Breaking News
ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਲਈ 25 ਜੂਨ ਤੋਂ ਘਰ-ਘਰ ਗਣਨਾ ਹੋਵੇਗੀ ਸ਼ੁਰੂ

ਚੰਡੀਗੜ੍ਹ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਤਹਿਤ ਸੂਬੇ ਭਰ ਵਿੱਚ ਘਰ-ਘਰ ਗਣਨਾ 25 ਜੂਨ 2026 ਤੋਂ 24 ਜੁਲਾਈ, 2026 ਤੱਕ ਹੋਵੇਗੀ, ਜਿਸ ਵਿੱਚ ਬੂਥ ਲੈਵਲ ਅਫਸਰ (ਬੀ.ਐਲ.ਓਜ਼) ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਅਤੇ ਗਣਨਾ ਫਾਰਮ ਇਕੱਤਰ ਕਰਨ ਲਈ ਘਰ-ਘਰ ਜਾਣਗੇ।

ਇਸ ਸੂਬੇ ਪੱਧਰੀ ਰਿਵੀਜ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅੱਜ ਸੀ.ਈ.ਓ. ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ, ਆਈ.ਏ.ਐਸ. ਵੱਲੋਂ ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਸ੍ਰੀ ਭਾਨੂ ਪ੍ਰਕਾਸ਼ ਯੇਤੂਰੂ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਇੱਕ ਸਮੀਖਿਆ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਐਸ.ਏ.ਐਸ. ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ ਅਤੇ ਐਸ.ਬੀ.ਐਸ. ਨਗਰ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀ.ਈ.ਓਜ਼) ਨਾਲ ਕੀਤੀ ਗਈ।

ਸੀ.ਈ.ਓ. ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ, ਆਈ.ਏ.ਐਸ. ਨੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਨੂੰ ਸੂਬੇ ਦੇ ਚੋਣ ਤੰਤਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿੱਚ 5 ਡਿਵੀਜ਼ਨਾਂ, 23 ਜ਼ਿਲ੍ਹੇ ਅਤੇ 117 ਹਲਕੇ ਸ਼ਾਮਲ ਹਨ ਜਿਹਨਾਂ ਵਿੱਚ ਕੁੱਲ 14,664 ਸਥਾਨਾਂ ‘ਤੇ 24,453 ਪੋਲਿੰਗ ਸਟੇਸ਼ਨ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਕੁੱਲ 85.82 ਫ਼ੀਸਦ ਵੋਟਰ ਮੈਪਿੰਗ ਮੁਕੰਮਲ ਹੋ ਚੁੱਕੀ ਹੈ।

ਸੀ.ਈ.ਓ. ਪੰਜਾਬ ਨੇ ਦੱਸਿਆ ਕਿ ਏ.ਡੀ.ਈ.ਓਜ਼, ਈ.ਆਰ.ਓਜ਼, ਏ.ਈ.ਆਰ.ਓਜ਼, ਚੋਣ ਤਹਿਸੀਲਦਾਰਾਂ ਅਤੇ ਤਕਨੀਕੀ ਸਟਾਫ ਲਈ ਕਰਵਾਇਆ ਗਿਆ ਤਿੰਨ-ਰੋਜ਼ਾ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ, ਜਦੋਂ ਕਿ ਬੀ.ਐਲ.ਓਜ਼ ਅਤੇ ਬੀ.ਐਲ.ਓਜ਼ ਸੁਪਰਵਾਈਜ਼ਰਾਂ ਲਈ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰਗਤੀ ਅਧੀਨ ਹੈ। ਚੋਣ ਸਮੱਗਰੀ ਦੀ ਛਪਾਈ ਦਾ ਕੰਮ ਜਾਰੀ ਹੈ ਅਤੇ ਘਰ-ਘਰ ਜਾ ਕੇ ਤਸਦੀਕ ਕਰਨ ਸਬੰਧੀ ਪੜਾਅ ਤੋਂ ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰਿਵੀਜ਼ਨ ਨੂੰ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਸੂਬੇ ਭਰ ਵਿੱਚ ਪੂਰੇ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ।

ਸੈਸ਼ਨ ਦੌਰਾਨ, ਡਿਪਟੀ ਚੋਣ ਕਮਿਸ਼ਨਰ ਨੇ ਸਾਰੇ ਡੀ.ਈ.ਓਜ਼ ਨੂੰ ਵੋਟਰ ਸੂਚੀਆਂ ਦੀ ਸਟੀਕਤਾ, ਸੰਪੂਰਨਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਹਰੇਕ ਜ਼ਿਲ੍ਹੇ ਦੀ ਫੀਲਡ ਮਸ਼ੀਨਰੀ ਦੀਆਂ ਤਿਆਰੀਆਂ ਅਤੇ ਲਾਗੂਕਰਨ ਪ੍ਰੋਟੋਕੋਲ ਦੀ ਸਮੀਖਿਆ ਕੀਤੀ ਜਿਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਕਿ ਕਿਸੇ ਵੀ ਯੋਗ ਵੋਟਰ ਦਾ ਨਾਂ ਸੂਚੀ ਵਿੱਚ ਦਰਜ ਕਰਨ ਤੋਂ ਰਹਿ ਨਾ ਜਾਵੇ ਅਤੇ ਕੋਈ ਵੀ ਅਯੋਗ ਐਂਟਰੀ ਸ਼ਾਮਲ ਨਾ ਕੀਤੀ ਜਾਵੇ।

ਮੀਟਿੰਗ ਦੌਰਾਨ ਘਰ-ਘਰ ਜਾ ਕੇ ਤਸਦੀਕ ਕਰਨ ਅਤੇ ਵੋਟਰਾਂ ਨੂੰ ਗਣਨਾ ਫਾਰਮ ਭਰਨ ਵਿੱਚ ਸਹਾਇਤਾ ਕਰਨ ਵਿੱਚ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਦੀ ਮਹੱਤਵਪੂਰਨ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਗਿਆ। ਇਸ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਪ੍ਰਚਾਰ ਮੁਹਿੰਮਾਂ ਰਾਹੀਂ ਵੋਟਰ ਜਾਗਰੂਕਤਾ ਵਧਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ।

ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਸ੍ਰੀ ਭਾਨੂ ਪ੍ਰਕਾਸ਼ ਯੇਤੂਰੂ, ਆਈ.ਏ.ਐਸ. ਪੰਜਾਬ ਦੇ ਤਿੰਨ ਰੋਜ਼ਾ ਦੌਰੇ ‘ਤੇ ਹਨ ਅਤੇ ਅਗਲੇ ਦੋ ਦਿਨਾਂ ਵਿੱਚ ਹੋਰ ਜ਼ਿਲ੍ਹਿਆਂ ਨੂੰ ਕਵਰ ਕਰਨਗੇ ਅਤੇ ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸੀ.ਈ.ਓ. ਪੰਜਾਬ ਵੀ ਹੋਣਗੇ।

ਮੰਦਰ ’ਚ 200 ਕਰੋੜ ਦੀ ਚੋਰੀ ਦਾ ਖ਼ਦਸ਼ਾ, 50 ਕਰਮਚਾਰੀ ਸ਼ੱਕ ਦੇ ਘੇਰੇ ‘ਚ

ਨਵੀਂ ਦਿੱਲੀ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਰਾਮ ਮੰਦਰ ਦੇ ਦਾਨ ਬਕਸਿਆਂ ਵਿਚੋਂ 200 ਕਰੋੜ ਰੁਪਏ ਦੀ ਚੋਰੀ ਹੋਣ ਦਾ ਖ਼ਦਸ਼ਾ ਸਾਹਮਣੇ ਆਇਆ ਹੈ। ਇਸ ਕਥਿਤ ਚੋਰੀ ਸਬੰਧੀ ਪੈਸੇ ਗਿਣਨ ਵਾਲੇ 50 ਕਰਮਚਾਰੀ ਸ਼ੱਕ ਦੇ ਘੇਰੇ ਵਿੱਚ ਹਨ। ਇਸ ਚੋਰੀ ਨੂੰ ਲੈ ਕੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਇਕ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜੋ 15 ਦਿਨਾ ਅੰਦਰ ਆਪਣੀ ਰਿਪੋਰਟ ਸੌਂਪੇਗੀ। ਰਾਮ ਮੰਦਰ ਉਸਾਰੀ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਂਜ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਅੰਦਰੂਨੀ ਆਡਿਟ ਜਾਰੀ ਹੈ ਅਤੇ ਹਾਲੇ ਤੱਕ ਕੋਈ ਗੜਬੜੀ ਸਾਹਮਣੇ ਨਹੀਂ ਆਈ ਹੈ।

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਰਾਮ ਮੰਦਰ ਲਈ ਦਾਨ ਦੇ ਪੈਸੇ ’ਚ ਹੋਈ ਕਥਿਤ ਹੇਰਾ-ਫੇਰੀ ਦੀ ਜਾਂਚ ਅਧਿਕਾਰੀਆਂ ਹਵਾਲੇ ਕਰਨ ਨੂੰ ਮੰਦਭਾਗਾ ਫ਼ੈਸਲਾ ਕਰਾਰ ਦਿੱਤਾ ਹੈ।

ਪੰਜਾਬ ਪੁਲਿਸ ਦੇ ASI ਨੇ ਆਪਣੇ ਆਪ ਨੂੰ ਮਾਰੀ ਗੋਲੀ

ਤਰਨਤਾਰਨ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਤਰਨਤਾਰਨ ਦੇ ਪੱਟੀ ਵਿੱਚ ਪੰਜਾਬ ਪੁਲਿਸ ਦੇ ਏ ਐਸ ਆਈ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਅਦਾਲਤ ਕੰਪਲੈਕਸ਼ ਵਿੱਚ ਗਾਰਦ ਦੀ ਡਿਊਟੀ ਨਿਭਾਅ ਰਹੇ ਏਐਸਆਈ ਗੁਰਮੀਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪੁਲਿਸ ਮੁਲਾਜ਼ਮਾਂ ਵੱਲੋਂ ਜਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ। ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਪਤਾ ਚਲਦਿਆਂ ਉਚ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ।

ਅਮਰੀਕਾ-ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ‘ਤੇ ਬਣੀ ਸਹਿਮਤੀ

ਨਵੀਂ ਦਿੱਲੀ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਮਰੀਕਾ ਅਤੇ ਇਰਾਨ ਵਿੱਚਕਾਰ ਚੱਲਦੀ ਜੰਗ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਅਤੇ ਈਰਾਨ ਵਿੱਚਕਾਰ ਹੁਣ ਸਮਝੌਤਾ ਹੋ ਗਿਆ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤਾ ਲਈ ਸਹਿਮਤੀ ਬਣ ਗਈ ਹੈ। ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਈਰਾਨ ਵੱਲੋਂ ਪੁਸ਼ਟੀ ਕੀਤੀ ਗਈ ਹੈ। 19 ਜੂਨ ਨੂੰ ਇਸ ਸਮਝੌਤੇ ਉਤੇ ਦਸਤਖਤ ਕੀਤੇ ਜਾਣਗੇ।

ਗੱਲਬਾਤ ਵਿੱਚ ਵਿਚੋਲਗੀ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਈਰਾਨ ਨਾਲ ਸਮਝੌਤੇ ‘ਤੇ ਪਹੁੰਚਣ ਦੀ ਗੱਲ ਕਹੀ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਨੇ ਵੀ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਬ੍ਰਿਟੇਨ, ਫਰਾਂਸ, ਜਰਮਨੀ ਅਤੇ ਇਟਲੀ ਦੇ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਉਹ ਅਮਰੀਕਾ, ਈਰਾਨ ਅਤੇ ਖੇਤਰੀ ਭਾਈਵਾਲਾਂ ਨਾਲ ਮਿਲ ਕੇ “ਇਸ ਮੌਕੇ ਦਾ ਪੂਰਾ ਸਦਉਪਯੋਗ ਕਰਨ” ਲਈ ਕੰਮ ਕਰਨਗੇ।  Donald Trump ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਲਗਾਤਾਰ ਤਿੰਨ ਮਹੀਨਿਆਂ ਤੋਂ ਚੱਲ ਰਹੇ ਤਣਾਅ ਦੇ ਬਾਅਦ ਸ਼ਾਂਤੀ ਸਮਝੌਤਾ ਐਤਵਾਰ ਨੂੰ ਫਾਈਨਲ ਹੋ ਸਕਦਾ ਹੈ।ਦੋਵੇਂ ਦੇਸ਼ਾਂ ਵਿਚਕਾਰ ਤਿਆਰ ਹੋ ਰਹੇ ਸਮਝੌਤੇ ਦੇ ਮਸੌਦੇ, ਜਿਸਨੂੰ ਮੈਮੋਰੈਂਡਮ ਆਫ ਅੰਡਰਸਟੈਂਡਿੰਗ (MoU) ਕਿਹਾ ਜਾ ਰਿਹਾ ਹੈ, ‘ਤੇ ਵੱਡੀ ਹੱਦ ਤੱਕ ਸਹਿਮਤੀ ਬਣ ਚੁੱਕੀ ਹੈ।

ਬ੍ਰਾਜੀਲ ’ਚ ਦੋ ਹੈਲੀਕਾਪਟਰ ਆਪਸ ਵਿੱਚ ਟਕਰਾਏ, 6 ਦੀ ਮੌਤ

ਨਵੀਂ ਦਿੱਲੀ, 16 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬ੍ਰਾਜ਼ੀਲ ਦੇ ਸ਼ਹਿਰ ਰਿਓ ਵਿੱਚ ਦੋ ਹੈਲੀਕਾਪਟਰਾਂ ਦੇ ਆਪਸ ਟਕਰਾਉਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਇਕ ਹੈਲੀਕਾਪਟਰ ਇਕ ਕਾਰ ਡੀਲਰਸ਼ਿਪ ਉਤੇ ਡਿੱਗ ਗਿਆ, ਜਿਸ ਨਾਲ ਕਈ ਗੱਡੀਆਂ ਨੂੰ ਅੱਗ ਲੱਗ ਗਈ। ਫਾਈਰਫਾਈਟਰ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ ਰਿਓ ਡੀ ਜਨੇਰਿਓ ਦੇ ਉਪਰ ਦੋ ਹੈਲੀਕਾਪਟਰ ਆਪਸ ਵਿੱਚ ਟਕਰਾਅ ਗਏ। ਟੱਕਰਾਉਣ ਤੋਂ ਬਾਅਦ ਸ਼ਹਿਰ ਦੇ ਪੱਛਮੀ ਖੇਤਰ ਵਿੱਚ ਦੋਵੇਂ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ ਵਿੱਚ ਦੋਵੇਂ ਹੈਲੀਕਾਪਟਰ ਵਿੱਚ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਇਹ ਵੀ ਦੱਸਿਆ ਗਿਆ ਕਿ ਇਕ ਹੈਲੀਕਾਪਟਰ ਇਕ ਕਾਰ ਡੀਲਰਸ਼ਿਪ ਉਤੇ ਡਿੱਗ ਗਿਆ, ਜਿੱਥੇ ਕਈ ਇਲੈਕ੍ਰਿਟਕ ਗੱਡੀਆਂ ਖੜ੍ਹੀਆਂ ਸਨ, ਜਿੰਨਾਂ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਦੀ ਥਾਂ ਉਤੇ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

SC ਕਮਿਸ਼ਨ ਅੱਗੇ ਅੱਜ ਵੀ ਪੇਸ਼ ਨਾ ਹੋਏ ਕੇਂਦਰੀ ਮੰਤਰੀ ਰਵਨੀਤ ਬਿੱਟੂ

24 ਨੂੰ ਪੇਸ਼ ਨਾ ਹੋਏ ਤਾਂ ਹੋਵੇਗੀ ਕਾਨੂੰਨੀ ਕਾਰਵਾਈ : ਜਸਵੀਰ ਗੜ੍ਹੀ

ਚੰਡੀਗੜ੍ਹ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਅੱਜ ਵੀ ਐਸ ਸੀ ਕਮਿਸ਼ਨ ਦੇ ਅੱਗੇ ਪੇਸ਼ ਨਹੀਂ ਹੋਏ। ਧੂਰੀ ’ਚ ਨਗਰ ਕੌਂਸਲ ਦੀਆਂ ਚੋਣਾਂ ਵਾਲੇ ਦਿਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਵਰਤੀ ਗਈ ਜਾਤੀ ਸੂਚਕ ਸ਼ਬਦਾਵਲੀ ਦੇ ਮਾਮਲੇ ਵਿੱਚ ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਅੱਜ ਪੇਸ਼ ਹੋਣ ਲਈ ਸੱਦਾ ਦਿੱਤਾ ਗਿਆ ਸੀ। ਰਵਨੀਤ ਸਿੱਟੂ ਵੱਲੋਂ ਵਕੀਲ ਅੱਜ ਐਸ ਸੀ ਕਮਿਸ਼ਨ ਅੱਗੇ ਪੇਸ਼ ਹੋਏ। ਐਸ ਸੀ ਕਮਿਸ਼ਨ ਅੱਗੇ ਵਕੀਲ ਵੱਲੋਂ ਰਵਨੀਤ ਬਿੱਟੂ ਦਾ ਪੱਖ ਰੱਖਿਆ ਗਿਆ। ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ 24 ਜੂਨ ਨੂੰ ਰਵਨੀਤ ਬਿੱਟੂ ਨੂੰ ਪੇਸ਼ ਹੋਣ ਕਿਹਾ ਗਿਆ। ਜਸਵੀਰ ਸਿੰਘ ਗੜ੍ਹ ਨੇ ਕਿਹਾ ਕਿ ਜੇਕਰ 24 ਨੂੰ ਪੇਸ਼ ਨਾ ਹੋਏ ਤਾਂ ਕਾਰਵਾਈ ਕੀਤੀ ਜਾਵੇਗੀ।

ਮੋਹਾਲੀ ’ਚ ਦੋਸਤ ਨੇ ਦੋਸਤ ਦਾ ਚਾਕੂ ਮਾਰ ਕੇ ਕੀਤਾ ਕਤਲ

ਮੋਹਾਲੀ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਵਿੱਚ ਇਕ ਦੋਸਤ ਵੱਲੋਂ ਹੀ ਦੋਸਤ ਦਾ ਕਤਲ ਕੀਤੇ ਜਾਣ ਦਾ ਮਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਦੋਸਤ ਨੇ ਚਾਕੂ ਮਾਰ ਕੇ ਆਪਣੇ ਹੀ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਬੀਤੇ ਦਿਨ ਦੁਪਿਹਰ ਸਮੇਂ ਬਡਾਲੀ ਦੇ ਬੱਸ ਅੱਡੇ ਨੇੜੇ ਵਾਪਰੀ। ਇਸ ਘਟਨਾ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਿਸ ਵਿੱਚ ਸੜਕ ਕਿਨਾਰੇ ਇਕ ਨੌਜਵਾਨ ਦੂਜੇ ਉਤੇ ਚਾਕੂ ਨਾਲ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਚਾਕੂ ਵੱਜਣ ਤੋਂ ਬਾਅਦ ਨੌਜਵਾਨ ਜ਼ਖਮੀ ਹਾਲਤ ਵਿੱਚ ਕੁਝ ਦੂਰ ਤੱਕ ਤੁਰ ਕੇ ਜਾਂਦਾ ਹੈ, ਪਰ ਬਾਅਦ ਵਿੱਚ ਉਹ ਸੜਕ ਉਤੇ ਹੀ ਡਿੱਗ ਜਾਂਦਾ ਹੈ। ਸੜਕ ਉਤੇ ਉਹ ਉਥੇ ਡਿੱਗਿਆ ਹੋਇਆ ਤੜਫਦਾ ਰਿਹਾ ਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੰਨੀ ਵਜੋਂ ਹੋਈ ਹੈ, ਜੋ ਕਿ ਪਿੰਡ ਬਡਾਲੀ ਵਿੱਚ ਹੀ ਰਹਿੰਦਾ ਸੀ ਅਤੇ ਇਕ ਕਿਰਆਨੇ ਦੀ ਦੁਕਾਨ ਉਤੇ ਕੰਮ ਕਰਦਾ ਸੀ। ਮ੍ਰਿਤਕ ਮੂਲ ਰੂਪ ਵਿੱਚ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਮੌਕੇ ਉਤੇ ਖੜ੍ਹੇ ਲੋਕਾਂ ਨੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਨੌਜਵਾਨ ਨੇ ਬਾਅਦ ਵਿੱਚ ਰੋਂਦੇ ਹੋਏ ਕਿਹਾ ਕਿ ਉਸ ਤੋਂ ਚਾਕੂ ਗਲਤੀ ਨਾਲ ਲੱਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਰਾਣੀ ਚੀਜ਼ ਵੇਚਣ ਸਮੇਂ ਵਰਤੋਂ ਸਾਵਧਾਨੀ, ਨਹੀਂ ਪੈ ਸਕਦਾ ਮਹਿੰਗਾ

ਚੰਡੀਗੜ੍ਹ :

ਚੀਜ਼ ਪੁਰਾਣੀ ਹੋਣ ਤੋਂ ਬਾਅਦ ਲੋਕ ਆਪਣੀ ਚੀਜ਼ ਨੂੰ ਵੇਚ ਦਿੰਦੇ ਹਨ। ਪ੍ਰੰਤੂ ਪੁਰਾਣੀ ਚੀਜ਼ ਨੂੰ ਵੇਚਣ ਸਮੇਂ ਕੁਝ ਸਾਵਧਾਨੀਆਂ ਵਰਤੀਆਂ ਬਹੁਤ ਜ਼ਰੂਰੀ ਹਨ। ਕੋਈ ਪੁਰਾਣੀ ਕਾਰ ਜਾਂ ਵਹੀਕਲ ਸਿਰਫ ਪੈਸੇ ਲੈ ਕੇ ਗੱਡੀ ਖਰੀਦਦਾਰ ਨੂੰ ਦੇਣਾ ਹੀ ਠੀਕ ਨਹੀਂ ਹੈ। ਜੇਕਰ ਤੁਸੀਂ ਪੁਰਾਣੀ ਕਾਰ ਜਾਂ ਕੋਈ ਵੀ ਵਾਹਨ ਵੇਚਣ ਤੋਂ ਬਾਅਦ ਗੱਡੀ ਖਰੀਦਦਾਰ ਦੇ ਨਾਮ ਨਹੀਂ ਕਰਵਾਈ ਤਾਂ ਮਹਿੰਗਾ ਪੈ ਸਕਦਾ।

ਗੱਡੀ ਦੀ ਆਰਸੀ ਖਰੀਦਦਾਰ ਦੇ ਨਾਮ ਨਹੀਂ ਹੁੰਦੀ ਤਾਂ ਕਾਨੂੰਨੀ ਤੌਰ ਉਤੇ ਗੱਡੀ ਤੁਹਾਡੇ ਨਾਮ ਉਤੇ ਹੀ ਹੋਵੇਗੀ। ਜੇਕਰ ਗੱਡੀ ਕਿਸੇ ਗਲਤ ਕੰਮ ਵਿੱਚ ਵਰਤੀ ਗਈ ਤਾਂ ਤੁਹਾਨੂੰ ਮਹਿੰਗੀ ਪੈ ਸਕਦੀ ਹੈ।

30 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲਾ: ਨਾਬਾਲਗ ਸਮੇਤ ਦੋ ਸਾਥੀ ਗ੍ਰਿਫ਼ਤਾਰ, 5 ਕਿਲੋ ਹੋਰ ਹੈਰੋਇਨ ਬਰਾਮਦ


ਚੰਡੀਗੜ੍ਹ/ਅੰਮ੍ਰਿਤਸਰ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ 30 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵੱਖ-ਵੱਖ ਆਪਰੇਸ਼ਨਾਂ ਦੌਰਾਨ ਇੱਕ ਨਾਬਾਲਗ ਸਮੇਤ ਦੋ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਮਾਮਲੇ ਵਿੱਚ 5.041 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਭਿਸ਼ੇਕ ਉਰਫ਼ ਅਭੀ ਉਰਫ਼ ਭਿੰਡੀ (25) ਵਾਸੀ ਛੇਹਰਟਾ, ਅੰਮ੍ਰਿਤਸਰ ਅਤੇ ਇੱਕ ਨਾਬਾਲਗ ਵਜੋਂ ਹੋਈ ਹੈ। ਮੁਲਜ਼ਮ ਅਭਿਸ਼ੇਕ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਅਸਲਾ ਐਕਟ, ਐਨਡੀਪੀਐਸ ਐਕਟ, ਲੁੱਟ-ਖੋਹ ਅਤੇ ਹਮਲਾ ਨਾਲ ਸਬੰਧਤ ਅਪਰਾਧਾਂ ਤਹਿਤ ਕਈ ਮਾਮਲੇ ਦਰਜ ਹਨ।

ਇਹ ਗ੍ਰਿਫਤਾਰੀ ਵੀਰਵਾਰ ਨੂੰ ਛੇ ਵਿਅਕਤੀਆਂ – ਗੌਤਮ, ਕਬੀਰ ਉਰਫ਼ ਕਾਕੂ, ਸਮੀਰ ਉਰਫ਼ ਸਭਰਵਾਲ, ਗੁਰਪ੍ਰੀਤ ਉਰਫ਼ ਕੀਦਾ ਅਤੇ ਦੋ ਨਾਬਾਲਗਾਂ – ਨੂੰ 30.045 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਦੁਬਈ ਸਥਿਤ ਇੱਕ ਤਸਕਰ ਜੋ ਸਰਹੱਦ ਪਾਰੋਂ ਹੈਰੋਇਨ ਦੀ ਖੇਪ ਦੀ ਸਪਲਾਈ ਵਿੱਚ ਸਹਾਇਤਾ ਕਰ ਰਿਹਾ ਸੀ, ਨਾਲ ਜੁੜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਨੈੱਟਵਰਕ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕਰਨ, ਵਿੱਤੀ ਲੈਣ-ਦੇਣ ਦਾ ਪਤਾ ਲਗਾਉਣ ਅਤੇ ਸੰਭਾਵਿਤ ਹਵਾਲਾ ਲਿੰਕਾਂ ਦਾ ਪਤਾ ਲਗਾਉਣ ਲਈ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਆਫ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਵੱਡੇ ਮਾਮਲੇ ਦੀ ਜਾਂਚ ਦੌਰਾਨ ਸਥਾਪਿਤ ਕੀਤੇ ਗਏ ਅਗਲੇ-ਪਿਛਲੇ ਸਬੰਧਾਂ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਮੁਲਜ਼ਮ ਕਬੀਰ ਉਰਫ਼ ਕਾਕੂ ਦੇ ਖੁਲਾਸੇ ਰਾਹੀਂ ਉਸ ਦੇ ਕਬਜ਼ੇ ਵਿੱਚੋਂ 2.006 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਅਤੇ ਉਸਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ।

ਉਨ੍ਹਾਂ ਦੱਸਿਆ ਕਿ ਇੱਕ ਹੋਰ ਆਪਰੇਸ਼ਨ ਦੌਰਾਨ, ਪੁਲਿਸ ਟੀਮਾਂ ਨੂੰ ਵੰਸ਼ਦੀਪ ਸਿੰਘ ਨਾਮਕ ਇਸ ਮਾਡਿਊਲ ਦੇ ਇੱਕ ਸੰਚਾਲਕ, ਜਿਸਦੀ ਪਛਾਣ ਗ੍ਰਿਫ਼ਤਾਰ ਮੁਲਜ਼ਮ ਅਭਿਸ਼ੇਕ ਵੱਲੋਂ ਕੀਤੀ ਗਈ ਹੈ, ਨਾਲ ਹਾਦਸਾ ਵਾਪਰਨ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਅੱਗੇ ਕਿਹਾ ਕਿ ਇਸ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਲੈ ਗਈਆਂ।

ਸੀਪੀ ਨੇ ਦੱਸਿਆ ਕਿ ਉਸਦੇ ਐਕਟਿਵਾ ਸਕੂਟਰ ਦੀ ਤਲਾਸ਼ੀ ਦੌਰਾਨ, ਪੁਲਿਸ ਨੇ 3.035 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵੰਸ਼ਦੀਪ ਸਿੰਘ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਚ ਬੰਦ ਸੀ ਅਤੇ 2 ਫਰਵਰੀ, 2025 ਨੂੰ ਜ਼ਮਾਨਤ ‘ਤੇ ਬਾਹਰ ਆਇਆ ਸੀ।

ਉਨ੍ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਤੰਦਰੁਸਤ ਐਲਾਨੇ ਜਾਣ ਤੋਂ ਬਾਅਦ ਦੋਸ਼ੀ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕੀਤਾ ਜਾਵੇਗਾ।

ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਦੁਬਈ ਸਥਿਤ ਤਸਕਰ, ਜੋ ਪਹਿਲਾਂ ਹੀ ਤਿੰਨ ਵੱਡੇ ਐਨਡੀਪੀਐਸ ਮਾਮਲਿਆਂ ਵਿੱਚ ਲੋੜੀਂਦਾ ਹੈ, ਮੁਲਜ਼ਮਾਂ ਨਾਲ ਖੇਪਾਂ ਦੀ ਲੋਕੇਸ਼ਨ ਸਾਂਝੀ ਕਰਦਾ ਸੀ ਅਤੇ ਮੁਲਜ਼ਮ ਆਪਣੇ ਸਾਥੀਆਂ ਨਾਲ ਮਿਲ ਕੇ, ਨਿਰਧਾਰਤ ਥਾਵਾਂ ਤੋਂ ਖੇਪਾਂ ਪ੍ਰਾਪਤ ਕਰਦੇ ਸਨ ਅਤੇ ਅੱਗੇ ਵੱਖ-ਵੱਖ ਪ੍ਰਾਪਤਕਰਤਾਵਾਂ ਨੂੰ ਸਪਲਾਈ ਕਰਦੇ ਸਨ।

ਇਸ ਸਬੰਧੀ, ਨਵੀਂ ਐਫਆਈਆਰ ਨੰਬਰ 131 ਮਿਤੀ 14.06.2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 25 ਤਹਿਤ  ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਦਰਜ ਕੀਤੀ ਗਈ ਹੈ।

CM ਭਗਵੰਤ ਮਾਨ ਨੇ ਵੱਡੀ ਮਿਹਨਤ ਨਾਲ ਪੰਜਾਬ ਨੂੰ ਕਾਲੇ ਦੌਰ ਵਿੱਚੋਂ ਕੱਢਿਆ : ਅਰਵਿੰਦ ਕੇਜਰੀਵਾਲ

ਮੋਹਾਲੀ, 15 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਮੋਹਾਲੀ ਵਿੱਚ ਇੱਕ ਮੈਗਾ ਰੋਡ ਸ਼ੋਅ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਪੰਜਾਬ ਨੂੰ ਬਰਬਾਦੀ ਵੱਲ ਧੱਕ ਦਿੱਤਾ ਗਿਆ ਸੀ, ਉਦੋਂ ਪੂਰੇ ਸੂਬੇ ਵਿੱਚ ਨਸ਼ੇ ਫੈਲ ਗਏ ਸਨ ਅਤੇ ਪੰਜਾਬ ਉੱਤੇ ਇੱਕ ਕਾਲਾ ਦੌਰ ਛਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਉਸ ਮੁਸ਼ਕਲ ਦੌਰ ਵਿੱਚੋਂ ਕੱਢ ਕੇ ਮੁੜ ਤਰੱਕੀ ਦੇ ਰਾਹ ‘ਤੇ ਪਾਉਣ ਲਈ ਦਿਨ-ਰਾਤ ਮਿਹਨਤ ਕੀਤੀ ਹੈ।

ਲੋਕਾਂ ਨੂੰ ਇਸ ਬਦਲਾਅ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਨੂੰ ਰੁਕਣ ਨਹੀਂ ਦੇਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਵੀ ਸਰਕਾਰ ਨੂੰ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇੰਨਾ ਪਿਆਰ ਅਤੇ ਜਨਤਾ ਦਾ ਸਮਰਥਨ ਨਹੀਂ ਮਿਲਿਆ, ਜਿੰਨਾ ਅੱਜ ‘ਆਪ’ ਸਰਕਾਰ ਨੂੰ ਮਿਲ ਰਿਹਾ ਹੈ। ਪਿਛਲੀਆਂ ਸਰਕਾਰਾਂ ਨਾਲ ਇਸ ਦੀ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਰਕਾਰਾਂ ਲੋਕਾਂ ਦਾ ਭਰੋਸਾ ਇਸ ਹੱਦ ਤੱਕ ਗੁਆ ਚੁੱਕੀਆਂ ਸਨ ਕਿ ਸੱਤਾ ਵਿੱਚ ਇੰਨਾ ਸਮਾਂ ਬੀਤਣ ਤੋਂ ਬਾਅਦ ਲੋਕ ਆਪਣੇ ਆਗੂਆਂ ਨੂੰ ਪਿੰਡਾਂ ਵਿੱਚ ਵੜਨ ਤੱਕ ਨਹੀਂ ਦਿੰਦੇ ਸਨ।

ਰੋਡ ਸ਼ੋਅ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਮੋਹਾਲੀ ਦੇ ਲੋਕਾਂ ਨੇ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਜਿੱਤ ਦਿਵਾਈ ਹੈ। ਮੈਂ ਦਿੱਲੀ ਤੋਂ ਖਾਸ ਤੌਰ ‘ਤੇ ਇੱਥੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨ ਆਇਆ ਹਾਂ, ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੇ ਕੰਮਾਂ ‘ਤੇ ਮੋਹਰ ਲਗਾਈ ਹੈ।”

ਸਰਕਾਰ ਨੂੰ ਮਿਲੇ ਜਨਤਕ ਸਮਰਥਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਸਾਡੀ ਸਰਕਾਰ ਨੂੰ ਸੱਤਾ ਵਿੱਚ ਆਇਆਂ ਕਰੀਬ ਸਾਢੇ ਚਾਰ ਸਾਲ ਹੋ ਗਏ ਹਨ। ਪੰਜਾਬ ਵਿੱਚ ਪਹਿਲਾਂ ਕਦੇ ਵੀ ਕਿਸੇ ਪਾਰਟੀ ਨੂੰ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਇੰਨਾ ਪਿਆਰ ਨਹੀਂ ਮਿਲਿਆ। ਇਸ ਤੋਂ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ, ਭਾਜਪਾ ਦੀਆਂ ਸਰਕਾਰਾਂ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਹਨ। ਜਦੋਂ ਉਹ ਸੱਤਾ ਵਿੱਚ ਤਿੰਨ ਜਾਂ ਚਾਰ ਸਾਲ ਪੂਰੇ ਕਰਦੇ ਸਨ ਤਾਂ ਲੋਕ ਉਨ੍ਹਾਂ ਨੂੰ ਪਿੰਡਾਂ ਵਿੱਚ ਵੜਨ ਵੀ ਨਹੀਂ ਦਿੰਦੇ ਸਨ। ਜਦੋਂ ਉਹ ਜਨਤਾ ਦੇ ਵਿਚਕਾਰ ਜਾਂਦੇ ਸਨ ਤਾਂ ਲੋਕ ਉਨ੍ਹਾਂ ਨੂੰ ਮਾਰਨ ਲਈ ਹੱਥਾਂ ਵਿੱਚ ਜੁੱਤੀਆਂ ਲੈ ਕੇ ਖੜ੍ਹੇ ਹੁੰਦੇ ਸਨ।”

ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ, “ਪਿਛਲੇ ਚਾਰ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਤੁਹਾਡੇ ਲਈ ਬਹੁਤ ਕੁਝ ਕੀਤਾ ਹੈ। ਬਿਜਲੀ ਮੁਫ਼ਤ ਕਰ ਦਿੱਤੀ ਗਈ ਹੈ। ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ। 10 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਦਿੱਤਾ ਗਿਆ ਹੈ। ਔਰਤਾਂ ਨੂੰ ਹੁਣ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 1,000 ਅਤੇ 1,500 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਪੂਰੇ ਪੰਜਾਬ ਵਿੱਚ ਸੜਕਾਂ ਬਣ ਰਹੀਆਂ ਹਨ। ਪਿੰਡਾਂ ਵਿੱਚ ਨਹਿਰੀ ਸੂਇਆਂ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਹੈ। ਪਿੰਡਾਂ ਦੇ ਕਿਸਾਨਾਂ ਨੂੰ ਹੁਣ ਦਿਨ ਵੇਲੇ ਬਿਜਲੀ ਮਿਲ ਰਹੀ ਹੈ। ਕੰਮਾਂ ਦੀ ਸੂਚੀ ਬਹੁਤ ਲੰਮੀ ਹੈ। ਲੋਕ ਬਹੁਤ ਖੁਸ਼ ਹਨ।”

ਉਨ੍ਹਾਂ ਅੱਗੇ ਕਿਹਾ, “ਜਦੋਂ ਅਸੀਂ ਰੋਡ ਸ਼ੋਅ ਦੌਰਾਨ ਇੱਥੇ ਆ ਰਹੇ ਸੀ, ਮੈਂ ਲੋਕਾਂ ਦੇ ਹਾਵ-ਭਾਵ ਦੇਖ ਰਿਹਾ ਸੀ। ਉਹ ਸਾਨੂੰ ਦੇਖ ਕੇ ਬਹੁਤ ਖੁਸ਼ ਸਨ। ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਸਰਕਾਰ ਵਿੱਚ ਚਾਰ ਸਾਲ ਰਹਿਣ ਤੋਂ ਬਾਅਦ ਵੀ ਲੋਕ ਆਪਣੇ ਆਗੂਆਂ ਨੂੰ ਦੇਖ ਕੇ ਇੰਨੇ ਖੁਸ਼ ਹਨ।”

ਅਗਲੀ ਚੋਣ ਲਈ ਸਮਰਥਨ ਦੀ ਮੰਗ ਕਰਦਿਆਂ ‘ਆਪ’ ਮੁਖੀ ਨੇ ਕਿਹਾ, “ਹੁਣ ਸਾਡੇ ਕੋਲ ਸਿਰਫ਼ ਇੱਕ ਹੀ ਕੰਮ ਬਾਕੀ ਹੈ। ਅਸੀਂ ਪੰਜ ਸਾਲਾਂ ਵਿੱਚ ਬਹੁਤ ਕੰਮ ਕੀਤਾ ਹੈ, ਪਰ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ। ਸਾਨੂੰ ਭਗਵੰਤ ਮਾਨ ਨੂੰ ਫਿਰ ਤੋਂ ਮੁੱਖ ਮੰਤਰੀ ਬਣਾਉਣਾ ਪਵੇਗਾ।”

ਲੋਕਾਂ ਨੂੰ ਆਪਣੇ ਇਲਾਕਿਆਂ ਵਿੱਚ ਪ੍ਰਚਾਰ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, “ਤੁਹਾਨੂੰ ਆਪਣੀਆਂ ਗਲੀਆਂ, ਮੁਹੱਲਿਆਂ ਅਤੇ ਪਿੰਡਾਂ ਵਿੱਚ ਜਾ ਕੇ ਸਾਰਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਵਾਰ ਭਗਵੰਤ ਮਾਨ ਨੂੰ ਫਿਰ ਤੋਂ ਭਾਰੀ ਬਹੁਮਤ ਨਾਲ ਮੁੱਖ ਮੰਤਰੀ ਬਣਾਉਣਾ ਹੈ। ਸਾਨੂੰ ਇੱਕ ਵੱਡਾ ਫਤਵਾ ਹਾਸਲ ਕਰਨਾ ਹੋਵੇਗਾ। ਬਾਕੀ ਰਹਿੰਦੇ ਕੰਮਾਂ ਨੂੰ ਵੀ ਪੂਰਾ ਕਰਨਾ ਹੋਵੇਗਾ।”

ਮੌਜੂਦਾ ਸਰਕਾਰ ਦੀ ਪਿਛਲੀਆਂ ਸਰਕਾਰਾਂ ਨਾਲ ਤੁਲਨਾ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ, “ਉਨ੍ਹਾਂ ਦੀਆਂ ਸਰਕਾਰਾਂ ਦੌਰਾਨ ਪੂਰੇ ਪੰਜਾਬ ਵਿੱਚ ਨਸ਼ੇ ਵਿਕ ਰਹੇ ਸਨ। ਉਨ੍ਹਾਂ ਦੇ ਰਾਜ ਵਿੱਚ ਪੰਜਾਬ ਬਰਬਾਦੀ ਵੱਲ ਵਧ ਰਿਹਾ ਸੀ। ਪੰਜਾਬ ਇੱਕ ਕਾਲੇ ਦੌਰ ਵਿੱਚ ਦਾਖਲ ਹੋ ਚੁੱਕਾ ਸੀ। ਇਹ ਕੇਵਲ ਗੁਰੂ ਸਾਹਿਬ ਦੀ ਕਿਰਪਾ ਅਤੇ ਅਸ਼ੀਰਵਾਦ ਸਦਕਾ ਹੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ਪੰਜਾਬ ਨੂੰ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਮਿਲਿਆ। ਹੁਣ ਚੰਗੇ ਕੰਮ ਸ਼ੁਰੂ ਹੋ ਗਏ ਹਨ। ਇਹ ਰੁਕਣੇ ਨਹੀਂ ਚਾਹੀਦੇ। ਤੁਸੀਂ ਇੱਕ ਵਾਰ ਫਿਰ ਭਗਵੰਤ ਮਾਨ ਨੂੰ ਭਾਰੀ ਬਹੁਮਤ ਨਾਲ ਮੁੱਖ ਮੰਤਰੀ ਬਣਾਉਣਾ ਹੈ। ਉਨ੍ਹਾਂ ਨੂੰ ਆਪਣਾ ਅਸ਼ੀਰਵਾਦ ਅਤੇ ਆਪਣਾ ਪਿਆਰ ਦਿਓ, ਜਿਵੇਂ ਤੁਸੀਂ ਹਮੇਸ਼ਾ ਦਿੰਦੇ ਆਏ ਹੋ।”

ਸਰਬਜੀਤ ਸਿੰਘ ਨੂੰ ਮੇਅਰ ਬਣਨ ‘ਤੇ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਰਬਜੀਤ ਸਿੰਘ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਜਨਤਕ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਲਈ ਧੰਨਵਾਦ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਉਹ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਣਗੇ ਅਤੇ ਸਮਰਪਣ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣਗੇ।”

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਜਾ ਰਹੇ ਪਿਆਰ ਨੂੰ ਦੁਨੀਆ ਦੀ ਕਿਸੇ ਵੀ ਕਰੰਸੀ ਨਾਲ ਨਹੀਂ ਮਾਪਿਆ ਜਾ ਸਕਦਾ। ਉਨ੍ਹਾਂ ਕਿਹਾ, “ਅਸੀਂ ਸੂਬੇ ਭਰ ਵਿੱਚ ਜਿੱਥੇ ਵੀ ਜਾਂਦੇ ਹਾਂ, ਸਾਨੂੰ ਲੋਕਾਂ ਵੱਲੋਂ ਬਹੁਤ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ। ਦੁਕਾਨਦਾਰ ਆਪਣੇ ਕਾਰੋਬਾਰਾਂ ਵਿੱਚ ਅਤੇ ਕਿਸਾਨ ਆਪਣੀਆਂ ਫਸਲਾਂ ਬੀਜਣ ਵਿੱਚ ਰੁੱਝੇ ਹੋਏ ਹਨ, ਫਿਰ ਵੀ ਵੱਡੀ ਗਿਣਤੀ ਲੋਕ ਆਪਣਾ ਸਮਰਥਨ ਦਿਖਾਉਣ ਲਈ ਆ ਰਹੇ ਹਨ। ਮੈਂ ਇਸ ਪਿਆਰ ਲਈ ਤਹਿ ਦਿਲੋਂ ਧੰਨਵਾਦੀ ਹਾਂ। ਇੱਕ ਪਾਸੇ ਸਾਡੇ ਲਈ ਲੋਕਾਂ ਦਾ ਪਿਆਰ ਦਿਨੋਂ-ਦਿਨ ਵੱਧ ਰਿਹਾ ਹੈ ਅਤੇ ਦੂਜੇ ਪਾਸੇ ਲੋਕਾਂ ਨਾਲ ਧ੍ਰੋਹ ਕਮਾਉਣ ਵਾਲੇ ਰਾਜਨੀਤਿਕ ਨੇਤਾਵਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਟੁੱਟ ਰਿਹਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਵਾਇਤੀ ਰਾਜਨੀਤਿਕ ਪਾਰਟੀਆਂ ਨੇ ਇੱਕ ਦੂਜੇ ਦੇ ਹਿੱਤਾਂ ਦੀ ਰੱਖਿਆ ਕਰਦਿਆਂ ਦਹਾਕਿਆਂ ਤੱਕ ਪੰਜਾਬ ‘ਤੇ ਰਾਜ ਕੀਤਾ ਹੈ। ਉਨ੍ਹਾਂ ਕਿਹਾ, “ਸਾਲਾਂ ਤੱਕ, ਇਨ੍ਹਾਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਅਤੇ ਅਜਿਹੀ ਤਰੀਕੇ ਰਾਹੀਂ ਕੰਮ ਕੀਤਾ, ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਸੱਤਾ ਉਨ੍ਹਾਂ ਦੇ ਦਾਇਰੇ ਵਿੱਚ ਹੀ ਰਹੇ। ਪਹਿਲਾਂ ਲੋਕਾਂ ਸਾਹਮਣੇ ਸਿਰਫ਼ ਦੋ ਪਾਰਟੀਆਂ ਦੇ ਵਿਕਲਪ ਸਨ ਅਤੇ ਦੋਵਾਂ ਨੇ ਸੱਤਾ ਹਾਸਲ ਕਰਕੇ ਵਾਰੀ ਵਾਰੀ ਪੰਜਾਬ ਨੂੰ ਲੁੱਟਿਆ। ਉਹਨਾਂ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਅਤੇ ਪੰਜਾਬ ਦੀ ਦੌਲਤ ਨੂੰ ਲੁੱਟਿਆ। ਅੱਜ ਲੋਕ ਝਾੜੂ ਦਾ ਸਮਰਥਨ ਕਰ ਰਹੇ ਹਨ, ਜੋ ਸੂਬੇ ਦੇ ਰਾਜਨੀਤਿਕ ਸਿਸਟਮ ਨੂੰ ਸਾਫ਼ ਕਰ ਰਿਹਾ ਹੈ।”

ਬਦਲ ਰਹੇ ਸਿਆਸੀ ਮਾਹੌਲ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਅੱਜ ਨਾ ਤਾਂ ਸੁਖਬੀਰ ਸਿੰਘ ਬਾਦਲ, ਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨਾ ਹੀ ਪ੍ਰਤਾਪ ਸਿੰਘ ਬਾਜਵਾ ਲੋਕਾਂ ਵਿੱਚ ਦਿਖਾਈ ਦੇ ਰਹੇ ਹਨ ਕਿਉਂਕਿ ਪੰਜਾਬ ਦੇ ਲੋਕ ਸੂਬਾ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਮਜ਼ਬੂਤੀ ਨਾਲ ਖੜ੍ਹੇ ਹਨ। ਲੋਕਾਂ ਨੇ ਵਾਰ-ਵਾਰ ਆਪਣਾ ਸਮਰਥਨ ਪ੍ਰਗਟ ਕੀਤਾ ਹੈ ਅਤੇ ਵਿਰੋਧੀ ਧਿਰ ਨੂੰ ਰਾਜਨੀਤਿਕ ਤੌਰ ‘ਤੇ ਨੁਕਸਾਨ ਝੱਲਣਾ ਪਿਆ ਹੈ ਕਿਉਂਕਿ ਪੰਜਾਬ ਦੇ ਸਿਆਣੇ ਲੋਕਾਂ ਨੇ ਉਨ੍ਹਾਂ ਨੂੰ ਦਰਕਿਨਾਰ ਕਰ ਦਿੱਤਾ ਹੈ। ਅੰਤ ਵਿੱਚ ਸੱਚ ਦੀ ਜਿੱਤ ਹੁੰਦੀ ਹੈ ਅਤੇ ਝੂਠ ਆਪਣੀ ਤਾਕਤ ਗੁਆ ਦਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਰ ਸਦਕਾ ਲੋਕਾਂ ਨੇ ਇਮਾਨਦਾਰ ਅਤੇ ਚੰਗੇ ਸ਼ਾਸਨ ਨੂੰ ਪਛਾਣ ਲਿਆ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਪੰਜਾਬ ਵਿੱਚ ਹੋ ਰਹੇ ਵਿਕਾਸ ਨੂੰ ਸਹਿਣ ਕਰਨ ਤੋਂ ਅਸਮਰੱਥ ਹੈ। ਉਨ੍ਹਾਂ ਕਿਹਾ, “ਅਸੀਂ ਪੰਜਾਬ ਦੇ ਸਮੁੱਚੇ ਵਿਕਾਸ ਲਈ ਅਣਥੱਕ ਯਤਨ ਕਰ ਰਹੇ ਹਾਂ ਅਤੇ ਇਸ ਨਾਲ ਵਿਰੋਧੀ ਧਿਰ ਹੈਰਾਨ ਹੈ। ਉਹ ਇਸ ਤੱਥ ਨੂੰ ਹਜ਼ਮ ਨਹੀਂ ਕਰ ਸਕਦੇ ਕਿ ਆਮ ਲੋਕਾਂ ਦੀ ਭਲਾਈ ਅਤੇ ਪੰਜਾਬ ਦੀ ਤਰੱਕੀ ਹੁਣ ਸਰਕਾਰ ਦੀ ਪ੍ਰਮੁੱਖ ਤਰਜੀਹ ਬਣ ਗਈ ਹੈ। ਉਨ੍ਹਾਂ ਦੀ ਨਿਰਾਸ਼ਾ ਉਨ੍ਹਾਂ ਦੁਆਰਾ ਸਾਡੇ ਵਿਰੁੱਧ ਵਰਤੀ ਗਈ ਭਾਸ਼ਾ ਤੋਂ ਸਪੱਸ਼ਟ ਦਿਖਾਈ ਦੇ ਰਹੀ ਹੈ। ਮੈਨੂੰ ਲੋਕਾਂ ਦੇ ਪੈਸੇ ਨੂੰ ਲੁੱਟਣ ਦਾ ਤਜਰਬਾ ਨਹੀਂ ਹੈ ਪਰ ਮੈਂ ਜ਼ਰੂਰ ਜਾਣਦਾ ਹਾਂ ਕਿ ਆਮ ਲੋਕਾਂ ਨਾਲ ਦਰਦ ਕਿਵੇਂ ਸਾਂਝਾ ਕਰਨਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਵੇਂ ਕੰਮ ਕਰਨਾ ਹੈ। ਮੇਰੀ ਇੱਕੋ ਇੱਕ ਤਰਜੀਹ ਪੰਜਾਬ ਦੀ ਖੁਸ਼ਹਾਲੀ ਅਤੇ ਲੋਕਾਂ ਦੀ ਭਲਾਈ ਹੈ।”

2022 ਦੇ ਇਤਿਹਾਸਕ ਫ਼ਤਵੇ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੁਰਾਣੇ ਸਿਆਸੀ ਪਰਿਵਾਰਾਂ ਦੀ ਸੱਤਾ ਨੂੰ ਨਕਾਰਦਿਆਂ ਇਮਾਨਦਾਰ ਸ਼ਾਸਨ ਨੂੰ ਚੁਣਿਆ। ਉਨ੍ਹਾਂ ਅੱਗੇ ਕਿਹਾ,“2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਸੱਤ ਸਾਬਕਾ ਮੁੱਖ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਬਾ ਵਾਸੀਆਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਇੱਕ ਇਮਾਨਦਾਰ ਸਰਕਾਰ ਨੂੰ ਮੌਕਾ ਦਿੱਤਾ। ਇਸ ਇਤਿਹਾਸਕ ਫ਼ਤਵੇ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਸੂਬੇ ਨੂੰ ਦੇਸ਼ ਦੇ ਮੋਹਰੀ ਸੂਬਿਆਂ ਵਿੱਚੋਂ ਇੱਕ ਬਣਾਉਣ ਵਿੱਚ ਮਦਦ ਕੀਤੀ ਹੈ।”

ਸਿੰਚਾਈ ਸੁਧਾਰਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਪਾਣੀ ਪ੍ਰਬੰਧਨ ਵਿੱਚ ਇੱਕ ਵੱਡਾ ਮੀਲ ਪੱਥਰ ਪ੍ਰਾਪਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ,“ਇਸ ਸਾਲ, ਪੰਜਾਬ ਨੇ ਇੱਕ ਸੁਧਰੀ ਸਿੰਚਾਈ ਪ੍ਰਣਾਲੀ ਰਾਹੀਂ 96 ਫੀਸਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ, ਜਿਸ ਨਾਲ ਰਾਜ ਭਰ ਦੇ ਕਿਸਾਨਾਂ ਨੂੰ ਲਾਭ ਹੋਇਆ। ਪਹਿਲਾਂ ਇਹ ਪਾਣੀ ਬਰਬਾਦ ਹੁੰਦਾ ਸੀ। ਸਾਡੀ ਸਰਕਾਰ ਨੇ ਕਿਸਾਨਾਂ ਦੀਆਂ ਸਿੰਚਾਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਗਭਗ 14,000 ਕਿਲੋਮੀਟਰ ਪਾਈਪਾਂ ਅਤੇ ਖਾਲ਼ੇ ਬਣਾਏ ਹਨ ਅਤੇ ਇਨ੍ਹਾਂ ਰਾਹੀਂ 21,000 ਕਿਊਸਿਕ ਪਾਣੀ ਛੱਡਿਆ ਹੈ। ਇਹ ਦੋ ਭਾਖੜਾ ਨਹਿਰਾਂ ਦੁਆਰਾ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੇ ਬਰਾਬਰ ਹੈ ਅਤੇ ਪੰਜਾਬ ਦੇ ਕਿਸਾਨ ਭਾਈਚਾਰੇ ਨੂੰ ਵੱਡਾ ਲਾਭ ਪ੍ਰਦਾਨ ਕਰੇਗੀ।”

ਮੁੱਖ ਮੰਤਰੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਨ ਲਈ ਨਹਿਰਾਂ ਅਤੇ ਦਰਿਆਵਾਂ ਵਿੱਚ ਰੀਚਾਰਜ ਪੁਆਇੰਟ ਬਣਾਏ ਗਏ ਹਨ। ਉਨ੍ਹਾਂ ਅੱਗੇ ਕਿਹਾ,“ਇਸ ਦੇ ਨਤੀਜੇ ਵਜੋਂ ਕਈ ਖੇਤਰਾਂ ਵਿੱਚ ਪਾਣੀ ਦਾ ਪੱਧਰ ਦੋ ਤੋਂ ਚਾਰ ਮੀਟਰ ਵਧਿਆ ਹੈ। ਟੈਕਸਦਾਤਾਵਾਂ ਦੇ ਪੈਸੇ ਦਾ ਇੱਕ-ਇੱਕ ਰੁਪਿਆ ਲੋਕਾਂ ਦੀ ਭਲਾਈ ਲਈ ਸਮਝਦਾਰੀ ਨਾਲ ਖਰਚ ਕੀਤਾ ਜਾ ਰਿਹਾ ਹੈ। ਇਹ ਬਿਹਤਰ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਰਾਹੀਂ ਲੋਕਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ। ਅਸੀਂ ਟੋਲ ਪਲਾਜ਼ਾ ਵੀ ਬੰਦ ਕਰ ਦਿੱਤੇ ਹਨ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਹਰ ਰੋਜ਼ ਲਗਪਗ 70 ਲੱਖ ਰੁਪਏ ਦੀ ਬਚਤ ਹੋ ਰਹੀ ਹੈ।”

ਭਲਾਈ ਸਕੀਮਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਜਨਤਕ ਸਰੋਤਾਂ ਦੀ ਵਰਤੋਂ ਸਿਰਫ਼ ਲੋਕਾਂ ਦੇ ਹਿੱਤ ਲਈ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ, “ਪੰਜਾਬ ਦੇ 90 ਫੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਹੁਣ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜੋ ਸੂਬੇ ਦੇ ਇਤਿਹਾਸ ਵਿੱਚ ਬੇਮਿਸਾਲ ਕਦਮ ਹੈ। ਅਜਿਹੇ ਸਮੇਂ ਜਦੋਂ ਦੇਸ਼ ਭਰ ਵਿੱਚ ਲੋਕਾਂ ਦੀਆਂ ਜਾਇਦਾਦਾਂ ਨੂੰ ਚੋਣਵੇਂ ਕਾਰਪੋਰੇਟ ਹਿੱਤਾਂ ਨੂੰ ਸੌਂਪਿਆ ਜਾ ਰਿਹਾ ਹੈ, ਪੰਜਾਬ ਨੇ ਇੱਕ ਨਿੱਜੀ ਥਰਮਲ ਪਲਾਂਟ ਖਰੀਦ ਕੇ ਅਤੇ ਇਸ ਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ‘ਤੇ ਰੱਖ ਕੇ ਇਤਿਹਾਸ ਰਚਿਆ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਅੱਗੇ ਕਿਹਾ, “18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਮਿਲਣਗੇ, ਜਦੋਂ ਕਿ ਅਨੁਸੂਚਿਤ ਜਾਤੀ ਪਰਿਵਾਰਾਂ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਮਿਲਣਗੇ। ਆਮ ਪਰਿਵਾਰਾਂ, ਖਾਸ ਕਰਕੇ ਗਰੀਬ ਪਰਿਵਾਰਾਂ ਲਈ, ਇਹ ਰਕਮ ਬਹੁਤ ਮਹੱਤਵਪੂਰਨ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਇਹ ਮਾਵਾਂ ਅਤੇ ਧੀਆਂ ਲਈ ਸਤਿਕਾਰ ਦਾ ਪ੍ਰਤੀਕ ਹੈ। ਇਸ ਯੋਜਨਾ ਕਾਰਨ ਔਰਤਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਮੈਨੂੰ ਬਹੁਤ ਸੰਤੁਸ਼ਟੀ ਦਿੰਦੀ ਹੈ।”

ਸਿਹਤ ਸੰਭਾਲ ਸੁਧਾਰਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ, ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਪਹਿਲ ਹੈ। ਉਨ੍ਹਾਂ ਅੱਗੇ ਕਿਹਾ, “ਪੰਜਾਬ ਦਾ ਹਰ ਪਰਿਵਾਰ ਹੁਣ ਸਾਲਾਨਾ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਡਾਕਟਰੀ ਇਲਾਜ ਦਾ ਹੱਕਦਾਰ ਹੈ। ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਅਜਿਹੀ ਵਿਆਪਕ ਸਿਹਤ ਸੰਭਾਲ ਕਵਰੇਜ ਪ੍ਰਦਾਨ ਕੀਤੀ ਹੈ। ਇਸ ਨਾਲ ਪਰਿਵਾਰਾਂ ‘ਤੇ ਵਿੱਤੀ ਬੋਝ ਕਾਫ਼ੀ ਘੱਟ ਗਿਆ ਹੈ ਅਤੇ ਇਸਦੇ ਨਾਲ ਹੀ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਇਆ ਗਿਆ ਹੈ। ਹੁਣ ਤੱਕ ਸੂਬਾ ਵਾਸੀਆਂ ਨੇ ਇਸ ਯੋਜਨਾ ਤਹਿਤ 650 ਕਰੋੜ ਰੁਪਏ ਤੋਂ ਵੱਧ ਦਾ ਮੁਫਤ ਇਲਾਜ ਪ੍ਰਾਪਤ ਕੀਤਾ ਹੈ।”

ਅੱਜ ਮੋਹਾਲੀ ਵਿਖੇ ਮੈਗਾ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਵੇਂ ਹੀ ਆਗੂਆਂ ਦੀਆਂ ਗੱਡੀਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘੀਆਂ ਸੂਬਾ ਵਾਸੀ ਰਸਤਿਆਂ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ, ਬਾਲਕੋਨੀਆਂ ਤੋਂ ਫੁੱਲਾਂ ਦੀ ਵਰਖਾ ਕਰਦਿਆਂ ਉਤਸ਼ਾਹ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਪਾਰਟੀ ਦੇ ਝੰਡੇ ਲਹਿਰਾਏ, ਜਿਸ ਨਾਲ ਰੋਡ ਸ਼ੋਅ ਜਨਤਾ ਦੇ ਸਮਰਥਨ ਦੇ ਜਸ਼ਨ ਵਿੱਚ ਤਬਦੀਲ ਹੋ ਗਿਆ।

ਇਸ ਮੌਕੇ ਸੀਨੀਅਰ ਆਪ ਨੇਤਾ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ, ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਕਈ ਹੋਰ ਆਗੂ ਮੌਜੂਦ ਸਨ।

Category : Big Breaking