ਜਲੰਧਰ, 12 ਫ਼ਰਵਰੀ

ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾ ਸਭਾ ਹਲਕਾ ਜਲੰਧਰ ਕੇਂਦਰੀ ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਮਨੋਰੰਜਨ ਕਾਲੀਆ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਗਠਜੋੜ ਦੇ ਅੱਜ ਜਲੰਧਰ ਵਿੱਚ ਜਾਰੀ ਕੀਤੇ ਗਏ ਮਨੋਰਥ ਪੱਤਰ ਨੇ ਸਾਰੀਆਂ ਪਾਰਟੀਆਂ ਦੇ ‘ਮੈਨੀਫ਼ੈਸਟੋ’ ਫ਼ਿੱਕੇ ਪਾ ਦਿੱਤੇ ਹਨ।

ਲਗਾਤਾਰ ਡੋਰ ਟੂ ਡੋਰ ਚੋਣ ਪ੍ਰਚਾਰ ਵਿੱਚ ਰੁੱਝੇ ਅਤੇ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਖੁਸ਼ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੇਵਲ ਚੋਣ ਮਨੋਰਥ ਪੱਤਰ ਵਿੱਚਲੇ ਨੁਕਤੇ ਹੀ ਪੰਜਾਬ ਦੇ ਲੋਕਾਂ ਅਤੇ ਸੂਬੇ ਨੂੰ ਵਿਕਾਸ ਦੀ ਰਾਹ ’ਤੇ ਲਿਜਾਣ ਵਾਲੇ ਹਨ ਸਗੋਂ ਇਕ ਅਹਿਮ ਗੱਲ ਇਹ ਵੀ ਹੈ ਕਿ ਭਾਜਪਾ ਬਾਰੇ ਲੋਕ ਜਾਣਦੇ ਹਨ ਕਿ ਇਹ ਸਾਰਾ ਚੋਣ ਮਨੋਰਥ ਪੱਤਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੰਨ ਬਿਨ ਲਾਗੂ ਕੀਤਾ ਜਾਵੇਗਾ।

ਸੂਬੇ ਵਿੰਚ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਦੀ ਸਾਂਝੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ ਭਾਜਪਾ ਹੀ ਇਕੋ ਇਕ ਐਸੀ ਪਾਰਟੀ ਹੈ ਜਿਹੜੀ ਸੂਬੇ ਵਿੱਚ ਅਮਨ ਸ਼ਾਂਤੀ, ਲਾਅ ਐਂਡ ਆਰਡਰ ਕਾਇਮ ਕਰਨ ਅਤੇ ਭਾਈਚਾਰਕ ਸਾਂਝ ਬਣਾਏ ਰੱਖਣ ਦਾ ਦਾਅਵਾ ਕਰ ਸਕਦੀ ਹੈ ਅਤੇ ਸੂਬੇ ਦੇ ਲੋਕ ਜਾਣਦੇ ਹਨ ਕਿ ਕਾਂਗਰਸ ਇਸ ਕਾਰਜ ਵਿੱਚ ਬੁਰੀ ਤਰ੍ਹਾਂ ਫ਼ੇਲ ਰਹੀ ਹੈ।

ਕਾਲੀਆ ਨੇ ਆਪਣੇ ਸਮਰਥਕਾਂ ਦੇ ਨਾਲ ਕਮਲ ਵਿਹਾਰ ਇਲਾਕੇ ਵਿੱਚ ਘਰ ਘਰ ਜਾ ਕੇ ਆਪਣਾ ਚੋਣ ਪ੍ਰਚਾਰ ਕੀਤਾ ਜਿਸ ਦੌਰਾਨ ਲੋਕਾਂ ਨੇ ਨਾ ਕੇਵਲ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਸਗੋਂ ਉਨ੍ਹਾਂ ਵੱਲੋਂ ਬਤੌਰ ਮੰਤਰੀ ਕੀਤੇ ਕਾਰਜਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ।

Spread the love