Breaking News
ਵਿਜੀਲੈਂਸ ਬਿਊਰੋ ਵੱਲੋਂ ਬੈਂਕ ਦੇ ਸਾਬਕਾ ਮੈਨੇਜਰ ਵਿਰੁੱਧ ਕੇਸ ਦਰਜ

ਚੰਡੀਗੜ੍ਹ, 4 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਜ਼ੀਰੋ ਟਾਲਰੈਂਸ ਪਹੁੰਚ ਦੇ ਚਲਦਿਆਂ ਵਿਜੀਲੈਂਸ ਬਿਊਰੋ ਨੇ ਪੰਜਾਬ ਗ੍ਰਾਮੀਣ ਬੈਂਕ, ਬ੍ਰਾਂਚ ਭੂਦਨ ਜ਼ਿਲ੍ਹਾ ਮਲੇਰਕੋਟਲਾ ਵਿਖੇ ਤਾਇਨਾਤ ਸਾਬਕਾ ਮੈਨੇਜਰ ਸਤੀਸ਼ ਕੁਮਾਰ ਮੀਨਾ ਵਿਰੁੱਧ ਕੇਸ ਦਰਜ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਨੰਬਰ 232/2025, ਸੰਗਰੂਰ ਦੀ ਜਾਂਚ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਦੋਸ਼ੀ ਸਾਬਕਾ ਮੈਨੇਜਰ ਸਤੀਸ਼ ਕੁਮਾਰ ਮੀਨਾ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਪੰਜਾਬ ਗ੍ਰਾਮੀਣ ਬੈਂਕ ਦੇ ਨਿਯਮਾਂ ਦੀ ਉਲੰਘਣਾ ਕੀਤੀ। ਉਸਨੇ ਧੋਖਾਧੜੀ ਨਾਲ ਸਾਲ 2023 ਜੂਨ/ਜੁਲਾਈ ਦੇ ਮਹੀਨੇ ਦੌਰਾਨ ਵੱਖ-ਵੱਖ ਤਰੀਕਾਂ ਨੂੰ ਆਪਣੇ ਬੈਂਕ ਦੇ ਮ੍ਰਿਤਕ ਪੈਨਸ਼ਨਰਾਂ ਦੇ 19 ਬੈਂਕ ਖਾਤਿਆਂ ਚੋਂ ਕੁੱਲ 9,64,600 ਰੁਪਏ ਕਢਵਾਏ।

ਇਸ ਸਬੰਧ ਵਿੱਚ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਕੇਂਦਰ ਸਰਕਾਰ ਦੀ ਅਣਗਹਿਲੀ ਕਰਕੇ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰ : ਹਰਚੰਦ ਸਿੰਘ ਬਰਸਟ

ਚੰਡੀਗੜ੍ਹ, 4 ਮਈ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਮੰਡੀਆਂ ਵਿੱਚ ਕੀਤੇ ਪੁਖਤਾ ਪ੍ਰਬੰਧਾਂ ਸਦਕਾ ਕਣਕ ਦੇ ਖਰੀਦ ਕਾਰਜ ਸੁਚਾਰੂ ਢੰਗ ਨਾਲ ਚੱਲ ਰਹੇ ਹਨ। ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 120.18 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 119.12 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾ ਰਹੀ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਆਪਣੀ ਜਿੰਮੇਵਾਰੀਆਂ ਤੋਂ ਭੱਜ ਰਹੀ ਹੈ ਅਤੇ ਫਸਲ ਚੁੱਕਵਾਉਣ ਵਿੱਚ ਅਣਗਹਿਲੀ ਵਰਤ ਰਹੀ ਹੈ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ ਫਸਲ ਦੇ ਢੇਰ ਲੱਗੇ ਹੋਏ ਹਨ ਅਤੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਰੁਲਣ ਲਈ ਮਜਬੂਰ ਹੈ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੇਂਦਰ ਸਰਕਾਰ ਦੇ ਮਤਰੇਈ ਮਾਂ ਵਾਲੇ ਸਲੂਕ ਕਰਕੇ ਹੀ ਪੰਜਾਬ ਦੀਆਂ ਮੰਡੀਆਂ ਵਿਚੋਂ ਕਣਕ ਦੀ ਚੁਕਵਾਈ ਨੂੰ ਲੈ ਕੇ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਕੇਂਦਰ ਦੀ ਮੋਦੀ ਸਰਕਾਰ ਪਹਿਲਾਂ ਹੀ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਰੋਕੀ ਬੈਠੀ ਹੈ ਅਤੇ ਹੁਣ ਫ਼ਸਲ ਨਹੀਂ ਚੁੱਕ ਰਹੀ ਹੈ। ਪੰਜਾਬ ਦੇ ਸਾਰੇ ਗੁਦਾਮ ਅਤੇ ਸ਼ੈਲਰ ਅਨਾਜ ਨਾਲ ਭਰੇ ਹੋਏ ਹਨ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਸ਼ਿਫਟ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਜਿਸ ਕਰਕੇ ਮੰਡੀਆਂ ਵਿੱਚ ਅਨਾਜ ਰੁੱਲ ਰਿਹਾ ਹੈ ਅਤੇ ਮੌਸਮ ਦੀ ਖਰਾਬੀ ਕਰਕੇ ਫਸਲ ਮੀਂਹ ਵਿੱਚ ਭਿੱਜ ਰਹੀ ਹੈ। ਜਿਸ ਨਾਲ ਸਭ ਨੂੰ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ, ਪਰ ਮੌਸਮ ਖਰਾਬ ਹੋਣ ਕਰਕੇ ਜੇਕਰ ਖਰੀਦ ਕੀਤੀ ਕਣਕ ਭਿੱਜ ਜਾਂਦੀ ਹੈ, ਤਾਂ ਉਸਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਉਨ੍ਹਾਂ ਕੇਂਦਰ ਸਰਕਾਰ ਨੂੰ ਤੁਰੰਤ ਅਨਾਜ ਚੁਕਵਾਉਣ ਦੀ ਅਪੀਲ ਕੀਤੀ, ਤਾਂ ਜੋ ਸਾਰਿਆਂ ਨੂੰ ਰਾਹਤ ਮਿਲ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ਵਿੱਚ ਸਾਫ਼-ਸਫਾਈ, ਪੀਣ ਵਾਲਾ ਪਾਣੀ, ਬਾਥਰੂਮ, ਛਾਂ, ਬੈਠਣ ਆਦਿ ਦੇ ਪੂਰੇ ਪ੍ਰਬੰਧ ਹਨ, ਤਾਂ ਜੋ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਨੂੰ ਕਿਸੇ ਕਿਸਮ ਦੀ ਸਮੱਸਿਆਂ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਮੰਡੀ ਬੋਰਡ ਵੱਲੋਂ ਕਣਕ ਦੀ ਖਰੀਦ ਕਰਵਾਉਣ ਲਈ ਕੁੱਲ 1896 ਮੰਡੀਆਂ ਘੋਸ਼ਿਤ ਕੀਤੀਆਂ ਗਈਆਂ ਹਨ। ਜਿਸ ਵਿੱਚ 153 ਮੁੱਖ ਯਾਰਡ, 288 ਸਬ-ਯਾਰਡ ਅਤੇ 1455 ਖਰੀਦ ਕੇਂਦਰ ਆਉਂਦੇ ਹਨ। ਇਸ ਦੇ ਨਾਲ ਹੀ ਕਣਕ ਦੀ ਫਸਲ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ 986 ਆਰਜੀ ਮੰਡੀਆਂ ਵੀ ਘੋਸ਼ਿਤ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 120.18 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ 119.12 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ, ਜਿਸ ਵਿੱਚੋਂ 68.81 ਲੱਖ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 3 ਮਈ ਨੂੰ ਸੂਬੇ ਦੀਆਂ ਮੰਡੀਆਂ ਵਿੱਚ 94,736 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ, ਜਦਕਿ 1.17 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਕਿਸਾਨਾਂ ਨੂੰ ਲਗਭਗ 27343.09 ਕਰੋੜ ਰੁਪਏ ਦੀ ਅਦਾਇਗੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਚੁੱਕੀ ਹੈ। ਸ. ਬਰਸਟ ਨੇ ਅੱਗੇ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ 117.75 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ, ਜਿਸਦੇ ਤਹਿਤ ਪਨਗ੍ਰੇਨ ਵੱਲੋਂ 38,51,335 ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 2,37,447 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 30,33,077 ਮੀਟ੍ਰਿਕ ਟਨ, ਪਨਸਪ ਵੱਲੋਂ 27,44,949 ਮੀਟ੍ਰਿਕ ਟਨ, ਵੇਅਰ ਹਾਊਸ ਵੱਲੋਂ 19,07,852 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸਦੇ ਨਾਲ ਹੀ ਪ੍ਰਾਈਵੇਟ ਪੱਧਰ ਤੇ 1,37,328 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ।

ਚੰਡੀਗੜ੍ਹ ’ਚ ਸਕੱਤਰੇਤ ਦੀ 8ਵੀਂ ਮੰਜ਼ਿਲ ਤੋਂ ਮੁਲਾਜ਼ਮ ਨੇ ਮਾਰੀ ਛਾਲ, ਮੌਤ

ਚੰਡੀਗੜ੍ਹ, 4 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹਰਿਆਣਾ ਦੇ ਸਿਵਿਲ ਸਕੱਤਰੇਤ ਦੀ 8ਵੀਂ ਮੰਜ਼ਿਲ ਤੋਂ ਇਕ ਮੁਲਾਜ਼ਮ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਤੈਨਾਤ ਪੁਲਿਸ ਕਰਮਚਾਰੀ ਤੇ ਹੋਰ ਸਟਾਫ ਮੌਕੇ ਉਤੇ ਪਹੁੰਚ ਗਿਆ। ਤੁਰੰਤ ਐਂਬੂਲੈਂਸ ਬੁਲਾ ਕੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ। ਮ੍ਰਿਤਕ ਦੀ ਪਹਿਚਾਣ ਬਲਵੰਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਬਿਜਲੀ ਨਿਗਮ ਵਿੱਚ ਕੰਮ ਕਰਦਾ ਸੀ। ਅੱਜ ਸਵੇਰੇ ਉਹ ਇਕ ਵਿਜਿਟਰ ਪਾਸ ਬਣਵਾ ਕੇ ਇਕ ਅਧਿਕਾਰੀ ਨੂੰ ਮਿਲਣ ਪਹੁੰਚੇ ਸਨ।

26.68 ਕਰੋੜ ਦੇ ਕਰਜ਼ਿਆਂ ਨਾਲ 1367 ਪਰਿਵਾਰ ਬਣੇ ਆਤਮ-ਨਿਰਭਰ : ਡਾ. ਬਲਜੀਤ ਕੌਰ

ਚੰਡੀਗੜ੍ਹ, 4 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੌਜੂਦਾ ਪੰਜਾਬ ਸਰਕਾਰ ਵੱਲੋਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਮਾਜਿਕ ਨਿਆਂ ਅਤੇ ਆਰਥਿਕ ਸਮਾਨਤਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਹਨ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਮਹੱਤਵਪੂਰਨ ਉਪਰਾਲੇ ਕੀਤੇ ਗਏ ਹਨ।

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2022-23 ਤੋਂ 2025-26 ਤੱਕ 1367 ਲਾਭਪਾਤਰੀਆਂ ਨੂੰ ਵੱਖ-ਵੱਖ ਸਵੈ-ਰੋਜ਼ਗਾਰ ਗਤੀਵਿਧੀਆਂ ਲਈ 26.68 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ, ਜਿਸ ਨਾਲ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਅਤੇ ਉਹ ਆਤਮ-ਨਿਰਭਰਤਾ ਵੱਲ ਅੱਗੇ ਵਧੇ ਹਨ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਸਿਰਫ਼ ਵਿੱਤੀ ਮਦਦ ਤੱਕ ਸੀਮਿਤ ਨਹੀਂ, ਸਗੋਂ ਲਾਭਪਾਤਰੀਆਂ ਨੂੰ ਖੁਦਮੁਖਤਿਆਰ ਬਣਾਉਣ ਲਈ ਯੋਜਨਾਬੱਧ ਅਤੇ ਨਤੀਜਾ-ਕੇਂਦਰਤ ਸਹਾਇਤਾ ਪ੍ਰਦਾਨ ਕਰ ਰਹੀ ਹੈ। ਇਸ ਤਹਿਤ 1229 ਲਾਭਪਾਤਰੀਆਂ ਨੂੰ 5.39 ਕਰੋੜ ਰੁਪਏ ਦੀ ਸਬਸਿਡੀ ਸਹਾਇਤਾ ਦਿੱਤੀ ਗਈ ਹੈ, ਜਿਸ ਨਾਲ ਕਈ ਪਰਿਵਾਰਾਂ ਵਿੱਚ ਆਰਥਿਕ ਮਜ਼ਬੂਤੀ ਅਤੇ ਨਵੀਂ ਉਮੀਦ ਜਾਗੀ ਹੈ। “ਸਾਡਾ ਟੀਚਾ ਸਿਰਫ਼ ਮਦਦ ਕਰਨਾ ਨਹੀਂ, ਸਗੋਂ ਲੋਕਾਂ ਨੂੰ ਖੁਦਮੁਖਤਿਆਰ ਬਣਾਉਣਾ ਹੈ,” ਉਨ੍ਹਾਂ ਕਿਹਾ।

ਇਹ ਉਪਰਾਲੇ ਸਿਰਫ਼ ਅੰਕੜਿਆਂ ਤੱਕ ਸੀਮਿਤ ਨਹੀਂ, ਸਗੋਂ ਉਹਨਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਵਿੱਚ ਆਏ ਅਸਲ ਬਦਲਾਅ ਦੀਆਂ ਕਹਾਣੀਆਂ ਹਨ। ਕਿਸੇ ਨੇ ਛੋਟਾ ਵਪਾਰ ਸ਼ੁਰੂ ਕੀਤਾ, ਕਿਸੇ ਨੇ ਆਪਣੇ ਹੁਨਰ ਨੂੰ ਰੋਜ਼ਗਾਰ ਵਿੱਚ ਬਦਲਿਆ—ਅਤੇ ਅੱਜ ਉਹ ਸਨਮਾਨ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਹ ਬਦਲਾਅ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਵੀਂ ਆਸ ਦਾ ਸੰਦੇਸ਼ ਦੇ ਰਿਹਾ ਹੈ।

ਡਾ. ਬਲਜੀਤ ਕੌਰ ਨੇ ਹੋਰ ਦੱਸਿਆ ਕਿ ਲਾਭਪਾਤਰੀਆਂ ਨੂੰ “ਹੈਂਡਹੋਲਡਿੰਗ ਸਪੋਰਟ” ਰਾਹੀਂ ਲਗਾਤਾਰ ਮਾਰਗਦਰਸ਼ਨ, ਤਕਨੀਕੀ ਸਹਾਇਤਾ ਅਤੇ ਮਾਰਕੀਟ ਨਾਲ ਜੋੜਿਆ ਜਾ ਰਿਹਾ ਹੈ, ਤਾਂ ਜੋ ਉਹ ਲੰਬੇ ਸਮੇਂ ਤੱਕ ਸਫਲ ਰਹਿ ਸਕਣ। ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਦੀ ਤਰੱਕੀ ਪੂਰੇ ਸਮਾਜ ਦੀ ਤਰੱਕੀ ਬਣਦੀ ਹੈ।

ਸਮਾਜਿਕ ਨਿਆਂ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ‘ਸਭ ਲਈ ਸਮਾਵੇਸ਼ੀ ਵਿਕਾਸ’ ਦੇ ਵਿਜ਼ਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹਰ ਵਰਗ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਟੀਚਾ ਇਹ ਹੈ ਕਿ ਅਨੁਸੂਚਿਤ ਜਾਤੀਆਂ ਸਮੇਤ ਹਰ ਪਿੱਛੜੇ ਵਰਗ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਕੇ ਖੁਸ਼ਹਾਲ ਅਤੇ ਸਮਾਨਤਾਪੂਰਨ ਪੰਜਾਬ ਦੀ ਸਿਰਜਣਾ ਕੀਤੀ ਜਾਵੇ।

ਇਹ ਉਪਰਾਲੇ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਵਿਕਾਸ ਹੁਣ ਸਿਰਫ਼ ਕਾਗਜ਼ੀ ਯੋਜਨਾਵਾਂ ਤੱਕ ਸੀਮਿਤ ਨਹੀਂ, ਸਗੋਂ ਹਰ ਲੋੜਵੰਦ ਦੇ ਜੀਵਨ ਵਿੱਚ ਅਸਲ ਬਦਲਾਅ ਲਿਆਉਣ ਦਾ ਪ੍ਰਭਾਵਸ਼ਾਲੀ ਸਾਧਨ ਬਣ ਚੁੱਕਾ ਹੈ।

ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ’ਚ ਸ਼ੂਟਰ ਗ੍ਰਿਫਤਾਰ

ਚੰਡੀਗੜ੍ਹ, 4 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਸ਼ੂਟਰ ਆਦਿਤਿਆ ਉਰਫ਼ ਮੱਖਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਕੇਂਦਰੀ ਏਜੰਸੀਆਂ ਅਤੇ ਤ੍ਰਿਪੁਰਾ ਪੁਲਿਸ ਨਾਲ ਇਕ ਸਾਂਝੇ ਆਪ੍ਰੇਸ਼ਨ ਵਿੱਚ ਤ੍ਰਿਪੁਰਾ ਦੇ ਅਗਰਤਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 15 ਦਸੰਬਰ 2025 ਨੂੰ ਮੋਹਾਲੀ ਦੇ ਪਿੰਡ ਸੋਹਾਣਾ, ਸੈਕਟਰ 79 ਵਿੱਚ ਕਬੱਡੀ ਮੈਚ ਦੌਰਾਨ ਰਾਣਾ ਬਲਾਚੌਰੀਆ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਵਿਦੇਸ਼ ਵਿੱਚ ਬੈਠੇ ਹੈਂਡਲਰਾਂ ਦੇ ਇਸ਼ਾਰੇ ਉਤੇ ਮੁਲਜ਼ਮ ਨੇ ਆਪਦੇ ਸਾਥੀਆਂ ਨਾਲ ਮਿਲ ਕੇ ਇਸ ਸੋਚੀ ਸਮਝਦੀ ਹੱਤਿਆ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ਵਿੱਚ ਉਸ ਦੇ ਸਾਥੀਆਂ ਨੂੰ ਏਜੀਟੀਐਫ ਨੇ ਪਹਿਲਾਂ ਹੀ ਕੋਲਕਾਤਾ ਤੋਂ ਗ੍ਰਿਫਤਾਰ ਕਰ ਲਿਆ ਸੀ, ਜਦੋਂ ਕਿ ਆਦਿਤਿਆ ਹੁਣ ਤੱਕ ਫਰਾਰ ਸੀ ਅਤੇ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀ।

ਮਮਤਾ ਬੈਨਰਜੀ ਨੇ ਵਰਕਰਾਂ ਨੂੰ ਕਿਹਾ, ‘ਨਿਰਾਸ਼ ਨਾ ਹੋਵੋ, ਸੂਰਜ ਡੁੱਬਣ ਤੋਂ ਬਾਅਦ ਜਿੱਤੋਗੇ’

ਕੋਲਕਾਤਾ, 4 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੱਛਮੀ ਬੰਗਾਲ ਵਿੱਚ ਹੋਈਆਂ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਅੱਜ ਗਿਣਤੀ ਹੋ ਰਹੀ ਸੀ। ਆਏ ਰੁਝਾਨਾਂ ਮੁਤਾਬਕ ਭਾਰਤੀ ਜਨਤਾ ਪਾਰਟੀ ਆਪਣੇ ਸਰਕਾਰ ਬਣਾਉਂਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਬਿਆਨ ਸਾਹਮਣੇ ਆਇਆ ਹੈ। ਮਮਤਾ ਬੈਨਰਜੀ ਨੇ ਆਪਣੇ ਕਾਊਂਟਿੰਗ ਏਜੰਟਾਂ ਅਤੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਕਾਊਂਟਿੰਗ ਸੈਂਟਰ ਨਾ ਛੱਡਣ। ਉਨ੍ਹਾਂ ਕਿਹਾ ਕਿ ਮੈਂ ਕੱਲ ਦੀ ਇਹ ਗੱਲ ਕਹਿ ਰਹੀ ਹਾਂ ਕਿ ਉਨ੍ਹਾਂ ਨੂੰ ਪਹਿਲਾਂ ਅੱਗੇ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਇਕ ਯੋਜਨਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਕਈ ਥਾਵਾਂ ਉਤੇ ਕਾਊਂਟਿੰਗ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਕਲਿਆਣੀ ਵਿੱਚ ਅਜਿਹੀਆਂ ਮਸ਼ੀਨਾਂ ਮਿਲੀਆਂ ਹਨ, ਜਿੱਥੇ ਕੋਈ ਮੈਚ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬਲਾਂ ਰਾਹੀਂ ਹਰ ਪਾਸੇ ਤੋਂ ਤ੍ਰਿਣਮੂਲ ਕਾਂਗਰਸ ਉਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਪੂਰੀ ਤਰ੍ਹਾਂ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਕੇਂਦਰੀ ਬਲ ਉਨ੍ਹਾਂ ਨਾਲ ਹਨ। ਹਰ ਚੀਜ਼ ਨੂੰ ਗਲਤ ਦੱਸਿਆ ਜਾ ਰਿਹਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੁੰ ਕਿਹਾ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਤੁਸੀਂ ਸੂਰਜ ਡੁੱਬਣ ਤੋਂ ਬਾਅਦ ਜਿੱਤੋਗੇ।

ਉਤਰਦੇ ਸਮੇਂ ਜਹਾਜ਼ ਖੰਭੇ ਨਾਲ ਟਕਰਾਇਆ

ਅਮਰੀਕਾ ਵਿੱਚ ਉਤਰਦੇ ਸਮੇਂ ਇਕ ਜਹਾਜ਼ ਖੰਭੇ ਨਾਲ ਟਕਰਾਉਣ ਕਾਰਨ ਇਕ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਯੂਨਾਈਟਿਡ ਏਅਰਲਾਈਸ ਦਾ ਇਕ ਜਹਾਜ਼ ਉਤਰਦੇ ਸਮੇਂ ਹਾਈਵੇ ਉਤੇ ਇਕ ਲੈਂਪ ਪੋਸਟ (ਖੰਭੇ) ਨਾਲ ਟਕਰਾਅ ਗਿਆ। ਜਦੋਂ ਜਹਾਜ਼ ਇਹ ਦੁਰਘਟਨਾ ਹੋਈ ਉਦੋਂ ਉਸ ਸਮੇਂ ਜਹਾਜ਼ ਵਿੰਚ 231 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਫੇਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਦੱਸਿਆ ਕਿ ਬੋਇੰਗ 767ਪਲੇਟ ਇਟਲੀ ਦੇ ਵੇਨਿਸ ਤੋਂ ਆ ਰਿਹਾ ਸੀ ਅਤੇ ਰਾਹਤ ਦੀ ਗੱਲ ਇਹ ਰਹੀ ਕਿ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ਉਤੇ ਸੁਰੱਖਿਅਤ ਉੱਤਰ ਗਿਆ, ਏਜੰਸੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਨਿਊ ਜਰਸੀ ਸਟੇਟ ਪੁਲਿਸ ਦੀ ਮੁਢਲੀ ਜਾਂਚ ਵਿੱਚ ਦੱਸਿਆ ਗਿਆ ਕਿ ਜਦੋਂ ਪਲੇਨ ਰਨਵੇ ਕੋਲ ਉਤਰਨ ਵਾਲਾ ਸੀ, ਤਾਂ ਉਸ ਦੇ ਲੈਂਡਿੰਗ ਟਾਇਰ ਅਤੇ ਹੇਠਾਂ ਦਾ ਹਿੱਸਾ ਇਕ ਖੰਭੇ ਅਤੇ ਟ੍ਰੈਕਟਰ ਟ੍ਰੇਲਰ (ਵੱਡਾ ਟਰੱਕ) ਨਾਲ ਟਕਰਾ ਗਿਆ। ਪੋਰਟ ਅਥਾਰਿਟੀ ਆਫ ਨਿਊਯਾਰਕ ਐਂਡ ਨਿਊ ਜਰਸੀ ਅਨੁਸਾਰ, ਪਲੇਨ ਵਿੱਚ ਕਿਸੇ ਨੂੰ ਸੱਟ ਨਹੀਂਲੱਗੀ, ਟਰੱਕ ਡਰਾਈਵਰ ਨੂੰ ਹਲਕੀ ਸੱਟ ਲੱਗੀ ਹੈ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ।

HPBOSE ਨੇ 12ਵੀਂ ਦਾ ਨਤੀਜਾ ਐਲਾਨਿਆਂ

ਸ਼ਿਮਲਾ, 4 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹਿਮਾਚਲ ਪ੍ਰਦੇਸ਼ ਬੋਰਡ ਆਫ ਸਕੂਲ ਐਜੂਕੇਸ਼ਨ (HPBOSE) ਵੱਲੋਂ 12ਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ ਹੈ। ਬੋਰਡ ਵੱਲੋਂ ਐਲਾਨੇ ਗਏ ਨਤੀਜੇ ਸਬੰਧੀ ਦੱਸਿਆ ਗਿਆ ਕਿ ਇਸ ਸਾਲ 92.02 ਫੀਸਦੀ ਰਿਹਾ ਹੈ। ਵਿਦਿਆਰਥੀ ਆਪਣਾ ਨਤੀਜਾ hpbose.org ਉਤੇ ਦੇਖ ਸਕਦੇ ਹਨ।

ਇਸ ਵਾਰ 12ਵੀਂ ਕਲਾਸ ਦੇ ਕਰੀਬ 81417 ਲੱਖ ਵਿਦਿਆਰਥੀਆਂ ਨੇ 2384 ਪ੍ਰੀਖਿਆ ਕੇਂਦਰਾਂ ਵਿੱਚ ਆਪਣੇ ਪ੍ਰੀਖਿਆ ਦਿੱਤੀ ਸੀ। ਇਸ ਵਾਰ hpbose ਦੇ 12ਵੀਂ ਬੋਰਡ ਦੀ ਪ੍ਰੀਖਿਆ ਵਿੱਚ 81417 ਵਿਚੋਂ 74637 ਵਿਦਿਆਰਥੀ ਪਾਸ ਹੋਏ ਹਨ, ਜਿਸ ਦਾ ਨਤੀਜਾ 92.02 ਫੀਸਦੀ ਰਿਹਾ। 3071 ਵਿਦਿਆਰਥੀਆਂ ਦੀ ਕਪਾਰਟਮੈਂਟ ਆਈ ਹੈ, ਜਦੋਂ ਕਿ 3352 ਵਿਦਿਆਰਥੀ ਫੇਲ੍ਹ ਹੋਏ ਹਨ।

LIVE : 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ
ਅਸਾਮ ਵਿਧਾਨ ਸਭਾ ਚੋਣ ਨਤੀਜੇ : ਸ਼ੁਰੂਆਤ ਰੁਝਾਨਾਂ ’ਚ

ਅਸਾਮ ਵਿੱਚ ਹੋਈਆਂ ਵਿਧਾਨ ਸਭਾ ਵਾਸਤੇ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤ ਵਿਚ ਆਏ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਹਨ।

ਅਪਡੇਟ – 9.27 AM

ਭਾਜਪਾ-79

ਕਾਂਗਰਸ -27

ਹੋਰ ; 0

ਅਪਡੇਟ – 9.13 AM

ਭਾਜਪਾ-65

ਕਾਂਗਰਸ -20

ਹੋਰ ; 0

—-

ਭਾਜਪਾ-51

ਕਾਂਗਰਸ -11

ਹੋਰ ; 0

Category : Videos