਾਤਰਾ ਇੱਕ ਜਨ ਅੰਦੋਲਨ ਦਾ ਰੂਪ ਲੈਂਦੀ ਨਜ਼ਰ ਆਈ।
ਪ੍ਰੋਗਰਾਮ ਦੀ ਸ਼ੁਰੂਆਤ ਤਹਿਸੀਲ ਕੰਪਲੈਕਸ, ਮੁਕੇਰੀਆਂ ਤੋਂ ਹੋਈ, ਜਿੱਥੇ ਯਾਤਰਾ ਦਾ ਸ਼ੁਭ-ਆਰੰਭ ਐੱਨ ਸੀ ਸੀ ਕੈਡੇਟਸ ਦੇ ਬੈਂਡ ਦੀ ਅਗਵਾਈ ਵਿੱਚ ਕੀਤਾ ਗਿਆ। ਗੁਬਾਰੇ ਛੱਡ ਕੇ ਅਤੇ ਖੇਡ ਪ੍ਰਤਿਭਾਵਾਂ ਵੱਲੋਂ ਮਸ਼ਾਲ ਜਗਾ ਕੇ ਨਸ਼ਿਆਂ ਵਿਰੁੱਧ ਸੰਘਰਸ਼ ਦਾ ਸੰਦੇਸ਼ ਦਿੱਤਾ ਗਿਆ। ’ਪ੍ਰਤਿੱਗਿਆ- ਇੱਕ ਨਵੀਂ ਸੋਚ’ ਸਮੂਹ ਦੀਆਂ ਮਾਵਾਂ ਨੇ ਸਵਾਗਤ ਕੀਤਾ ਅਤੇ “ਯੁੱਧ ਨਸ਼ਿਆਂ ਵਿਰੁੱਧ” ਦੇ ਨਾਅਰਿਆਂ ਨਾਲ ਜਨ ਜਾਗਰੂਕਤਾ ਦਾ ਮਾਹੌਲ ਬਣਾਇਆ।
ਪਦਯਾਤਰਾ ਦੌਰਾਨ ਸਕੂਲ-ਕਾਲਜ ਵਿਦਿਆਰਥੀਆਂ, ਐਨ ਸੀ ਸੀ-ਐਨ ਐਸ ਐਸ ਵਾਲੰਟੀਅਰਜ਼, ਰੈਡ ਰਿਬਨ ਕਲੱਬ, ਵੀ ਡੀ ਸੀ ਮੈਂਬਰਾਂ ਅਤੇ ਸਿਵਲ ਡਿਫੈਂਸ ਵਾਲੰਟੀਅਰਜ਼ ਨੇ ਮਨੁੱਖੀ ਲੜੀ ਬਣਾ ਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਦੇਸ਼ ਦਿੱਤਾ। ਵੱਖ-ਵੱਖ ਥਾਵਾਂ ‘ਤੇ ਸਮਾਜਿਕ ਸੰਸਥਾਵਾਂ ਅਤੇ ਸੰਗਠਨਾਂ ਵੱਲੋਂ ਰਾਜਪਾਲ ਦਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ।
3 ਕਿਲੋਮੀਟਰ ਲੰਬੀ ਇਸ ਪਦਯਾਤਰਾ ਦੀ ਸਮਾਪਤੀ ਦਸ਼ਮੇਸ਼ ਗਰਲਜ਼ ਕਾਲਜ, ਚੱਕ ਅੱਲਾ ਬਖ਼ਸ਼ ਵਿਖੇ ਹੋਈ। ਇੱਥੇ ਸ਼ਿਵੀ ਸ਼ਿਵਾਏ ਵੈਲਫੇਅਰ ਸੋਸਾਇਟੀ ਵੱਲੋਂ ਨੁੱਕੜ ਨਾਟਕ ਦੇ ਜ਼ਰੀਏ ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਨਸ਼ਾ ਸਮਾਜ, ਪਰਿਵਾਰ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਕਮਜ਼ੋਰ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਸ਼ਕਤੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਨੂੰ ਨਸ਼ੇ ਦੀ ਗ੍ਰਿਫਤ ਤੋਂ ਬਚਾਉਣਾ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਮਾਪਿਆਂ, ਅਧਿਆਪਕਾਂ, ਸਮਾਜਿਕ ਸੰਗਠਨਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕਤਾ ਮੁਹਿੰਮ ਨੂੰ ਲੋਕ ਅੰਦੋਲਨ ਦਾ ਰੂਪ ਦੇਣ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸੂਬੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਜਨ ਜਾਗਰਣ ਦੀ ਬੇਮਿਸਾਲ ਮੁਹਿੰਮ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਸੂਬਾ ਵਿਆਪੀ ਮੁਹਿੰਮ ਨੂੰ ਕਾਫੀ ਸਫਲਤਾ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਇਸ ਅੰਦੋਲਨ ਵਿੱਚ ਜਨਤਾ ਨੂੰ ਹੀ ਸਾਰਥੀ ਬਣਨਾ ਪਵੇਗਾ ਤਾਂ ਹੀ ਰੰਗਲਾ ਪੰਜਾਬ ਦਾ ਸੁਪਨਾ ਸਾਕਾਰ ਹੋਵੇਗਾ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਮਾਜਿਕ ਸੰਸਥਾਵਾਂ ਅਤੇ ਵਾਲੰਟੀਅਰਜ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਲੋਕਾਂ ਦੀ ਹਿੰਸੇਦਾਰੀ ਅਧਾਰਿਤ ਮੁਹਿੰਮ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ਵਿੱਚ ਨਿਰਣਾਇਕ ਸਾਬਤ ਹੋਣਗੇ।
ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ ਐਸ ਪੀ ਸੰਦੀਪ ਕੁਮਾਰ ਮਲਿਕ, ਏ ਡੀ ਸੀ ਨਿਕਾਸ ਕੁਮਾਰ, ਐਸ ਡੀ ਐਮ ਮੁਕੇਰੀਆਂ ਓਇਸ਼ੀ ਮੰਡਲ, ਪੰਜਾਬ ਲਿਟ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਲੇਖਕ ਖੁਸ਼ਵੰਤ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਦਲਾਂ ਦੇ ਨੁਮਾਇੰਦੇ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਕਾਲਜ ਪ੍ਰਬੰਧਕ ਕਮੇਟੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Spread the love