Breaking News
ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੰਗਾਂ ‘ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ


ਚੰਡੀਗੜ੍ਹ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਮੁਲਾਜ਼ਮ ਅਤੇ ਵਰਕਰ ਯੂਨੀਅਨਾਂ ਦੇ ਵਫ਼ਦਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ, ਜਿੱਥੇ ਉਨ੍ਹਾਂ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਵਿਸਥਾਰ ਨਾਲ ਸੁਣਿਆ ਅਤੇ ਜਾਇਜ਼ ਮਸਲਿਆਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਮੁਲਾਜ਼ਮਾਂ ਦੀ ਭਲਾਈ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਉਨ੍ਹਾਂ ਨੇ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਵਿੱਤੀ ਪ੍ਰਵਾਨਗੀ ਦੀ ਲੋੜ ਵਾਲੇ ਮਾਮਲਿਆਂ ਵਿੱਚ ਤਜਵੀਜ਼ਾਂ ਭੇਜਣ ਦੇ ਨਿਰਦੇਸ਼ ਦਿੱਤੇ।

ਇਨ੍ਹਾਂ ਮੀਟਿੰਗਾਂ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਰਟ ਐਂਡ ਕਰਾਫਟ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਅਤੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਦੇ ਵਫ਼ਦਾਂ ਨਾਲ ਵਿਸਤ੍ਰਿਤ ਗੱਲਬਾਤ ਕੀਤੀ। ਇਸ ਤੋਂ ਇਲਾਵਾ, ਓਵਰਏਜ ਬੇਰੁਜ਼ਗਾਰ ਅਧਿਆਪਕ ਯੂਨੀਅਨ ਅਤੇ ਪੰਜਾਬ ਨੰਬਰਦਾਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਵੀ ਵਿਆਪਕ ਵਿਚਾਰ-ਵਟਾਂਦਰਾ ਕੀਤਾ। 

ਵਿੱਤ ਮੰਤਰੀ ਨੇ ਗੱਲਬਾਤ ਦੌਰਾਨ ਯੂਨੀਅਨ ਆਗੂਆਂ ਵੱਲੋਂ ਉਠਾਏ ਗਏ ਮਸਲਿਆਂ ਅਤੇ ਮੰਗਾਂ ਨੂੰ ਧੀਰਜ, ਹਮਦਰਦੀ ਅਤੇ ਪੂਰੇ ਧਿਆਨ ਨਾਲ ਸੁਣਿਆ। ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਜਾਗਰ ਕੀਤੀਆਂ ਗਈਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਫੈਸਲਾਕੁੰਨ ਪ੍ਰਸ਼ਾਸਨਿਕ ਕਦਮ ਚੁੱਕੇ। 

ਮੁਲਾਜ਼ਮਾਂ ਦੇ ਮੁੱਦਿਆਂ ਪ੍ਰਤੀ ਹਮਦਰਦੀ ਅਤੇ ਵਿਹਾਰਕ ਪਹੁੰਚ ਅਪਣਾਉਂਦਿਆਂ, ਉਨ੍ਹਾਂ ਨੇ ਸਬੰਧਤ ਪ੍ਰਸ਼ਾਸਨਿਕ ਵਿਭਾਗਾਂ ਦੇ ਅਧਿਕਾਰੀਆਂ ਨੂੰ ਯੂਨੀਅਨਾਂ ਵੱਲੋਂ ਉਠਾਈਆਂ ਗਈਆਂ ਸਾਰੀਆਂ ਜਾਇਜ਼ ਅਤੇ ਤਰਕਸੰਗਤ ਮੰਗਾਂ ਨੂੰ ਪੂਰਾ ਕਰਨ ਲਈ ਤੁਰੰਤ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ, ਜਿਨ੍ਹਾਂ ਮਾਮਲਿਆਂ ਵਿੱਚ ਵਿਸ਼ੇਸ਼ ਵਿੱਤੀ ਪ੍ਰਵਾਨਗੀਆਂ ਦੀ ਲੋੜ ਹੈ, ਉਨ੍ਹਾਂ ਲਈ ਵਿੱਤ ਮੰਤਰੀ ਨੇ ਸਬੰਧਤ ਪ੍ਰਸ਼ਾਸਨਿਕ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਵਿਚਾਰ ਅਤੇ ਮਨਜ਼ੂਰੀ ਨੂੰ ਯਕੀਨੀ ਬਣਾਉਣ ਲਈ ਵਿੱਤ ਵਿਭਾਗ ਨੂੰ ਵਿਸਤ੍ਰਿਤ ਤਜਵੀਜ਼ਾਂ ਤਿਆਰ ਕਰਕੇ ਭੇਜਣ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਯੂਨੀਅਨ ਨੁਮਾਇੰਦਿਆਂ ਨਾਲ ਸਰਗਰਮੀ ਨਾਲ ਰਾਬਤਾ ਕਾਇਮ ਕਰਕੇ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਫ਼ਤਰੀ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆ ਕੇ, ਭਗਵੰਤ ਮਾਨ ਸਰਕਾਰ ਦਾ ਉਦੇਸ਼ ਸੂਬੇ ਦੇ ਸਾਰੇ ਮੁਲਾਜ਼ਮਾਂ ਅਤੇ ਕੰਮਕਾਜੀ ਸਮੂਹਾਂ ਦੀ ਭਲਾਈ, ਵਿੱਤੀ ਸੁਰੱਖਿਆ ਅਤੇ ਪੇਸ਼ੇਵਰ ਸੰਤੁਸ਼ਟੀ ਨੂੰ ਯਕੀਨੀ ਬਣਾਉਣਾ ਹੈ।”

ਇਨ੍ਹਾਂ ਮੀਟਿੰਗਾਂ ਦੌਰਾਨ ਆਰਟ ਐਂਡ ਕਰਾਫਟ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਹਰਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ, ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਤੋਂ ਜਸਮੇਲ ਕੌਰ ਬੀਰਕਲਾਂ, ਖੁਸ਼ਪ੍ਰੀਤ ਕੌਰ ਅਤੇ ਦੇਵ ਰਾਜ ਵਰਮਾ, ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਤੋਂ ਹਰਜਿੰਦਰ ਕੌਰ, ਸਿਮਰਜੀਤ ਕੌਰ, ਮੁਕੇਸ਼ ਰਾਣੀ ਅਤੇ ਜ਼ੈਲ ਕੌਰ, ਓਵਰਏਜ ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਰਮਨ ਕੁਮਾਰ ਮਲੋਟ ਅਤੇ ਲਲਿਤਾ, ਅਤੇ ਪੰਜਾਬ ਨੰਬਰਦਾਰ ਯੂਨੀਅਨ ਤੋਂ ਗੁਰਪਾਲ ਸਿੰਘ ਸਮਰਾ, ਰਛਪਾਲ ਸਿੰਘ, ਸੁਰਜੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਨੇ ਆਪਣੇ ਮਸਲੇ ਅਤੇ ਮੰਗਾਂ ਉਠਾਈਆਂ।

S.C. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਭਲਾਈ ਵਿਭਾਗ ਦੀ ਰੋਸਟਰ ਚੈਕਿੰਗ ਟੀਮ ਤਲਬ

-ਮਲਟੀਪਰਪਜ ਹੈਲਥ ਵਰਕਰਾਂ ਦੀ ਪਦਉੱਨਤੀ ਵਿੱਚ ਗੰਭੀਰ ਬੇਨਿਯਮੀਆਂ ਆਈਆਂ ਸਾਹਮਣੇ

ਚੰਡੀਗੜ੍ਹ, 21 ਅਪ੍ਰੈਲ:

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰ (ਮੇਲ) ਕੇਡਰ ਦੀ ਸ਼ਿਕਾਇਤ ’ ਤੇ ਸਖ਼ਤ ਕਾਰਵਾਈਆਂ ਕਰਦਿਆਂ 29 ਅਪ੍ਰੈਲ ਨੂੰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਵਿਭਾਗ ਦੀ ਰੋਸਟਰ ਚੈਕਿੰਗ ਟੀਮ ਨੰਬਰ -22 ਨੂੰ ਐਸ.ਸੀ. ਕਮਿਸ਼ਨ ਦਫਤਰ ਵਿਖੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।

ਸ਼ਿਕਾਇਤ ਤੇ ਕਾਰਵਾਈ ਕਰਦਿਆਂ ਐਸ.ਸੀ. ਕਮਿਸ਼ਨ ਚੇਅਰਮੈਨ ਨੇ ਪਹਿਲਾਂ ਸਬੰਧਤ ਵਿਭਾਗ ਤੋਂ ਪਿਛਲੇ 15 ਸਾਲਾਂ ਦੌਰਾਨ ਮਲਟੀਪਰਪਜ਼ ਹੈਲਥ ਵਰਕਰ (ਮੇਲ)ਤੋਂ ਮਲਟੀਪਰਪਜ ਹੈਲਥ ਵਰਕਰ ਸੁਪਰਵਾਈਜ਼ਰ (ਮੇਲ) ਵਜੋਂ ਹੋਈਆਂ ਤਰੱਕੀਆਂ ਦੇ ਰਿਕਾਰਡ ਦੀ ਪੜਤਾਲ ਕਰਨ ਲਈ ਰੋਸਟਰ ਚੈਕਿੰਗ ਟੀਮ ਵੱਲੋਂ ਵੈਰੀਫਾਈ ਕੀਤੇ ਰੋਸਟਰ ਰਜਿਸਟਰ ਦੀ ਮੰਗ ਕੀਤੀ ਸੀ । ਸਬੰਧਤ ਵਿਭਾਗ ਦੇ ਦਫਤਰੀ ਅਮਲੇ ਨੇ ਪਿਛਲੇ ਸਾਲ 21 ਨਵੰਬਰ 2025 ਨੂੰ ਭਲਾਈ ਵਿਭਾਗ ਦੀ ਰੋਸਟਰ ਚੈਕਿੰਗ ਟੀਮ ਨੰਬਰ 22 ਤੋਂ ਪਿਛਲੇ 12 ਸਾਲਾਂ ਦਾ ਪੜਤਾਲਿਆ ਰਿਕਾਰਡ ਐਸ.ਸੀ.ਕਮਿਸ਼ਨ ਦੇ ਦਫਤਰ ਵਿਖੇ 27 ਨਵੰਬਰ ਨੂੰ ਪੇਸ਼ ਕੀਤਾ ਸੀ।

ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਪੇਸ਼ ਕੀਤੇ ਰਿਕਾਰਡ ਵਿੱਚ ਰਾਖਵਾਂਕਰਨ ਨੀਤੀ ਨੂੰ ਬਿਲਕੁਲ ਵੀ ਲਾਗੂ ਨਹੀਂ ਕੀਤਾ ਗਿਆ ਸੀ। ਚੇਅਰਮੈਨ ਗੜ੍ਹੀ ਵੱਲੋਂ ਇਸ ਰਿਕਾਰਡ ਨੂੰ ਰੋਸਟਰ ਮਾਹਿਰਾਂ ਤੋਂ ਚੈੱਕ ਕਰਵਾਉਣ ਉਪਰੰਤ ਪਾਇਆ ਗਿਆ ਕਿ ਪੇਸ਼ ਰਿਕਾਰਡ ਵਿੱਚ 1 ਅੰਗਹੀਣ ਅਤੇ 8 ਆਮ ਵਰਗ ਦੇ ਕਰਮਚਾਰੀ ਕਰਮਚਾਰੀਆਂ ਨੂੰ ਅਨੁਸੂਚਿਤ ਜਾਤੀ ਕਰਮਚਾਰੀਆਂ ਦੇ ਤੌਰ ’ਤੇ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਤਰੱਕੀ ਪ੍ਰਾਪਤ ਕਰਨ ਵਾਲੇ 19 ਆਮ ਵਰਗ ਦੇ ਕਰਮਚਾਰੀਆਂ ਨਾਲ ਸਬੰਧਤ ਵੇਰਵੇ ਵੀ ਰਿਕਾਰਡ ਵਿੱਚੋਂ ਗਾਇਬ ਹਨ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਪੇਸ਼ ਰਿਕਾਰਡ ਵਿੱਚ ਕੁੱਲ 374 ਕਰਮਚਾਰੀਆਂ ਦੀਆਂ ਤਰੱਕੀਆਂ ਵਿੱਚ ਐਸ.ਸੀ. ਕਰਮਚਾਰੀਆਂ ਲਈ 20 ਫੀਸਦ ਰਾਖਵੇਂਕਰਨ ਤਹਿਤ 75 ਆਸਾਮੀਆਂ ਦਰਸਾਈਆਂ ਗਈਆਂ ਹਨ। ਪਰ ਇਨ੍ਹਾਂ ਵਿਚੋਂ 69 ਰਾਖਵੀਆਂ ਆਸਾਮੀਆਂ ’ਤੇ ਆਮ ਵਰਗ ਦੇ ਕਰਮਚਾਰੀ ਪਾਏ ਗਏ, ਜੋ ਨਿਯਮਾਂ ਨੂੰ ਛਿੱਕੇ ਟੰਗੇ ਜਾਣ ਦਾ ਪ੍ਰਤੱਖ ਪ੍ਰਮਾਣ ਹੈ ।

ਚੇਅਰਮੈਨ ਗੜੀ ਨੇ ਸਬੰਧਤ ਵਿਭਾਗ ਦੇ ਰਿਕਾਰਡ ਦੀ ਜਾਂਚ ਕਰਦਿਆਂ ਪਾਇਆ ਕਿ ਐਸ.ਸੀ. ਵਰਗ ਦੇ ਕਰਮਚਾਰੀਆਂ ਲਈ ਤਰੱਕੀਆਂ ਵਿੱਚ 20 ਫੀਸਦ ਰਾਖਵੇਂਕਰਨ ਦੀ ਰਿਜ਼ਰਵੇਸ਼ਨ ਨੀਤੀ ਦੇ ਨਾਲ-ਨਾਲ ਸੀਨੀਆਰਤਾ-ਕਮ-ਮੈਰਿਟ ਵਿੱਚ ਵੀ ਘੋਰ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੇਂ-ਸਮੇਂ ’ਤੇ ਮਾਨਯੋਗ ਅਦਾਲਤਾਂ ਵੱਲੋਂ ਦਿੱਤੇ ਫ਼ੈਸਲਿਆਂ, ਭਲਾਈ ਵਿਭਾਗ ਦੇ ਜਾਰੀ ਪੱਤਰਾਂ ਅਤੇ ਰਿਜ਼ਰਵੇਸ਼ਨ ਐਕਟ 2006 ਤੇ 2018 ਨੂੰ ਵੀ ਦਰ-ਕਿਨਾਰ ਕੀਤਾ ਗਿਆ ।

ਇਨ੍ਹਾਂ ਬੇਨਿਯਮੀਆਂ ਦਾ ਨੋਟਿਸ ਲੈਂਦਿਆਂ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ 29 ਅਪ੍ਰੈਲ ਨੂੰ ਰੋਸਟਰ ਚੈਕਿੰਗ ਟੀਮ ਨੰਬਰ -22 ਦੇ ਵਿਸ਼ਵਾ ਨਾਥ ( ਸੁਪਰਡੈਂਟ) , ਰੇਸ਼ਮ ਸਿੰਘ ( ਸੁਪਰਡੈਂਟ) , ਗਗਨਦੀਪ ਕੌਰ ਸੰਧੂ ( ਸੀਨੀਅਰ ਸਹਾਇਕ) ਅਤੇ ਸਿਹਤ ਵਿਭਾਗ ਦੇ ਤੋਸ਼ਪਿੰਦਰ ਸਿੰਘ ( ਸੁਪਰਡੈਂਟ ) ਨੂੰ ਨਿੱਜੀ ਤੌਰ ’ਤੇ ਕਮਿਸ਼ਨ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਵੀ ਮੌਜੂਦ ਰਹਿਣ ਦੇ ਹੁਕਮ ਦਿੱਤੇ ਗਏ ਹਨ।

ਐਸ.ਸੀ. ਕਮਿਸ਼ਨ, ਪੰਜਾਬ ਦੇ ਚੇਅਰਮੈਨ ਗੜ੍ਹੀ ਸਾਹਿਬ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ,‘‘ਪੰਜਾਬ ਦੇ ਵਿਭਾਗਾਂ ਵਿੱਚ ਸੰਵਿਧਾਨਿਕ ਹੱਕਾਂ ਨਾਲ ਕਿਸੇ ਤਰ੍ਹਾਂ ਦੀਆਂ ਵੀ ਬੇਨਿਯਮੀਆਂ ਜਾਂ ਧੱਕੇਸ਼ਾਹੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ । ਐਸ.ਸੀ. ਵਰਗ ਦੇ ਕਰਮਚਾਰੀਆਂ ਦੇ ਸੰਵਿਧਾਨਿਕ ਹੱਕਾਂ ਨੂੰ ਢਾਹ ਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤਰ੍ਹਾਂ ਦੀਆਂ ਕੁਤਾਹੀਆਂ ਕਰਨ ਵਾਲੇ ਅਧਿਕਾਰੀਆਂ / ਕਰਮਚਾਰੀਆਂ ਖਿਲਾਫ ਐਸ.ਸੀ./ ਐਸ.ਟੀ. ਅੱਤਿਆਚਾਰ ਰੋਕੂ ਐਕਟ 1989 ਅਤੇ ਪ੍ਰਮੁੱਖ ਸਕੱਤਰ ਪੰਜਾਬ ਜੀ ਦੇ 9 ਜੁਲਾਈ, 2009 ਦੇ ਪੱਤਰ ਅਨੁਸਾਰ ਕਾਰਵਾਈ ਕੀਤੀ ਜਾਵੇਗੀ।’’

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਲਾਈ ਵਿਭਾਗ ਦੀ ਡਾਇਰੈਕਟਰ ਨੂੰ ਪਿਛਲੇਰੀ ਫੁੱਲ ਕਮਿਸ਼ਨ ਮੀਟਿੰਗ ਦੌਰਾਨ, ਰੋਸਟਰ ਰਜਿਸਟਰ ਕਮੇਟੀਆਂ ਨੂੰ ਵਿਭਾਗ ਵਲੋਂ ਕਾਨੂੰਨੀ ਪੱਖਾਂ ਲਈ ਅਪਡੇਟਡ ਵਰਕਸ਼ਾਪ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਸਨ, ਇਹਨਾਂ ਨਿਰਦੇਸ਼ਾਂ ਦੀ ਪਾਲਣਾ ਬਾਰੇ ਸਮੀਖਿਆ ਵੀ ਕੀਤੀ ਜਾਵੇਗੀ।

ਹੁਣ ਕਿਸਾਨ ਆਪਣੇ ਸਾਰੇ ਜੇ-ਫਾਰਮ ਇੱਕੋਂ ਪਲੇਟਫਾਰਮ ਤੋਂ ਪ੍ਰਾਪਤ ਕਰ ਸਕਣਗੇ

ਐਸ.ਏ.ਐਸ. ਨਗਰ (ਮੋਹਾਲੀ), 21 ਅਪ੍ਰੈਲ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਪਾਰਦਰਸ਼ਤਾ ਅਤੇ ਡਿਜੀਟਲਾਈਜ਼ੇਸ਼ਨ ਲਿਆਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹੋਇਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਇੱਕ ਅਹਿਮ ਮੋਬਾਈਲ ਐਪਲੀਕੇਸ਼ਨ `ਪੀਐਮਬੀ ਕੁਨੈਕਟ´ ਲਾਂਚ ਕੀਤੀ ਗਈ। ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਆਯੋਜਿਤ ਸਮਾਗਮ ਦੌਰਾਨ ਇਸ ਐਪ ਨੂੰ ਲਾਂਚ ਕਰਦਿਆਂ ਸ. ਬਰਸਟ ਨੇ ਕਿਹਾ ਕਿ ਇਹ ਕਦਮ ਮੰਡੀ ਪ੍ਰਣਾਲੀ ਨੂੰ ਡਿਜੀਟਲਾਈਜ਼ ਕਰਨ ਅਤੇ ਹੋਰ ਸੁਖਾਲੀ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਐਪ ਰਾਹੀਂ ਖੇਤੀਬਾੜੀ ਸੈਕਟਰ ਨਾਲ ਜੁੜੇ ਸਾਰੇ ਸਟੇਕ ਹੋਲਡਰਾਂ, ਖਾਸ ਕਰਕੇ ਕਿਸਾਨਾਂ ਅਤੇ ਲਾਇਸੰਸ ਧਾਰਕਾਂ ਨੂੰ ਇੱਕੋ ਪਲੇਟਫਾਰਮ ‘ਤੇ ਸਾਰੀ ਜਾਣਕਾਰੀ ਉਪਲਬਧ ਹੋਵੇਗੀ। ਇਸ ਮੌਕੇ ਤੇ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਇਹੀ ਯਤਨ ਹਨ ਕਿ ਕਿਸਾਨਾਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਪੀਐਮਬੀ ਕੁਨੈਕਟ ਮੋਬਾਇਲ ਐਪ ਇਸ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਹ ਐਪ ਸਿਰਫ਼ ਇੱਕ ਕਲਿੱਕ ਰਾਹੀਂ ਕਿਸਾਨਾਂ, ਲਾਇਸੰਸ ਧਾਰਕਾਂ, ਮਾਰਕੀਟ ਕਮੇਟੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਨਲਾਈਨ ਸੇਵਾਵਾਂ ਨਾਲ ਜੋੜੇਗੀ।

ਉਨ੍ਹਾਂ ਦੱਸਿਆ ਕਿ ਇਸ ਐਪ ਦੀ ਸਭ ਤੋਂ ਵੱਡੀ ਖ਼ਾਸੀਅਤ ਕਿਸਾਨਾਂ ਨੂੰ ਮਿਲਣ ਵਾਲੀ ਸਹੂਲਤ ਹੈ। ਹੁਣ ਕਿਸਾਨ ਆਪਣੇ ਸਾਰੇ ਜੇ-ਫਾਰਮ ਇੱਕੋ ਥਾਂ ‘ਤੇ ਪ੍ਰਾਪਤ ਕਰ ਸਕਦੇ ਹਨ। ਉਹ ਇਨ੍ਹਾਂ ਨੂੰ ਵੇਖ ਸਕਦੇ ਹਨ, ਡਾਊਨਲੋਡ ਕਰ ਸਕਦੇ ਹਨ ਅਤੇ ਲੋੜ ਪੈਣ ‘ਤੇ ਸਾਂਝਾ ਵੀ ਕਰ ਸਕਦੇ ਹਨ। ਇਸ ਸਹੂਲਤ ਨਾਲ ਕਿਸਾਨਾਂ ਦੀ ਲਾਇਸੰਸ ਧਾਰਕਾਂ ਅਤੇ ਸਰਕਾਰੀ ਦਫ਼ਤਰਾਂ ‘ਤੇ ਨਿਰਭਰਤਾ ਘਟੇਗੀ, ਕਿਉਂਕਿ ਉਨ੍ਹਾਂ ਕੋਲ ਆਪਣੇ ਸਾਰੇ ਰਿਕਾਰਡ ਮੋਬਾਈਲ ‘ਤੇ ਉਪਲਬਧ ਹੋਣਗੇ। ਇਸ ਤੋਂ ਇਲਾਵਾ ਲਾਇਸੰਸ ਧਾਰਕਾਂ ਲਈ ਇਹ ਐਪ ਉਨ੍ਹਾਂ ਦੇ ਕਾਰੋਬਾਰ ਨੂੰ ਸੁਖਾਲਾ ਬਣਾਏਗੀ। ਉਹ ਆਪਣੇ ਲਾਇਸੰਸ ਦੀ ਮਿਆਦ, ਨਵੀਨੀਕਰਨ ਅਤੇ ਹੋਰ ਸਬੰਧਤ ਜਾਣਕਾਰੀ ਇੱਕ ਕਲਿੱਕ ਨਾਲ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਇਹ ਐਪ ਅਧਿਕਾਰੀ ਅਤੇ ਕਰਮਚਾਰੀ ਲਈ ਵੀ ਬਹੁਤ ਲਾਹੇਵੰਦ ਹੈ। ਸੂਬੇ ਦੀਆਂ ਸਰਹੱਦਾਂ ‘ਤੇ ਫਸਲ ਦੀ ਆਮਦ ਦੀ ਜਾਂਚ ਦੌਰਾਨ ਇਹ ਐਪ ਬਹੁਤ ਹੀ ਅਹਿਮ ਭੂਮਿਕਾ ਨਿਭਾਏਗੀ। ਮੰਡੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਐਪ ਰਾਹੀਂ ਲਾਇਸੰਸੀਧਾਰਕ ਦੀ ਜਾਣਕਾਰੀ ਤੁਰੰਤ ਚੈੱਕ ਕਰ ਸਕਦੇ ਹਨ। ਮੰਡੀ ਬੋਰਡ ਦਾ ਫੀਲਡ ਸਟਾਫ ਜੋ ਰੋਜਾਨਾ ਮੰਡੀ ਵਿੱਚ ਫਸਲ ਦੀ ਆਮਦ, ਖਰੀਦ ਅਤੇ ਚੁਕਾਈ ਦੀ ਰਿਪੋਰਟ ਕਰਦੇ ਹਨ, ਉਹ ਵੀ ਹੁਣ ਕਿਸੇ ਵੀ ਥਾਂ ਤੇ ਬੈਠ ਕੇ ਆਪਣੀ ਰਿਪੋਰਟ ਭੇਜ ਸਕਦੇ ਹਨ, ਇਸ ਨਾਲ ਡਾਟਾ ਪ੍ਰੋਸੈਸਿੰਗ ਤੇਜ਼ ਹੋਵੇਗਾ ਅਤੇ ਮੁੱਖ ਦਫ਼ਤਰ ਤੱਕ ਸਮੇਂ ਸਿਰ ਜਾਣਕਾਰੀ ਪਹੁੰਚੇਗੀ।

ਸ. ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀ ਇਹ ਐਪ ਸੂਬੇ ਵਿੱਚ ਖੇਤੀਬਾੜੀ ਮੰਡੀਕਰਨ ਦੇ ਢਾਂਚੇ ਨੂੰ ਆਧੁਨਿਕ  ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਇਹ ਐਪ ਜਿੱਥੇ ਸਮੇਂ ਦੀ ਬਚਤ ਕਰੇਗੀ, ਉੱਥੇ ਹੀ ਕੰਮ ਦੀ ਗਤੀ ਨੂੰ ਵੀ ਵਧਾਏਗੀ। ਉਨ੍ਹਾਂ ਦੱਸਿਆ ਕਿ ਇਹ ਐਪ ਗੂਗਲ ਪਲੇਅ ਸਟੋਰ ਤੇ `ਪੀਐਮਬੀ ਕੁਨੈਕਟ´ (PMB Connect) ਨਾਮ ਨਾਲ ਉਪਲਬਧ ਹੈ। ਉਨ੍ਹਾਂ ਸਾਰੇ ਸਟੇਕਹੋਲਡਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਨੂੰ ਵੱਧ ਤੋਂ ਵੱਧ ਡਾਊਨਲੋਡ ਕਰਨ ਤਾਂ ਜੋ ਸਰਕਾਰੀ ਸੇਵਾਵਾਂ ਦਾ ਲਾਭ ਸਿੱਧਾ ਉਨ੍ਹਾਂ ਤੱਕ ਪਹੁੰਚ ਸਕੇ। ਇਸ ਮੌਕੇ ਜਤਿੰਦਰ ਸਿੰਘ ਭੰਗੂ ਇੰਜੀਨਿਅਰ-ਇਨ-ਚੀਫ਼, ਹਰਜੀਤ ਸਿੰਘ ਸੰਧੂ ਸੰਯੁਕਤ ਸਕੱਤਰ, ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਅਮਨਦੀਪ ਸਿੰਘ ਮੁੱਖ ਇੰਜੀਨੀਅਰ, ਮਨਿੰਦਰਜੀਤ ਸਿੰਘ ਬੇਦੀ ਡੀ.ਜੀ.ਐਮ., ਪ੍ਰੀਤ ਕੰਵਰ ਸਿੰਘ ਬਰਾੜ ਡੀ.ਜੀ.ਐਮ., ਮੁਕੇਸ਼ ਕੁਮਾਰ ਕੈਲੇ ਡੀ.ਜੀ.ਐਮ., ਅਮਨਦੀਪ ਸਿੰਘ ਸੰਧੂ ਡੀ.ਜੀ.ਐਮ., ਨਿਤਿਨ ਬਾਂਸਲ ਸਿਸਟਮ ਐਨਾਲਿਸਟ ਸਮੇਤ ਬੋਰਡ ਦੇ ਸਮੂੰਹ ਅਧਿਕਾਰੀ ਮੌਜੂਦ ਰਹੇ।

ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ

ਚੰਡੀਗੜ੍ਹ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ ਲਈ ਵਿਸ਼ਵ-ਵਿਆਪੀ ਪਹੁੰਚ ਜਾਰੀ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੇ ਆਪਸੀ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਹੰਭਲਾ ਜਾਰੀ ਹੈ।

ਚੇਅਰਪਰਸਨ ਮਿਸ ਐਡਿਥ ਨੋਰਡਮੈਨ ਦੀ ਅਗਵਾਈ ਵਾਲੇ ਨੀਦਰਲੈਂਡਜ਼ ਇੰਡੀਆ ਚੈਂਬਰ ਆਫ਼ ਕਾਮਰਸ ਐਂਡ ਟਰੇਡ ਨਾਲ ਰਣਨੀਤਕ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਅਤੇ ਨੀਦਰਲੈਂਡਜ਼ ਵਿਚਕਾਰ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾਉਣ ਅਤੇ ਨਿਵੇਸ਼ ਪ੍ਰਵਾਹ ਨੂੰ ਉਤਸ਼ਾਹਿਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਵੈਲਯੂ ਐਡੀਸ਼ਨ, ਬਰਾਮਦ ਆਧਾਰਤ ਵਿਕਾਸ ਅਤੇ ਵਿਸ਼ਵ ਸਪਲਾਈ ਚੇਨਾਂ ਨਾਲ ਤਾਲਮੇਲ, ਖ਼ਾਸ ਕਰ ਕੇ ਫੂਡ ਪ੍ਰੋਸੈਸਿੰਗ ਅਤੇ ਨਿਰਮਾਣ ਵਰਗੇ ਖੇਤਰਾਂ ਵਿੱਚ ਪੰਜਾਬ ਦੇ ਰਣਨੀਤਕ ਫੋਕਸ ਨੂੰ ਵੀ ਉਜਾਗਰ ਕੀਤਾ। ਭਗਵੰਤ ਸਿੰਘ ਮਾਨ ਨੇ ਐਨ.ਆਈ.ਸੀ.ਸੀ.ਟੀ. ਨੂੰ ਪੰਜਾਬ ਨੂੰ ਹਾਲੈਂਡ ਦੇ ਉੱਦਮਾਂ ਨਾਲ ਜੋੜਨ ਅਤੇ ਸੈਕਟਰ-ਵਿਸ਼ੇਸ਼ ਰੁਝੇਵਿਆਂ ਅਤੇ ਵਪਾਰਕ ਵਫ਼ਦਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

ਇਸ ਦੌਰਾਨ ਹੇਗ ਵਿੱਚ ਨਿਵੇਸ਼ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਇਸ ਪ੍ਰੋਗਰਾਮ ਵਿੱਚ ਸੂਬੇ ਦੀਆਂ ਉਦਯੋਗਿਕ ਸ਼ਕਤੀਆਂ ਅਤੇ ਉੱਭਰ ਰਹੇ ਮੌਕਿਆਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਨੀਦਰਲੈਂਡ ਦੇ ਉਦਯੋਗਪਤੀਆਂ, ਵਪਾਰਕ ਪ੍ਰਤੀਨਿਧੀਆਂ ਅਤੇ ਭਾਈਵਾਲਾਂ ਨੇ ਭਾਗ ਲਿਆ। ਭਗਵੰਤ ਸਿੰਘ ਮਾਨ ਨੇ ਵੈਲਯੂ ਐਡਿਡ ਨਿਰਮਾਣ, ਉਦਯੋਗਿਕ ਵਿਕਾਸ ਅਤੇ ਬਰਾਮਦ ਆਧਾਰਤ ਵਿਕਾਸ ਵੱਲ ਪੰਜਾਬ ਦੀ ਤਬਦੀਲੀ `ਤੇ ਚਾਨਣਾ ਪਾਇਆ। ਉਨ੍ਹਾਂ ਨੇ ਸੂਬੇ ਦੇ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਵੀ ਪ੍ਰਦਰਸ਼ਿਤ ਕੀਤਾ, ਜਿਸ ਵਿੱਚ ਇਸ ਦਾ ਮਜ਼ਬੂਤ ਨਿਰਮਾਣ ਮਾਹੌਲ, ਹੁਨਰਮੰਦ ਕਾਰਜਬਲ, ਪ੍ਰਗਤੀਸ਼ੀਲ ਨੀਤੀਆਂ ਅਤੇ ਨਿਵੇਸ਼ਕ-ਅਨੁਕੂਲ ਸ਼ਾਸਨ ਢਾਂਚਾ ਸ਼ਾਮਲ ਹੈ।

ਮੁੱਖ ਮੰਤਰੀ ਨੇ ਪੰਜਾਬ ਅਤੇ ਨੀਦਰਲੈਂਡ ਵਿਚਕਾਰ ਮਜ਼ਬੂਤ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਤੇ ਵੀ ਜ਼ੋਰ ਦਿੱਤਾ, ਜੋ ਖੁੱਲ੍ਹੇਪਣ ਅਤੇ ਨਵੀਨਤਾ ਦੇ ਸਾਂਝੇ ਮੁੱਲਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਪ੍ਰਤੀ ਸੂਬਾ ਸਰਕਾਰ ਦੀ ਸਰਗਰਮ ਅਤੇ ਸੁਧਾਰ-ਮੁਖੀ ਪਹੁੰਚਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026 ਦੇਸ਼ ਵਿੱਚ ਸਭ ਤੋਂ ਵੱਧ ਮੁਕਾਬਲੇ ਵਾਲੀ ਨੀਤੀ ਹੈ। ਭਗਵੰਤ ਸਿੰਘ ਮਾਨ ਨੇ ਸਿੰਗਲ-ਵਿੰਡੋ ਕਲੀਅਰੈਂਸ ਅਤੇ ਸਮਾਂਬੱਧ ਪ੍ਰਵਾਨਗੀਆਂ ਨੂੰ ਯਕੀਨੀ ਬਣਾਉਣ ਵਿੱਚ ਫਾਸਟ ਟਰੈਕ ਪੰਜਾਬ ਪੋਰਟਲ ਦੀ ਪ੍ਰਭਾਵਸ਼ੀਲਤਾ ਬਾਰੇ ਵੀ ਜਾਣੂ ਕਰਵਾਇਆ।

ਮੁੱਖ ਮੰਤਰੀ ਨੇ ਪੰਜਾਬ ਅਤੇ ਨੀਦਰਲੈਂਡ ਵਿਚਕਾਰ ਸਾਂਝੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਉੱਦਮੀ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਵਿਸ਼ਵ-ਵਿਆਪੀ ਨਿਵੇਸ਼ਕਾਂ ਨੂੰ ‘ਪੰਜਾਬ ਵਿੱਚ ਆਓ, ਨਿਵੇਸ਼ ਕਰੋ ਅਤੇ ਅੱਗੇ ਵਧੋ’ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਰਣਨੀਤਕ ਫਾਇਦਿਆਂ ਨੂੰ ਵੀ ਉਜਾਗਰ ਕੀਤਾ ਅਤੇ ਨਿਰਵਿਘਨ ਨਿਵੇਸ਼ਾਂ ਨੂੰ ਆਰਾਮਦਾਇਕ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਪੰਜਾਬ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਗੁਣਵੱਤਾ ਵਾਲਾ ਬੁਨਿਆਦੀ ਢਾਂਚਾ, ਪ੍ਰਗਤੀਸ਼ੀਲ ਕਿਸਾਨ ਅਤੇ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਹੁਨਰਮੰਦ ਮਨੁੱਖੀ ਸ਼ਕਤੀ `ਤੇ ਜ਼ੋਰ ਦਿੱਤਾ। ਭਗਵੰਤ ਸਿੰਘ ਮਾਨ ਨੇ ਡੱਚ ਕੰਪਨੀਆਂ ਨੂੰ ਨਵੇਂ ਨਿਵੇਸ਼ਾਂ ਲਈ ਪੰਜਾਬ ਨੂੰ ਇਕ ਸੰਭਾਵੀ ਸਥਾਨ ਵਜੋਂ ਵਿਚਾਰਨ ਦਾ ਵੀ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਇਕ ਭਾਈਚਾਰਕ ਪ੍ਰੋਗਰਾਮ ਦੌਰਾਨ ਪਰਵਾਸੀ ਪੰਜਾਬੀਆਂ ਨਾਲ ਗੱਲਬਾਤ ਕੀਤੀ, ਜਿਸ ਨਾਲ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੇ ਆਪਸੀ ਸੰਪਰਕ ਨੂੰ ਡੂੰਘਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਸੱਭਿਆਚਾਰਕ ਅਤੇ ਆਰਥਿਕਤਾ ਰਾਹੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਨੀਦਰਲੈਂਡਜ਼ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਗੱਲਬਾਤ ਦੌਰਾਨ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦੇ ਸੁਝਾਅ ਵੀ ਮੰਗੇ ਅਤੇ ਪੰਜਾਬ ਦੀ ਵਿਕਾਸ ਯਾਤਰਾ ਵਿੱਚ ਮੁੱਖ ਭਾਈਵਾਲਾਂ ਵਜੋਂ ਪਰਵਾਸੀ ਪੰਜਾਬੀਆਂ ਨਾਲ ਜੁੜਨ ਦੀ ਸਰਕਾਰ ਦੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ।

ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਨੀਦਰਲੈਂਡਜ਼ ਵਿੱਚ ਭਾਰਤੀ ਸਫ਼ੀਰ ਕੁਮਾਰ ਤੁਹਿਨ ਅਤੇ ਹੋਰ ਵੀ ਹਾਜ਼ਰ ਸਨ।

ਵਿਜੀਲੈਂਸ ਬਿਊਰੋ ਵੱਲੋਂ 33,500 ਰੁਪਏ  ਰਿਸ਼ਵਤ ਲੈਂਦਾ ਸਹਾਇਕ ਸਬ -ਇੰਸਪੈਕਟਰ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿਜੀਲੈਂਸ ਬਿਊਰੋ  ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ  ਪੁਲਿਸ ਥਾਣਾ ਜੈਤੋ,ਜ਼ਿਲ੍ਹਾ ਫਰੀਦਕੋਟ ਵਿੱਚ ਤਾਇਨਾਤ ਸਹਾਇਕ ਸਬ- ਇੰਸਪੈਕਟਰ ਹਰਪਾਲ ਸਿੰਘ ਨੂੰ 33,500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜੈਤੋ ਤਹਿਸੀਲ ਜ਼ਿਲ੍ਹਾ ਫਰੀਦਕੋਟ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪਤੀ ਅਤੇ ਸੱਸ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਕਤ ਏਐਸਆਈ ਹਰਪਾਲ ਸਿੰਘ ਜਾਂਚ ਅਧਿਕਾਰੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਏਐਸਆਈ ਨੇ ਇਸ ਕੇਸ ਵਿੱਚ ਉਸਦੀ ਮਦਦ ਕਰਨ ਅਤੇ ਪੁਲਿਸ ਰਿਮਾਂਡ ਨਾ ਲੈਣ ਦੇ ਬਦਲੇ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।  ਸ਼ਿਕਾਇਤ ਕਰਤਾ ਵੱਲੋਂ ਬੇਨਤੀ ਕਰਨ ‘ਤੇ, ਸੌਦਾ 80,000 ਰੁਪਏ ਵਿੱਚ ਤੈਅ ਹੋ ਗਿਆ ਅਤੇ ਉਕਤ ਅਧਿਕਾਰੀ ਨੇ ਪਹਿਲੀ ਕਿਸ਼ਤ ਵਜੋਂ ਸ਼ਿਕਾਇਤਕਰਤਾ ਤੋਂ 40,000/- ਰੁਪਏ ਲੈ ਲਏ ।

ਬੁਲਾਰੇ ਨੇ ਦੱਸਿਆ ਕਿ ਫਿਰ ਦੋਸ਼ੀ ਏਐਸਆਈ ਨੇ ਸ਼ਿਕਾਇਤਕਰਤਾ ਤੋਂ 40,000/- ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸ਼ਤ ਦੀ ਵੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਸ਼ਿਕਾਇਤਕਰਤਾ ਕੋਈ ਵੀ ਗੈਰ-ਕਾਨੂੰਨੀ ਢੰਗ ਅਪਨਾਉਣ ਲਈ ਤਿਆਰ ਨਹੀਂ ਸੀ, ਇਸ ਲਈ ਉਸਨੇ  ਵਿਜੀਲੈਂਸ ਬਿਊਰੋ ਯੂਨਿਟ, ਫਰੀਦਕੋਟ ਨਾਲ ਰਾਬਤਾ ਕੀਤਾ। ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 33,500/- ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਮੁੱਖ ਮੰਤਰੀ ਨੇ ਹਾਲੈਂਡ ਦੇ ਮਹਾਨ ਹਾਕੀ ਖਿਡਾਰੀ ਬੋਵਲੈਂਡਰ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਅਥਲੀਟਾਂ ਨੂੰ ਸਿਖਲਾਈ ਦੇਣ ਦਾ ਦਿੱਤਾ ਸੱਦਾ

ਚੰਡੀਗੜ੍ਹ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਾਲੈਂਡ ਦੇ ਮਸ਼ਹੂਰ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਹਾਕੀ ਨੂੰ ਹੋਰ ਮਜ਼ਬੂਤ ਕਰਨ, ਖ਼ਾਸ ਕਰ ਕੇ ਵੱਕਾਰੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਤਿਆਰੀ ਲਈ ਉਨ੍ਹਾਂ ਦੀ ਮੁਹਾਰਤ ਦਾ ਲਾਹਾ ਲੈਣ ਦੀ ਪੇਸ਼ਕਸ਼ ਕੀਤੀ।

ਵਿਸਤਾਰ ਨਾਲ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਹਾਕੀ ਅਤੇ ਖੇਡਾਂ ਦੇ ਵਿਆਪਕ ਵਾਤਾਵਰਨ ਬਾਰੇ ਚਰਚਾ ਕੀਤੀ, ਕੌਮੀ ਖੇਡ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਸਰਕਾਰ ਦੀ ਵਚਨਬੱਧਤਾ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਫਲੋਰਿਸ ਜਾਨ ਬੋਵਲੈਂਡਰ ਦੇ ਅਸਾਧਾਰਨ ਹੁਨਰ ਅਤੇ ਹਾਕੀ ਵਿੱਚ ਅਥਾਹ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਫਲੋਰਿਸ ਦਾ ਸ਼ਾਨਦਾਰ ਕਰੀਅਰ ਦੁਨੀਆ ਭਰ ਦੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਦਾ ਹੈ।

ਉਲੰਪੀਅਨ ਬੋਵਲੈਂਡਰ ਨੂੰ ਪੰਜਾਬ ਆਉਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਦੇ ਹੁਨਰ ਨੂੰ ਹੋਰ ਤਰਾਸ਼ਣ ਲਈ ਪੰਜਾਬ ਇਸ ਗੱਲ ਦਾ ਇੱਛੁਕ ਹੈ ਕਿ ਫਲੋਰਿਸ ਪੰਜਾਬ ਦੇ ਅਥਲੀਟਾਂ ਨੂੰ ਸਿਖਲਾਈ ਦੇਣ। ਉਨ੍ਹਾਂ ਕਿਹਾ, “ਪੰਜਾਬ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਹਾਕੀ ਨੂੰ ਨਵੀਆਂ ਉਚਾਈਆਂ `ਤੇ ਲੈ ਜਾਣ ਲਈ ਵਚਨਬੱਧ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਕਰੇਗਾ, ਜੋ ਸੂਬੇ ਦੇ ਖੇਡ ਵਾਤਾਵਰਨ ਲਈ ਵੱਡਾ ਮੀਲ ਪੱਥਰ ਹੈ।”

ਆਉਣ ਵਾਲੇ ਕੌਮਾਂਤਰੀ ਮੁਕਾਬਲਿਆਂ ਦੀ ਮਹੱਤਤਾ ਬਾਰੇ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਏਸ਼ਿਆਈ ਖੇਡਾਂ ਅਕਤੂਬਰ ਦੇ ਸ਼ੁਰੂ ਵਿੱਚ ਸਮਾਪਤ ਹੋਣਗੀਆਂ, ਜਿਸ ਤੋਂ ਬਾਅਦ ਚੋਟੀ ਦੀਆਂ ਛੇ ਟੀਮਾਂ ਚੈਂਪੀਅਨਜ਼ ਟਰਾਫ਼ੀ ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਚਾਰ ਦੇਸ਼ਾਂ ਦੇ ਇਸ ਟੂਰਨਾਮੈਂਟ ਦੀ ਪ੍ਰਵਾਨਗੀ ਨਾਲ ਪੰਜਾਬ ਦੀ ਸਥਿਤੀ ਵਿਸ਼ਵ ਪੱਧਰ ਉੱਤੇ ਹਾਕੀ ਹੱਬ ਵਜੋਂ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ, “ਦਹਾਕਿਆਂ ਤੋਂ ਭਾਰਤੀ ਹਾਕੀ ਵਿੱਚ ਪੰਜਾਬੀਆਂ ਦੀ ਮਜ਼ਬੂਤ ਮੌਜੂਦਗੀ ਦੇ ਬਾਵਜੂਦ ਪੰਜਾਬ ਨੇ ਹੁਣ ਤੱਕ ਕਦੇ ਵੀ ਕਿਸੇ ਵੱਡੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕੀਤੀ। ਹੁਣ ਇਹ ਇਕ ਇਤਿਹਾਸਕ ਤਬਦੀਲੀ ਹੈ।”

ਪੰਜਾਬ ਅਤੇ ਹਾਕੀ ਵਿਚਾਲੇ ਡੂੰਘਾ ਸਬੰਧ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਅਟੁੱਟ ਰਿਸ਼ਤਾ ਹੈ। ਉਨ੍ਹਾਂ ਕਿਹਾ, “ਪੰਜਾਬੀ ਖਿਡਾਰੀਆਂ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਕਰਨੀ ਅਸੰਭਵ ਹੈ। ਪੰਜਾਬ ਦੇ 50 ਤੋਂ ਵੱਧ ਖਿਡਾਰੀਆਂ ਨੇ ਉਲੰਪਿਕ ਤਗਮੇ ਜਿੱਤੇ ਹਨ ਅਤੇ 10 ਪੰਜਾਬੀ ਖਿਡਾਰੀਆਂ ਨੇ ਉਲੰਪਿਕ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ।”

ਪੰਜਾਬ ਦੀ ਅਮੀਰ ਵਿਰਾਸਤ `ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਨੇ ਮਿਲ ਕੇ 20 ਤੋਂ ਵੱਧ ਉਲੰਪੀਅਨ ਪੈਦਾ ਕੀਤੇ ਹਨ। ਉਨ੍ਹਾਂ ਨੇ ਹਾਲੀਆ ਪ੍ਰਾਪਤੀਆਂ `ਤੇ ਹੋਰ ਚਾਨਣਾ ਪਾਇਆ ਅਤੇ ਕਿਹਾ ਕਿ ਟੋਕੀਓ 2020 ਉਲੰਪਿਕ ਵਿੱਚ ਭਾਰਤ ਦਾ ਕਾਂਸੀ ਦਾ ਤਗਮਾ 41 ਸਾਲਾਂ ਦੇ ਵਕਫ਼ੇ ਤੋਂ ਬਾਅਦ ਆਇਆ, ਜਿਸ ਵਿੱਚ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਨੌਂ ਪੰਜਾਬੀ ਖਿਡਾਰੀ ਸ਼ਾਮਲ ਸਨ। ਉਨ੍ਹਾਂ ਅੱਗੇ ਕਿਹਾ, “ਪੈਰਿਸ 2024 ਉਲੰਪਿਕ ਵਿੱਚ ਵੀ ਭਾਰਤ ਨੇ ਇਕ ਹੋਰ ਕਾਂਸੀ ਦਾ ਤਗਮਾ ਹਾਸਲ ਕੀਤਾ, ਜਿਸ ਵਿੱਚ 10 ਪੰਜਾਬੀ ਖਿਡਾਰੀ ਸ਼ਾਮਲ ਸਨ, ਜਿੱਥੇ ਹਰਮਨਪ੍ਰੀਤ ਸਿੰਘ ਨੇ ਕਪਤਾਨ ਵਜੋਂ ਟੀਮ ਦੀ ਅਗਵਾਈ ਕੀਤੀ ਅਤੇ ਸਭ ਤੋਂ ਵੱਧ ਸਕੋਰ ਕਰਨ ਵਾਲੇ ਖਿਡਾਰੀ ਵਜੋਂ ਉੱਭਰਿਆ।”

ਆਪਣੇ ਐਕਸ ਪਲੇਟਫਾਰਮ ਉੱਤੇ ਮੀਟਿੰਗ ਦੇ ਕੁਝ ਅੰਸ਼ ਸਾਂਝੇ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਨੀਦਰਲੈਂਡ ਵਿੱਚ ਉਲੰਪੀਅਨ ਫਲੋਰਿਸ ਜਾਨ ਬੋਵਲੈਂਡਰ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ, ਜੋ ਆਪਣੇ ਅਸਾਧਾਰਨ ਹੁਨਰ ਅਤੇ ਖੇਡ ਵਿੱਚ ਆਪਣੇ ਯੋਗਦਾਨ ਲਈ ਜਾਣਿਆ ਜਾਂਦਾ ਹੈ। ਉਸ ਦਾ ਸ਼ਾਨਦਾਰ ਕਰੀਅਰ ਅਤੇ ਤਜਰਬਾ ਸਾਡੇ ਨੌਜਵਾਨ ਖਿਡਾਰੀਆਂ ਨੂੰ ਬਹੁਤ ਪ੍ਰੇਰਿਤ ਕਰੇਗਾ। ਫਲੋਰਿਸ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਉਸ ਨੇ ਖਿੜੇ ਮੱਥੇ ਸਵੀਕਾਰ ਕੀਤਾ। ਉਹ ਆਗਾਮੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਤੋਂ ਪਹਿਲਾਂ ਸਾਡੇ ਖਿਡਾਰੀਆਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਵਚਨਬੱਧ ਹੈ। ਪੰਜਾਬ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਹਾਕੀ ਨੂੰ ਨਵੀਆਂ ਉਚਾਈਆਂ `ਤੇ ਲੈ ਜਾਣ ਲਈ ਦਿੜ੍ਹ ਹੈ।”

ਪੰਜਾਬ ਕਾਂਗਰਸ ਵੱਲੋਂ ਬਲਾਕ ਪ੍ਰਧਾਨਾਂ ਦਾ ਐਲਾਨ

ਚੰਡੀਗੜ੍ਹ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਕਾਂਗਰਸ ਵੱਲ਼ ਬਲਾਕ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ।

ਗੋਲੀ ਲੱਗਣ ਕਾਰਨ ਪੰਜਾਬ ਪੁਲਿਸ ਦੇ DSP ਦੀ ਮੌਤ

ਕਪੂਰਥਲਾ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਫਗਵਾੜਾ ਦੇ ਪੁਲਿਸ ਕੁਆਟਰਾਂ ਵਿੱਚ ਰਿਵਾਲਵਰ ਨੂੰ ਸਾਫ ਕਰਦੇ ਸਮੇਂ ਗੋਲੀ ਚੱਲਣ ਕਾਰਨ ਡੀ ਐਸ ਪੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਐਂਟੀ ਨਾਰਕੋਟਿਕਸ ਟਾਸਕ ਫੋਰਸ ਵਿੱਚ ਤੈਨਾਤ ਡੀ ਐਸ ਪੀ ਯੋਗੇਸ਼ ਕੁਮਾਰ ਦੀ ਗੋਲੀ ਲੱਗਣ ਕਾਰਨ ਮੌਤ ਹੋਗ ਈ। ਡੀ ਐਸ ਪੀ ਯੋਗੇਸ਼ ਕੁਮਾਰ ਆਪਣੇ ਕਮਰੇ ਵਿੱਚ ਇਕੱਲੇ ਸਨ। ਉਸਦੇ ਕਮਰੇ ਵਿਚੋਂ ਗੋਲੀ ਦੀ ਆਵਾਜ਼ ਆਉਣ ਤੋਂ ਬਾਅਦ ਹੋਰ ਪੁਲਿਸ ਮੁਲਾਜ਼ਮ ਮੌਕੇ ਉਤੇ ਪਹੁੰਚੇ, ਉਨ੍ਹਾਂ ਦੇਖਿਆ ਕਿ ਡੀਐਸਪੀ ਗੰਭੀਰ ਹਾਲਤ ਵਿੱਚ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਡੀ ਐਸ ਪੀ ਦੀ ਐਸ ਟੀ ਐਫ ਵਿਚੋਂ ਬਦਲੀ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਆਪਣਾ ਸਰਕਾਰੀ ਹਥਿਆਰ ਜਮ੍ਹਾਂ ਕਰਾਉਣਾ ਸੀ। ਜਦੋਂ ਉਹ ਹਥਿਆਰ ਦੀ ਸਫਾਈ ਕਰ ਰਹੇ ਸਨ, ਤਾਂ ਅਚਾਨਕ ਗੋਲੀ ਚੱਲ ਗਈ। ਗੋਲੀ ਲੱਗਣ ਕਾਰਨ ਇਹ ਦੁਖਦਾਈ ਘਟਨਾ ਵਾਪਰੀ ਹੈ।

ਸੋਨਾ ਤੇ ਚਾਂਦੀ ਹੋਇਆ ਸਸਤਾ

ਨਵੀਂ ਦਿੱਲੀ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਰੋਜ਼ਾਨਾ ਤਬਦੀਲੀ ਆਉਦੀ ਰਹਿੰਦੀ ਹੈ। ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ਵਿੱਚ ਸਵੇਰੇ 9.43 ਵਜੇ 5 ਜੂਨ ਨੂੰ ਡਿਲੀਵਰੀ ਹੋਣ ਵਾਲੇ ਸੋਨੇ ਦੇ ਭਾਅ ਵਿੱਚ 0.03 ਫੀਸਦੀ ਮਾਮੂਲੀ ਗਿਰਾਵਟ ਨਾਲ 1,53,900 ਰੁਪਏ ਪ੍ਰਤੀ 10 ਗ੍ਰਾਮ ਉਤੇ ਟੁੱਟ ਗਿਆ ਹੈ। ਇਸ ਸਮੇਂ 5 ਮਈ ਨੂੰ ਡਿਲੀਵਰੀ ਹੋਣ ਚਾਂਦੀ ਦੀ ਕੀਮਤ ਵਿੱਚ 0.62 ਫੀਸਦੀ ਗਿਰਾਵਟ ਆਈ ਅਤੇ ਕੀਮਤ 2,50,971 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਆ ਗਈ ਹੈ।

ਜੇਕਰ ਅੱਜ ਮਾਰਕੀਟ ਵਿੱਚ ਵਿਕ ਰਹੇ ਸੋਨੇ ਦੇ ਭਾਅ ਉਤੇ ਨਜ਼ਰ ਮਾਰੀ ਜਾਵੇ ਤਾਂ ਮਾਮੂਲੀ ਅੰਦਰ ਦੇਖਣ ਨੂੰ ਮਿਲਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 24 ਕੈਰੇਟ ਸੋਨਾ 15,544 ਪ੍ਰਤੀ ਗ੍ਰਾਮ ਉਤੇ ਵਿਕ ਰਿਹਾ ਹੈ। ਜਦੋਂ ਕਿ 22 ਕੈਰੇਟ ਦੀ ਕੀਮਤ 14,250 ਰੁਪਏ ਅਤੇ 18 ਕੈਰੇਟ ਦਾ ਭਾਅ 11,662 ਰੁਪਏ ਪ੍ਰਤੀ ਗ੍ਰਾਮ ਹੈ। ਮੁੰਬਈ, ਕੋਲਕਾਤਾ ਅਤੇ ਬੈਂਗਲੁਰੂ ਵਿੱਚ ਸੋਨੇ ਦੀ ਕੀਮਤ ਲਗਭਗ ਬਰਾਬਰ ਰਹੀ ਹੈ। 22 ਕੈਰੇਟ ਸੋਨਾ 15,529 ਰੁਪਏ ਪ੍ਰਤੀ ਗ੍ਰਾਮ, 22 ਕੈਰੇਟ 14,235 ਰੁਪਏ ਅਤੇ 18 ਕੈਰੇਟ 11,647 ਰੁਪਏ ਪ੍ਰਤੀ ਗ੍ਰਾਮ ਰਿਹਾ।

ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ


ਚੰਡੀਗੜ੍ਹ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਜ਼ਿਲ੍ਹਾ ਐਸ.ਏ.ਐਸ. ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਚਾਰ ਮੁਲਜ਼ਮਾਂ ਨੂੰ ਦੋ ਵਿਦੇਸ਼ੀ.30 ਬੋਰ ਪਿਸਤੌਲਾਂ ਅਤੇ ਅੱਠ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਕੇ ਵਿਦੇਸ਼ੀ ਗੈਂਗਸਟਰਾਂ ਦੁਆਰਾ ਚਲਾਏ ਜਾ ਰਹੇ ਇੱਕ ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਪਟਿਆਲਾ ਦੇ ਪਿੰਡ ਉਗਾਨਾ ਵਾਸੀ ਅਰਮਾਨ ਸਿੰਘ,; ਪਟਿਆਲਾ ਦੇ ਪਿੰਡ ਨਲਾਸ ਖੁਰਦ ਵਾਸੀ ਚਿਰਾਗ; ਰਾਜਪੁਰਾ, ਪਟਿਆਲਾ ਦੇ ਪਿੰਡ ਨਲਾਸ ਕਲਾਂ ਵਾਸੀ ਰਵਿੰਦਰ ਸਿੰਘ ਉਰਫ ਰਾਹੁਲ; ਅਤੇ ਪਟਿਆਲਾ ਦੇ ਪਿੰਡ ਧਮੋਲੀ ਦੇ ਵਾਸੀ ਅਕਸ਼ੈ ਉਰਫ ਪ੍ਰਿੰਸ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਤੋਂ ਪਿਸਤੌਲ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੀ ਸੇਡਾਨ ਹੌਂਡਾ ਅਮੇਜ਼ ਕਾਰ ਵੀ ਬਰਾਮਦ ਕਰ ਲਈ ਹੈ, ਜਿਸ ‘ਤੇ ਉਹ ਸਫ਼ਰ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਅਕਸ਼ੈ ਉਰਫ਼ ਪ੍ਰਿੰਸ ਨਾਮੀ ਵਿਅਕਤੀ, ਜੁਲਾਈ 2025 ਵਿੱਚ ਅਬੋਹਰ ਵਿਖੇ ‘ਵੀਅਰ ਵੈੱਲ’ ਸ਼ੋਅਰੂਮ ਮਾਲਕ ਦੇ ਕਤਲ ਕੇਸ ਵਿੱਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਨੇ ਮੁੱਖ ਹਮਲਾਵਰਾਂ ਨੂੰ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ।

ਕਾਰਵਾਈ ਜੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਐਸਏਐਸ ਨਗਰ ਵੱਲ ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ ਇਸ ਮਾਡਿਊਲ ਦੇ ਚਾਰ ਕਾਰਕੁਨਾਂ ਨੂੰ ਦੇਖੇ ਜਾਣ ਸਬੰਧੀ ਭਰੋਸੇਯੋਗ ਜਾਣਕਾਰੀ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਏਜੀਟੀਐਫ ਅਤੇ ਐਸਏਐਸ ਨਗਰ ਪੁਲਿਸ ਕਰਮੀਆਂ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ, ਜਿਸਨੇ ਤੁਰੰਤ ਹਾਈਵੇਅ ਦੀਆਂ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਨਾਕੇ ਲਾ ਲਏ।

ਏਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਹਾਈਵੇਅ ‘ਤੇ ਜਨੇਤਪੁਰ ਲਿੰਕ ਰੋਡ ਦੇ ਨੇੜੇ ਸ਼ੱਕੀ ਵਿਅਕਤੀਆਂ ਨੂੰ ਦੋ ਵਿਦੇਸ਼ੀ ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਕਾਬੂ ਕਰ ਲਿਆ।

ਹੋਰ ਵੇਰਵੇ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਐਸਏਐਸ ਨਗਰ ਹਰਮਨਦੀਪ ਹੰਸ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰਾਂ ਵੱਲੋਂ ਪੰਜਾਬ ਵਿੱਚ ਵੱਡੇ ਅਪਰਾਧਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਐਸਐਸਪੀ ਨੇ ਅੱਗੇ ਕਿਹਾ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਖੇਤਰ ਵਿੱਚ ਗੰਭੀਰ ਅਪਰਾਧਾਂ ਦੀ ਸੰਭਾਵਨਾ ਟਲ ਗਈ ਹੈ।

ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 111 ਤੇ 3(5) ਅਤੇ ਅਸਲਾ ਐਕਟ ਦੀ ਧਾਰਾ 25(6) ਤੇ 25(7)(i) ਦੇ ਤਹਿਤ ਥਾਣਾ ਡੇਰਾਬੱਸੀ, ਐਸਏਐਸ ਨਗਰ ਵਿਖੇ ਐਫਆਈਆਰ ਨੰਬਰ 162 ਮਿਤੀ 18.04.2026 ਦਰਜ ਕੀਤੀ ਗਈ ਹੈ।

Category : Big Breaking