ਕੈਲੀਫੋਰਨੀਆ, 16 ਜੂਨ 2026:

ਅਮਰੀਕਾ ਦੇ ਕੈਲੀਫੋਰਨੀਆ ਸਥਿਤ ਐਡਵਰਡਸ ਏਅਰ ਫੋਰਸ ਬੇਸ ‘ਤੇ ਸੋਮਵਾਰ ਨੂੰ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ। ਅਮਰੀਕੀ ਹਵਾਈ ਸੈਨਾ ਦਾ B-52 ਸਟ੍ਰੈਟੋਫੋਰਟਰਸ ਬੰਬਾਰ ਜਹਾਜ਼ ਉਡਾਣ ਭਰਨ ਤੋਂ ਕੁਝ ਹੀ ਪਲਾਂ ਬਾਅਦ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ ਅੱਠ ਲੋਕਾਂ ਦੀ ਮੌਤ ਹੋ ਗਈ।ਹਵਾਈ ਸੈਨਾ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਜਹਾਜ਼ ਇੱਕ ਰੁਟੀਨ ਟੈਸਟ ਮਿਸ਼ਨ ‘ਤੇ ਸੀ ਅਤੇ ਇਸ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 11:20 ਵਜੇ ਉਡਾਣ ਭਰੀ ਸੀ। ਰਨਵੇਅ ਤੋਂ ਉੱਡਣ ਦੇ ਤੁਰੰਤ ਬਾਅਦ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਵਿੱਚ ਭਿਆਨਕ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਘਟਨਾ ਸਥਾਨ ਤੋਂ ਕਾਲੇ ਧੂੰਏਂ ਦੇ ਵੱਡੇ ਗੁਬਾਰ ਆਸਮਾਨ ਵਿੱਚ ਉੱਠਦੇ ਦੇਖੇ ਗਏ।ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਮਗਰੋਂ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ, ਪਰ ਜਹਾਜ਼ ਨੂੰ ਹੋਏ ਭਾਰੀ ਨੁਕਸਾਨ ਕਾਰਨ ਕਿਸੇ ਵੀ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ।ਹਵਾਈ ਸੈਨਾ ਦੇ ਅਨੁਸਾਰ, ਇਹ ਉਡਾਣ ਰਾਡਾਰ ਆਧੁਨਿਕੀਕਰਨ ਪ੍ਰੋਗਰਾਮ ਨਾਲ ਜੁੜੇ ਇੱਕ ਮਹੱਤਵਪੂਰਨ ਟੈਸਟ ਮਿਸ਼ਨ ਦਾ ਹਿੱਸਾ ਸੀ। ਮ੍ਰਿਤਕਾਂ ਵਿੱਚ ਫੌਜੀ ਅਧਿਕਾਰੀ, ਸਰਕਾਰੀ ਕਰਮਚਾਰੀ ਅਤੇ ਸਰਕਾਰੀ ਠੇਕੇਦਾਰ ਸ਼ਾਮਲ ਹਨ।ਅਮਰੀਕੀ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜਤਾਈ ਹੈ। ਨਾਲ ਹੀ ਪਰਿਵਾਰਾਂ ਨੂੰ ਅਧਿਕਾਰਤ ਤੌਰ ‘ਤੇ ਸੂਚਿਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Spread the love