Breaking News
ਬੇਅਦਬੀ ਖਿਲਾਫ ਸੋਧ ਐਕਟ ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ

ਚੰਡੀਗੜ੍ਹ, 22 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਨੂੰ ਰੋਕਣ ਲਈ ਬਣਾਏ ਗਏ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਜਲੰਧਰ ਦੇ ਰਹਿਣ ਵਾਲੇ ਵਿਅਕਤੀ ਸਿਮਰਨਜੀਤ ਸਿੰਘ ਵੱਲੋਂ ਹਾਈਕੋਰਟ ਵਿੱਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਐਕਟ ’ਚ ਦੇਸ਼ ਦੇ ਧਰਮ ਨਿਰਪੱਖ ਸਿਧਾਂਤ ਦੀ ਉਲੰਘਣਾ ਕੀਤੀ ਗਈ ਹੈ।

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਐਕਟ ਵਿੱਚ ਸੋਧ ਕਰਕੇ, ਇਹ ਹੁਣ ਉਮਰ ਕੈਦ ਕੀਤੀ ਗਈ ਹੈ। ਉਮਰ ਕੈਦ ਬੀਐਨਐਸ ਧਾਰਾ ਦੇ ਅਧੀਨ ਆਉਂਦੀ ਹੈ, ਇਸ ਲਈ, ਇਸ ਐਕਟ ਲਈ ਰਾਸ਼ਟਰਪਤੀ ਦੀ ਪ੍ਰਵਾਨਗੀ ਦੀ ਲੋੜ ਸੀ। ਹਾਲਾਂਕਿ, ਪੰਜਾਬ ਸਰਕਾਰ ਨੇ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਇਸ ਸੋਧ ਨੂੰ ਸੂਚਿਤ ਕੀਤਾ, ਜੋ ਕਿ ਗਲਤ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 13 ਅਪ੍ਰੈਲ ਨੂੰ ਵਿਸਾਖੀ ਮੌਕੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਸੋਧ ਬਿੱਲ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਵੱਲੋਂ ਇਸ ਬਿੱਲ ਉਤੇ ਦਸਤਖਤ ਕੀਤੇ ਗਏ ਸਨ। ਰਾਜਪਾਲ ਦੇ ਦਸਤਖਤਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।

ਗੈਸ ਸਿਲੰਡਰਾਂ ਦੀ ਬੁਕਿੰਗ ’ਚ ਹੋ ਰਹੀ ਦੇਰੀ ‘ਤੇ ਹਾਈਕੋਰਟ ਸਖਤ, ਕੇਂਦਰ ਸਰਕਾਰ ਨੂੰ ਨੋਟਿਸ ਜਾਰੀ

ਚੰਡੀਗੜ੍ਹ, 22 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਗੈਸ ਸਿਲੰਡਰਾਂ ਦੀ ਸਹੀ ਸਮੇਂ ਬੁਕਿੰਗ ਨਾ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤੀ ਦਿਖਾਈ ਹੈ। ਹਾਈਕੋਰਟ ਵੱਲ਼ ਗੈਸ ਸਿਲੰਡਰ ਦੀ ਬੁਕਿੰਗ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਐਡਵੋਕੇਟ ਭਗਤ ਸਿੰਘ ਘੁੰਮਣ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਜਵਾਬ ਵਿੱਚ ਜਾਰੀ ਕੀਤਾ ਗਿਆ ਸੀ। ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਕਿ ਭਾਵੇਂ ਉਹ ਸ਼ਹਿਰੀ ਖੇਤਰ ਵਿੱਚ ਰਹਿੰਦਾ ਹੈ, ਪਰ ਉਸਦਾ ਗੈਸ ਕਨੈਕਸ਼ਨ ਇੱਕ ਪੇਂਡੂ ਏਜੰਸੀ ਨਾਲ ਜੁੜਿਆ ਹੋਇਆ ਹੈ। ਮੌਜੂਦਾ ਨਿਯਮਾਂ ਦੇ ਕਾਰਨ ਉਹ 25 ਦਿਨ ਬੀਤਣ ਤੋਂ ਬਾਅਦ ਵੀ ਨਵਾਂ ਸਿਲੰਡਰ ਬੁੱਕ ਕਰਨ ਵਿੱਚ ਅਸਮਰੱਥ ਹੈ। ਜਿਸ ਦੇ ਨਤੀਜੇ ਵਜੋਂ, ਪਿਛਲੇ 10 ਦਿਨਾਂ ਤੋਂ ਉਸਦੇ ਘਰ ਵਿੱਚ ਖਾਣਾ ਨਹੀਂ ਪੱਕਿਆ ਹੈ। ਇਹ ਮਾਮਲਾ ਮੋਹਾਲੀ ਜ਼ਿਲ੍ਹੇ ਦੇ ਨਵਾਂਗਾਓਂ ਨਗਰ ਪ੍ਰੀਸ਼ਦ ਖੇਤਰ ਨਾਲ ਸਬੰਧਤ ਹੈ।

ਹਾਲਾਂਕਿ ਇਸ ਇਲਾਕੇ ਨੂੰ ਨਗਰ ਪ੍ਰੀਸ਼ਦ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸ਼ਹਿਰੀ ਖੇਤਰ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਪਰ ਸਥਾਨਕ ਗੈਸ ਏਜੰਸੀ – ਹੇਮਕੁੰਡ ਸਾਹਿਬ ਪੇਂਡੂ ਗੈਸ ਵਿਤਰਕ – ਪੇਂਡੂ ਸ਼੍ਰੇਣੀ ਦੇ ਅਧੀਨ ਕੰਮ ਕਰ ਰਹੀ ਹੈ। ਇਹੀ ਕਾਰਨ ਹੈ ਕਿ ਵਸਨੀਕਾਂ ਨੂੰ ਸਿਲੰਡਰਾਂ ਦੀ ਬੁਕਿੰਗ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਣਵਾਈ ਦੌਰਾਨ ਕੇਂਦਰ ਦੇ ਵਕੀਲ ਨੇ ਕਿਹਾ ਕਿ ਏਜੰਸੀ ਵੱਲੋਂ ਦੋ ਸਿਲੰਡਰ ਵਕੀਲ ਦੇ ਘਰ ਪਹੁੰਚਾ ਦਿੱਤੇ ਜਾਣਗੇ। ਇਸ ਉਤੇ ਪਟੀਸ਼ਨਰ ਨੇ ਇੰਤਰਾਜ ਪ੍ਰਗਟਾਇਆ ਅਤੇ ਕਿਹਾ ਇਹ ਸਿਰਫ ਉਨ੍ਹਾਂ ਦਾ ਮਾਮਲਾ ਨਹੀਂ ਹੈ, ਸਗੋਂ ਸਾਰੇ ਇਲਾਕੇ ਦੇ ਲੋਕ ਇਸ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਮਿਡ ਡੇ ਮੀਲ ਨਾਲ ਜੁੜੇ ਬੱਚਿਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਕਿਉਂਕਿ ਸਿਲੰਡਰ ਸਮੇਂ ਉਤੇ ਨਹੀਂ ਮਿਲ ਰਿਹੇ। ਹਾਈਕੋਰਟ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਮਈ ਨੂੰ ਹੋਣੀ ਹੈ।

ਅੱਜ ਤੋਂ ਸੂਬੇ ਦੇ ਕਈ ਸ਼ਹਿਰਾਂ ’ਚ ਲੱਗਣਗੇ ਵੱਡੇ ਵੱਡੇ ਬਿਜਲੀ ਕੱਟ

ਚੰਡੀਗੜ੍ਹ, 22 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਉਤਰੀ ਭਾਰਤ ਵਿੱਚ ਦਿਨੋਂ ਦਿਨ ਗਰਮੀ ਵਧਦੀ ਜਾ ਰਹੀ ਹੈ। ਇਸ ਦੌਰਾਨ ਬਿਜਲੀ ਦੀ ਮੰਗ ਵੀ ਵਧਦੀ ਜਾ ਰਹੀ ਹੈ। ਪ੍ਰੰਤੂ ਇਸ ਦੌਰਾਨ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਬਿਜਲੀ ਦੇ ਢਾਂਚੇ ਦੀ ਮੁਰੰਮਤ ਅਤੇ ਅਧੁਨਿਕਤਾ ਦੇ ਕੰਮਾਂ ਕਾਰਨ ਹੁਣ ਕਈ ਦਿਨ ਵੱਡੇ ਵੱਡੇ ਕੱਟ ਲੱਗਣਗੇ। PSPCL ਵੱਲੋਂ ਇਸ ਸਬੰਧੀ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ। ਜਾਰੀ ਨੋਟਿਸ ਮੁਤਾਬਕ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਸਮੇਤ ਕਈ ਸ਼ਹਿਰਾਂ ਵਿੱਚ ਵਧੇਰੇ ਬਿਜਲੀ ਕੱਟ ਲੱਗਣਗੇ।

22 ਅਪ੍ਰੈਲ

ਅੰਮ੍ਰਿਤਸਰ (10:00 ਵਜੇ ਤੋਂ ਸ਼ਾਮ 4:00 ਵਜੇ): ਹਰੀਪੁਰਾ, ਸ਼ਾਸਤਰੀ ਨਗਰ, ਅਤੇ ਅਮਨ ਐਵੀਨਿਊ।

ਬਠਿੰਡਾ (9:00 AM ਤੋਂ 2:00 PM): ਬਲਰਾਮ ਨਗਰ, ਰਾਮ ਨਗਰ, ਅਤੇ ਸੰਜੇ ਨਗਰ।

ਮੋਹਾਲੀ: ਫੇਜ਼ 10, ਬੈਂਕ ਕਲੋਨੀ (10:00 AM ਤੋਂ 2:00 PM); ਮੋਹਿਨਕਲਨ, ਲੌਜਿਸਟਿਕਸ (10:00 ਵਜੇ ਤੋਂ ਸ਼ਾਮ 6:00 ਵਜੇ ਤੱਕ)।

ਲੁਧਿਆਣਾ (10:00 ਵਜੇ ਤੋਂ ਸ਼ਾਮ 5:00 ਵਜੇ): ਸ਼ਿਵਾਜੀ ਨਗਰ, ਜਨਕਪੁਰੀ, ਉਦਯੋਗਿਕ ਖੇਤਰ-ਏ, ਅਤੇ ਚੀਮਾ ਚੌਕ।

ਜਲੰਧਰ: ਗਰੋਵਰ ਕਲੋਨੀ, ਏਕਤਾ ਵਿਹਾਰ, 120 ਫੁੱਟ ਰੋਡ, ਰੋਜ਼ ਪਾਰਕ, ​​ਢੋਂਗਰੀ ਪਿੰਡ, ਸਿਕੰਦਰਪੁਰ ਪਿੰਡ, ਲੇਸਾਰੀਵਾਲ ਪਿੰਡ, ਜਗਰਾਵਾ ਪਿੰਡ, ਮਹਿਮਦਪੁਰ ਪਿੰਡ, ਮਧਰ ਪਿੰਡ, ਮੁਰਾਦਪੁਰ ਪਿੰਡ, ਜਮੀਲ ਨਗਰ, ਉਪਕਾਰ ਨਗਰ, ਲਾਂਬਾ ਪਿੰਡ, ਖੰਬਰਾਂ, ਐਲਡੇਕੋ ਗ੍ਰੀਨ, ਸਤਨਾਮ ਹਸਪਤਾਲ, ਆਬਾਦੀ ਧਰਮਪੁਰਾ, ਆਲੂ ਫਾਰਮ, ਬਸੰਤ ਵਿਹਾਰ, ਮਾਨ ਮੈਡੀਸਿਟੀ ਹਸਪਤਾਲ, ਜਲੰਧਰ ਐਨਕਲੇਵ, ਕ੍ਰਿਸ਼ਨਾ ਕਲੋਨੀ, ਆਰਸੀਐਫ ਕਲੋਨੀ, ਗਲੇਨਮੋਰ ਗ੍ਰੀਨ ਫਾਰਮ, ਖੰਬਰਾਂ ਚਰਚ, ਮਾਡਲ ਟਾਊਨ, ਗੋਲ ਮਾਰਕੀਟ ਅਤੇ ਲਾਡੋਵਾਲੀ ਰੋਡ ਦੇ ਖੇਤਰਾਂ ਵਿੱਚ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

23 ਅਪ੍ਰੈਲ

ਲੁਧਿਆਣਾ (10:00 AM ਤੋਂ 2:00 PM): ਆਲਮਗੀਰ, ਬਸੰਤ ਐਵੀਨਿਊ, ਸ਼ਿਮਲਾ ਕਲੋਨੀ, ਅਤੇ ਬਸਤੀ ਜੋਧੇਵਾਲ।

ਜ਼ੀਰਕਪੁਰ (9:30 AM ਤੋਂ 5:30 PM): ਗੁਰਦੇਵ ਨਗਰ, ਪਟਿਆਲਾ ਰੋਡ, ਅਤੇ ਚੰਡੀਗੜ੍ਹ ਰੋਡ।

ਪਟਿਆਲਾ (10:00 ਵਜੇ ਤੋਂ ਸ਼ਾਮ 6:00 ਵਜੇ): ਤੇਜ ਬਾਗ ਕਲੋਨੀ, ਤ੍ਰਿਪੜੀ, ਅਤੇ ਮਾਲਵਾ ਕਲੋਨੀ।

ਬਠਿੰਡਾ (10:00 AM ਤੋਂ 3:00 PM): ਟਰਾਂਸਪੋਰਟ ਨਗਰ, ਅਰਜੁਨ ਨਗਰ, ਅਤੇ ਗੋਪਾਲ ਨਗਰ।

ਜਲੰਧਰ : ਦੀਪਨਗਰ, ਮਹਿੰਗਾ ਸਿੰਘ ਕਲੋਨੀ, ਗੁਰੂ ਤੇਗ ਬਹਾਦਰ ਏਰੀਆ, ਪੀਏਪੀ ਕੁਆਰਟਰਜ਼, ਅਮਨ ਗਾਰਡਨ, ਕਮਲ ਪਾਰਕ, ​​ਨਿਊ ਗੋਵਿੰਦ ਨਗਰ, ਗਿੱਲ ਕਲੋਨੀ, ਪ੍ਰਕਾਸ਼ ਐਨਕਲੇਵ, ਆਰਮੀ ਐਨਕਲੇਵ, ਸਿਲਵਰ ਰੈਜ਼ੀਡੈਂਸੀ, ਰੈਡ ਰੋਜ਼ੇਵਾਲਾ, ਮੋਹਲਵਾਲਾ, ਮੋਹਲਵਾਲਾ 2 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਨਕਲੇਵ ਫੇਜ਼-3, ਮਲਕੋ ਗੇਟ, ਅਬਾਦੀ ਧਰਮਪੁਰਾ, ਐਲਡੇਕੋ ਗ੍ਰੀਨ, ਖੁਰਲਾ ਕਿੰਗਰਾਂ, ਰਾਮੇਸ਼ਵਰ ਕਲੋਨੀ, ਗੁਰੂ ਰਵਿਦਾਸ ਮਾਰਕੀਟ, ਅਬਾਦਪੁਰਾ, ਨਾਰੀ ਨਿਕੇਤਨ, ਖਾਲਸਾ ਸਕੂਲ ਮਾਰਕੀਟ, ਜੰਡੂ ਸਿੰਘਾ ਮਾਰਕੀਟ।

24 ਅਪ੍ਰੈਲ

ਲੁਧਿਆਣਾ (ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ): ਸੁਭਾਸ਼ ਨਗਰ, ਰਾਹੋਂ ਰੋਡ, ਰਾਜਗੜ੍ਹ ਅਸਟੇਟ, ਅਤੇ ਹੀਰੋ ਹੋਮਜ਼।

ਅੰਮ੍ਰਿਤਸਰ (ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ): ਜੀਟੀ ਰੋਡ, ਮਜੀਠਾ ਰੋਡ, ਅਤੇ ਪਿੰਕ ਐਵੇਨਿਊ।

ਪਟਿਆਲਾ (ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ): ਅੱਪਰ ਮਾਲ ਰੋਡ, ਯਾਦਵਿੰਦਰਾ ਕਲੋਨੀ, ਅਤੇ ਚਿਲਡਰਨ ਮੈਮੋਰੀਅਲ ਚੌਕ।

ਬਠਿੰਡਾ: ਡੱਬਵਾਲੀ ਰੋਡ ਇੰਡਸਟਰੀਅਲ ਏਰੀਆ ਅਤੇ ਜੋਧਪੁਰ ਪਿੰਡ।

ਜਲੰਧਰ : ਸੋਫੀਪਿੰਡ, ਰਿਹਾਇਸ਼ੀ ਇਲਾਕਾ, ਜੇਪੀ ਨਗਰ, ਹਰਬੰਸ ਨਗਰ, ਨਿਊ ਹਰਬੰਸ ਨਗਰ, ਬਸਤੀ ਮਿੱਠੂ ਰੋਡ, ਚੋਪੜਾ ਕਲੋਨੀ, ਗੁਰੂ ਨਾਨਕ ਨਗਰ, ਲਸੂੜੀ ਮੁਹੱਲਾ, ਅੰਬੇਡਕਰ ਨਗਰ, ਬਾਦਸ਼ਾਹਪੁਰ, ਬਾਦਸ਼ਾਹਪੁਰ, ਕਲੌਨੀ, ਕਸਬਾ ਢੱਕੀ, ਵਿੱਚ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਰੈਜ਼ੀਡੈਂਸੀ ਵਿਹਾਰ, ਅਤੇ ਮਕਸੂਦਪੁਰ।

25 ਅਪ੍ਰੈਲ

ਲੁਧਿਆਣਾ (ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ): ਮੋਤੀ ਨਗਰ, ਸ਼ੇਰਪੁਰ ਅਤੇ ਇਯਾਲੀ ਖੇਤਰ।

ਅੰਮ੍ਰਿਤਸਰ (ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ): ਡਾਇਮੰਡ ਨਗਰ, ਵ੍ਹਾਈਟ ਐਵੇਨਿਊ, ਅਤੇ ਲਾਹੌਰੀ ਗੇਟ।

ਪਟਿਆਲਾ (ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ): ਮਾਡਲ ਟਾਊਨ, ਰਘੁਵੀਰ ਨਗਰ, ਅਤੇ ਗੁਰੂ ਤੇਗ ਬਹਾਦਰ ਕਲੋਨੀ।

ਬਠਿੰਡਾ (ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ): ਅਜੀਤ ਰੋਡ, ਸਨਸਿਟੀ ਅਤੇ ਪਾਵਰ ਹਾਊਸ ਰੋਡ।

ਜਲੰਧਰ: ਸੈਨਿਕ ਵਿਹਾਰ, ਅਜੀਤ ਨਗਰ, ਪਿੰਡ ਬੱਲਾਂ, ਪਿੰਡ ਰਾਓਪੁਰ, ਰਸੂਲਪੁਰ, ਪਿੰਡ ਕਾਹਨਪੁਰ, ਲਾਂਬੜਾਂ, ਭਗਵਾਨਪੁਰ ਲਾਂਬੜਾਂ ਕਲੋਨੀ, ਤਾਜਪੁਰ, ਗਾਜੀ ਗੁੱਲਾ, ਸੰਤ ਨਗਰ, ਦੀਨਯਸ਼ ਨਗਰ, ਦੀਨਯਸ਼ ਨਗਰ ਉਪਦੇਸ਼ ਅਤੇ ਉਪਨਗਰ ਦੇ ਖੇਤਰਾਂ ਵਿੱਚ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

26 ਅਪ੍ਰੈਲ

ਮੁਹਾਲੀ (ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ): ਫੇਜ਼ 7 ਅਤੇ ਐਚ-ਬਲਾਕ।

ਜ਼ੀਰਕਪੁਰ (ਸਵੇਰੇ 9:30 ਵਜੇ ਤੋਂ ਸ਼ਾਮ 5:00 ਵਜੇ): ਮਾਇਆ ਮਾਡਰਨ ਸਿਟੀ ਅਤੇ ਸਿੰਘਪੁਰ।

ਲੁਧਿਆਣਾ (ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ): ਸਾਹਨੇਵਾਲ ਰੋਡ, ਜਨਤਾ ਨਗਰ, ਅਤੇ ਦੋਰਾਹਾ ਉਦਯੋਗਿਕ ਖੇਤਰ।

ਪਟਿਆਲਾ (ਦੁਪਹਿਰ 1:00 ਵਜੇ ਤੋਂ ਸ਼ਾਮ 5:00 ਵਜੇ): ਪੁਲਿਸ ਲਾਈਨਾਂ, ਕੇਂਦਰੀ ਜੇਲ੍ਹ, ਅਤੇ ਮਿੰਨੀ ਸਕੱਤਰੇਤ।

ਜਲੰਧਰ: ਅਬਾਦਪੁਰਾ, ਨਿਊ ਮਾਡਲ ਟਾਊਨ, ਜੰਡੂ ਸਿੰਘਾ ਮਾਰਕੀਟ, ਗੇਟ ਬਾਜ਼ਾਰ, ਥਪਰਾਂ ਮੁਹੱਲਾ, ਕਰਾਰ ਖਾਨ ਮੁਹੱਲਾ, ਟ੍ਰੀਟਮੈਂਟ ਪਲਾਂਟ, ਨਿਵੀਆ ਸਪੋਰਟਸ ਅਤੇ ਲੈਦਰ ਕੰਪਲੈਕਸ ਦੇ ਖੇਤਰਾਂ ਵਿੱਚ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਿਜਲੀ

ਚੰਡੀਗੜ੍ਹ ’ਚ ਸਵੇਰੇ ਸਵੇਰੇ ਹੋਇਆ ਪੁਲਿਸ ਮੁਕਾਬਲਾ

ਚੰਡੀਗੜ੍ਹ, 22 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਚੰਡੀਗੜ੍ਹ ਪੁਲਿਸ ਦੀ ਆਪਰੇਸ਼ਨ ਟੀਮ ਅਤੇ ਇਕ ਗੈਂਗਸਟਰ ਵਿਚਕਾਰ ਸਵੇਰੇ ਮੁਕਾਬਲਾ ਹੋਇਆ ਹੈ। ਹਰਿਆਣਾ ਦੇ ਗੈਂਗਸਟਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਮੁਕਾਬਲੇ ਦੌਰਾਨ ਕਰੀਬ 5 ਰਾਉਂਡ ਫਾਈਰਿੰਗ ਹੋਈ ਹੈ। ਬਦਮਾਸ ਦੀ ਪਹਿਚਾਣ ਮੁਕੇਸ਼ ਗੋਲੂ ਵਜੋਂ ਹੋਈ ਹੈ, ਜੋ ਹਰਿਆਣਾ ਦੇ ਗੋਹਾਨਾ  ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਗੈਂਗਸਟਰ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ 16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਗੈਂਗਸਟਰ ਮੁਕੇਸ਼ ਚੰਡੀਗੜ੍ਹ ਆਪਣੇ ਰਿਸ਼ਤੇਦਾਰੀ ਵਿੱਚ ਆਇਆ ਹੋਇਆ ਸੀ, ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਸੈਕਟਰ 25 ਦੇ ਰੈਲੀ ਗਰਾਉਂਡ ਕੋਲ ਉਸ ਨੂੰ ਘੇਰ ਲਿਆ। ਜਦੋਂ ਮੁਲਜ਼ਮ ਨੇ ਬਚ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਉਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਬਚਾਅ ਵਜੋਂ ਗੋਲੀ ਚਲਾਈ। ਜਿਸ ਵਿੱਚ ਉਹ ਜ਼ਖਮੀ ਹੋ ਗਿਆ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

22-04-2026

ਸਲੋਕ ॥

ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥

ਬੁੱਧਵਾਰ, ੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੭੦੬)

ਪੰਜਾਬੀ ਵਿਆਖਿਆ

ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ।੧। ਹੇ ਨਾਨਕ! ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ । ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ।੨। (ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ । ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ । ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ । ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ । (ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ।੩।

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੰਗਾਂ ‘ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ


ਚੰਡੀਗੜ੍ਹ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਮੁਲਾਜ਼ਮ ਅਤੇ ਵਰਕਰ ਯੂਨੀਅਨਾਂ ਦੇ ਵਫ਼ਦਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ, ਜਿੱਥੇ ਉਨ੍ਹਾਂ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਵਿਸਥਾਰ ਨਾਲ ਸੁਣਿਆ ਅਤੇ ਜਾਇਜ਼ ਮਸਲਿਆਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਮੁਲਾਜ਼ਮਾਂ ਦੀ ਭਲਾਈ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਉਨ੍ਹਾਂ ਨੇ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਵਿੱਤੀ ਪ੍ਰਵਾਨਗੀ ਦੀ ਲੋੜ ਵਾਲੇ ਮਾਮਲਿਆਂ ਵਿੱਚ ਤਜਵੀਜ਼ਾਂ ਭੇਜਣ ਦੇ ਨਿਰਦੇਸ਼ ਦਿੱਤੇ।

ਇਨ੍ਹਾਂ ਮੀਟਿੰਗਾਂ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਰਟ ਐਂਡ ਕਰਾਫਟ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਅਤੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਦੇ ਵਫ਼ਦਾਂ ਨਾਲ ਵਿਸਤ੍ਰਿਤ ਗੱਲਬਾਤ ਕੀਤੀ। ਇਸ ਤੋਂ ਇਲਾਵਾ, ਓਵਰਏਜ ਬੇਰੁਜ਼ਗਾਰ ਅਧਿਆਪਕ ਯੂਨੀਅਨ ਅਤੇ ਪੰਜਾਬ ਨੰਬਰਦਾਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਵੀ ਵਿਆਪਕ ਵਿਚਾਰ-ਵਟਾਂਦਰਾ ਕੀਤਾ। 

ਵਿੱਤ ਮੰਤਰੀ ਨੇ ਗੱਲਬਾਤ ਦੌਰਾਨ ਯੂਨੀਅਨ ਆਗੂਆਂ ਵੱਲੋਂ ਉਠਾਏ ਗਏ ਮਸਲਿਆਂ ਅਤੇ ਮੰਗਾਂ ਨੂੰ ਧੀਰਜ, ਹਮਦਰਦੀ ਅਤੇ ਪੂਰੇ ਧਿਆਨ ਨਾਲ ਸੁਣਿਆ। ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਜਾਗਰ ਕੀਤੀਆਂ ਗਈਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਫੈਸਲਾਕੁੰਨ ਪ੍ਰਸ਼ਾਸਨਿਕ ਕਦਮ ਚੁੱਕੇ। 

ਮੁਲਾਜ਼ਮਾਂ ਦੇ ਮੁੱਦਿਆਂ ਪ੍ਰਤੀ ਹਮਦਰਦੀ ਅਤੇ ਵਿਹਾਰਕ ਪਹੁੰਚ ਅਪਣਾਉਂਦਿਆਂ, ਉਨ੍ਹਾਂ ਨੇ ਸਬੰਧਤ ਪ੍ਰਸ਼ਾਸਨਿਕ ਵਿਭਾਗਾਂ ਦੇ ਅਧਿਕਾਰੀਆਂ ਨੂੰ ਯੂਨੀਅਨਾਂ ਵੱਲੋਂ ਉਠਾਈਆਂ ਗਈਆਂ ਸਾਰੀਆਂ ਜਾਇਜ਼ ਅਤੇ ਤਰਕਸੰਗਤ ਮੰਗਾਂ ਨੂੰ ਪੂਰਾ ਕਰਨ ਲਈ ਤੁਰੰਤ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ, ਜਿਨ੍ਹਾਂ ਮਾਮਲਿਆਂ ਵਿੱਚ ਵਿਸ਼ੇਸ਼ ਵਿੱਤੀ ਪ੍ਰਵਾਨਗੀਆਂ ਦੀ ਲੋੜ ਹੈ, ਉਨ੍ਹਾਂ ਲਈ ਵਿੱਤ ਮੰਤਰੀ ਨੇ ਸਬੰਧਤ ਪ੍ਰਸ਼ਾਸਨਿਕ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਵਿਚਾਰ ਅਤੇ ਮਨਜ਼ੂਰੀ ਨੂੰ ਯਕੀਨੀ ਬਣਾਉਣ ਲਈ ਵਿੱਤ ਵਿਭਾਗ ਨੂੰ ਵਿਸਤ੍ਰਿਤ ਤਜਵੀਜ਼ਾਂ ਤਿਆਰ ਕਰਕੇ ਭੇਜਣ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਯੂਨੀਅਨ ਨੁਮਾਇੰਦਿਆਂ ਨਾਲ ਸਰਗਰਮੀ ਨਾਲ ਰਾਬਤਾ ਕਾਇਮ ਕਰਕੇ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਫ਼ਤਰੀ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆ ਕੇ, ਭਗਵੰਤ ਮਾਨ ਸਰਕਾਰ ਦਾ ਉਦੇਸ਼ ਸੂਬੇ ਦੇ ਸਾਰੇ ਮੁਲਾਜ਼ਮਾਂ ਅਤੇ ਕੰਮਕਾਜੀ ਸਮੂਹਾਂ ਦੀ ਭਲਾਈ, ਵਿੱਤੀ ਸੁਰੱਖਿਆ ਅਤੇ ਪੇਸ਼ੇਵਰ ਸੰਤੁਸ਼ਟੀ ਨੂੰ ਯਕੀਨੀ ਬਣਾਉਣਾ ਹੈ।”

ਇਨ੍ਹਾਂ ਮੀਟਿੰਗਾਂ ਦੌਰਾਨ ਆਰਟ ਐਂਡ ਕਰਾਫਟ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਹਰਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ, ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਤੋਂ ਜਸਮੇਲ ਕੌਰ ਬੀਰਕਲਾਂ, ਖੁਸ਼ਪ੍ਰੀਤ ਕੌਰ ਅਤੇ ਦੇਵ ਰਾਜ ਵਰਮਾ, ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਤੋਂ ਹਰਜਿੰਦਰ ਕੌਰ, ਸਿਮਰਜੀਤ ਕੌਰ, ਮੁਕੇਸ਼ ਰਾਣੀ ਅਤੇ ਜ਼ੈਲ ਕੌਰ, ਓਵਰਏਜ ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਰਮਨ ਕੁਮਾਰ ਮਲੋਟ ਅਤੇ ਲਲਿਤਾ, ਅਤੇ ਪੰਜਾਬ ਨੰਬਰਦਾਰ ਯੂਨੀਅਨ ਤੋਂ ਗੁਰਪਾਲ ਸਿੰਘ ਸਮਰਾ, ਰਛਪਾਲ ਸਿੰਘ, ਸੁਰਜੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਨੇ ਆਪਣੇ ਮਸਲੇ ਅਤੇ ਮੰਗਾਂ ਉਠਾਈਆਂ।

S.C. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਭਲਾਈ ਵਿਭਾਗ ਦੀ ਰੋਸਟਰ ਚੈਕਿੰਗ ਟੀਮ ਤਲਬ

-ਮਲਟੀਪਰਪਜ ਹੈਲਥ ਵਰਕਰਾਂ ਦੀ ਪਦਉੱਨਤੀ ਵਿੱਚ ਗੰਭੀਰ ਬੇਨਿਯਮੀਆਂ ਆਈਆਂ ਸਾਹਮਣੇ

ਚੰਡੀਗੜ੍ਹ, 21 ਅਪ੍ਰੈਲ:

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰ (ਮੇਲ) ਕੇਡਰ ਦੀ ਸ਼ਿਕਾਇਤ ’ ਤੇ ਸਖ਼ਤ ਕਾਰਵਾਈਆਂ ਕਰਦਿਆਂ 29 ਅਪ੍ਰੈਲ ਨੂੰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਵਿਭਾਗ ਦੀ ਰੋਸਟਰ ਚੈਕਿੰਗ ਟੀਮ ਨੰਬਰ -22 ਨੂੰ ਐਸ.ਸੀ. ਕਮਿਸ਼ਨ ਦਫਤਰ ਵਿਖੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।

ਸ਼ਿਕਾਇਤ ਤੇ ਕਾਰਵਾਈ ਕਰਦਿਆਂ ਐਸ.ਸੀ. ਕਮਿਸ਼ਨ ਚੇਅਰਮੈਨ ਨੇ ਪਹਿਲਾਂ ਸਬੰਧਤ ਵਿਭਾਗ ਤੋਂ ਪਿਛਲੇ 15 ਸਾਲਾਂ ਦੌਰਾਨ ਮਲਟੀਪਰਪਜ਼ ਹੈਲਥ ਵਰਕਰ (ਮੇਲ)ਤੋਂ ਮਲਟੀਪਰਪਜ ਹੈਲਥ ਵਰਕਰ ਸੁਪਰਵਾਈਜ਼ਰ (ਮੇਲ) ਵਜੋਂ ਹੋਈਆਂ ਤਰੱਕੀਆਂ ਦੇ ਰਿਕਾਰਡ ਦੀ ਪੜਤਾਲ ਕਰਨ ਲਈ ਰੋਸਟਰ ਚੈਕਿੰਗ ਟੀਮ ਵੱਲੋਂ ਵੈਰੀਫਾਈ ਕੀਤੇ ਰੋਸਟਰ ਰਜਿਸਟਰ ਦੀ ਮੰਗ ਕੀਤੀ ਸੀ । ਸਬੰਧਤ ਵਿਭਾਗ ਦੇ ਦਫਤਰੀ ਅਮਲੇ ਨੇ ਪਿਛਲੇ ਸਾਲ 21 ਨਵੰਬਰ 2025 ਨੂੰ ਭਲਾਈ ਵਿਭਾਗ ਦੀ ਰੋਸਟਰ ਚੈਕਿੰਗ ਟੀਮ ਨੰਬਰ 22 ਤੋਂ ਪਿਛਲੇ 12 ਸਾਲਾਂ ਦਾ ਪੜਤਾਲਿਆ ਰਿਕਾਰਡ ਐਸ.ਸੀ.ਕਮਿਸ਼ਨ ਦੇ ਦਫਤਰ ਵਿਖੇ 27 ਨਵੰਬਰ ਨੂੰ ਪੇਸ਼ ਕੀਤਾ ਸੀ।

ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਪੇਸ਼ ਕੀਤੇ ਰਿਕਾਰਡ ਵਿੱਚ ਰਾਖਵਾਂਕਰਨ ਨੀਤੀ ਨੂੰ ਬਿਲਕੁਲ ਵੀ ਲਾਗੂ ਨਹੀਂ ਕੀਤਾ ਗਿਆ ਸੀ। ਚੇਅਰਮੈਨ ਗੜ੍ਹੀ ਵੱਲੋਂ ਇਸ ਰਿਕਾਰਡ ਨੂੰ ਰੋਸਟਰ ਮਾਹਿਰਾਂ ਤੋਂ ਚੈੱਕ ਕਰਵਾਉਣ ਉਪਰੰਤ ਪਾਇਆ ਗਿਆ ਕਿ ਪੇਸ਼ ਰਿਕਾਰਡ ਵਿੱਚ 1 ਅੰਗਹੀਣ ਅਤੇ 8 ਆਮ ਵਰਗ ਦੇ ਕਰਮਚਾਰੀ ਕਰਮਚਾਰੀਆਂ ਨੂੰ ਅਨੁਸੂਚਿਤ ਜਾਤੀ ਕਰਮਚਾਰੀਆਂ ਦੇ ਤੌਰ ’ਤੇ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਤਰੱਕੀ ਪ੍ਰਾਪਤ ਕਰਨ ਵਾਲੇ 19 ਆਮ ਵਰਗ ਦੇ ਕਰਮਚਾਰੀਆਂ ਨਾਲ ਸਬੰਧਤ ਵੇਰਵੇ ਵੀ ਰਿਕਾਰਡ ਵਿੱਚੋਂ ਗਾਇਬ ਹਨ।

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਪੇਸ਼ ਰਿਕਾਰਡ ਵਿੱਚ ਕੁੱਲ 374 ਕਰਮਚਾਰੀਆਂ ਦੀਆਂ ਤਰੱਕੀਆਂ ਵਿੱਚ ਐਸ.ਸੀ. ਕਰਮਚਾਰੀਆਂ ਲਈ 20 ਫੀਸਦ ਰਾਖਵੇਂਕਰਨ ਤਹਿਤ 75 ਆਸਾਮੀਆਂ ਦਰਸਾਈਆਂ ਗਈਆਂ ਹਨ। ਪਰ ਇਨ੍ਹਾਂ ਵਿਚੋਂ 69 ਰਾਖਵੀਆਂ ਆਸਾਮੀਆਂ ’ਤੇ ਆਮ ਵਰਗ ਦੇ ਕਰਮਚਾਰੀ ਪਾਏ ਗਏ, ਜੋ ਨਿਯਮਾਂ ਨੂੰ ਛਿੱਕੇ ਟੰਗੇ ਜਾਣ ਦਾ ਪ੍ਰਤੱਖ ਪ੍ਰਮਾਣ ਹੈ ।

ਚੇਅਰਮੈਨ ਗੜੀ ਨੇ ਸਬੰਧਤ ਵਿਭਾਗ ਦੇ ਰਿਕਾਰਡ ਦੀ ਜਾਂਚ ਕਰਦਿਆਂ ਪਾਇਆ ਕਿ ਐਸ.ਸੀ. ਵਰਗ ਦੇ ਕਰਮਚਾਰੀਆਂ ਲਈ ਤਰੱਕੀਆਂ ਵਿੱਚ 20 ਫੀਸਦ ਰਾਖਵੇਂਕਰਨ ਦੀ ਰਿਜ਼ਰਵੇਸ਼ਨ ਨੀਤੀ ਦੇ ਨਾਲ-ਨਾਲ ਸੀਨੀਆਰਤਾ-ਕਮ-ਮੈਰਿਟ ਵਿੱਚ ਵੀ ਘੋਰ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੇਂ-ਸਮੇਂ ’ਤੇ ਮਾਨਯੋਗ ਅਦਾਲਤਾਂ ਵੱਲੋਂ ਦਿੱਤੇ ਫ਼ੈਸਲਿਆਂ, ਭਲਾਈ ਵਿਭਾਗ ਦੇ ਜਾਰੀ ਪੱਤਰਾਂ ਅਤੇ ਰਿਜ਼ਰਵੇਸ਼ਨ ਐਕਟ 2006 ਤੇ 2018 ਨੂੰ ਵੀ ਦਰ-ਕਿਨਾਰ ਕੀਤਾ ਗਿਆ ।

ਇਨ੍ਹਾਂ ਬੇਨਿਯਮੀਆਂ ਦਾ ਨੋਟਿਸ ਲੈਂਦਿਆਂ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ 29 ਅਪ੍ਰੈਲ ਨੂੰ ਰੋਸਟਰ ਚੈਕਿੰਗ ਟੀਮ ਨੰਬਰ -22 ਦੇ ਵਿਸ਼ਵਾ ਨਾਥ ( ਸੁਪਰਡੈਂਟ) , ਰੇਸ਼ਮ ਸਿੰਘ ( ਸੁਪਰਡੈਂਟ) , ਗਗਨਦੀਪ ਕੌਰ ਸੰਧੂ ( ਸੀਨੀਅਰ ਸਹਾਇਕ) ਅਤੇ ਸਿਹਤ ਵਿਭਾਗ ਦੇ ਤੋਸ਼ਪਿੰਦਰ ਸਿੰਘ ( ਸੁਪਰਡੈਂਟ ) ਨੂੰ ਨਿੱਜੀ ਤੌਰ ’ਤੇ ਕਮਿਸ਼ਨ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਵੀ ਮੌਜੂਦ ਰਹਿਣ ਦੇ ਹੁਕਮ ਦਿੱਤੇ ਗਏ ਹਨ।

ਐਸ.ਸੀ. ਕਮਿਸ਼ਨ, ਪੰਜਾਬ ਦੇ ਚੇਅਰਮੈਨ ਗੜ੍ਹੀ ਸਾਹਿਬ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ,‘‘ਪੰਜਾਬ ਦੇ ਵਿਭਾਗਾਂ ਵਿੱਚ ਸੰਵਿਧਾਨਿਕ ਹੱਕਾਂ ਨਾਲ ਕਿਸੇ ਤਰ੍ਹਾਂ ਦੀਆਂ ਵੀ ਬੇਨਿਯਮੀਆਂ ਜਾਂ ਧੱਕੇਸ਼ਾਹੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ । ਐਸ.ਸੀ. ਵਰਗ ਦੇ ਕਰਮਚਾਰੀਆਂ ਦੇ ਸੰਵਿਧਾਨਿਕ ਹੱਕਾਂ ਨੂੰ ਢਾਹ ਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤਰ੍ਹਾਂ ਦੀਆਂ ਕੁਤਾਹੀਆਂ ਕਰਨ ਵਾਲੇ ਅਧਿਕਾਰੀਆਂ / ਕਰਮਚਾਰੀਆਂ ਖਿਲਾਫ ਐਸ.ਸੀ./ ਐਸ.ਟੀ. ਅੱਤਿਆਚਾਰ ਰੋਕੂ ਐਕਟ 1989 ਅਤੇ ਪ੍ਰਮੁੱਖ ਸਕੱਤਰ ਪੰਜਾਬ ਜੀ ਦੇ 9 ਜੁਲਾਈ, 2009 ਦੇ ਪੱਤਰ ਅਨੁਸਾਰ ਕਾਰਵਾਈ ਕੀਤੀ ਜਾਵੇਗੀ।’’

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਲਾਈ ਵਿਭਾਗ ਦੀ ਡਾਇਰੈਕਟਰ ਨੂੰ ਪਿਛਲੇਰੀ ਫੁੱਲ ਕਮਿਸ਼ਨ ਮੀਟਿੰਗ ਦੌਰਾਨ, ਰੋਸਟਰ ਰਜਿਸਟਰ ਕਮੇਟੀਆਂ ਨੂੰ ਵਿਭਾਗ ਵਲੋਂ ਕਾਨੂੰਨੀ ਪੱਖਾਂ ਲਈ ਅਪਡੇਟਡ ਵਰਕਸ਼ਾਪ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਸਨ, ਇਹਨਾਂ ਨਿਰਦੇਸ਼ਾਂ ਦੀ ਪਾਲਣਾ ਬਾਰੇ ਸਮੀਖਿਆ ਵੀ ਕੀਤੀ ਜਾਵੇਗੀ।

ਹੁਣ ਕਿਸਾਨ ਆਪਣੇ ਸਾਰੇ ਜੇ-ਫਾਰਮ ਇੱਕੋਂ ਪਲੇਟਫਾਰਮ ਤੋਂ ਪ੍ਰਾਪਤ ਕਰ ਸਕਣਗੇ

ਐਸ.ਏ.ਐਸ. ਨਗਰ (ਮੋਹਾਲੀ), 21 ਅਪ੍ਰੈਲ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਪਾਰਦਰਸ਼ਤਾ ਅਤੇ ਡਿਜੀਟਲਾਈਜ਼ੇਸ਼ਨ ਲਿਆਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹੋਇਆ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਇੱਕ ਅਹਿਮ ਮੋਬਾਈਲ ਐਪਲੀਕੇਸ਼ਨ `ਪੀਐਮਬੀ ਕੁਨੈਕਟ´ ਲਾਂਚ ਕੀਤੀ ਗਈ। ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਆਯੋਜਿਤ ਸਮਾਗਮ ਦੌਰਾਨ ਇਸ ਐਪ ਨੂੰ ਲਾਂਚ ਕਰਦਿਆਂ ਸ. ਬਰਸਟ ਨੇ ਕਿਹਾ ਕਿ ਇਹ ਕਦਮ ਮੰਡੀ ਪ੍ਰਣਾਲੀ ਨੂੰ ਡਿਜੀਟਲਾਈਜ਼ ਕਰਨ ਅਤੇ ਹੋਰ ਸੁਖਾਲੀ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਐਪ ਰਾਹੀਂ ਖੇਤੀਬਾੜੀ ਸੈਕਟਰ ਨਾਲ ਜੁੜੇ ਸਾਰੇ ਸਟੇਕ ਹੋਲਡਰਾਂ, ਖਾਸ ਕਰਕੇ ਕਿਸਾਨਾਂ ਅਤੇ ਲਾਇਸੰਸ ਧਾਰਕਾਂ ਨੂੰ ਇੱਕੋ ਪਲੇਟਫਾਰਮ ‘ਤੇ ਸਾਰੀ ਜਾਣਕਾਰੀ ਉਪਲਬਧ ਹੋਵੇਗੀ। ਇਸ ਮੌਕੇ ਤੇ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਇਹੀ ਯਤਨ ਹਨ ਕਿ ਕਿਸਾਨਾਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਪੀਐਮਬੀ ਕੁਨੈਕਟ ਮੋਬਾਇਲ ਐਪ ਇਸ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਹ ਐਪ ਸਿਰਫ਼ ਇੱਕ ਕਲਿੱਕ ਰਾਹੀਂ ਕਿਸਾਨਾਂ, ਲਾਇਸੰਸ ਧਾਰਕਾਂ, ਮਾਰਕੀਟ ਕਮੇਟੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਨਲਾਈਨ ਸੇਵਾਵਾਂ ਨਾਲ ਜੋੜੇਗੀ।

ਉਨ੍ਹਾਂ ਦੱਸਿਆ ਕਿ ਇਸ ਐਪ ਦੀ ਸਭ ਤੋਂ ਵੱਡੀ ਖ਼ਾਸੀਅਤ ਕਿਸਾਨਾਂ ਨੂੰ ਮਿਲਣ ਵਾਲੀ ਸਹੂਲਤ ਹੈ। ਹੁਣ ਕਿਸਾਨ ਆਪਣੇ ਸਾਰੇ ਜੇ-ਫਾਰਮ ਇੱਕੋ ਥਾਂ ‘ਤੇ ਪ੍ਰਾਪਤ ਕਰ ਸਕਦੇ ਹਨ। ਉਹ ਇਨ੍ਹਾਂ ਨੂੰ ਵੇਖ ਸਕਦੇ ਹਨ, ਡਾਊਨਲੋਡ ਕਰ ਸਕਦੇ ਹਨ ਅਤੇ ਲੋੜ ਪੈਣ ‘ਤੇ ਸਾਂਝਾ ਵੀ ਕਰ ਸਕਦੇ ਹਨ। ਇਸ ਸਹੂਲਤ ਨਾਲ ਕਿਸਾਨਾਂ ਦੀ ਲਾਇਸੰਸ ਧਾਰਕਾਂ ਅਤੇ ਸਰਕਾਰੀ ਦਫ਼ਤਰਾਂ ‘ਤੇ ਨਿਰਭਰਤਾ ਘਟੇਗੀ, ਕਿਉਂਕਿ ਉਨ੍ਹਾਂ ਕੋਲ ਆਪਣੇ ਸਾਰੇ ਰਿਕਾਰਡ ਮੋਬਾਈਲ ‘ਤੇ ਉਪਲਬਧ ਹੋਣਗੇ। ਇਸ ਤੋਂ ਇਲਾਵਾ ਲਾਇਸੰਸ ਧਾਰਕਾਂ ਲਈ ਇਹ ਐਪ ਉਨ੍ਹਾਂ ਦੇ ਕਾਰੋਬਾਰ ਨੂੰ ਸੁਖਾਲਾ ਬਣਾਏਗੀ। ਉਹ ਆਪਣੇ ਲਾਇਸੰਸ ਦੀ ਮਿਆਦ, ਨਵੀਨੀਕਰਨ ਅਤੇ ਹੋਰ ਸਬੰਧਤ ਜਾਣਕਾਰੀ ਇੱਕ ਕਲਿੱਕ ਨਾਲ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਇਹ ਐਪ ਅਧਿਕਾਰੀ ਅਤੇ ਕਰਮਚਾਰੀ ਲਈ ਵੀ ਬਹੁਤ ਲਾਹੇਵੰਦ ਹੈ। ਸੂਬੇ ਦੀਆਂ ਸਰਹੱਦਾਂ ‘ਤੇ ਫਸਲ ਦੀ ਆਮਦ ਦੀ ਜਾਂਚ ਦੌਰਾਨ ਇਹ ਐਪ ਬਹੁਤ ਹੀ ਅਹਿਮ ਭੂਮਿਕਾ ਨਿਭਾਏਗੀ। ਮੰਡੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਐਪ ਰਾਹੀਂ ਲਾਇਸੰਸੀਧਾਰਕ ਦੀ ਜਾਣਕਾਰੀ ਤੁਰੰਤ ਚੈੱਕ ਕਰ ਸਕਦੇ ਹਨ। ਮੰਡੀ ਬੋਰਡ ਦਾ ਫੀਲਡ ਸਟਾਫ ਜੋ ਰੋਜਾਨਾ ਮੰਡੀ ਵਿੱਚ ਫਸਲ ਦੀ ਆਮਦ, ਖਰੀਦ ਅਤੇ ਚੁਕਾਈ ਦੀ ਰਿਪੋਰਟ ਕਰਦੇ ਹਨ, ਉਹ ਵੀ ਹੁਣ ਕਿਸੇ ਵੀ ਥਾਂ ਤੇ ਬੈਠ ਕੇ ਆਪਣੀ ਰਿਪੋਰਟ ਭੇਜ ਸਕਦੇ ਹਨ, ਇਸ ਨਾਲ ਡਾਟਾ ਪ੍ਰੋਸੈਸਿੰਗ ਤੇਜ਼ ਹੋਵੇਗਾ ਅਤੇ ਮੁੱਖ ਦਫ਼ਤਰ ਤੱਕ ਸਮੇਂ ਸਿਰ ਜਾਣਕਾਰੀ ਪਹੁੰਚੇਗੀ।

ਸ. ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀ ਇਹ ਐਪ ਸੂਬੇ ਵਿੱਚ ਖੇਤੀਬਾੜੀ ਮੰਡੀਕਰਨ ਦੇ ਢਾਂਚੇ ਨੂੰ ਆਧੁਨਿਕ  ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਇਹ ਐਪ ਜਿੱਥੇ ਸਮੇਂ ਦੀ ਬਚਤ ਕਰੇਗੀ, ਉੱਥੇ ਹੀ ਕੰਮ ਦੀ ਗਤੀ ਨੂੰ ਵੀ ਵਧਾਏਗੀ। ਉਨ੍ਹਾਂ ਦੱਸਿਆ ਕਿ ਇਹ ਐਪ ਗੂਗਲ ਪਲੇਅ ਸਟੋਰ ਤੇ `ਪੀਐਮਬੀ ਕੁਨੈਕਟ´ (PMB Connect) ਨਾਮ ਨਾਲ ਉਪਲਬਧ ਹੈ। ਉਨ੍ਹਾਂ ਸਾਰੇ ਸਟੇਕਹੋਲਡਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਨੂੰ ਵੱਧ ਤੋਂ ਵੱਧ ਡਾਊਨਲੋਡ ਕਰਨ ਤਾਂ ਜੋ ਸਰਕਾਰੀ ਸੇਵਾਵਾਂ ਦਾ ਲਾਭ ਸਿੱਧਾ ਉਨ੍ਹਾਂ ਤੱਕ ਪਹੁੰਚ ਸਕੇ। ਇਸ ਮੌਕੇ ਜਤਿੰਦਰ ਸਿੰਘ ਭੰਗੂ ਇੰਜੀਨਿਅਰ-ਇਨ-ਚੀਫ਼, ਹਰਜੀਤ ਸਿੰਘ ਸੰਧੂ ਸੰਯੁਕਤ ਸਕੱਤਰ, ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਅਮਨਦੀਪ ਸਿੰਘ ਮੁੱਖ ਇੰਜੀਨੀਅਰ, ਮਨਿੰਦਰਜੀਤ ਸਿੰਘ ਬੇਦੀ ਡੀ.ਜੀ.ਐਮ., ਪ੍ਰੀਤ ਕੰਵਰ ਸਿੰਘ ਬਰਾੜ ਡੀ.ਜੀ.ਐਮ., ਮੁਕੇਸ਼ ਕੁਮਾਰ ਕੈਲੇ ਡੀ.ਜੀ.ਐਮ., ਅਮਨਦੀਪ ਸਿੰਘ ਸੰਧੂ ਡੀ.ਜੀ.ਐਮ., ਨਿਤਿਨ ਬਾਂਸਲ ਸਿਸਟਮ ਐਨਾਲਿਸਟ ਸਮੇਤ ਬੋਰਡ ਦੇ ਸਮੂੰਹ ਅਧਿਕਾਰੀ ਮੌਜੂਦ ਰਹੇ।

ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ

ਚੰਡੀਗੜ੍ਹ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ ਲਈ ਵਿਸ਼ਵ-ਵਿਆਪੀ ਪਹੁੰਚ ਜਾਰੀ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੇ ਆਪਸੀ ਸੰਪਰਕ ਨੂੰ ਉਤਸ਼ਾਹਿਤ ਕਰਨ ਲਈ ਹੰਭਲਾ ਜਾਰੀ ਹੈ।

ਚੇਅਰਪਰਸਨ ਮਿਸ ਐਡਿਥ ਨੋਰਡਮੈਨ ਦੀ ਅਗਵਾਈ ਵਾਲੇ ਨੀਦਰਲੈਂਡਜ਼ ਇੰਡੀਆ ਚੈਂਬਰ ਆਫ਼ ਕਾਮਰਸ ਐਂਡ ਟਰੇਡ ਨਾਲ ਰਣਨੀਤਕ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਅਤੇ ਨੀਦਰਲੈਂਡਜ਼ ਵਿਚਕਾਰ ਦੁਵੱਲੇ ਵਪਾਰਕ ਸਬੰਧਾਂ ਨੂੰ ਵਧਾਉਣ ਅਤੇ ਨਿਵੇਸ਼ ਪ੍ਰਵਾਹ ਨੂੰ ਉਤਸ਼ਾਹਿਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਵੈਲਯੂ ਐਡੀਸ਼ਨ, ਬਰਾਮਦ ਆਧਾਰਤ ਵਿਕਾਸ ਅਤੇ ਵਿਸ਼ਵ ਸਪਲਾਈ ਚੇਨਾਂ ਨਾਲ ਤਾਲਮੇਲ, ਖ਼ਾਸ ਕਰ ਕੇ ਫੂਡ ਪ੍ਰੋਸੈਸਿੰਗ ਅਤੇ ਨਿਰਮਾਣ ਵਰਗੇ ਖੇਤਰਾਂ ਵਿੱਚ ਪੰਜਾਬ ਦੇ ਰਣਨੀਤਕ ਫੋਕਸ ਨੂੰ ਵੀ ਉਜਾਗਰ ਕੀਤਾ। ਭਗਵੰਤ ਸਿੰਘ ਮਾਨ ਨੇ ਐਨ.ਆਈ.ਸੀ.ਸੀ.ਟੀ. ਨੂੰ ਪੰਜਾਬ ਨੂੰ ਹਾਲੈਂਡ ਦੇ ਉੱਦਮਾਂ ਨਾਲ ਜੋੜਨ ਅਤੇ ਸੈਕਟਰ-ਵਿਸ਼ੇਸ਼ ਰੁਝੇਵਿਆਂ ਅਤੇ ਵਪਾਰਕ ਵਫ਼ਦਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

ਇਸ ਦੌਰਾਨ ਹੇਗ ਵਿੱਚ ਨਿਵੇਸ਼ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਇਸ ਪ੍ਰੋਗਰਾਮ ਵਿੱਚ ਸੂਬੇ ਦੀਆਂ ਉਦਯੋਗਿਕ ਸ਼ਕਤੀਆਂ ਅਤੇ ਉੱਭਰ ਰਹੇ ਮੌਕਿਆਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਨੀਦਰਲੈਂਡ ਦੇ ਉਦਯੋਗਪਤੀਆਂ, ਵਪਾਰਕ ਪ੍ਰਤੀਨਿਧੀਆਂ ਅਤੇ ਭਾਈਵਾਲਾਂ ਨੇ ਭਾਗ ਲਿਆ। ਭਗਵੰਤ ਸਿੰਘ ਮਾਨ ਨੇ ਵੈਲਯੂ ਐਡਿਡ ਨਿਰਮਾਣ, ਉਦਯੋਗਿਕ ਵਿਕਾਸ ਅਤੇ ਬਰਾਮਦ ਆਧਾਰਤ ਵਿਕਾਸ ਵੱਲ ਪੰਜਾਬ ਦੀ ਤਬਦੀਲੀ `ਤੇ ਚਾਨਣਾ ਪਾਇਆ। ਉਨ੍ਹਾਂ ਨੇ ਸੂਬੇ ਦੇ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਵੀ ਪ੍ਰਦਰਸ਼ਿਤ ਕੀਤਾ, ਜਿਸ ਵਿੱਚ ਇਸ ਦਾ ਮਜ਼ਬੂਤ ਨਿਰਮਾਣ ਮਾਹੌਲ, ਹੁਨਰਮੰਦ ਕਾਰਜਬਲ, ਪ੍ਰਗਤੀਸ਼ੀਲ ਨੀਤੀਆਂ ਅਤੇ ਨਿਵੇਸ਼ਕ-ਅਨੁਕੂਲ ਸ਼ਾਸਨ ਢਾਂਚਾ ਸ਼ਾਮਲ ਹੈ।

ਮੁੱਖ ਮੰਤਰੀ ਨੇ ਪੰਜਾਬ ਅਤੇ ਨੀਦਰਲੈਂਡ ਵਿਚਕਾਰ ਮਜ਼ਬੂਤ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਤੇ ਵੀ ਜ਼ੋਰ ਦਿੱਤਾ, ਜੋ ਖੁੱਲ੍ਹੇਪਣ ਅਤੇ ਨਵੀਨਤਾ ਦੇ ਸਾਂਝੇ ਮੁੱਲਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਪ੍ਰਤੀ ਸੂਬਾ ਸਰਕਾਰ ਦੀ ਸਰਗਰਮ ਅਤੇ ਸੁਧਾਰ-ਮੁਖੀ ਪਹੁੰਚਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026 ਦੇਸ਼ ਵਿੱਚ ਸਭ ਤੋਂ ਵੱਧ ਮੁਕਾਬਲੇ ਵਾਲੀ ਨੀਤੀ ਹੈ। ਭਗਵੰਤ ਸਿੰਘ ਮਾਨ ਨੇ ਸਿੰਗਲ-ਵਿੰਡੋ ਕਲੀਅਰੈਂਸ ਅਤੇ ਸਮਾਂਬੱਧ ਪ੍ਰਵਾਨਗੀਆਂ ਨੂੰ ਯਕੀਨੀ ਬਣਾਉਣ ਵਿੱਚ ਫਾਸਟ ਟਰੈਕ ਪੰਜਾਬ ਪੋਰਟਲ ਦੀ ਪ੍ਰਭਾਵਸ਼ੀਲਤਾ ਬਾਰੇ ਵੀ ਜਾਣੂ ਕਰਵਾਇਆ।

ਮੁੱਖ ਮੰਤਰੀ ਨੇ ਪੰਜਾਬ ਅਤੇ ਨੀਦਰਲੈਂਡ ਵਿਚਕਾਰ ਸਾਂਝੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਉੱਦਮੀ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਵਿਸ਼ਵ-ਵਿਆਪੀ ਨਿਵੇਸ਼ਕਾਂ ਨੂੰ ‘ਪੰਜਾਬ ਵਿੱਚ ਆਓ, ਨਿਵੇਸ਼ ਕਰੋ ਅਤੇ ਅੱਗੇ ਵਧੋ’ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਰਣਨੀਤਕ ਫਾਇਦਿਆਂ ਨੂੰ ਵੀ ਉਜਾਗਰ ਕੀਤਾ ਅਤੇ ਨਿਰਵਿਘਨ ਨਿਵੇਸ਼ਾਂ ਨੂੰ ਆਰਾਮਦਾਇਕ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਪੰਜਾਬ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਗੁਣਵੱਤਾ ਵਾਲਾ ਬੁਨਿਆਦੀ ਢਾਂਚਾ, ਪ੍ਰਗਤੀਸ਼ੀਲ ਕਿਸਾਨ ਅਤੇ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਹੁਨਰਮੰਦ ਮਨੁੱਖੀ ਸ਼ਕਤੀ `ਤੇ ਜ਼ੋਰ ਦਿੱਤਾ। ਭਗਵੰਤ ਸਿੰਘ ਮਾਨ ਨੇ ਡੱਚ ਕੰਪਨੀਆਂ ਨੂੰ ਨਵੇਂ ਨਿਵੇਸ਼ਾਂ ਲਈ ਪੰਜਾਬ ਨੂੰ ਇਕ ਸੰਭਾਵੀ ਸਥਾਨ ਵਜੋਂ ਵਿਚਾਰਨ ਦਾ ਵੀ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਇਕ ਭਾਈਚਾਰਕ ਪ੍ਰੋਗਰਾਮ ਦੌਰਾਨ ਪਰਵਾਸੀ ਪੰਜਾਬੀਆਂ ਨਾਲ ਗੱਲਬਾਤ ਕੀਤੀ, ਜਿਸ ਨਾਲ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੇ ਆਪਸੀ ਸੰਪਰਕ ਨੂੰ ਡੂੰਘਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਸੱਭਿਆਚਾਰਕ ਅਤੇ ਆਰਥਿਕਤਾ ਰਾਹੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਨੀਦਰਲੈਂਡਜ਼ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਗੱਲਬਾਤ ਦੌਰਾਨ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦੇ ਸੁਝਾਅ ਵੀ ਮੰਗੇ ਅਤੇ ਪੰਜਾਬ ਦੀ ਵਿਕਾਸ ਯਾਤਰਾ ਵਿੱਚ ਮੁੱਖ ਭਾਈਵਾਲਾਂ ਵਜੋਂ ਪਰਵਾਸੀ ਪੰਜਾਬੀਆਂ ਨਾਲ ਜੁੜਨ ਦੀ ਸਰਕਾਰ ਦੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ।

ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਨੀਦਰਲੈਂਡਜ਼ ਵਿੱਚ ਭਾਰਤੀ ਸਫ਼ੀਰ ਕੁਮਾਰ ਤੁਹਿਨ ਅਤੇ ਹੋਰ ਵੀ ਹਾਜ਼ਰ ਸਨ।

ਵਿਜੀਲੈਂਸ ਬਿਊਰੋ ਵੱਲੋਂ 33,500 ਰੁਪਏ  ਰਿਸ਼ਵਤ ਲੈਂਦਾ ਸਹਾਇਕ ਸਬ -ਇੰਸਪੈਕਟਰ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 21 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿਜੀਲੈਂਸ ਬਿਊਰੋ  ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ  ਪੁਲਿਸ ਥਾਣਾ ਜੈਤੋ,ਜ਼ਿਲ੍ਹਾ ਫਰੀਦਕੋਟ ਵਿੱਚ ਤਾਇਨਾਤ ਸਹਾਇਕ ਸਬ- ਇੰਸਪੈਕਟਰ ਹਰਪਾਲ ਸਿੰਘ ਨੂੰ 33,500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜੈਤੋ ਤਹਿਸੀਲ ਜ਼ਿਲ੍ਹਾ ਫਰੀਦਕੋਟ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪਤੀ ਅਤੇ ਸੱਸ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਕਤ ਏਐਸਆਈ ਹਰਪਾਲ ਸਿੰਘ ਜਾਂਚ ਅਧਿਕਾਰੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਏਐਸਆਈ ਨੇ ਇਸ ਕੇਸ ਵਿੱਚ ਉਸਦੀ ਮਦਦ ਕਰਨ ਅਤੇ ਪੁਲਿਸ ਰਿਮਾਂਡ ਨਾ ਲੈਣ ਦੇ ਬਦਲੇ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।  ਸ਼ਿਕਾਇਤ ਕਰਤਾ ਵੱਲੋਂ ਬੇਨਤੀ ਕਰਨ ‘ਤੇ, ਸੌਦਾ 80,000 ਰੁਪਏ ਵਿੱਚ ਤੈਅ ਹੋ ਗਿਆ ਅਤੇ ਉਕਤ ਅਧਿਕਾਰੀ ਨੇ ਪਹਿਲੀ ਕਿਸ਼ਤ ਵਜੋਂ ਸ਼ਿਕਾਇਤਕਰਤਾ ਤੋਂ 40,000/- ਰੁਪਏ ਲੈ ਲਏ ।

ਬੁਲਾਰੇ ਨੇ ਦੱਸਿਆ ਕਿ ਫਿਰ ਦੋਸ਼ੀ ਏਐਸਆਈ ਨੇ ਸ਼ਿਕਾਇਤਕਰਤਾ ਤੋਂ 40,000/- ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸ਼ਤ ਦੀ ਵੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਸ਼ਿਕਾਇਤਕਰਤਾ ਕੋਈ ਵੀ ਗੈਰ-ਕਾਨੂੰਨੀ ਢੰਗ ਅਪਨਾਉਣ ਲਈ ਤਿਆਰ ਨਹੀਂ ਸੀ, ਇਸ ਲਈ ਉਸਨੇ  ਵਿਜੀਲੈਂਸ ਬਿਊਰੋ ਯੂਨਿਟ, ਫਰੀਦਕੋਟ ਨਾਲ ਰਾਬਤਾ ਕੀਤਾ। ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 33,500/- ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Category : Big Breaking