Breaking News
ਉਮੀਦਵਾਰਾਂ ਦੀ ਲਿਸਟ ਤੋਂ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਜਨਤਕ- ਰਾਘਵ ਚੱਢਾ

ਚੰਡੀਗੜ੍ਹ, 26 ਜਨਵਰੀ

ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟਾਂ ਦੀ ਵੰਡ ਨਾਲ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ।  ਕਾਂਗਰਸ ਪਾਰਟੀ ਨੇ ਹਮੇਸ਼ਾ ਦਲਿਤਾਂ ਨੂੰ ਵੋਟਾਂ ਲਈ ਵਰਤਿਆ ਹੈ। ਕਾਂਗਰਸ ਪਾਰਟੀ ਨੇ ਕੁਝ ਹਫ਼ਤਿਆਂ ਲਈ ਐਸਸੀ ਭਾਈਚਾਰੇ ਦੇ ਐਮਐਲਏ ਨੂੰ ਮੁੱਖ ਮੰਤਰੀ ਬਣਾਇਆ ਤਾਂ ਜੋ ਪੰਜਾਬ ਵਿੱਚ ਵੋਟ ਬੈਂਕ ਦੀ ਰਾਜਨੀਤੀ ਕੀਤੀ ਜਾ ਸਕੇ।  ਪੰਜਾਬ ਨੂੰ ਜਾਤ-ਪਾਤ ਦੇ ਨਾਂ ‘ਤੇ ਵੰਡਿਆ ਜਾ ਸਕੇ ਅਤੇ ਦਲਿਤਾਂ ਦੀਆਂ ਵੋਟਾਂ ਲਈਆਂ ਜਾ ਸਕਣ।

ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦਲਿਤਾਂ ਦੀ ਆਵਾਜ਼ ਨਹੀਂ ਸੁਣਦੀ ਅਤੇ ਹਮੇਸ਼ਾ ਆਪਣੀ ਰਵਾਇਤ ਮੁਤਾਬਕ ਭਾਈ-ਭਤੀਜਾਵਾਦ ਅਤੇ ਪਰਿਵਾਰਵਾਦ ਨੂੰ ਹੀ ਅੱਗੇ ਵਧਾਉਂਦੀ ਹੈ।  ਕਾਂਗਰਸ ਦੇ ਪਰਿਵਾਰਵਾਦ ਅਤੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।  ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦੀ ਪਾਰਟੀ ਦੇ ਵੱਡੇ ਆਗੂਆਂ ਦੀ ਮੰਗ ਅਨੁਸਾਰ ਉਨ੍ਹਾਂ ਦੇ ਭਾਈ ਭਤੀਜਿਆਂ, ਪੁੱਤਰਾਂ ਤੇ ਜਵਾਈਆਂ ਨੂੰ ਟਿਕਟਾਂ ਤਾਂ ਦੇ ਦਿੱਤੀਆਂ, ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਰਾ ਲਈ ਟਿਕਟਾਂ ਦੀ ਮੰਗ ਕੀਤੀ ਤਾਂ ਪਾਰਟੀ ਨੇ ਟਿਕਟ ਨਹੀਂ ਦਿੱਤੀ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਪਾਰਟੀ ਨੇ ਸੁਨੀਲ ਜਾਖੜ ਦੇ ਬੇਟੇ ਨੂੰ ਅਬੋਹਰ ਤੋਂ , ਅਮਰ ਸਿੰਘ ਦੇ ਬੇਟੇ ਨੂੰ ਰਾਏਕੋਟ ਤੋਂ , ਸੰਸਦ ਮੈਂਬਰ ਸੰਤੋਸ਼ ਚੌਧਰੀ ਦੇ ਭਤੀਜੇ ਨੂੰ ਕਰਤਾਰਪੁਰ ਤੋਂ ‘ਤੇ ਉਨ੍ਹਾਂ ਦੇ ਬੇਟੇ ਨੂੰ ਫਿਲੌਰ ਹਲਕੇ ਤੋਂ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਅਵਤਾਰ ਹੈਨਰੀ ਦੇ ਪੁੱਤਰ ਨੂੰ ਜਲੰਧਰ (ਰੂਰਲ) ਤੋਂ, ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦੀ ਨੂੰਹ ਕਰਨ ਕੌਰ ਨੂੰ , ਨਵਜੋਤ ਸਿੰਘ ਸਿੱਧੂ ਦੇ ਭਤੀਜੇ ਸੁਮੀਤ ਸਿੰਘ ਨੂੰ ਅਮਰਗੜ੍ਹ ਤੋਂ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ । ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਸਾਹਨੇਵਾਲ ਤੋਂ, ਸਾਬਕਾ ਵਿਧਾਇਕ ਸੁਰਜੀਤ ਧੀਮਾਨ ਦੇ ਭਤੀਜੇ ਨੂੰ ਸੁਨਾਮ ਤੋਂ ਅਤੇ ਬ੍ਰਹਮ ਮਹਿੰਦਰਾ ਦੇ ਬੇਟੇ ਨੂੰ ਪਟਿਆਲਾ (ਦਿਹਾਤੀ) ਤੋਂ ਟਿਕਟ ਦਿੱਤੀ ਗਈ ਹੈ।

ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਭਰਾ ਨੂੰ ਟਿਕਟ ਦੇਣ ਲਈ ਝੋਲੀ ਅੱਡ ਕੇ ਕੀਤੀ ਗਈ ਅਪੀਲ ਨੂੰ ਵੀ ਨਹੀਂ ਮੰਨਿਆ ਅਤੇ ਟਿਕਟ ਨਹੀਂ ਦਿੱਤੀ ।  ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਰਵਾਇਤ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ‘ਯੂਜ਼ ਐਂਡ ਥ੍ਰੋ’ ਕੀਤਾ ਹੈ। ਚੰਨੀ ਨੂੰ ਕਾਂਗਰਸ ਨੇ ‘ਨਾਈਟ-ਵਾਚਮੈਨ’ ਵਜੋਂ ਵਰਤਿਆ ਹੈ। ਚੰਨੀ ਦੇ ਸਕੇ ਭਰਾ ਨੂੰ ਟਿਕਟ ਨਾ ਦੇਣ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਚੱਢਾ ਨੇ ਕਿਹਾ ਕਿ ਕਾਂਗਰਸ ਸਿਰਫ਼ ਭਾਈ-ਭਤੀਜਾਵਾਦ ਅਤੇ ਪਰਿਵਾਰਵਾਦ ਦੀ ਰਾਜਨੀਤੀ ਕਰਦੀ ਹੈ। ਕਾਂਗਰਸ ਆਮ ਆਦਮੀ ਪਾਰਟੀ ਦੀ ‘ਇਕ ਪਰਿਵਾਰ-ਇਕ ਟਿਕਟ’ ਦੀ ਨੀਤੀ ‘ਤੇ ਨਹੀਂ ਚੱਲਦੀ।  ਆਮ ਆਦਮੀ ਪਾਰਟੀ ਕਾਂਗਰਸ ਦੀ ਪਰਿਵਾਰਵਾਦ ਅਤੇ ਦਲਿਤ ਵਿਰੋਧੀ ਨੀਤੀ ਦਾ ਵਿਰੋਧ ਕਰਦੀ ਹੈ। ਆਮ ਆਦਮੀ ਪਾਰਟੀ ਆਮ ਘਰਾਂ ਤੋਂ ਆਏ ਲੋਕਾਂ ਨੂੰ ਟਿਕਟਾਂ ਦੇ ਕੇ ਅੱਗੇ ਲਿਆਉਂਦੀ ਹੈ। ‘ਆਪ’ ਦੇ ਸੰਸਦ ਮੈਂਬਰ ਅਤੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਸਧਾਰਨ ਘਰ ਤੋਂ ਹਨ।  ਉਨ੍ਹਾਂ ਨੇ ਛੋਟੇ ਜਿਹੇ ਪਿੰਡ ਸਤੌਜ ਤੋਂ ਸੰਸਦ ਤੱਕ ਦਾ ਲੰਬਾ ਸਫ਼ਰ ਇੱਕ ਜਰਨੈਲ ਵਾਂਗ ਸਫ਼ਲਤਾ ਪੂਰਵਕ ਪੂਰਾ ਕੀਤਾ ਹੈ। ਚੱਢਾ ਨੇ ਕਿਹਾ ਕਿ ਚੰਨੀ ਦੇ ਭਰਾ ਨੂੰ ਟਿਕਟ ਨਾ ਦੇ ਕੇ ਕਾਂਗਰਸ ਨੇ ਚੰਨੀ ਦਾ ਨਹੀਂ ਸਗੋਂ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਪੁਰਾਣਾ ਇਤਿਹਾਸ ਹੈ, 18 ਸਾਲ ਪਹਿਲਾਂ ਵੀ ਮਹਾਰਾਸ਼ਟਰ ਵਿੱਚ ਕਾਂਗਰਸ ਨੇ ਐਸਸੀ ਭਾਈਚਾਰੇ  ਤੋਂ ਸ਼ੁਸ਼ੀਲ ਸ਼ਿੰਦੇ ਨੂੰ ਦੋ ਮਹੀਨੇ ਲਈ ਮੁੱਖ ਮੰਤਰੀ ਬਣਾਇਆ ਸੀ ਅਤੇ ਚੋਣਾਂ ਤੋਂ ਬਾਅਦ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਚੰਨੀ ਸਿਰਫ਼ ਚਿਹਰਾ ਹੈ, ਜਦੋਂ ਕਿ ਲਾੜੇ ਦਾ ਸਿਹਰਾ ਕਿਸੇ ਹੋਰ ਦੇ ਸਿਰ ‘ਤੇ ਬੰਨ੍ਹਿਆ ਜਾਵੇਗਾ। ਚੱਢਾ ਨੇ ਕਿਹਾ ਕਿ ਚੰਨੀ ਅੱਜ ਨਿਰਾਸ਼ ਅਤੇ ਪਰੇਸ਼ਾਨ ਹਨ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਦਾ ਇਸਤੇਮਾਲ ਕੀਤਾ ਹੈ। ਕਾਂਗਰਸ ਪਾਰਟੀ ਦੀਆਂ ਦਲਿਤ ਵਿਰੋਧੀ ਨੀਤੀਆਂ ਅਤੇ ਸੋਚ ਅੱਜ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕੀ ਹੈ।

ਇੱਕ ਸਵਾਲ ਦੇ ਜਵਾਬ ਵਿੱਚ ‘ਆਪ’ ਆਗੂ ਰਾਘਵ ਚੱਢਾ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਕੋਲ ਦੋ ਹੀ ਵਿਕਲਪ ਹਨ।  ਪਹਿਲਾ ਵਿਕਲਪ ਸਿੱਧੂ ਅਤੇ ਚੰਨੀ ਦੀ ਜੋੜੀ ਹੈ, ਜਿਨ੍ਹਾਂ ਨੇ ਆਪਸੀ ਲੜਾਈਆਂ ਨਾਲ ਪਾਰਟੀ ਅਤੇ ਪੰਜਾਬ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਦੂਸਰਾ ਵਿਕਲਪ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਹੈ, ਜੋ ‘ਇੱਕ ‘ਤੇ ਇੱਕ ਗਿਆਰਾਂ’ ਵਾਂਗ ਕੰਮ ਕਰ ਰਹੇ ਹਨ।  ਕੇਰਜੀਵਾਲ ਤੇ ਮਾਨ ਦੀ ‘ਇੱਕ ਸੋਚ’ ‘ਤੇ ਵੋਟਾਂ ਪੈਣਗੀਆਂ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਐਫਆਈਆਰ  ਨੂੰ ਲੈ ਕੇ ਆਪਸੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐਫਆਈਆਰ ਦਰਜ ਹੋਣ ਤੋਂ 25 ਦਿਨ ਬਾਅਦ ਵੀ ਚੰਨੀ ਸਰਕਾਰ ਵੱਲੋਂ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਦੋਂ ਕਿ ਮਜੀਠੀਆ ਵੱਲੋਂ ਦਿੱਤੇ ਗਏ ਬਿਆਨ ਮੁਤਾਬਕ ਚੰਨੀ ਅਤੇ ਰੰਧਾਵਾ ਨੂੰ ਉਨ੍ਹਾਂ ਦੇ ਟਿਕਾਣਿਆਂ ਬਾਰੇ ਪਲ-ਪਲ ਦੀ ਜਾਣਕਾਰੀ ਸੀ।  ਉਨ੍ਹਾਂ ਕਿਹਾ ਕਿ ਇਹ ਚੋਣਾਂ ਤੋਂ ਪਹਿਲਾਂ ‘ਮੈਚ ਫਿਕਸਿੰਗ’ ਵਾਂਗ ਸਿਆਸੀ ਸਟੰਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਇਹ ਸਾਰੀ ਸਿਆਸੀ ਖੇਡ ਰਲ ਮਿਲ ਕੇ ਖੇਡੀ ਜਾ ਰਹੀ ਹੈ।

ਜਿਨ੍ਹਾਂ ਨੇ ਬੇਅਦਬੀ ਕੀਤੀ, ਉਨ੍ਹਾਂ ਦਾ ਕੱਖ ਨਾ ਰਹੇ : ਸੁਖਬੀਰ ਸਿੰਘ

ਅੰਮ੍ਰਿਤਸਰ, 26 ਜਨਵਰੀ 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋ ਕੇ ਇਹ ਅਰਦਾਸ ਕੀਤੀ ਕਿ ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦਾ ਕੱਖ ਨਾ ਰਹੇ ਤੇ ਜਿਹਨਾਂ ਨੇ ਇਸ ਸੰਵੇਦਨਸ਼ੀਲ ਮਾਮਲੇ ’ਤੇ ਰਾਜਨੀਤੀ ਕੀਤੀ, ਉਹਨਾਂ ਦਾ ਵੀ ਕੱਖ ਨਾ ਰਹੇ।

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਅਰਦਾਸ ਬਾਰੇ ਖੁਲ੍ਹਾਸਾ ਕੀਤਾ ਤੇ ਜ਼ਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ ਪੰਜ ਸਾਲਾਂ ਵਿਚ ਬੇਅਦਬੀ ਮਾਮਲੇ ਦਾ ਸਿਆਸੀਕਰਨ ਕੀਤਾ ਜਿਸ ਕਾਰਨ ਸਿੱਖ ਕੌਮ ਹਾਲੇ ਤੱਕ ਇਸ ਕੇਸ ਦਾ ਨਿਆਂ ਨਹੀਂ ਮਿਲਿਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਬੇਅਦਬੀ ਮਾਮਲੇ ਨੂੰ ਅਕਾਲੀ ਦਲ ਜੋ ਕਿ ਸਿੱਖ ਕੌਮ ਦੀ ਪ੍ਰਤੀਨਿਧ ਜਮਾਤ ਹੈ, ਨੁੰ ਕਮਜ਼ੋਰ ਕਰਨ ਵਾਸਤੇ ਵਰਤਿਆ। ਉਹਨਾਂ ਕਿਹਾ ਕਿ ਇਹੀਕ ਾਰਨ ਹੈ ਕਿ ਉਹਨਾਂ ਨੇ ਅੱਜ ਇਹ ਅਰਦਾਸ ਕੀਤੀ ਹੈ ਕਿ ਜਿਹਨਾਂ ਨੇ ਇਸ ਸੰਵੇਦਨਸ਼ੀਲ ਮਾਮਲੇ ’ਤੇ ਰਾਜਨੀਤੀ ਕੀਤੀ, ਉਹਨਾਂ ਦਾ ਕੱਖ ਨਾ ਰਹੇ ਤੇ ਨਾ ਹੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਦਾ ਕੁਝ ਰਹੇ।

 ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਅਰਦਾਸ ਕੀਤੀ ਹੈ ਕਿ ਜਿਹੜੀਆਂ ਅਖੌਤੀ ਪੰਥਕ ਜਥੇਬੰਦੀਆਂ ਨੇ ਸਿੱਖ ਕੌਮ ਨੁੰ ਅੰਦਰੋਂ ਕਮਜ਼ੋਰ ਕਰਨ ਵਾਸਤੇ ਪੰਥ ਵਿਰੋਧੀਆਂ ਨਾਲ ਰਲ ਕੇ ਪੰਥ ਨਾਲ ਗੱਦਾਰੀ ਕੀਤੀ, ਉਹਨਾਂ ਦਾ ਵੀ ਕੱਖ ਨਾ ਰਹੇ। ਉਹਨਾਂ ਕਿਹਾ ਕਿ ਉਹਨਾਂ ਦਾ ਵੀ ਇਸ ਘਨੌਣੇ ਅਪਰਾਧ ਲਈ ਕੱਖ ਨਾ ਰਹੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਨਾ ਸਿਰਫ ਬੇਅਦਬੀ ਮਾਮਲੇ ਦਾ ਸਿਆਸੀਕਰਨ ਕੀਤਾ ਬਲਕਿ ਹਾਲ ਹੀ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੰਤਾ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸਰੋਵਰ ਵਿਚ ਸੁੱਟ ਕੇ ਬੇਅਦਬੀ ਕੀਤੀ ਗਈ ਤੇ ਦੋਸ਼ੀ ਫੜ ਵੀ ਲਿਆ ਗਿਆ ਤੇ ਉਸਨੁੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪਰ ਪੁਲਿਸ ਨੇ ਸਾਰੀ ਸਾਜ਼ਿਸ਼ ਦਾ ਪਤਾ ਲਾਉਣ ਲਈ ਉਸ ਤੋਂ ਕੋਈ ਪੁੱਛ ਗਿੱਛ ਹੀ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਜਿਸਨੇ ਸ੍ਰੀ ਹਰਿਮੰਦਿਰ ਸਾਹਿਬ ਦੇ ਅੰਦਰ ਬੇਅਦਬੀ ਕੀਤੀ, ਉਸਦੀ ਕਾਹਲੀ ਨਾਲ ਸਸਕਾਰ ਕਰ ਦਿੱਤਾ ਗਿਆ ਤੇ ਉਸਦੀ ਪਛਾਣ ਸਾਬਤ ਕਰਨ ਵਾਸਤੇ ਲੋੜੀਂਦਾ ਡੀ ਐਨ ਏ ਟੈਸਟ ਵੀ ਨਹੀਂ ਕੀਤਾ ਗਿਆ।

ਬਾਅਦ ਵਿਚ ਸਰਦਾਰ ਬਾਦਲ ਨੇ ਮਜੀਠਾ ਹਲਕੇ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਹਮਾਇਤ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ ਜਿਸ ਦੌਰਾਨ ਦੱਸਿਆ ਕਿ ਕਿਵੇਂ ਹਾਲ ਹੀ ਵਿਚ ਆਡੀਓ ਟੇਪਾਂ ਰਾਹੀਂ ਇਹ ਸਾਬਤ ਹੋ ਗਿਆ ਹੈ ਕਿ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਜਿਸਨੇ ਸਰਦਾਰ ਮਜੀਠੀਆ ਦੇ ਖਿਲਾਫ ਨਸ਼ਿਆਂ ਦਾ ਝੁਠਾ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ, ਨਸ਼ਾ ਤਸਕਰਾਂ ਨਾਲ ਰਲਿਆ ਹੋਇਆ ਹੈ। ਉਹਨਾਂ ਕਿਹਾ ਕਿ ਸਰਦਾਰ ਮਜੀਠੀਆ ਖਿਲਾਫ ਕੇਸ ਦਰਜ ਕਰਨ ਦਾ ਮਕਸਦ ਉਹਨਾਂ ਨੁੰ ਚੋਣਾਂ ਲੜਨ ਤੋਂ ਰੋਕਣਾ ਸੀ। ਉਹਨਾਂ ਕਿਹਾ ਕਿ ਮੈਂ ਮਜੀਠਾ ਹਲਕੇ ਦੇ ਲੋਕਾਂ ਨੁੰ ਅਪੀਲ ਕਰਦਾ ਹਾਂ ਕਿ ਇਸ ਸਾਜ਼ਿਸ਼ ਨੂੰ ਅਸਫਲ ਬਣਾ ਦੇਣ। ਹੁਣ ਇਹ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਰਦਾਰ ਮਜੀਠੀਆ ਨਾਲ ਹੋਏ ਅਨਿਆਂ ਦਾ ਬਦਲਾ ਲੈਣ ਆਪ ਚੋਣਾਂ ਦੀ ਜ਼ਿੰਮੇਵਾਰੀ ਸੰਭਾਲ ਕੇ ਲੈਣ। ਉਹਨਾਂ ਕਿਹਾ ਕਿ ਮੈਂ ਆਪ ਨੁੰ ਅਪੀਲ ਕਰਦਾ ਹਾਂ ਕਿ ਸਰਦਾਰ ਮਜੀਠੀਆ ਨੁੰ ਪਹਿਲਾਂ ਨਾਲੋਂ ਦੁੱਗਣੇ ਫਰਕ ਨਾਲ ਚੋਣਾਂ ਜਿਤਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਤਿਕੜੀ ਨੁੰ ਕਰਾਰਾ ਜਵਾਬ ਦਿੱਤਾ ਜਾਵੇ।

ਵਿਧਾਨ ਸਭਾ ਚੋਣਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਬਸਪਾ ਗਠਜੋੜ 80 ਤੋਂ ਜ਼ਿਆਦਾ ਸੀਟਾਂ ਲੈ ਕੇ ਸਪਸ਼ਟ ਬਹੁਮਤ ਹਾਸਲ ਕਰੇਗਾ। ਉਹਨਾਂ ਕਿਹਾ ਕਿ ਲੋਕਾਂ ਨੇ ਇਹ ਸਮਝ ਲਿਆ ਹੈ ਕਿ ਇਹ ਇਕੱਲਾ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਹੈ ਜੋ ਖੇਤਰੀ ਇੱਤਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਲੋਕ ਕਦੇ ਵੀ ਦਿੱਲੀ ਤੋਂ ਚਲਾਈਆਂ ਜਾਂਦੀਆਂ ਪਾਰਟੀਆਂ ਨੁੰ ਕਦੇ ਵੀ ਫਤਵਾ ਨਹੀਂ ਦੇਣਗੇ। ਉਹਨਾਂ ਕਿਹਾ ਕਿ ਤੁਸੀਂ ਵੇਖ ਲਿਓ ਕਿ ਆਪ ਨੂੰ ਮਾਲਵਾ ਵਿਚੋਂ ਸਿਰਫ ਪੰਜ ਸੀਟਾਂ ਮਿਲਣਗੀਆਂ ਤੇ ਕਾਂਗਰਸ ਦਾ ਮੁਕੰਮਲ ਸਫਾਇਆ ਹੋ ਜਾਵੇਗਾ।

ਸੂਬੇ ‘ਚ ਜੋ ਵੀ ਨਸ਼ਿਆਂ ਦਾ ਧੰਦਾ ਕਰਦੈ, ਸਾਡਾ ਪਰਿਵਾਰ ਇਨ੍ਹਾਂ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੇ ਹੱਕ ‘ਚ : ਹਰਸਿਮਰਤ ਕੌਰ ਬਾਦਲ

ਅੰਮ੍ਰਿਤਸਰ,  26 ਜਨਵਰੀ

ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ  ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਪੰਜਾਬ ਵਿਚ ਨਸ਼ੇ ਦਾ ਧੰਦਾ ਕਰਨ ਭਾਵੇਂ ਨਸ਼ਾ ਵੇਚਣ ਜਾਂ ਫਿਰ ਨਸ਼ਾ ਵੇਚਣ ਵਾਲੇ ਦੀ ਸਰਪ੍ਰਸਤੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੇ ਪੱਖ ਵਿਚ ਹੈ।

ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਅੱਜ ਮੈਂ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਅਰਦਾਸ ਕੀਤੀ ਹੈ ਕਿ ਜੇਕਰ ਮੇਰਾ ਭਰਾ ਬਿਕਰਮ ਸਿੰਘ ਮਜੀਠੀਆ ਕਿਸੇ ਵੀ ਤਰੀਕੇ ਸੂਬੇ ਵਿਚ ਨਸ਼ੇ ਦੀ ਵਿਕਰੀ ਨਾਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਜੁੜਿਆ ਹੈ ਤਾਂ ਗੁਰੂ ਸਾਹਿਬ ਸਾਡੇ ਪਰਿਵਾਰ ਦੇ ਹਰ ਜੀਅ ਨੂੰ ਸਭ ਤੋਂ ਮਾੜੀ ਸਜ਼ਾ ਦੇਣ। ਉਹਨਾਂ ਕਿਹਾ ਕਿ ਦੂਜੇ ਪਾਸੇ ਜਿਹਨਾਂ ਨੇ ਨਸ਼ੇ ਦੇ ਮਾਮਲੇ ’ਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਤੇ ਝੁਠ ਬੋਲਿਆ, ਉਸਦਾ ਹਸ਼ਰ ਗੁਰੂ ਘਰ ਦੇ ਦੋਖੀ ਵਰਗਾ ਹੋਵੇ।

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਤੇ ਆਪ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਵਿਚ ਸਭ ਤੋਂ ਘਟੀਆ ਪ੍ਰਚਾਰ ਕਰਦੀਆਂ ਆ ਰਹੀਆਂ ਹਨ ਜਿਹਨਾਂ ਦਾ ਮਕਸਦ ਲੋਕਾਂ ਦਾ ਧਿਆਨ ਹੋਰ ਮਸਲਿਆਂ ਤੋਂ ਪਾਸੇ ਕਰਨਾ ਹੈ। ਉਹਨਾਂ ਕਿਹਾ ਕਿ ਬੀਤੇ 7 ਸਾਲਾਂ ਵਿਚ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਹੁਤ ਹੀ ਸੰਵੇਦਨਸ਼ੀਲ ਤੇ ਦੁੱਖਦਾਈ ਮਾਮਲੇ ’ਤੇ ਗੁਨਾਹਾਂ ਭਰੀ ਰਾਜਨੀਤੀ ਕੀਤੀ ਤੇ ਸਾਡੇ ਖਿਲਾਫ ਕੋਈ ਵੀ ਸਬੂਤ ਨਾ ਹੋਣ ਦੇ ਬਾਵਜੂਦ ਸਾਡੇ ਖਿਲਾਫ ਦੂਸ਼ਣਬਾਜ਼ੀ ਕੀਤੀ ਜਦੋਂ ਕਿ ਇਹਨਾਂ ਗੁਨਾਹਾਂ ਦੇ ਅਸਲ ਸਾਜ਼ਿਸ਼ਕਾਰਾਂ ਨੁੰ ਤੇ ਦੋਸ਼ੀਆਂ ਨੁੰ ਖੁਲ੍ਹਾ ਛੱਡ ਦਿੱਤਾ। ਉਹਨਾਂ ਕਿਹਾ ਕਿ ਮੈਨੁੰ ਗੁਰੂ ਸਾਹਿਬ ’ਤੇ ਪੂਰਾ ਵਿਸ਼ਵਾਸ ਹੈ ਕਿ ਸੱਚਾਈ ਸਾਹਮਣੇ ਆਵੇਗੀ ਤੇ ਜਿਹੜੇ ਵੀ ਇਹਨਾਂ ਗੁਨਾਹਾਂ ਤੇ ਅਪਰਾਧਾਂ ਲਈ ਜ਼ਿੰਮੇਵਾਰ ਹਨ ਤੇ ਜਿਹਨਾਂ ਨੇ ਦੋਸ਼ੀਆਂ ਨੁੰ ਫਰਾਰ ਹੋ ਜਾਣ ਦੀ ਆਗਿਆ ਦਿੱਤੀ ਤਾਂ ਜੋ ਅਕਾਲੀ ਦਲ ਨੁੰ ਦੋਸ਼ ਠਹਿਰਾਇਆ ਜਾ ਸਕੇ, ਇਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਉਹਨਾਂ ਕਿਹਾ ਕਿ ਇਹਨਾਂ ਨੁੰ ਗੁਰੂ ਸਾਹਿਬ ਸਾਹਿਬ ਵੱਲੋਂ ਇਹਨਾਂ ਖਿਲਾਫ ਨਿਆਂ ਤੋਂ ਡਰਨਾ ਚਾਹੀਦਾ ਹੈ।

ਮਜੀਠੀਆ ਨੇ ਕੀਤੀ ਚੋਣ ਕਮਿਸ਼ਨ ਨੂੰ ਅਪੀਲ, ਮੇਰੇ ਘਰ ਛਾਪੇ ਮਾਰ ਕੇ ਪਰਿਵਾਰ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ

ਚੰਡੀਗੜ੍ਹ, 26 ਜਨਵਰੀ 

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੋਣ ਕਮਿਸ਼ਨ ਨੁੰ ਅਪੀਲ ਕੀਤੀ ਕਿ ਉਹ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਉਹਨਾਂ ਦੀ ਰਿਹਾਇਸ਼ ’ਤੇ ਛਾਪਾ ਮਾਰਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੁੰ ਤੰਗ ਪ੍ਰੇਸ਼ਾਨ ਕਰਨ ਲਈ ਕਾਂਗਰਸ ਸਰਕਾਰ ਨੁੰ ਜ਼ਿੰਮੇਵਾਰ ਠਹਿਰਾਵੇ। ਹਾਈ ਕੋਰਟ ਵੱਲੋਂ ਉਹਨਾਂ ਦੀ ਅਗਾਉਂ ਜ਼ਮਾਨਤ ’ਤੇ ਅਰਜ਼ੀ ਬਾਰੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਇਹ ਛਾਪੇ ਮਾਰੇ ਗਏ।

ਉਹਨਾਂ ਮੰਗ ਕੀਤੀ ਕਿ ਕੌਮੀ ਜਾਂਚ ਏਜੰਸੀ (ਐਨ ਆਈ ਏ) ਡੀ ਜੀ ਪੀ ਸਿਧਾਰਥ ਚਟੋਪਾਧਿਆਏ ਦੀਆਂ ਆਡੀਓ ਟੇਪ  ਬਾਰੇ ਹੋਏ ਖੁਲ੍ਹਾਸੇ ਦੀ ਜਾਂਚ ਕਰੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਾਬ ਦੌਰੇ ਵੇਲੇ ਸੁਰੱਖਿਆ ਵਿਚ ਕੁਤਾਹੀ ਕਾਰਨ ਉਹਨਾਂ ਦੀ ਹੱਤਿਆ ਵੀ ਹੋ ਸਕਦੀ ਸੀ।

ਸਰਦਾਰ ਬਿਕਰਮ ਸਿੰਘ ਮਜੀਠੀਆ, ਜੋ ਇਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਉਹਨਾਂ ਨੁੰ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਹਾਈ ਕੋਰਟ ਵੱਲੋਂ ਉਹਨਾਂ ਦੀ ਅਗਾਉਂ ਜ਼ਮਾਨਤ ਅਰਜ਼ੀ ’ਤੇ ਫੈਸਲਾ ਲੈਣ ਤੋਂ ਪਹਿਲਾਂ ਹੀ ਪੁਲਿਸ ਨੁੰ ਉਹਨਾਂ ਦੇ ਘਰ ’ਤੇ ਛਾਪੇ ਮਾਰਨ ਵਾਸਤੇ ਹਦਾਇਤਾਂ ਕੀਤੀਆਂ ਗਈਆਂ।

ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੇਰੇ ਲਈ ਕਾਨੁੰਨ ਵੱਖਰਾ ਹੈ ਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਜਿਹਨਾਂ ਦੇ ਖਿਲਾਫ ਨਸ਼ਾ ਤਸਕਰੀ ਦੇ ਦੋਸ਼ ਲੱਗੇ ਜਾਂ ਸਿੱਧੂ ਮੂਸੇਵਾਲਾ ਜਿਸ ’ਤੇ ਏ ਕੇ 47 ਨਾਲ ਫਾਇਰਿੰਗ ਕਰਨ ਦਾ ਦੋਸ਼ ਹੈ ਜਾਂ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਜਿਸਦੇ ਖਿਲਾਫ ਗੈਰ ਜ਼ਮਾਨਤ ਵਾਰੰਟ ਜਾਰੀ ਕੀਤੇ ਗਏ, ਲਈ ਕਾਨੁੰਨ ਵੱਖਰਾ ਹੈ। ਇਹਨਾਂ ਦੇ ਘਰਾਂ ’ਤੇ ਕੋਈ ਛਾਪਾ ਨਹੀਂ ਮਾਰਿਆ ਗਿਆ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਦੇ ਘਰ ’ਤੇ ਕੋਈ ਛਾਪਾ ਨਹੀਂ ਮਾਰਿਆ ਗਿਆ ਹਾਲਾਂਕਿ ਉਹ ਹਾਈ ਕੋਰਟ ਤੋਂ ਕੋਈ ਰਾਹਤ ਲੈਣ ਵਿਚ ਵੀ ਨਾਕਾਮ ਰਹੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਭੁਪਿੰਦਰ ਹਨੀ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਸਦੇ ਘਰੋਂ ਈ ਡੀ ਨੇ 10 ਕਰੋੜ ਰੁਪਏ ਨਗਦ ਬਰਾਮਦ ਕੀਤੇ ਤੇ ਉਹ ਮੁੱਖ ਮੰਤਰੀ ਦੀ ਸੁਰੱਖਿਆ ਗੈਰ ਕਾਨੁੰਨੀ ਤੌਰ ’ਤੇ ਵਰਤ ਰਹੇ ਹਨ। 

ਸਰਦਾਰ ਮਜੀਠੀਆ ਨੇ ਕਿਹ ਕਿ ਗੰਭੀਰ ਅਪਰਾਧਾਂ ਲਈ ਉਹਨਾਂ ਦੇ ਅਤੇ ਹੋਰਨਾਂ ਮੁਲਜ਼ਮਾਂ ਲਈ ਦੋ ਵੱਖੋ ਵੱਖ ਕਾਨੁੰਨ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਾਲੇ ਤੱਕ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਿਸਦੀਆਂ ਨਸ਼ਾ ਤਸਕਰਾਂ ਨਾਲ ਮੀਟਿੰਗਾਂ ਤੇ ਨਸ਼ੇ ਦੇ ਧੰਦੇ ਤੋਂ ਪੈਸੇ ਲੈਣ ਤੇ ਨਸ਼ਾ ਤਸਕਰ ਨੁੰ ਆਪਣਾ ਪੁੱਤਰ ਦੱਸਣ ਦੀਆਂ ਆਡੀਓ ਟੇਪਾਂ ਵਾਇਰਲ ਹੋਈਆਂ ਹਨ। ਉਹਨਾਂ ਕਿਹਾ ਕਿ ਜਗਦੀਸ਼ ਭੋਲਾ ਨਸ਼ਾ ਕੇਸ ਦੇ ਭਗੌੜੇ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਵੇਲੇ ਆਰ ਡੀ ਐਕਸ ਤੇ ਬੰਬ ਬਰਾਮਦ ਹੋਣ ਦੀ ਗੱਲ ਇਹਨਾਂ ਟੇਪਾਂ ਵਿਚ ਕੀਤੀ ਜਾਰਹੀ ਹੈ। ਉਹਨਾਂ ਕਿਹਾ ਕਿ ਸਿਰਫ ਐਨ ਆਈ ਏ ਦੀ ਜਾਂਚ ਹੀ ਇਸ ਸਾਰੇ ਦਾ ਮਾਮਲੇ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਵੇਲੇ ਸੁਰੱਖਿਆ ਵਿਚ ਹੋਈ ਕੁਤਾਹੀ ਸੱਚ ਸਾਹਮਣੇ ਲਿਆ ਸਕਦੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਹੱਤਿਆ ਵੀ ਹੋ ਸਕਦੀ ਸੀ।

ਸਰਦਾਰ ਮਜੀਠੀਆ ਨੇ ਮੰਗ ਕੀਤੀ ਕਿ ਡੀ ਜੀ ਪੀ ਦੀ ਰਿਹਾਇਸ਼ ਦੇ ਨਾਲ ਨਾਲ ਉੁਹਨਾਂ ਦੇ ਫੋਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਜੀਲੈਂਸ ਮੁਖੀ ਹਰਪ੍ਰੀਤ ਸਿੱਧੂ ਦੇ ਫੋਨ ਵੀ ਜ਼ਬਤ ਕੀਤੇ ਜਾਣੇ ਚਾਹੀਦੇ ਹਨ ਤੇ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਖਿਲਾਫ ਝੁਠਾ ਕੇਸ ਦਰਜ ਕਰਨ ਦੇ ਨਾਲ ਨਾਲ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦੀ ਸਾਰੀ ਸਾਜ਼ਿਸ਼ ਬੇਨਕਾਬ ਹੋ ਸਕੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਐਨ ਆਈ ਏ ਦੀ ਜਾਂਚ ਵਿਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ।

ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਦੀ ਕਾਨੁੰਨੀ ਟੀਮ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਉਹਨਾਂ ਦੇ ਘਰਾਂ ’ਤੇ ਛਾਪੇ ਮਾਰਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੁੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਕਾਂਗਰਸ ਸਰਕਾਰ ਦੇ ਮੈਂਬਰਾਂ ਖਿਲਾਫ ਮਾਣਹਾਨੀ ਦੀ ਪਟੀਸ਼ਨ ਦਾਇਰ ਕਰਨ ’ਤੇ ਵਿਚਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਛਾਪੇਮਾਰੀ ਵੀ ਉਦੋਂ ਕੀਤੀ ਗਈ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਕੋਰੋਨਾ ਪਾਜ਼ੀਟਿਵ ਹਨ। ਉਹਨਾਂ ਕਿਹਾ ਕਿ ਮੈਂ ਬੀ ਓ ਆਈ ਦੇ ਡਾਇਰੈਕਟਰ ਬੀ ਚੰਦਰ ਸ਼ੇਖਰ ਨੁੰ ਸਵਾਲ ਕੀਤਾ ਕਿ ਕੀ ਉਹਨਾਂ ’ਤੇ ਡੀ ਜੀ ਪੀ ਜਾਂ ਉਹਨਾਂ ਦੇ ਰਿਸ਼ਤੇਦਾਰ ਹਰਪ੍ਰੀਤ ਸਿੱਧੂ ਦਾ ਦਬਾਅ ਹੈ ਜਿਸ ਕਾਰਨ ਉਹ ਅਜਿਹਾ ਕਰ ਰਹੇ ਹਨ ? 

ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਰੰਧਾਵਾ ਨੁੰ ਜਨਤਕ ਜੀਵਨ ਵਿਚ ਨੈਤਿਕਤਾ ਬਾਰੇ ਗੱਲ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੇ। ਉਹਨਾਂ ਕਿਹਾ ਕਿ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਦੇ ਖਿਲਾਫ ਪਾਕਿਸਤਾਨ ਦੀ ਆਈ ਐਸ ਆਈ ਦੇ ਨਾਲ ਸੰਬੰਧ ਹੋਣ ਦੇ ਦੋਸ਼ ਲੱਗੇ ਸਨ ਤੇ ਉਹਨਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸੰਤੋਖ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਨੂੰ ਵਾਜਬ ਠਹਿਰਾਇਆ ਸੀ ਤੇ ਇੰਦਰਾ ਗਾਂਧੀ ਦੀ ਵਡਿਆਈ ਵੀ ਕੀਤੀ ਸੀ। ਉਹਨਾਂ ਕਿਹਾ ਕਿ ਮੰਤਰੀ ਨੇ ਆਪ ਬੀਜ ਘੁਟਾਲੇ ਸਮੇਤ ਕਈ ਘੁਟਾਲਿਆਂ ਲਈ ਅਤੇ ਮੁਖਤਾਰ ਅੰਸਾਰੀ ਤੇ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਲਈ ਮਸ਼ਹੂਰ ਹੈ।

 

 

Punjab Elections 2022: ਕਿਸਾਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ‘ਤੇ ਫਸਿਆ ਪੇਚ, ਹੁਣ ਚੋਣ ਲੜਨਗੇ ਆਜ਼ਾਦ ਉਮੀਦਵਾਰ ?

ਚੰਡੀਗੜ੍ਹ, 26 ਜਨਵਰੀ 

ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਪੇਚ ਫਸ ਗਿਆ ਹੈ। ਇਸ ਤੋਂ ਬਾਅਦ ਹੁਣ ਮੋਰਚੇ ਦੇ ਕਿਸਾਨ ਆਗੂਆਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਮੋਰਚੇ ਨਾਲ ਜੁੜੇ ਆਗੂ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਵੀ ਮਿਲ ਚੁੱਕੇ ਹਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲੜਨ ਲਈ ਕਿਸਾਨਾਂ ਨੇ 7 ਜਨਵਰੀ ਨੂੰ ਭਾਰਤੀ ਚੋਣ ਕਮਿਸ਼ਨ ਕੋਲ ਸਾਂਝਾ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਸੋਧੀ ਹੋਈ ਅਰਜ਼ੀ ਵੀ ਭੇਜ ਦਿੱਤੀ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਕਮਿਸ਼ਨ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਇਸ ਤੋਂ ਬਾਅਦ ਹੁਣ ਮੋਰਚੇ ਦੇ ਆਗੂਆਂ ਨੇ ਇਹ ਫੈਸਲਾ ਲਿਆ ਹੈ।

ਪੰਜਾਬ ਦੀਆਂ 32 ਵਿੱਚੋਂ 22 ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰਕੇ ਇਕੱਠੇ ਚੋਣ ਲੜ ਰਹੀਆਂ ਹਨ। ਉਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ ਹੈ। ਕਿਸਾਨ ਆਗੂਆਂ ਨੇ ਚੋਣਾਂ ਵਿੱਚ ਮੋਰਚਾ ਦਰਜ ਕਰਵਾਉਣ ਲਈ 7 ਜਨਵਰੀ ਨੂੰ ਭਾਰਤੀ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਸੀ। ਕਮਿਸ਼ਨ ਵੱਲੋਂ ਅਰਜ਼ੀ ’ਤੇ ਕੁਝ ਇਤਰਾਜ਼ ਉਠਾਏ ਗਏ ਸਨ ਅਤੇ ਇਸ ਮਗਰੋਂ ਮੋਰਚੇ ਨੇ ਆਪਣੀ ਅਰਜ਼ੀ ’ਚ ਸੋਧ ਕਰਕੇ 17 ਜਨਵਰੀ ਨੂੰ ਮੁੜ ਕਮਿਸ਼ਨ ਕੋਲ ਜਮ੍ਹਾਂ ਕਰਵਾ ਦਿੱਤੀ ਸੀ ਪਰ ਉਨ੍ਹਾਂ ਦੀ ਅਰਜ਼ੀ ’ਤੇ ਸੁਣਵਾਈ ਅਜੇ ਬਾਕੀ ਹੈ। 

ਕਿਸਾਨ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਹੁਣ ਉਹ ਆਜ਼ਾਦ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨਗੇ। ਇਹ ਜਾਣਕਾਰੀ ਉਨ੍ਹਾਂ ਵੱਲੋਂ ਪੰਜਾਬ ਚੋਣ ਕਮਿਸ਼ਨ ਨੂੰ ਦਿੱਤੀ ਗਈ ਹੈ। ਜਲਦੀ ਹੀ ਕਮਿਸ਼ਨ ਵੱਲੋਂ ਇਸ ਬਾਰੇ ਫੈਸਲਾ ਲਿਆ ਜਾਵੇਗਾ। ਇੱਕ ਕਿਸਾਨ ਆਗੂ ਨੇ ਦੱਸਿਆ ਕਿ ਜੇਕਰ ਉਸ ਨੂੰ ਸਮੇਂ ਸਿਰ ਰਜਿਸਟ੍ਰੇਸ਼ਨ ਅਤੇ ਚੋਣ ਨਿਸ਼ਾਨ ਮਿਲ ਗਿਆ ਤਾਂ ਉਹ ਮੋਰਚੇ ਦੀ ਤਰਫੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

ਖੇਤੀ ਤੋਂ ਸਿਆਸਤਦਾਨ ਬਣੇ ਕਿਸਾਨ ਆਗੂ ਚੋਣਾਂ ‘ਚ ਟਰੈਕਟਰ ਦੇ ਨਿਸ਼ਾਨ ‘ਤੇ ਚੋਣ ਲੜਨਾ ਚਾਹੁੰਦੇ ਹਨ। ਕਿਸਾਨਾਂ ਨੇ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਸਾਰੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਟਰੈਕਟਰ ਦਾ ਚੋਣ ਨਿਸ਼ਾਨ ਅਲਾਟ ਕੀਤਾ ਜਾਵੇ। ਹਾਲਾਂਕਿ ਹੁਣ ਤੱਕ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਉਨ੍ਹਾਂ ਦੀ ਮੰਗ ‘ਤੇ ਕੋਈ ਫੈਸਲਾ ਨਹੀਂ ਲਿਆ ਹੈ।

ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਸਿਆਸੀ ਕਿਸਾਨਾਂ ਦੀ ਚੋਣ ਵਿੱਚ ਹਮਾਇਤ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ, ਕੇਕੇਯੂ ਨੇ ਸੰਯੁਕਤ ਸਮਾਜ ਮੋਰਚਾ ਦਾ ਹਿੱਸਾ ਬਣਨ ਦਾ ਫੈਸਲਾ ਕਰਨ ਵਾਲੀਆਂ ਯੂਨੀਅਨਾਂ ਨੂੰ ਕੱਢਣ ਦੇ ਐਸਕੇਐਮ ਦੇ ਫੈਸਲੇ ‘ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ।

Parkash Singh Badal Contest from Lambhi : ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਲੜਨਗੇ ਚੋਣ

ਅੰਮ੍ਰਿਤਸਰ, 26 ਜਨਵਰੀ 

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ ਚੋਣ ਲੜਨਗੇ।

ਇਸ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ ਹੈ।  ਉਨ੍ਹਾਂ ਦੇ ਦਫ਼ਤਰ ਦਾ ਅੱਜ ਲੰਬੀ ਵਿਖੇ ਉਦਘਾਟਨ ਕੀਤਾ ਗਿਆ।

94 ਸਾਲਾ ਪ੍ਰਕਾਸ਼ ਸਿੰਘ ਬਾਦਲ ਲੰਬੀ ਵਿਧਾਨ ਸਭਾ ਸੀਟ ਤੋਂ ਮੌਜੂਦਾ ਵਿਧਾਇਕ ਹਨ। ਸਿਹਤ ਕਾਰਨਾਂ ਕਰਕੇ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਚੋਣ ਨਹੀਂ ਲੜਨ ਦੀਆਂ ਕਿਆਸ ਲਗਾਏ ਜਾ ਰਹੇ ਹਨ।

ਪ੍ਰਕਾਸ਼ ਸਿੰਘ ਬਾਦਲ ਹਾਲ ਹੀ ‘ਚ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋਏ ਹਨ। ਪ੍ਰਕਾਸ਼ ਸਿੰਘ ਬਾਦਲ ਨੂੰ ਸੋਮਵਾਰ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦਾ ਸਭ ਤੋਂ ਵੱਡਾ ਚਿਹਰਾ ਹਨ। ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ 10 ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਲੰਬੀ ਵਿਧਾਨ ਸਭਾ ਸੀਟ ਨੂੰ ਬਾਦਲ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਰ ਫਿਰ ਇਸ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।

BIG Breaking: ਅੰਮ੍ਰਿਤਸਰ ਪੂਰਬੀ ਸੀਟ ‘ਤੇ ਸਿੱਧੂ VS ਮਜੀਠੀਆ – ਸੁਖਬੀਰ ਬਾਦਲ ਦਾ ਵੱਡਾ ਧਮਾਕਾ

ਅੰਮ੍ਰਿਤਸਰ, 26 ਜਨਵਰੀ 

ਸੁਖਬੀਰ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਐਲਾਨਿਆ ਉਮੀਦਵਾਰ

ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਲੜਨਗੇ ਚੋਣ

ਮਜੀਠੀਆ ਦੋ ਹਲਕੇ ਮਜੀਠਾ ਅਤੇ ਅੰਮ੍ਰਿਤਸਰ ਨੌਰਥ ਤੋਂ ਲੜਨਗੇ ਚੋਣ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ‘ਚ ਕੀਤਾ ਐਲਾਨ

ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਾਰੀਆਂ ਸੀਟਾਂ ਤੋਂ ਉਮੀਦਵਾਰਾਂ ਦੀ ਸੂਚੀ ਕੀਤੀ ਮੁਕੰਮਲ

ਪੰਜਾਬ ਨੂੰ ਬਣਾਵਾਂਗੇ ਦੇਸ਼ ਦਾ ਸਭ ਤੋਂ ਸੁਰੱਖਿਅਤ ਸੂਬਾ : ਭਗਵੰਤ ਮਾਨ

ਚੰਡੀਗੜ, 26 ਜਨਵਰੀ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਅੰਦਰੂਨੀ ਸੁਰੱਖਿਆ,ਅਮਨ ਸ਼ਾਂਤੀ ਅਤੇ ਭਾਈਚਾਰਾ ਆਮ ਆਦਮੀ ਪਾਰਟੀ ਸਰਕਾਰ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਅਤੇ ਜ਼ਿੰਮੇਵਾਰੀ ਹੋਵੇਗੀ ਅਤੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਸੁਰੱਖਿਅਤ ਸੂਬਾ ਬਣਾਵਾਂਗੇ। ਮਾਨ ਨੇ ਕਿਹਾ ਕਿ ਪੰਜਾਬ ਪੁਲੀਸ ਸੂਬੇ ਦੀ ਅੰਦਰੂਨੀ ਸੁਰੱਖਿਆ ਕਰਨ ਦੇ ਕਾਬਲ ਹੈ, ਇਸ ਲਈ ਪੰਜਾਬ ਪੁਲੀਸ ਨੂੰ ਪੂਰੀ ਖੁੱਲ (ਫਰੀ ਹੈਂਡ) ਦਿੱਤੀ ਜਾਵੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ‘ਡਰੱਗ ਟਾਸਕ ਫੋਰਸ’ ਬਣਾਈ ਜਾਵੇਗੀ।

ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘‘ਪੰਜਾਬ ਸਰਹੱਦੀ ਸੂਬਾ ਹੈ। ਸਰਹੱਦ ਪਾਰ ਤੋਂ ਡਰੋਨ ਆਉਂਦੇ ਹਨ ਅਤੇ ਦੇਸ਼ ਵਿਰੋਧੀ ਤਾਕਤਾਂ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਭੰਗ ਕਰਨ ’ਚ ਲੱਗੀਆਂ ਰਹਿੰਦੀਆਂ ਹਨ। ਬੇਅਦਬੀਆਂ ਅਤੇ ਬੰਬ ਧਮਾਕੇ ਇਸੇ ਕੜੀ ਵਿੱਚ ਹਨ। ਪਰ ਪੰਜਾਬੀਆਂ ਦੀ ਫ਼ਿਦਰਤ ਹੈ ਕਿ ਉਹ ਆਪਣੀ ਭਾਈਚਾਰਕ ਸਾਂਝ ਨਹੀਂ ਤੋੜਦੇ।’’ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੀ ਅੰਦਰੂਨੀ ਸੁਰੱਖਿਆ ਲਈ ‘ਰੋਡ ਮੈਪ’ ਤਿਆਰ ਹੈ। ਪੰਜਾਬ ਵਿੱਚ ਬਣਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੀ ਅਰੰਦਰੂਨੀ ਸੁਰੱਖਿਆ ਅਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰ ਹੋਵੇਗੀ।

 ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਅੰਦਰੂਨੀ ਸੁਰੱਖਿਆ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਪੰਜਾਬ ਪੁਲੀਸ ਸੂਬੇ ਦੀ ਅੰਦਰੂਨੀ ਸੁਰੱਖਿਆ ਕਰਨ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਦੇ ਕਾਬਲ ਹੈ, ਪਰ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਪੁਲੀਸ ਪ੍ਰਸ਼ਾਸਨ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਭਾਰੂ ਰਹਿੰਦੀ ਹੈ। ਇਸ ਕਰਕੇ ਪੰਜਾਬ ਪੁਲੀਸ ਦੇ ਅਧਿਕਾਰੀ ਅਤੇ ਜਵਾਨ ਆਜ਼ਾਦ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ। ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਮਾਨ ਨੇ ਕਿਹਾ ਕਿ ਇਸ ਨੇ ਸਰਕਾਰ ਚਾਰ ਡੀ.ਜੀ.ਪੀ ਬਦਲੇ ਹਨ, ਜਿਸ ਕਰਕੇ ਪੁਲੀਸ ਅਧਿਕਾਰੀ ਕੋਈ ਫ਼ੈਸਲਾ ਹੀ ਨਹੀਂ ਲੈ ਸਕਦੇ। ਉਨਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਸਰਕਾਰ ਵੇਲੇ ਬੇਅਦਬੀਆਂ ਹੋਈਆਂ, ਔਰਤਾਂ ਨਾਲ ਛੇੜਛਾੜ ਦੇ ਮਾਮਲੇ ਵਧੇ, ਗੈਂਗਵਾਰ ਅਤੇ ਲੁੱਟਾਂ ਖੋਹਾਂ ਹੁੰਦੀਆਂ ਰਹੀਆਂ, ਕਿਉਂਕਿ ਪੰਜਾਬ ਪੁਲੀਸ ਨੂੰ ਆਜ਼ਾਦ ਤਰੀਕੇ ਨਾਲ ਕੰਮ ਨਹੀਂ ਕਰਨ ਦਿੱਤਾ ਜਾਦਾ। ਮੰਤਰੀਆਂ ਅਤੇ ਵਿਧਾਇਕਾਂ ਦੀ ਪੁਲੀਸ ਦੇ ਕੰਮਾਂ ਵਿੱਚ ਦਖ਼ਲਅੰਦਾਜ਼ੀ ਬਹੁਤ ਜਿਆਦਾ ਹੁੰਦੀ ਹੈ।

‘ਆਪ’ ਆਗੂ ਨੇ ਕਿਹਾ ਕਿ ਆਮ ਦੋਸ਼ ਲੱਗਦੇ ਰਹਿੰਦੇ ਹਨ, ‘‘ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਵਿੱਚ ਐਸ.ਐਸ.ਪੀ ਅਤੇ ਐਸ.ਪੀ ਦੀਆਂ ਨਿਯੁਕਤੀਆਂ ਪੈਸੇ ਲੈ ਕੀਤੀਆਂ ਜਾਂਦੀਆਂ ਹਨ, ਜਦੋਂ ਅਧਿਕਾਰੀ ਪੈਸੇ ਦੇ ਕੇ ਲੱਗਦੇ ਹਨ ਤਾਂ ਉਹ ਪਹਿਲਾਂ ਪੈਸੇ ਇੱਕਠੇ ਕਰਦੇ ਹਨ ਕਿਉਂਕਿ ਉਨਾਂ ਪੈਸੇ ਉਪਰ ਤੱਕ ਪਹੁੰਚਾਉਣੇ ਹੁੰਦੇ ਹਨ। ਇਸ ਕਾਰਨ ਪੁਲੀਸ ਅਧਿਕਾਰੀ ਗਲਤ ਅਨਸਰਾਂ ਬਚਾਉਂਦੇ ਹਨ। 

ਮਾਨ ਨੇ ਕਿਹਾ ਕਿ ਜਦੋਂ ਚੋਣਾ ਹੁੰਦੀਆਂ ਹਨ ਤਾਂ ਪੰਜਾਬ ਸਮੇਤ ਦੇਸ਼ ਲੋਕਾਂ ਨੂੰ ਡਰਾਉਣ ਦਾ ਕੰਮ ਕੀਤਾ ਜਾਂਦਾ ਹੈ। ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਚੋਣਾ ਵੇਲੇ ਪਾਕਿਸਤਾਨ ਦਾ ਡਰ ਦਿਖਾਉਣ ਲੱਗ ਜਾਂਦੇ ਹਨ।

ਮਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਕਿਉਂਕਿ ਲੋਕਾਂ ਨੇ ਆਪਣੇ ਆਪ ਨੂੰ ਵੋਟਾਂ ਪਾਉਣੀਆਂ ਹਨ। ਉਨਾਂ ਕਿਹਾ, ‘‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਪੁਲੀਸ ਨੂੰ ਪੂਰੀ ਖੁਲ ਦਿੱਤੀ ਜਾਵੇਗੀ ਤਾਂ ਜੋ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰਹੇ। ਪੁਲੀਸ ਦੇ ਚੰਗੇ ਅਧਿਕਾਰੀਆਂ ਨੂੰ ਫੀਲਡ ਵਿੱਚ ਨਿਯੁਕਤ ਕੀਤਾ ਜਾਵੇਗਾ। ਪੁਲੀਸ ਦੇ ਕੰਮਾਂ ਵਿੱਚ ਰਾਜਨੀਤਿਕ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇਗੀ। ਜੇ ਕੋਈ ਵਿਧਾਇਕ ਜਾਂ ਮੰਤਰੀ ਥਾਣੇ ਫੋਨ ਕਰੇਗਾ ਜਾਂ ਕੋਈ ਦਖਲਅੰਦਾਜ਼ੀ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।’’

ਨਸ਼ਾ ਮਾਫ਼ੀਆ ਖ਼ਤਮ ਕਰਨ ਦੀ ਯੋਜਨਾ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ‘ਡਰੱਗ ਟਾਸਕ ਫੋਰਸ’ ਬਣਾਈ ਜਾਵੇਗੀ ਅਤੇ ਇਸ ਫੋਰਸ ਵਿੱਚ ਵੀ ਕੋਈ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੋਵੇਗੀ। ਫੋਰਸ ਪੂਰੇ ਆਜ਼ਾਦ ਤਰੀਕੇ ਨਾਲ ਕੰਮ ਕਰੇਗੀ। 

ਪੰਜਾਬ ਪੁਲੀਸ ਦਾ ਮਨੋਬੱਲ ਵਧਾਉਣ ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਡਰਾਉਣ, ਧਮਕਾਉਣ ਦੀਆਂ ਗਤੀਵਿਧੀਆਂ ਬੰਦ ਕੀਤੀਆਂ ਜਾਣਗੀਆਂ। ਪੁਲੀਸ ਨੂੰ ਤੰਗ ਕਰਨ ਦਾ ਮਹੌਲ ਖ਼ਤਮ ਕੀਤਾ ਜਾਵੇਗਾ। ਰਾਜਨੀਤਿਕ ਆਗੂਆਂ ਅਤੇ ਹੋਰਨਾਂ ਦੀ ਸੁਰੱਖਿਆ ਵਿੱਚ ਲੱਗੇ ਪੁਲੀਸ ਮੁਲਾਜ਼ਮਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਥਾਣਿਆਂ ਵਿੱਚ ਪੁਲੀਸ ਨਫ਼ਰੀ ਵਧਾਈ ਜਾਵੇਗੀ। ‘ਆਪ’ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਅਤੇ ਧਰਨੇ ਰੈਲੀਆਂ ਦਾ ਦੌਰ ਖ਼ਤਮ ਕੀਤਾ ਜਾਵੇਗਾ।

Rohit Sharma ਨੇ ਪਾਸ ਕੀਤਾ ਫਿਟਨੈੱਸ ਟੈਸਟ, ਚੋਣ ਮੀਟਿੰਗ ‘ਚ ਸ਼ਾਮਲ ਹੋਣਗੇ ਨਵੇਂ ਕੈਪਟਨ

 26 ਜਨਵਰੀ 

ਟੀਮ ਇੰਡੀਆ ਦੇ ਫੈਨਜ਼ ਲਈ ਖੁਸ਼ਖਬਰੀ ਆਈ ਹੈ। ਟੀ-20 ਅਤੇ ਵਨਡੇ ਟੀਮ ਦੇ ਕੈਪਟਨ ਰੋਹਿਤ ਸ਼ਰਮਾ ਨੇ ਆਪਣਾ ਫਿਟਨੈੱਸ ਟੈਸਟ ਪਾਸ ਕਰ ਲਿਆ ਹੈ। ਹੁਣ ਰੋਹਿਤ ਸ਼ਰਮਾ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲੀਆਂ ਸੀਰੀਜ਼ ਲਈ ਉਪਲਬਧ ਹਨ। 

ਬੁੱਧਵਾਰ ਸ਼ਾਮ ਨੂੰ ਹੀ ਚੋਣ ਕਮੇਟੀ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦੀ ਚੋਣ ਕਰੇਗੀ। ਇਸ ਬੈਠਕ ‘ਚ ਰੋਹਿਤ ਸ਼ਰਮਾ ਕੈਪਟਨ ਦੇ ਰੂਪ ‘ਚ ਮੌਜੂਦ ਰਹਿਣਗੇ।

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਮੈਚ ਫਰਵਰੀ ਦੇ ਪਹਿਲੇ ਹਫਤੇ ਸ਼ੁਰੂ ਹੋਣਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਰੋਹਿਤ ਸ਼ਰਮਾ ਇਸ ਚੋਣ ਮੀਟਿੰਗ ਵਿੱਚ ਪੂਰੇ ਕੈਪਟਨ ਵਜੋਂ ਸ਼ਾਮਲ ਹੋਣਗੇ। ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਹੀ ਰੋਹਿਤ ਸ਼ਰਮਾ ਨੂੰ ਵਨਡੇ ਟੀਮ ਦਾ ਕੈਪਟਨ ਨਿਯੁਕਤ ਕੀਤਾ ਗਿਆ ਸੀ ਪਰ ਸੱਟ ਕਾਰਨ ਉਹ ਅਫਰੀਕਾ ਨਹੀਂ ਜਾ ਸਕੇ। 

ਰੋਹਿਤ ਸ਼ਰਮਾ ਦੇ ਅਹੁਦਾ ਸੰਭਾਲਦੇ ਹੀ ਭਾਰਤੀ ਕ੍ਰਿਕਟ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਵਿਰਾਟ ਕੋਹਲੀ ਨੇ ਕਰੀਬ ਸੱਤ ਸਾਲ ਟੈਸਟ ਟੀਮ ਦੀ ਕਪਤਾਨੀ ਕੀਤੀ, ਇਸ ਤੋਂ ਬਾਅਦ ਉਹ ਕਰੀਬ ਪੰਜ ਸਾਲ ਟੀ-20, ਵਨਡੇ ਟੀਮ ਦੇ ਕੈਪਟਨ ਰਹੇ। ਪਰ ਪੰਜ ਮਹੀਨਿਆਂ ਦੇ ਅੰਦਰ ਹੀ ਵਿਰਾਟ ਕੋਹਲੀ ਤੋਂ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਚਲੀ ਗਈ ਹੈ। 

ਗ੍ਰਿਫਤਾਰੀ ‘ਤੇ ਰੋਕ ਮਗਰੋਂ ਸਾਹਮਣੇ ਆਏ ਮਜੀਠੀਆ LIVE

ਚੰਡੀਗੜ੍ਹ, 26 ਜਨਵਰੀ 

ਚੰਡੀਗੜ੍ਹ ਤੋਂ ਬਿਕਰਮ ਮਜੀਠੀਆ ਦੀ ਪ੍ਰੈਸ ਕਾਨਫਰੰਸ 

ਗ੍ਰਿਫਤਾਰੀ ‘ਤੇ ਰੋਕ ਮਗਰੋਂ ਸਾਹਮਣੇ ਆਏ ਮਜੀਠੀਆ

ਮਜੀਠੀਆ ਦਾ ਕਾਂਗਰਸ ‘ਤੇ ਤਿੱਖਾ ਹਮਲਾ 

ਮੇਰੇ ਲਈ ਵੱਖਰਾ ਕਾਨੂੰਨ ਕਿਉਂ : ਮਜੀਠੀਆ

ਮੂਸੇਵਾਲਾ ਨੂੰ ਵੀ ਕਾਂਗਰਸ ਨੇ ਉਮੀਦਵਾਰ ਬਣਾਇਆ : ਮਜੀਠੀਆ

ਚੰਨੀ ਸਾਬ੍ਹ ਦੱਸਣ ਕਿ ਮਜੀਠੀਆ ਅਤੇ ਖਹਿਰਾ ਲਈ ਕੋਈ ਵੱਖਰਾ ਕਾਨੂੰਨ ?

ਮਜੀਠੀਆਂ ਵੱਲੋਂ ਡੀਜੀਪੀ ਚਟੋਪਾਧਿਆਏ ‘ਤੇ ਲਾਏ ਗਏ ਗੰਭੀਰ ਦੋਸ਼ 

ਮੈਨੂੰ ਚੋਣਾਂ ਲੜਨ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ : ਮਜੀਠੀਆ

ਮੇਰੇ ਘਰ ‘ਚ ਰੇਡ ਮਾਰੀ ਗਈ : ਮਜੀਠੀਆ

ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ – ਮਜੀਠੀਆ

Category : Slider