Breaking News
ਮੀਂਹ ਤੇ ਗੜੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ’ਤੇ ਰਾਜਪਾਲ ਨੇ ਚਿੰਤਾ ਜਤਾਈ

ਲੁਧਿਆਣਾ, 9 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਵਿੱਚ ਮੀਂਹ ਅਤੇ ਗੜ੍ਹੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਉਤੇ ਚਿੰਤਾ ਜਤਾਈ ਹੈ। ਰਾਜਪਾਲ ਇੱਥੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਇਕ ਸਮਾਗਮ ਵਿੱਚ ਹਿੱਸਾ ਲੈਣ ਲਈ ਸ਼ਾਮਲ ਹੋਏ ਸਨ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਜਿਹੇ ਮੁਸੀਬਤ ਦੀ ਘੜੀ ਵਿੱਚ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਨਾਲ ਕਿਸਾਨਾਂ ਬਾਰੇ ਗੱਲ ਕਰਨਗੇ। ਰਾਜਪਾਲ ਸੂਬੇ ਵਿੱਚ ਨਸ਼ੇ ਨੂੰ ਲੈ ਕੇ ਵੀ ਬੋਲੇ। ਉਨ੍ਹਾਂ ਸੂਬੇ ਵਿੱਚੋਂ ਨਸ਼ੇ ਦੇ ਖਤਮੇ ਦੀ ਗੱਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਵਿਚੋਂ ਹਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ਵਿੱਚ ਮੀਂਹ ਤੇ ਗੜੇਮਾਰੀ ਕਾਰਨ 1.30 ਲੱਖ ਏਕੜ ਰਕਬੇ ‘ਚ ਫ਼ਸਲਾਂ ਦਾ ਨੁਕਸਾਨ

ਚੰਡੀਗੜ੍ਹ, 9 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਹਾਲ ਹੀ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਸਮੇਤ ਹਾੜ੍ਹੀ ਦੀਆਂ ਹੋਰ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਈ ਤੁਰੰਤ ਇੱਕ ਉੱਚ ਪੱਧਰੀ ਟੀਮ ਭੇਜਣ ਦੀ ਅਪੀਲ ਕੀਤੀ ਹੈ।

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਲਿਖੇ ਪੱਤਰ ਵਿੱਚ ਸ. ਗੁਰਮੀਤ ਸਿੰਘ ਖੁੱਡੀਆਂ ਨੇ ਹਾਲ ਹੀ ਵਿੱਚ ਖ਼ਰਾਬ ਮੌਸਮ ਕਰਕੇ ਸੂਬੇ ਵਿੱਚ ਕਣਕ ਦੀ ਫ਼ਸਲ ‘ਤੇ ਪਏ ਪ੍ਰਤੀਕੂਲ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ 35 ਲੱਖ ਹੈਕਟੇਅਰ ‘ਤੇ ਕਣਕ ਦੀ ਬਿਜਾਈ ਕੀਤੀ ਕੀਤੀ ਗਈ ਸੀ ਅਤੇ ਇਸ ਵਾਰ ਫ਼ਸਲ ਦਾ ਬੰਪਰ ਝਾੜ ਹੋਣ ਦੀ ਉਮੀਦ ਲਾਈ ਜਾ ਰਹੀ ਸੀ, ਪਰ ਲਗਾਤਾਰ ਮੀਂਹ ਅਤੇ ਗੜੇਮਾਰੀ ਕਰਕੇ ਫ਼ਸਲਾਂ ਦੇ ਨੁਕਸਾਨ ਨੇ ਕਿਸਾਨ ਭਾਈਚਾਰੇ ਲਈ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ।

ਸ. ਖੁੱਡੀਆਂ ਨੇ ਦੱਸਿਆ ਕਿ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਮੁੱਢਲੇ ਮੁਲਾਂਕਣ ਅਨੁਸਾਰ 1.30 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਫਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਂਹ ਨਾ ਰੁਕਣ ਕਰਕੇ ਨੁਕਸਾਨ ਵੀ ਵਧਦਾ ਜਾ ਰਿਹਾ ਹੈ ਅਤੇ ਅੰਕੜਾ ਹੋਰ ਵੀ ਵੱਧ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਨੁਕਸਾਨ ਸਿਰਫ਼ ਕਣਕ ਤੱਕ ਸੀਮਤ ਨਹੀਂ ਹੈ ਕਿਉਂਕਿ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਅੰਮ੍ਰਿਤਸਰ, ਮੋਗਾ ਅਤੇ ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਬਜ਼ੀਆਂ, ਹਰੇ ਚਾਰੇ ਅਤੇ ਹਾੜੀ ਦੀਆਂ ਹੋਰ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਹ ਨੁਕਸਾਨ ਕਿਸਾਨਾਂ ਦੀ ਰੋਜ਼ੀ-ਰੋਟੀ ਅਤੇ ਰਾਜ ਦੀ ਖੇਤੀਬਾੜੀ ਆਰਥਿਕਤਾ ਨੂੰ ਗੰਭੀਰ ਖ਼ਤਰਾ ਦਰਪੇਸ਼ ਕਰ ਰਿਹਾ ਹੈ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਸੰਕਟ ਦਾ ਸਾਹਮਣਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਵੇਰਵਾ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਰਾਜ ਨੇ ਪਹਿਲਾਂ ਹੀ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ।

ਨੁਕਸਾਨ ਦੇ ਪੈਮਾਨੇ ਅਤੇ ਕਿਸਾਨਾਂ ‘ਤੇ ਪੈ ਰਹੇ ਵਿੱਤੀ ਬੋਝ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਕੇਂਦਰ ਤੋਂ ਇਸ ਸਬੰਧੀ ਤੁਰੰਤ ਰਾਹਤ ਅਤੇ ਮੁਆਵਜ਼ਾ ਮੰਗਿਆ ਹੈ। ਸ. ਖੁੱਡੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਸਤ੍ਰਿਤ ਮੁਲਾਂਕਣ ਲਈ ਤੁਰੰਤ ਕੇਂਦਰੀ ਟੀਮ ਭੇਜਣ ਦੀ ਲੋੜ ਹੈ। ਉਨ੍ਹਾਂ ਨਾਲ ਹੀ ਭਰੋਸਾ ਦਿੱਤਾ ਕਿ ਰਾਜ ਸਰਕਾਰ ਕਿਸਾਨਾਂ ਦੇ ਸਮਰਥਨ ਲਈ ਵਚਨਬੱਧ ਹੈ ਅਤੇ ਕੇਂਦਰੀ ਟੀਮ ਨੂੰ ਹਰ ਲੋੜੀਂਦਾ ਸਹਿਯੋਗ ਦਿੱਤਾ ਜਾਵੇਗਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

09-04-2026

ਧਨਾਸਰੀ ਮਹਲਾ ੧ ॥

ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥ ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥ ਚੋਰੁ ਸੁਆਲਿਉ ਚੋਰੁ ਸਿਆਣਾ ॥ ਖੋਟੇ ਕਾ ਮੁਲੁ ਏਕੁ ਦੁਗਾਣਾ ॥ ਜੇ ਸਾਥਿ ਰਖੀਐ ਦੀਜੈ ਰਲਾਇ ॥ ਜਾ ਪਰਖੀਐ ਖੋਟਾ ਹੋਇ ਜਾਇ ॥੨॥ ਜੈਸਾ ਕਰੇ ਸੁ ਤੈਸਾ ਪਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥ ਜੇ ਵਡਿਆਈਆ ਆਪੇ ਖਾਇ ॥ ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥ ਜੇ ਸਉ ਕੂੜੀਆ ਕੂੜੁ ਕਬਾੜੁ ॥ ਭਾਵੈ ਸਭੁ ਆਖਉ ਸੰਸਾਰੁ ॥ ਤੁਧੁ ਭਾਵੈ ਅਧੀ ਪਰਵਾਣੁ ॥ ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥

ਵੀਰਵਾਰ, ੨੭ ਚੇਤ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੬੬੨)

ਪੰਜਾਬੀ ਵਿਆਖਿਆ

ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ), ਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ । ਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ । ਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ ।੧। ਹੇ ਅੰਨ੍ਹੇ ਲਾਲਚੀ ਤੇ ਝੂਠੇ ਮਨ! (ਧਿਆਨ ਨਾਲ) ਸੁਣ । ਸੱਚਾ ਮਨੁੱਖ ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ ।੧।ਰਹਾਉ। ਚੋਰ ਪਿਆ ਸੋਹਣਾ ਬਣੇ ਚਤੁਰ ਬਣੇ (ਪਰ ਆਖ਼ਰ ਉਹ ਚੋਰ ਹੀ ਹੈ ਉਸ ਦੀ ਕਦਰ ਕੀਮਤ ਨਹੀਂ ਪੈਂਦੀ, ਜਿਵੇਂ) ਖੋਟੇ ਰੁਪਏ ਦਾ ਮੁੱਲ ਦੋ ਗੰਢੇ ਕੌਡਾਂ ਹੀ ਹੈ । ਜੇ ਖੋਟੇ ਰੁਪਏ ਨੂੰ (ਖਰਿਆਂ ਵਿਚ) ਰੱਖ ਦੇਈਏ, (ਖਰਿਆਂ ਵਿਚ) ਰਲਾ ਦੇਈਏ, ਤਾਂ ਭੀ ਜਦੋਂ ਉਸ ਦੀ ਪਰਖ ਹੁੰਦੀ ਹੈ ਤਦੋਂ ਉਹ ਖੋਟਾ ਹੀ ਕਿਹਾ ਜਾਂਦਾ ਹੈ ।੨। ਮਨੁੱਖ ਜੈਸਾ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਪਾਂਦਾ ਹੈ । ਹਰ ਕੋਈ ਆਪ (ਕਰਮਾਂ ਦੇ ਬੀਜ) ਬੀਜ ਕੇ ਆਪ ਹੀ ਫਲ ਖਾਂਦਾ ਹੈ । ਜੇ ਕੋਈ ਮਨੁੱਖ (ਹੋਵੇ ਤਾਂ ਖੋਟਾ, ਪਰ) ਆਪਣੀਆਂ ਵਡਿਆਈਆਂ ਦੀਆਂ ਕਸਮਾਂ ਚੁੱਕੀ ਜਾਏ (ਉਸ ਦਾ ਇਤਬਾਰ ਨਹੀਂ ਬਣ ਸਕਦਾ, ਕਿਉਂਕਿ) ਮਨੁੱਖ ਦੀ ਜਿਹੋ ਜਿਹੀ ਮਨੋ-ਵਾਸਨਾ ਹੈ ਉਹੋ ਜਿਹੇ ਰਸਤੇ ਉਤੇ ਹੀ ਉਹ ਤੁਰਦਾ ਹੈ ।੩। (ਆਪਣਾ ਇਤਬਾਰ ਜਮਾਣ ਲਈ ਚਲਾਕ ਬਣ ਕੇ) ਭਾਵੇਂ ਸਾਰੇ ਸੰਸਾਰ ਨੂੰ ਝੂਠੀਆਂ ਗੱਲਾਂ ਤੇ ਗੱਪਾਂ ਆਖੀ ਜਾਏ (ਪਰ, ਹੇ ਪ੍ਰਭੂ! ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ) । (ਹੇ ਪ੍ਰਭੂ! ਜੇ ਦਿਲ ਦਾ ਖਰਾ ਹੋਵੇ ਤਾਂ) ਇਕ ਸਿੱਧੜ ਮਨੁੱਖ ਭੀ ਤੈਨੂੰ ਪਸੰਦ ਆ ਜਾਂਦਾ ਹੈ, ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ । ਹੇ ਨਾਨਕ! ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ (ਸਭ ਕੁਝ) ਜਾਣਦਾ ਹੈ ।੪।੩।੬।

ਪੰਜਾਬ ਸਰਕਾਰ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਮੁਲਤਵੀ ਕੀਤੀ ਹੜਤਾਲ

ਚੰਡੀਗੜ੍ਹ, 8 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਬੀਤੇ ਇੱਕ ਹਫ਼ਤੇ ਤੋਂ ਹੜਤਾਲ ‘ਤੇ ਚੱਲ ਰਹੇ, ਪੰਜਾਬ ਦੇ ਆੜ੍ਹਤੀਆਂ ਨੇ ਹੁਣ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਤੇ ਆੜ੍ਹਤੀਆਂ ਵਿਚਕਾਰ ਮੀਟਿੰਗ ਹੋਈ। ਇਸ ਮੀਟਿੰਗ ‘ਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਮੌਜੂਦ ਸਨ। ਸਰਕਾਰ ਨਾਲ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਕਿਹਾ ਕਿ ਹੜਤਾਲ ਖ਼ਤਮ ਨਹੀਂ, ਸਗੋਂ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪੰਜਾਬ ਆੜ੍ਹਤੀ ਐਸੋਸਿਏਸ਼ਨ ਦੇ ਪ੍ਰਧਾਨ ਵਿਜੇ ਕਾਲਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਕੇਂਦਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਵੱਖ-ਵੱਖ ਸੂਬਿਆਂ ‘ਚ ਚੋਣਾਂ ਚੱਲ ਰਹੀਆਂ ਹਨ, ਕੇਂਦਰ ਲੀਡਰਸ਼ਿਪ ਚੋਣਾਂ ‘ਚ ਐਕਟਿਵ ਹੈ। ਚੋਣਾਂ ਮੁਕੰਮਲ ਹੋਣ ਤੋਂ ਬਾਅਦ ਕੇਂਦਰ ਸਰਕਾਰ ਨਾਲ ਮੀਟਿੰਗ ਦਾ ਭਰੋਸਾ ਦਿਵਾਇਆ ਗਿਆ ਹੈ, ਜਿਸ ਤੋਂ ਬਾਅਦ ਆੜ੍ਹਤੀਆਂ ਨੇ ਹੜ੍ਹਤਾਲ ਵਾਪਸ ਲੈ ਲਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਯਕੀਨ ਦਿਵਾਉਣ ਤੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਅਸੀਂ ਹੜਤਾਲ ਮੁਲਤਵੀ ਕਰ ਦਿੱਤੀ ਹੈ। ਵਿਜੇ ਕਾਲਰਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਫਸਲ ਆਉਣ ਤੇ ਆੜ੍ਹਤੀ ਹੜਤਾਲ ‘ਤੇ ਚਲੇ ਗਏ ਹਨ ਤੇ ਬਲੈਕਮੇਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਅਸੀਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਕਿਸਾਨਾਂ ਦੀ ਫਸਲ ਚੁੱਕਾਂਗੇ ਤੇ ਫਿਰ ਇਸ ਤੋਂ ਬਾਅਦ ਦੁਬਾਰਾ ਆਪਣੀ ਹੜਤਾਲ ਕਰਾਂਗੇ।

ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; ਨਾਬਾਲਗ ਸਮੇਤ ਚਾਰ ਵਿਅਕਤੀ 7 ਪਿਸਤੌਲਾਂ ਸਣੇ ਗ੍ਰਿਫ਼ਤਾਰ

ਚੰਡੀਗੜ੍ਹ/ਅੰਮ੍ਰਿਤਸਰ, 8 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਚਾਰ ਵਿਅਕਤੀਆਂ, ਜਿਨ੍ਹਾਂ ਵਿੱਚੋਂ ਇੱਕ ਨਬਾਲਗ ਹੈ, ਨੂੰ ਸੱਤ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗਿੰਦਰ (32), ਜੋਬਨਬੀਰ ਸਿੰਘ ਉਰਫ਼ ਜੋਬਨ (23), ਦੋਵੇਂ ਵਾਸੀ ਪਿੰਡ ਲੱਧੇਵਾਲ, ਅੰਮ੍ਰਿਤਸਰ; ਪਿੰਡ ਭੂਸੇ, ਤਰਨ ਤਾਰਨ ਦੇ ਵਸਨੀਕ ਲਵਪ੍ਰੀਤ ਸਿੰਘ ਉਰਫ਼ ਲਵ; ਅਤੇ ਇੱਕ 16 ਸਾਲਾ ਨਾਬਾਲਗ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਦੋ .30 ਬੋਰ ਪੀਐਕਸ 5 ਸਟੌਰਮ, ਇਟਲੀ ਦੇ ਬਣੇ ਦੋ .30 ਬੋਰ ਪਿਸਤੌਲ, ਇੱਕ .30 ਬੋਰ ਚੀਨੀ ਪਿਸਤੌਲ, ਆਸਟਰੀਆ ਦਾ ਬਣਿਆ ਇੱਕ .30 ਬੋਰ ਅਤੇ ਇੱਕ 9 ਐਮਐਮ ਪਿਸੌਤਲ ਅਤੇ 12 ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਹਥਿਆਰਾਂ ਦੀ ਖੇਪ ਅਟਾਰੀ ਸੈਕਟਰ ਵਿੱਚ ਪਿੰਡ ਭੈਣੀ ਅਤੇ ਨੇਸ਼ਟਾ ਖੇਤਰ ਨੇੜੇ ਡਰੋਨ ਰਾਹੀਂ ਭੇਜੀ ਜਾ ਰਹੀ ਸੀ।

ਡੀਜੀਪੀ ਨੇ ਦੱਸਿਆ ਕਿ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਉਕਤ ਮੁਲਜ਼ਮ ਨਿਰਧਾਰਤ ਥਾਵਾਂ ਤੋਂ ਖੇਪਾਂ ਪ੍ਰਾਪਤ ਕਰਕੇ ਇਨ੍ਹਾਂ ਨੂੰ ਅੱਗੇ ਆਪਣੇ ਸਥਾਨਕ ਕਾਰਕੁਨਾਂ ਨੂੰ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਦੋਸ਼ੀ ਗੁਰਵਿੰਦਰ ਉਰਫ਼ ਗਿੰਦਰ, ਜੋਬਨਬੀਰ ਉਰਫ਼ ਜੋਬਨ ਅਤੇ ਲਵਪ੍ਰੀਤ ਉਰਫ਼ ਲਵ ਨੂੰ ਛੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਛਾਪੇਮਾਰੀ ਦੌਰਾਨ ਉਨ੍ਹਾਂ ਦਾ ਚੌਥਾ ਸਾਥੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਿਹਾ, ਜਿਸ ਉਪਰੰਤ ਪੁਲਿਸ ਟੀਮਾਂ ਨੇ ਆਪਣੀ ਤਲਾਸ਼ ਜਾਰੀ ਰੱਖੀ ਅਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਅਗਲੇ ਦਿਨ ਉਕਤ ਨਾਬਾਲਗ ਦੋਸ਼ੀ ਨੂੰ ਇੱਕ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਰਵਿੰਦਰ ਉਰਫ਼ ਗਿੰਦਰ ਅਤੇ ਲਵਪ੍ਰੀਤ ਉਰਫ਼ ਲਵ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਨਾਬਾਲਗ ਦੋਸ਼ੀ ਖਿਲਾਫ਼ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਘਰਿੰਡਾ ਵਿਖੇ ਅਸਲਾ ਐਕਟ ਤਹਿਤ ਪਹਿਲਾਂ ਵੀ ਇੱਕ ਅਪਰਾਧਕ ਮਾਮਲ ਦਰਜ ਹੈ, ਜਿਸ ਵਿੱਚ ਉਸ ਕੋਲੋਂ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਸਨ।

ਇਸ ਸਬੰਧੀ ਪੁਲਿਸ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25(8) ਤਹਿਤ ਐਫਆਈਆਰ ਨੰ. 72 ਮਿਤੀ 02-04-2026 ਦਰਜ ਹੈ।

ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ’ਚ ਹੋਈ ਬਰਫ਼ਬਾਰੀ

ਚੰਡੀਗੜ੍ਹ, 8 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਮੌਸਮ ਵਿੱਚ ਆਈ ਅਚਾਨਕ ਤਬਦੀਲੀ ਕਾਰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਭਾਰੀ ਮੀਂਹ ਪਿਆ ਹੈ ਅਤੇ ਗੜ੍ਹੇਮਾਰੀ ਹੋਈ ਹੈ। ਮੌਸਮ ਤਬਦੀਲੀ ਦੇ ਕਾਰਨ ਪਹਾੜਾਂ ਉਤੇ ਅਪ੍ਰੈਲ ਮਹੀਨੇ ਵਿੱਚ ਬਰਫ਼ਬਾਰੀ ਹੋਈ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਕਈ ਥਾਵਾਂ ਉਤੇ ਬਰਫ਼ਬਾਰੀ ਹੋਈ ਹੈ। ਬਰਫਬਾਰੀ ਹੋਣ ਕਾਰਨ ਕਈ ਰੋਡ ਵੀ ਬੰਦ ਹੋ ਗਏ ਹਨ। ਬਰਫਬਾਰੀ ਹੋਣ ਕਾਰਨ ਪਹੁੰਚੇ ਸੈਲਾਨੀਆਂ ਦੇ ਚਿਹਰੇ ਉਤੇ ਰੌਣਕ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ, ਸ਼ਿਮਲਾ, ਧਰਮਸ਼ਾਲਾ, ਉਤਰਾਖੰਡ ਦੇ ਕੇਦਾਰਨਾਥ, ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਅਤੇ ਜੰਮੂ ਕਸ਼ਮੀਰ ਦੇ ਸੌਲਾਂਗ ਸਮੇਤ ਹੋਰਨਾਂ ਥਾਵਾਂ ਉਤੇ ਭਾਰੀ ਬਰਫਬਾਰੀ ਹੋਈ ਹੈ।

ਮਾਨ ਸਰਕਾਰ ਵੱਲੋਂ ਮੋਹਾਲੀ ‘ਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਤ : ਸੰਜੀਵ ਅਰੋੜਾ

ਚੰਡੀਗੜ੍ਹ, 8 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਅੱਜ ਮੋਹਾਲੀ ਵਿਖੇ ਪਲਕਸ਼ਾ ਯੂਨੀਵਰਸਿਟੀ ਅਤੇ ਸੈਕਟਰ 83 ਦੇ ਇਨਫੋਸਿਸ ਕੈਂਪਸ ਨੇੜੇ ਇੱਕ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ (ਈ.ਸੀ.ਸੀ.) ਵਿਕਸਿਤ ਕਰਨ ਦਾ ਐਲਾਨ ਕੀਤਾ, ਜੋ ਨਿਵੇਸ਼, ਬੁਨਿਆਦੀ ਢਾਂਚੇ ਅਤੇ ਵਿਸ਼ਵਵਿਆਪੀ ਵਪਾਰਕ ਮੌਕਿਆਂ ਦੇ ਕੇਂਦਰ ਵਜੋਂ ਤੇਜ਼ੀ ਨਾਲ ਉਭਰ ਰਹੇ ਪੰਜਾਬ ਦਾ ਪ੍ਰਤੱਖ ਪ੍ਰਮਾਣ ਹੈ।

ਮੰਤਰੀ ਸੰਜੀਵ ਅਰੋੜਾ ਨੇ ਕਿਹਾ, “ ਅਰਵਿੰਦ ਕੇਜਰੀਵਾਲ, ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਕੀਤੀ ਜਾ ਰਹੀ ਇਹ ਇਤਿਹਾਸਕ ਪਹਿਲਕਦਮੀ ਪੰਜਾਬ ਨੂੰ ਨਿਵੇਸ਼ਾਂ ਅਤੇ ਆਲਮੀ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਸਥਾਪਿਤ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”

ਪ੍ਰਾਜੈਕਟ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਕਨਵੈਨਸ਼ਨ ਸੈਂਟਰ ਮੋਹਾਲੀ ਆਈਟੀ ਸਿਟੀ ਦੇ ਬਿਲਕੁਲ ਵਿਚੋ-ਵਿੱਚ ਲਗਭਗ 14 ਏਕੜ ਵਿੱਚ ਫੈਲਿਆ ਜਨਤਕ-ਨਿੱਜੀ ਭਾਈਵਾਲੀ ਮਾਡਲ ਤਹਿਤ ਵਿਕਸਤ ਕੀਤਾ ਜਾਵੇਗਾ ਲਗਭਗ 250 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲਾ ਇਹ ਪ੍ਰਾਜੈਕਟ ਐਗਜ਼ੀਕਨ ਈਵੈਂਟਸ ਮੀਡੀਆ ਸਲਿਊਸ਼ਨਜ਼ ਲਿਮਟਿਡ ਵੱਲੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪ੍ਰਾਜੈਕਟ ਲਈ ਰਿਆਇਤ ਦੀ ਮਿਆਦ 15 ਸਾਲ ਹੋਵੇਗੀ।

ਮੰਤਰੀ ਨੇ ਕਿਹਾ, “ਇਸ ਪ੍ਰਾਜੈਕਟ ਤਹਿਤ ਵੱਡੇ ਪੱਧਰ ’ਤੇ ਕੌਮੀ ਅਤੇ ਕੌਮਾਂਤਰੀ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਇੱਕ ਅਤਿ-ਆਧੁਨਿਕ ਕਨਵੈਨਸ਼ਨ ਸੈਂਟਰ ਬਣਾਇਆ ਜਾਵੇਗਾ, ਜੋ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਨਾਲ ਲੈਸ ਹੋਵੇਗਾ।’’”

ਉਨ੍ਹਾਂ ਅੱਗੇ ਦੱਸਿਆ ਕਿ ਇਹ ਪ੍ਰਾਜੈਕਟ ਦੋ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਪਹਿਲਾ ਪੜਾਅ 31 ਦਸੰਬਰ 2026 ਤੱਕ ਅਤੇ ਦੂਜਾ ਪੜਾਅ 31 ਦਸੰਬਰ 2027 ਤੱਕ ਪੂਰਾ ਕਰਨ ਦਾ ਟੀਚਾ ਹੈ।

ਬੁਨਿਆਦੀ ਢਾਂਚੇ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਈ.ਸੀ.ਸੀ. ਵਿੱਚ ਲਾਰਜ-ਸਪੈਨ ਕਾਲਮ-ਫ੍ਰੀ ਪ੍ਰਦਰਸ਼ਨੀ ਹਾਲ ਹੋਣਗੇ, ਜਿਸ ਵਿੱਚ ਲਗਭਗ 40,000 ਵਰਗ ਫੁੱਟ ਅਤੇ 15,000 ਵਰਗ ਫੁੱਟ ਦੇ ਦੋ ਵੱਡੇ ਹਾਲ ਸਮੇਤ ਲਗਭਗ 15,000 ਵਰਗ ਫੁੱਟ ਵਿੱਚ ਫੈਲੇ ਰਿਟੇਲ, ਫੂਡ ਅਤੇ ਬੈਵਰਿਜ ਜ਼ੋਨ ਅਤੇ ਲਗਭਗ 1000 ਵਾਹਨਾਂ ਲਈ ਪਾਰਕਿੰਗ ਬੁਨਿਆਦੀ ਢਾਂਚਾ ਵੀ ਸ਼ਾਮਲ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸਹੂਲਤ ਵਿੱਚ ਵਿਸ਼ਵ ਪੱਧਰੀ ਲੈਂਡਸਕੇਪਡ ਜਨਤਕ ਥਾਵਾਂ ਅਤੇ ਸਮਾਗਮ ਕਰਨ ਲਈ ਖੁੱਲ੍ਹੇ ਜਨਤਕ ਖੇਤਰ ਵੀ ਸ਼ਾਮਲ ਹੋਣਗੇ।

ਮੰਤਰੀ ਸੰਜੀਵ ਅਰੋੜਾ ਨੇ ਕਿਹਾ, “ਈ.ਸੀ.ਸੀ. ਇੱਕ ਲਚਕਦਾਰ, ਬਹੁ-ਕਾਰਜਸ਼ੀਲ ਸਥਾਨ ਵਜੋਂ ਕੰਮ ਕਰੇਗਾ, ਜੋ 5,000 ਤੋਂ 10,000 ਡੈਲੀਗੇਟਾਂ ਦੇ ਨਾਲ ਕਾਨਫਰੰਸਾਂ ਅਤੇ ਸੰਮੇਲਨਾਂ ਦੀ ਮੇਜ਼ਬਾਨੀ ਕਰਨ, 2,000 ਲੋਕਾਂ ਦੀ ਸਹੂਲਤ ਲਈ ਲਗਭਗ 20,000 ਵਰਗ ਫੁੱਟ ਦੇ ਮਿਲਣ –ਗਿਲਣ ਵਾਲੇ ਖੇਤਰਾਂ, 200 ਤੋਂ 500 ਬੂਥਾਂ ਵਾਲੇ ਵਪਾਰਕ ਮੇਲੇ ਅਤੇ ਪ੍ਰਦਰਸ਼ਨੀਆਂ, 1000 ਤੋਂ 10000 ਸਰੋਤਿਆਂ ਵਾਲੇ ਕਾਰਪੋਰੇਟ ਸਮਾਗਮ, 1000 ਤੋਂ 10000 ਲੋਕਾਂ ਲਈ ਸੱਭਿਆਚਾਰਕ ਅਤੇ ਰੰਗਾਰੰਗ ਪ੍ਰੋਗਰਾਮ ਅਤੇ 15000 ਲੋਕਾਂ ਤੱਕ ਸਮਾਜਿਕ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਹੈ।”

ਆਧੁਨਿਕ ਡਿਜ਼ਾਈਨ ਅਤੇ ਸਥਿਰਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਹੂਲਤ ਤਹਿਤ ਉੱਨਤ ਕਾਲਮ-ਫ੍ਰੀ ਢਾਂਚਾਗਤ ਪ੍ਰਣਾਲੀਆਂ, ਕੁਸ਼ਲ ਟ੍ਰੈਫਿਕ ਸਰਕੂਲੇਸ਼ਨ ਅਤੇ ਲਾਜਿਸਟਿਕਸ ਯੋਜਨਾਬੰਦੀ, ਆਧੁਨਿਕ ਐਮ.ਈ.ਪੀ., ਏ.ਵੀ. ਅਤੇ ਆਈਟੀ ਪ੍ਰਣਾਲੀਆਂ ਦਾ ਏਕੀਕਰਨ, ਐਨਬੀਸੀ ਦੀ ਪਾਲਣਾ, ਅੱਗ ਸੁਰੱਖਿਆ ਅਤੇ ਪਹੁੰਚਯੋਗਤਾ ਮਿਆਰਾਂ ਅਤੇ ਗ੍ਰਿਹਾ 5-ਸਟਾਰ ਟਿਕਾਊ ਡਿਜ਼ਾਈਨ ਸਿਧਾਂਤਾਂ ਨੂੰ ਅਪਣਾਉਣਾ ਸ਼ਾਮਲ ਹੋਵੇਗਾ।

ਮੰਤਰੀ ਸੰਜੀਵ ਅਰੋੜਾ ਨੇ ਕਿਹਾ, “ਇਹ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਕੇਂਦਰ ਪੰਜਾਬ ਲਈ ਇੱਕ ਨੁਹਾਰ-ਬਦਲੂ ਪ੍ਰਾਜੈਕਟ ਹੋਵੇਗਾ। ਇਹ ਗਲੋਬਲ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨ, ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਅਤੇ ਵੱਡੇ ਪੱਧਰ ’ਤੇ ਰੁਜ਼ਗਾਰ ਪੈਦਾ ਕਰਨ ਦੀ ਸਾਡੀ ਸਮਰੱਥਾ ਨੂੰ ਪ੍ਰਭਾਵੀ ਢੰਗ ਨਾਲ ਵਾਧਾ ਕਰੇਗਾ। ਮੋਹਾਲੀ ਇੱਕ ਆਧੁਨਿਕ ਸ਼ਹਿਰੀ ਅਤੇ ਤਕਨਾਲੋਜੀ ਹੱਬ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ ਅਤੇ ਅਜਿਹਾ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਇਸਦੇ ਵਿਕਾਸ ਦੀ ਰਫ਼ਤਾਰ ਵਿੱਚ ਨੂੰ ਹੋਰ ਤੇਜ਼ੀ ਲਿਆਵੇਗਾ।”

ਆਰਥਿਕ ਪ੍ਰਭਾਵਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਪਹਿਲੇ ਪੰਜ ਸਾਲਾਂ ਵਿੱਚ 15000 ਤੋਂ 25000 ਦੇ ਵਿਚਕਾਰ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ ਅਤੇ ਸੈਰ-ਸਪਾਟਾ, ਪਰਾਹੁਣਚਾਰੀ ਅਤੇ ਸਹਾਇਕ ਖੇਤਰਾਂ ਨੂੰ ਹੁਲਾਰਾ ਦਿੰਦੇ ਹੋਏ, ਇੱਕ ਮੋਹਰੀ ਮਾਈਸ ਡੈਸਟੀਨੇਸ਼ਨ ਵਜੋਂ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ।

ਮੰਤਰੀ ਸੰਜੀਵ ਅਰੋੜਾ ਨੇ ਅੱਗੇ ਕਿਹਾ, “ਇਹ ਪ੍ਰਾਜੈਕਟ ਮੋਹਾਲੀ ਨੂੰ 21ਵੀਂ ਸਦੀ ਦੇ ਆਈਟੀ ਅਤੇ ਸੇਵਾਵਾਂ ਦੇ ਹੱਬ ਵਜੋਂ ਵਿਕਸਤ ਕਰਨ, ਕਾਰੋਬਾਰ ਕਰਨ ਵਿੱਚ ਆਸਾਨੀ ਵਧਾਉਣ, ਨਿਵੇਸ਼ਕ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਪੱਧਰੀ ਸਹਿਯੋਗ ਅਤੇ ਸਮਾਗਮਾਂ ਨੂੰ ਸਮਰਥਨ ਦੇਣ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ ਦੇ ਪੰਜਾਬ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ।”

ਪ੍ਰੈਸ ਕਾਨਫਰੰਸ ਦੌਰਾਨ ਐਗਜ਼ੀਕਨ ਗਰੁੱਪ ਦੇ ਚੇਅਰਮੈਨ ਐਮ. ਕਿਊ. ਸਈਦ, ਪੁੱਡਾ ਦੇ ਏ.ਸੀ.ਏ. ਵਿਕਾਸ ਹੀਰਾ, ਪ੍ਰਾਜੈਕਟ ਦੇ ਆਰਕੀਟੈਕਟ ਸੰਜੇ ਸੂਰਿਯਾ ਅਤੇ ਰਾਹੁਲ ਸ਼ਾਹ, ਡਾਇਰੈਕਟਰ ਮੌਜੂਦ ਸਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ‘ਤੇ ਸਵਾਲ ਉਠਾਉਣਾ ਸੁਖਬੀਰ ਬਾਦਲ ਦੀ ਨਿਰਾਸ਼ਾ ਦਾ ਪ੍ਰਤੀਕ: ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ, 8 ਅਪ੍ਰੈਲ

ਆਮ ਆਦਮੀ ਪਾਰਟੀ (ਆਪ) ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ‘ਤੇ ਸਵਾਲ ਉਠਾਉਣਾ ਸੁਖਬੀਰ ਬਾਦਲ ਦੀ ਨਿਰਾਸ਼ਾ ਅਤੇ ਸਿੱਖ ਮਰਿਆਦਾਵਾਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਸਤਿਕਾਰ ਦੀ ਘਾਟ ਨੂੰ ਦਰਸਾਉਂਦਾ ਹੈ।

ਕੰਗ ਨੇ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਹੁਣ ਆਪਣੀ ਸਿਆਸੀ ਜ਼ਮੀਨ ਖਿਸਕਦੀ ਦੇਖ ਕੇ ਪਵਿੱਤਰ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹ ਬਹੁਤ ਹੀ ਮੰਦਭਾਗਾ ਹੈ।

ਸੰਸਦ ਮੈਂਬਰ ਕੰਗ ਨੇ ਯਾਦ ਦਿਵਾਇਆ ਕਿ ਜਦੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ, ਉਦੋਂ ਉਨ੍ਹਾਂ ਨੇ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਆਪਣੀਆਂ ਸਾਰੀਆਂ ਗਲਤੀਆਂ ਕਬੂਲ ਕੀਤੀਆਂ ਸਨ। ਪੂਰੀ ਦੁਨੀਆ ਨੇ ਲਾਈਵ ਪ੍ਰਸਾਰਣ ਰਾਹੀਂ ਉਨ੍ਹਾਂ ਨੂੰ ਆਪਣੀ ਭੁੱਲ ਮੰਨਦਿਆਂ ਦੇਖਿਆ ਸੀ। ਪਰ, ਇਸ ਤੋਂ ਤੁਰੰਤ ਬਾਅਦ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਰੈਲੀ ਵਿੱਚ ਉਨ੍ਹਾਂ ਨੇ ਆਪਣੇ ਸੁਰ ਬਦਲ ਲਏ ਅਤੇ ਬੇਸ਼ਰਮੀ ਨਾਲ ਕਹਿ ਦਿੱਤਾ ਕਿ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਹੈ। ਇਹ ਦੋਹਰਾ ਚਰਿੱਤਰ ਉਨ੍ਹਾਂ ਦੇ ਹੰਕਾਰ ਅਤੇ ਸਿੱਖ ਕੌਮ ਪ੍ਰਤੀ ਉਨ੍ਹਾਂ ਦੀ ਬੇਰੁਖ਼ੀ ਦਾ ਪ੍ਰਮਾਣ ਹੈ।

ਸੁਖਬੀਰ ਬਾਦਲ ਦੇ ਉਸ ਹਾਲੀਆ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ, ਜਿਸ ਵਿੱਚ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਖਿਲਾਫ ‘ਸਾਜ਼ਿਸ਼’ ਹੋਣ ਦੀ ਗੱਲ ਕਹੀ ਹੈ, ਕੰਗ ਨੇ ਕਿਹਾ ਕਿ ਅਜਿਹੀ ਵੱਡੀ ਭੁੱਲ ਜਾਂ ਗੁਸਤਾਖੀ ਤਾਂ ਕੋਈ ਗੈਰ-ਸਿੱਖ ਵੀ ਨਹੀਂ ਕਰ ਸਕਦਾ।

ਉਨ੍ਹਾਂ ਕਿਹਾ ਕਿ ਜਿੱਥੇ ਪੰਜ ਸਿੰਘ ਸਾਹਿਬਾਨ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ, ਸਿੱਖ ਮਰਿਆਦਾਵਾਂ ਅਤੇ ਸ਼ਾਨਾਮੱਤੇ ਇਤਿਹਾਸ ਦੇ ਅਧਾਰ ‘ਤੇ ਫੈਸਲਾ ਸੁਣਾਇਆ ਹੋਵੇ, ਉਸ ਨੂੰ ‘ਸਾਜ਼ਿਸ਼’ ਕਰਾਰ ਦੇਣਾ ਸਿੱਖ ਇਤਿਹਾਸ ਦੀਆਂ ਸਭ ਤੋਂ ਦੁਖਦਾਈ ਅਤੇ ਸ਼ਰਮਨਾਕ ਘਟਨਾਵਾਂ ਵਿੱਚੋਂ ਇੱਕ ਹੈ।

ਕੰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਗੁਨਾਹ ਪੰਜਾਬ ਅਤੇ ਸਿੱਖ ਪੰਥ ਦੇ ਖਿਲਾਫ ਕੀਤੇ ਹਨ, ਉਸ ਦੀ ਸਜ਼ਾ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਲਗਾਤਾਰ ਦੇ ਹੀ ਰਹੇ ਹਨ। ਪਰ ਹੁਣ, ਜਿਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਦੀ ਸਰਵਉੱਚ ਸੰਸਥਾ ਦੀ ਸਾਖ ਅਤੇ ਫੈਸਲਿਆਂ ‘ਤੇ ਉਂਗਲ ਉਠਾਈ ਹੈ, ਉਸ ਲਈ ਪੂਰਾ ਪੰਥ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਕੌਮ ਅਤੇ ਸੰਗਤ ਆਉਣ ਵਾਲੇ ਸਮੇਂ ਵਿੱਚ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਵੇਗੀ।

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ DA ਤੇ ਪੇਅ ਕਮਿਸ਼ਨ ਲਈ ਬਣਾਈ ਨਵੀਂ ਕੈਬਨਿਟ ਸਬ ਕਮੇਟੀ

ਚੰਡੀਗੜ੍ਹ, 8 ਅਪ੍ਰੈਲ, ਪ੍ਰਾਈਮ ਏਸ਼ੀਆ ਬਿਊਰੋ :

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਉੱਚ-ਪੱਧਰੀ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਮੁਲਾਜ਼ਮ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਵਿੱਤੀ ਅਤੇ ਪ੍ਰਸ਼ਾਸਨਿਕ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਸ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਕਮੇਟੀ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡਾ. ਬਲਜੀਤ ਕੌਰ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰੇਗੀ ਅਤੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ। ਕਮੇਟੀ ਦੇ ਗਠਨ ਦਾ ਮੁੱਖ ਮਕਸਦ ਮੁਲਾਜ਼ਮਾਂ ਦੇ ਉਨ੍ਹਾਂ ਭਖਦੇ ਮਸਲਿਆਂ ਨੂੰ ਸੁਲਝਾਉਣਾ ਹੈ ਜਿਨ੍ਹਾਂ ਨੂੰ ਲੈ ਕੇ ਅਕਸਰ ਰੋਸ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ:ਸਰਕਾਰ ਦੇ ਇਸ ਫੈਸਲੇ ਨੂੰ ਮੁਲਾਜ਼ਮਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਅਤੇ ਸਿੱਧੀ ਗੱਲਬਾਤ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਵਾਲੀ ਇਹ ਕਮੇਟੀ ਮੁਲਾਜ਼ਮਾਂ ਅਤੇ ਸਰਕਾਰ ਵਿਚਕਾਰ ਇੱਕ ਪੁਲ ਦਾ ਕੰਮ ਕਰੇਗੀ।

ਖੜਗੇ ਦੀਆਂ ਟਿੱਪਣੀਆਂ ਫੁੱਟਪਾਊ, ਭੜਕਾਊ ਅਤੇ ਲੋਕਤੰਤਰੀ ਰਾਜਨੀਤੀ ਲਈ ਨੁਕਸਾਨਦੇਹ : ਦੇਵਸ਼ਾਲੀ

ਚੰਡੀਗੜ੍ਹ, 8 ਅਪ੍ਰੈਲ 2026, ਪ੍ਰਾਈਮ ਏਸ਼ੀਆ ਬਿਊਰੋ :

ਸਾਬਕਾ ਨਗਰ ਕੌਂਸਲਰ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਇੱਕ ਚੋਣ ਭਾਸ਼ਣ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਤੁਲਨਾ ਇੱਕ ਜ਼ਹਿਰੀਲੇ ਸੱਪ ਨਾਲ ਕਰਨ ਦੀ ਸਖ਼ਤ ਨਿੰਦਾ ਕੀਤੀ, ਇਸਨੂੰ ਗੈਰ-ਜ਼ਿੰਮੇਵਾਰਾਨਾ, ਫੁੱਟਪਾਊ, ਭੜਕਾਊ ਅਤੇ ਲੋਕਤੰਤਰੀ ਰਾਜਨੀਤੀ ਲਈ ਨੁਕਸਾਨਦੇਹ ਦੱਸਿਆ।

ਦੇਵਸ਼ਾਲੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਕਾਂਗਰਸ ਪ੍ਰਧਾਨ ਖੜਗੇ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਤੁਲਨਾ ਇੱਕ ਜ਼ਹਿਰੀਲੇ ਸੱਪ ਨਾਲ ਕੀਤੀ ਅਤੇ ਇਸ ਜ਼ਹਿਰੀਲੇ ਸੱਪ ਨੂੰ ਮਾਰਨ ਲਈ ਪ੍ਰਾਰਥਨਾ ਛੱਡਣ ਦਾ ਸੱਦਾ ਦਿੱਤਾ, ਉਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਾਂਗਰਸ ਪਾਰਟੀ ਅਤੇ ਇਸਦੇ ਨੇਤਾ ਦੇਸ਼ ਵਿੱਚ ਹਿੰਦੂ-ਮੁਸਲਿਮ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਬਿਆਨ ਸਾਬਤ ਕਰਦੇ ਹਨ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਦੁਆਰਾ ਰੱਦ ਕੀਤੇ ਗਏ ਅਤੇ ਹੁਣ ਸੱਤਾ ਵਿੱਚ ਹਨ, ਕਾਂਗਰਸ ਨੇਤਾ ਆਪਣੀ ਸਮਝ ਗੁਆ ਚੁੱਕੇ ਹਨ ਅਤੇ ਸੱਤਾ ਦੀ ਲਾਲਸਾ ਵਿੱਚ ਅੰਨ੍ਹੇ ਹੋ ਕੇ ਸਭ ਤੋਂ ਹੇਠਲੇ ਪੱਧਰ ਤੱਕ ਡਿੱਗ ਸਕਦੇ ਹਨ। ਲੋਕਤੰਤਰ ਵਿੱਚ, ਵਿਚਾਰਧਾਰਕ ਵਿਰੋਧੀਆਂ ਨੂੰ ਬਹਿਸ, ਜਨਤਕ ਸੇਵਾ ਅਤੇ ਚੋਣਾਂ ਰਾਹੀਂ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ, ਨਾ ਕਿ ਸਮਾਜ ਵਿੱਚ ਦੁਸ਼ਮਣੀ ਪੈਦਾ ਕਰਨ ਵਾਲੀ ਭਾਸ਼ਾ ਰਾਹੀਂ।

ਦੇਵਸ਼ਾਲੀ ਨੇ ਕਿਹਾ ਕਿ ਰਾਜਨੀਤਿਕ ਦੁਸ਼ਮਣੀ ਵਿੱਚ ਜ਼ਹਿਰੀਲੀ ਅਤੇ ਭੜਕਾਊ ਭਾਸ਼ਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਹ ਸਮਾਜ ਨੂੰ ਇੱਕ ਖ਼ਤਰਨਾਕ ਸੰਦੇਸ਼ ਦਿੰਦੀ ਹੈ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਨੁਕਸਾਨਦੇਹ ਹੈ।

ਉਨ੍ਹਾਂ ਮੰਗ ਕੀਤੀ ਕਿ ਮਲਿਕਾਰੁਜਨ ਖੜਗੇ ਇਸ ਬਹੁਤ ਹੀ ਇਤਰਾਜ਼ਯੋਗ ਬਿਆਨ ਲਈ ਤੁਰੰਤ ਦੇਸ਼, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੋਂ ਮੁਆਫੀ ਮੰਗਣ। ਉਨ੍ਹਾਂ ਚੋਣ ਕਮਿਸ਼ਨ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।

Category : ਦੇਸ਼