Breaking News
ਮੋਹਾਲੀ ’ਚ ਗੁਟਕਾ ਸਾਹਿਬ ਦੀ ਬੇਅਦਬੀ, ਲੋਕਾਂ ਨੇ ਲਾਇਆ ਜਾਮ

ਮੋਹਾਲੀ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਦੇ ਸੋਹਾਣਾ ਵਿੱਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਮਾਤਾ ਗੁਜਰੀ ਦੇਵੀ ਗੁਰਦੁਆਰਾ ਦੇ ਨੇੜੇ (ਨਜ਼ਦੀਕ ਗੁਰਦੁਆਰਾ ਸਿੰਘ ਸ਼ਹੀਦਾਂ) ਸ੍ਰੀ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲੇ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਪਤਾ ਚਲਦਿਆਂ ਹੀ ਵੱਡੀ ਗਿਣਤੀ ਸਿੱਖ ਸੰਗਤ ਇਕੱਠੀ ਹੋ ਗਈ। ਗੁੱਸੇ ਵਿੱਚ ਆਈ ਸਿੱਖ ਸੰਗਤ ਨੇ ਏਅਰਪੋਰਟ ਰੋਡ ਉਤੇ ਜਾਮ ਲਗਾ ਦਿੱਤਾ। ਇਸ ਦਾ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ ਅਪਣਾਉਣ ਵਾਲਾ ਲੁਧਿਆਣਾ ਪੰਜਾਬ ਦਾ ਤੀਜਾ ਸ਼ਹਿਰ ਬਣਿਆ

ਚੰਡੀਗੜ੍ਹ/ਲੁਧਿਆਣਾ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵੱਲ ਚੁੱਕੇ ਅਹਿਮ ਕਦਮਾਂ ਸਦਕਾ ਜਲੰਧਰ ਅਤੇ ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ਸੂਬੇ ਦਾ ਤੀਜਾ ਅਜਿਹਾ ਸ਼ਹਿਰ ਬਣ ਗਿਆ ਹੈ, ਜਿੱਥੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈਟੀਐਮਐਸ) ਸਥਾਪਤ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਭਵਿੱਖਮੁਖੀ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦੇ ਉਦਘਾਟਨ ਮੌਕੇ ਕੀਤਾ।

ਡੀਜੀਪੀ ਨੇ ਦੱਸਿਆ ਕਿ ਆਈਸੀਸੀਸੀ ਪ੍ਰਾਜੈਕਟ ਤਹਿਤ ਸ਼ਹਿਰ ਦੀ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ 259 ਥਾਵਾਂ ‘ਤੇ 1,700 ਹਾਈ-ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ।

ਸ਼ਹਿਰ ਭਰ ਵਿੱਚ 46 ਥਾਵਾਂ ‘ਤੇ ਸਥਾਪਿਤ ਕੀਤਾ ਗਿਆ ਇਹ ਆਈਟੀਐਮਐਸ 9 ਟ੍ਰੈਫਿਕ ਉਲੰਘਣਾਵਾਂ ਦਾ ਪਤਾ ਲਗਾ ਸਕਦਾ ਹੈ, ਜਿਸ ਵਿੱਚ ਲਾਲ ਬੱਤੀ ਦੀ ਉਲੰਘਣਾ, ਸਟਾਪ ਲਾਈਨ ਦੀ ਉਲੰਘਣਾ, ਹੈਲਮੇਟ ਤੋਂ ਬਿਨਾਂ ਵਾਹਨ ਚਲਾਉਣਾ, ਪਿੱਛੇ ਬੈਠਣ ਵਾਲੇ ਯਾਤਰੀ ਵੱਲੋਂ ਹੈਲਮੇਟ ਨਾ ਪਹਿਣਨਾ, ਤਿੰਨ ਸਵਾਰੀਆਂ, ਓਵਰਸਪੀਡਿੰਗ, ਜ਼ੈਬਰਾ ਕਰਾਸਿੰਗ ਦੀ ਉਲੰਘਣਾ, ਗਲਤ ਸਾਈਡ ਡਰਾਈਵਿੰਗ ਅਤੇ ਗਲਤ ਪਾਰਕਿੰਗ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ, ਜੋ ਗਰਾਊਂਡ-ਜ਼ੀਰੋ ਟੂਰ ਤਹਿਤ ਲੁਧਿਆਣਾ ਵਿੱਚ ਸਨ, ਨੇ ਅਪਗ੍ਰੇਡ ਕੀਤੇ ਗਏ ਅਤਿ-ਆਧੁਨਿਕ ਆਈਸੀਸੀਸੀ ਨੂੰ ਅਹਤਿਆਤੀ ਪੁਲਿਸਿੰਗ ਵੱਲ ਇੱਕ ਅਹਿਮ ਕਦਮ ਦੱਸਿਆ। ਉਨ੍ਹਾਂ ਕਿਹਾ, “ਨਵੇਂ ਉਦਘਾਟਨ ਕੀਤੇ ਗਏ ਇਸ ਆਈਸੀਸੀਸੀ ਵਿੱਚ ਇੱਕੋ ਛੱਤ ਹੇਠ ਕਈ ਯੂਨਿਟਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਹਨਾਂ ਵਿੱਚ ਟ੍ਰੈਫਿਕ, ਪੁਲਿਸ ਕੰਟਰੋਲ ਰੂਮ (ਪੀਸੀਆਰ), ਸੇਫ ਸਿਟੀ ਅਤੇ ਵਾਇਰਲੈੱਸ ਯੂਨਿਟ ਸ਼ਾਮਲ ਹਨ। ਇਸ ਨਾਲ ਪੁਲਿਸ ਦੇ ਕੰਮਕਾਜ ਵਿੱਚ ਬਿਹਤਰ ਤਾਲਮੇਲ ਯਕੀਨੀ ਬਣੇਗਾ ਅਤੇ ਪੀਸੀਆਰ ਰਿਸਪਾਂਸ ਟਾਈਮ 15 ਮਿੰਟਾਂ ਤੋਂ ਘਟਾ ਕੇ ਮਹਿਜ਼ 7/8 ਮਿੰਟ ਕਰ ਦਿੱਤਾ ਗਿਆ ਹੈ।

ਡੀਜੀਪੀ, ਜਿਨ੍ਹਾਂ ਦੇ ਨਾਲ ਕਮਿਸ਼ਨਰ ਆਫ ਪੁਲਿਸ (ਸੀਪੀ) ਲੁਧਿਆਣਾ ਸਵਪਨ ਸ਼ਰਮਾ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਲੁਧਿਆਣਾ ਰੇਂਜ ਸਤਿੰਦਰ ਸਿੰਘ ਵੀ ਸਨ, ਨੇ ਫੀਲਡ ਅਧਿਕਾਰੀਆਂ ਨਾਲ ਵਿਆਪਕ ਮੀਟਿੰਗ ਵੀ ਕੀਤੀ, ਜਿਸ ਵਿੱਚ ਜਨਤਕ ਸ਼ਿਕਾਇਤਾਂ ਦੇ ਤੁਰੰਤ ਅਤੇ ਨਾਗਰਿਕ-ਕੇਂਦ੍ਰਿਤ ਹੱਲ ‘ਤੇ ਜ਼ੋਰ ਦਿੱਤਾ ਗਿਆ।

ਆਪਸੀ ਸਾਂਝ ਅਤੇ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਨ ਲਈ, ਡੀਜੀਪੀ ਗੌਰਵ ਯਾਦਵ ਨੇ ਪੁਲਿਸ ਲਾਈਨਜ਼ ਵਿਖੇ ਕਰਵਾਏ ‘ਵੱਡੇ ਖਾਣੇ’ ਦੌਰਾਨ ਪੰਜਾਬ ਪੁਲਿਸ ਦੇ ਸਾਰੇ ਰੈਂਕਾਂ ਦੇ 550 ਤੋਂ ਵੱਧ ਪੁਲਿਸ ਕਰਮਚਾਰੀਆਂ ਨਾਲ ਖਾਣਾ ਖਾਧਾ। ਉਨ੍ਹਾਂ ਕਿਹਾ, “ਅਜਿਹੇ ਮੌਕੇ ਆਪਸੀ ਸਾਂਝ, ਏਕਤਾ ਅਤੇ ਲੋਕ ਸੇਵਾ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹਨ।”

ਇਸ ਦੌਰਾਨ, ਡੀਜੀਪੀ ਨੇ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਡਿਊਟੀਆਂ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਲਈ ਸਨਮਾਨਿਤ ਵੀ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਲੁਧਿਆਣਾ (ਦਿਹਾਤੀ) ਅੰਕੁਰ ਗੁਪਤਾ, ਐਸਐਸਪੀ ਐਸਬੀਐਸ ਨਗਰ ਤੁਸ਼ਾਰ ਗੁਪਤਾ, ਐਸਐਸਪੀ ਖੰਨਾ ਦਰਪਨ ਆਹਲੂਵਾਲੀਆ ਅਤੇ ਡੀਜੀਪੀ ਪੰਜਾਬ ਦੇ ਸਟਾਫ ਅਫ਼ਸਰ ਰਿਸ਼ਭ ਭੋਲਾ ਵੀ ਮੌਜੂਦ ਸਨ।

ਪੰਜਾਬ ਸਰਕਾਰ ਨੇ 2 ਡਿਪਟੀ ਕਮਿਸ਼ਨਰ ਬਦਲੇ

ਚੰਡੀਗੜ੍ਹ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਵੱਲੋਂ ਦੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ ਗਏ ਹਨ। ਪੰਜਾਬ ਸਰਕਾਰ ਨੇ ਜ਼ਿਲ੍ਹਾ ਸੰਗਰੂਰ ਅਤੇ ਫਰੀਦਕੋਟ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਦਾ ਤਬਦਲਾ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ IPS ਅਤੇ PPS ਅਧਿਕਾਰੀਆਂ ਦੀਆਂ ਬਦਲੀਆਂ

ਚੰਡੀਗੜ੍ਹ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਵੱਲੋਂ 3 ਆਈਪੀਐਸ ਅਤੇ 3 ਪੀਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਕੀਤੀਆਂ ਗਈਆਂ ਬਦਲੀਆਂ ਵਿੱਚ 2 ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ ਹਨ।

ਅੰਮ੍ਰਿਤਸਰ ਫੌਜੀ ਛਾਉਣੀ ਨੇੜੇ ਧਮਾਕਾ

ਅੰਮ੍ਰਿਤਸਰ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬੀਤੇ ਕੱਲ੍ਹ ਜਲੰਧਰ ਦੇ ਬੀ ਐਸ ਐਫ ਹੈੱਡਕੁਆਟਰ ਦੇ ਬਾਹਰ ਧਮਾਕਾ ਹੋਣ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਵਿੱਚ ਫੌਜੀ ਛਾਉਣੀ ਨੇੜੇ ਇੱਕ ਧਮਾਕਾ ਹੋਇਆ ਹੈ। ਇਹ ਘਟਨਾ ਖਾਸਾ ਰੋਡ ਉਤੇ ਫੌਜੀ ਛਾਉਣੀ ਦੇ ਬਾਹਰਲੀ ਕੰਧ ਨੇੜੇ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਘੱਟ ਤੀਬਰਤਾ ਵਾਲਾ ਸੀ, ਇਸ ਧਮਾਕੇ ਨਾਲ ਕੰਧ ਉਤੇ ਲੱਗੀ ਟਿਨ ਦੀ ਚਾਦਰ ਨੂੰ ਨੁਕਸਾਨ ਪਹੁੰਚਿਆ ਹੈ।

ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਨੂੰ ਰਾਤ ਕਰੀਬ 11.15 ਵਜੇ ਖ਼ਾਸਾ ਰੋਡ ’ਤੇ ਜ਼ੋਰਦਾਰ ਆਵਾਜ਼ ਸੁਣਾਈ ਦੇਣ ਦੀ ਸੂਚਨਾ ਮਿਲੀ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ਉਤੇ ਪਹੁੰਚ ਗਈਆਂ ਸਨ। ਫੌਜੀ ਛਾਉਣੀ ਦੀ ਸੁਰੱਖਿਆ ਕੰਧ ’ਤੇ ਲਗਾਈ ਗਈ ਟਿਨ ਦੀ ਚਾਦਰ ਨੂੰ ਨੁਕਸਾਨ ਪਹੁੰਚਿਆ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿਸੇ ਵੱਲੋਂ ਕੰਧ ’ਤੇ ਕੋਈ ਚੀਜ਼ ਸੁੱਟੀ ਗਈ ਸੀ, ਜਿਸ ਕਾਰਨ ਇਹ ਧਮਾਕਾ ਹੋਇਆ। ਘਟਨਾ ਤੋਂ ਬਾਅਦ ਮੌਕੇ ਉਤੇ ਕੁਇੱਕ ਰਿਸਪਾਂਸ ਟੀਮਾਂ (QRT), ਫੋਰੈਂਸਿਕ ਮਾਹਿਰ ਅਤੇ ਬੰਬ ਨਿਰੋਧਕ ਦਸਤੇ ਮੌਕੇ ’ਤੇ ਪਹੁੰਚ ਗਏ। ਅਧਿਕਾਰੀਆਂ ਮੁਤਾਬਕ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ : ਅੱਜ ਦਾ ਹੁਕਮਨਾਮਾ

ਮੁੱਖਵਾਕ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ

06-05-2026

ਬਿਲਾਵਲੁ ਮਹਲਾ ੫ ॥

ਮਾਤ ਪਿਤਾ ਸੁਤ ਸਾਥਿ ਨ ਮਾਇਆ ॥ ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥ ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥ ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥ ਤਿਖਾ ਭੂਖ ਬਹੁ ਤਪਤਿ ਵਿਆਪਿਆ ॥ ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥ ਕੋਟਿ ਜਤਨ ਸੰਤੋਖੁ ਨ ਪਾਇਆ ॥ ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥੩॥ ਦੇਹੁ ਭਗਤਿ ਪ੍ਰਭ ਅੰਤਰਜਾਮੀ ॥ ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥

ਬੁੱਧਵਾਰ, ੨੩ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

(ਅੰਗ: ੮੦੪)

ਪੰਜਾਬੀ ਵਿਆਖਿਆ

ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ—(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ) । ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ ।੧।ਹੇ ਭਾਈ! (ਜੇਹੜਾ) ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ ਉਸ (ਦੇ ਨਾਮ) ਦਾ ਜਾਪ ਜੀਭ ਨਾਲ ਕਰਦਾ ਰਹੁ (ਇਸ ਤਰ੍ਹਾਂ) ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ ।੧।ਰਹਾਉ। ਹੇ ਭਾਈ! ਜਗਤ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੜਨ ਵਿਚ ਫਸਿਆ ਪਿਆ ਹੈ । ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਜਾਂਦੇ ਹਨ ।੨। ਹੇ ਭਾਈ! ਕ੍ਰੋੜਾਂ ਜਤਨ ਕੀਤਿਆਂ ਭੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖ ਪ੍ਰਾਪਤ ਨਹੀਂ ਹੁੰਦਾ । ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਇਆਂ ਮਨ ਰੱਜ ਜਾਂਦਾ ਹੈ ।੩। ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਹੇ ਮਾਲਕ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ) ਬੇਨਤੀ ਹੈ ਕਿ ਆਪਣੀ ਭਗਤੀ ਦਾ ਦਾਨ ਦੇਹ ।੪।੫।੧੦।

English Translation

BILAAVAL, FIFTH MEHL:

Mother, father, children and the wealth of Maya, will not go along with you. In the Saadh Sangat, the Company of the Holy, all pain is dispelled. || 1 || God Himself is pervading, and permeating all. Chant the Name of the Lord with your tongue, and pain will not afflict you. || 1 || Pause || One who is afflicted by the terrible fire of thirst and desire, becomes cool, chanting the Praises of the Lord, Har, Har. || 2 || By millions of efforts, peace is not obtained; the mind is satisfied only by singing the Glorious Praises of the Lord. || 3 || Please bless me with devotion, O God, O Searcher of hearts. This is Nanak’s prayer, O Lord and Master. || 4 || 5 || 10 ||

Wednesday, 23rd Vaisaakh (Samvat 558 Nanakshahi)

(Ang: 804)

ਚੰਡੀਗੜ੍ਹ ਆਈ ਫਲਾਈਟ ’ਚ ਪਾਵਰ ਬੈਂਕ ਧਮਾਕਾ, 5 ਜ਼ਖਮੀ

ਮੋਹਾਲੀ, 5 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹੈਦਰਾਬਾਦ ਤੋਂ ਚੰਡੀਗੜ੍ਹ ਆਈ ਇੰਡਿਗੋ ਫਲਾਈਟ ਵਿੱਚ ਮੰਗਲਵਾਰ ਨੂੰ ਪਾਵਰ ਬੈਂਕ ਦਾ ਧਮਾਕਾ ਹੋਣ ਦੀ ਖ਼ਬਰ ਸਾਹਮਦੇ ਆਈ ਹੈ। ਇਸ ਧਮਾਕੇ ਵਿੱਚ 5 ਯਤਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਦੋਂ ਅਧਿਕਾਰਤ ਤੌਰ ਉਤੇ ਅਜੇ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਾਵਰ ਬੈਂਕ ਯਾਤਰੀ ਦੇ ਬੈਗ ਵਿੱਚ ਰੱਖਿਆ ਹੋਇਆ ਸੀ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਫਲਾਈਟ ਏਅਰਪੋਰਟ ਉਤੇ ਖੜ੍ਹੀ ਸੀ। ਹਾਦਸੇ ਦੇ ਬਾਅਦ ਫਲਾਈਟ ਵਿੱਚ ਧੂੰਆਂ ਭਰ ਗਿਆ, ਜਿਸ ਨਾਲ ਯਾਤਰੀ ਘਬਰਾ ਗਏ। ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਸੂਤਰਾਂ ਵਲੋਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਕ ਜ਼ਖਮੀ ਵਿਅਕਤੀ ਨੂੰ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।

ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਵਾਂਗੀ : ਮਾਮਤਾ ਬੈਨਰਜੀ

ਨਵੀਂ ਦਿੱਲੀ, 5 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬੀਤੇ ਦਿਨੀਂ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿੱਚ ਤ੍ਰਿਣਮੂਲ ਕਾਂਗਰਸ ਵੱਡੀ ਹਾਰ ਹੋਈ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਦੀ ਹੋਈ ਜਿੱਤ ਉਤੇ ਤ੍ਰਿਣਮੂਲ ਕਾਂਗਰਸ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਚੋਣਾਂ ਵਿੱਚ ਵੱਡੀ ਪੱਧਰ ਉਤੇ ਹੇਰਾਫੇਰੀ ਕੀਤੀ ਗਈ ਹੈ। ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਹੁਣ ਨਵੀਂ ਜੰਗ ਛੇੜ ਦਿੱਤੀ ਹੈ। ਉਨ੍ਹਾਂ ਦੋ ਟੁੱਕ ਕਹਿ ਦਿੱਤਾ ਹੈ ਕਿ ਉਹ ਲੋਕ ਭਵਨ ਨਹੀਂ ਜਾਣਗੀਆਂ ਅਤੇ ਨਾ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੀਆਂ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਉਨ੍ਹਾਂ ਦੀ ਨੈਤਿਕ ਤੌਰ ਉਤੇ ਜਿੱਤ ਹੋਈ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਬੰਗਾਲ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਗਲਿਆਰੀਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ, ਉਹ ਲੋਕ ਭਵਨ ਜਾ ਕੇ ਅਸਤੀਫਾ ਨਹੀਂ ਦੇਵੇਗੀ ਜਾਂ ਫਿਰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਨਹੀਂ ਦੇਵੇਗੀ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਅਸਤੀਫਾ ਕਦੋ ਦੇ ਰਹੀ ਹੈ ਤਾਂ ਉਨ੍ਹਾਂ ਕਿਹਾ, ਮੈਂ ਲੋਕ ਭਵਨ ਜਾ ਕੇ ਅਸਤੀਫਾ ਨਹੀਂ ਦੇਵਾਂਗੀ।

ਕੋਲਕੱਤਾ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ, ਮੈਂ ਅਸਤੀਫਾ ਨਹੀਂ ਦੇਵਾਂਗੀ, ਮੈਂ ਹਾਰੀ ਨਹੀਂ ਹਾਂ, ਮੈਂ ਰਾਜਭਵਨ ਨਹੀਂ ਜਾਵਾਂਗੀ.. ਇਸ ਦਾ ਸਵਾਲ ਹੀ ਨਹੀਂ ਉਠਦਾ। ਹੁਣ, ਮੈਂ, ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਚੋਣ ਹਾਰੇ ਨਹੀਂ। ਇਹ ਸਾਨੂੰ ਹਰਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਹੈ। ਆਧਿਕਾਰਤ ਤੌਰ ਉਤੇ, ਚੋਣ ਕਮਿਸ਼ਨ ਰਾਹੀਂ, ਉਹ ਸਾਨੂੰ ਹਰਾ ਸਕਦੇ ਹਨ, ਪ੍ਰੰਤੂ ਨੈਤਿਕ ਤੌਰ ਉਤੇ ਅਸੀਂ ਚੋਣ ਜਿੱਤ ਗਏ ਹਾਂ।

ਕਣਕ ਦੇ ਨਾੜ ਨੂੰ ਅੱਗ ਲਗਾਉਣ ‘ਤੇ ਹੋਵੇਗੀ ਕਾਨੂੰਨੀ ਕਾਰਵਾਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਖੇਤੀਬਾੜੀ ਅਫਸਰ, ਐੱਸ.ਏ.ਐੱਸ ਨਗਰ ਡਾ ਸੁਖਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸਾ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਸੁਭਕਰਨ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਪਿੰਡ ਮੋਟੇ ਮਾਜਰਾ ਵਿਖੇ ਕਣਕ ਦੇ ਨਾੜ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਜਸਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਤੂੜੀ ਬਣਾਉਣ ਤੋਂ ਬਾਅਦ ਕਣਕ ਦੀ ਰਹਿੰਦ-ਖੂਹੰਦ ਨੂੰ ਬੜੀ ਅਸਾਨੀ ਨਾਲ ਹੈਰੋ, ਕਲਟੀਵੇਟਰ ਜਾਂ ਉਲਟਾਵੇ ਹੱਲ ਨਾਲ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਐਨ.ਜੀ.ਟੀ (NGT) ਅਤੇ ਪ੍ਰਸਾਸਨ ਦੀ ਹਦਾਇਤਾ ਅਨੁਸਾਰ ਜਿਹੜਾ ਕਿਸਾਨ ਇਸ ਰਹਿੰਦ-ਖੂਹੰਦ ਨੂੰ ਅੱਗ ਲਗਾਵੇ ,ਉਸ ਦੀ ਸੂਚਨਾ ਸੈਟੇਲਾਈਟ ਰਾਂਹੀ ਪ੍ਰਾਪਤ ਹੋ ਜਾਂਦੀ ਹੈ ਅਤੇ ਉਸ ਖਿਲਾਫ ਚਲਾਨ, ਜੁਰਮਾਨਾ, ਫਰਦ ਵਿੱਚ ਅੰਦਰਾਜ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਸੁੱਚਾ ਸਿੰਘ ਸਿੱਧੂ,ਖੇਤੀਬਾੜੀ ਵਿਸਥਾਰ ਅਫਸਰ ਨੇ ਦੱਸਿਆ ਕਿ ਕਣਕ ਦੇ ਪਿਛੋਂ ਖਾਲੀ ਹੋਏ ਖੇਤਾਂ ਵਿੱਚ ਜੰਤਰ ਦੀ ਕਾਸਤ ਕਰਨ ਲਈ ਵਿਭਾਗ ਪਾਸ ਸਬਸਿਡੀ ਤੇ ਬੀਜ ਉਪਲਭਦ ਹੈ, ਇਸ ਤੋਂ ਇਲਾਵਾ ਵਿਭਾਗ ਵੱਲੋਂ ਮੁਗਫਲੀ ਦੇ ਪ੍ਰਦਰਸਨੀ ਪਲਾਟ ਬਿਜਵਾਏ ਜਾਣੇ ਹਨ, ਚਾਹਵਾਨ ਕਿਸਾਨ ਵਿਭਾਗ ਨਾਲ ਤਾਲਮੇਲ ਕਰਨ। 50 %ਸਬਸਿਡੀ ਤੇ ਜਿਪਸਮ ਵੀ ਉਪਲੱਬਧ ਹੈ। ਮੈਡਮ ਦਿਵਿਆ, ਖੇਤੀਬਾੜੀ ਉਪ ਨਿਰਿਖਕ ਨੇ ਜਾਣੂ ਕਰਵਾਈਆ ਕਿ ਝੋਨੇ ਦੀ ਬਜਾਏ ਮੱਕੀ ਦੀ ਕਾਸਤ ਕਰਨ ਵਾਲੇ ਕਿਸਾਨ ਵਿਭਾਗ ਕੋਲ ਰਜਿਸਟਰ ਕਰਵਾਉਣ ਜਿਸ ਵਿੱਚ ਵਿਭਾਗ ਵੱਲੋ 17500/- ਰੁਪਏ ਪ੍ਰਤੀ ਹੈਕਟੇਅਰ ਪ੍ਰੋਤਸਾਹਨ ਰਾਸੀ ਦਾ ਲਾਭ ਦਿੱਤਾ ਜਾ ਸਕੇ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਰਾਸ਼ੀ ਦਿੱਤੀ ਜਾਵੇਗੀ।

CM ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ‘ਪੰਜਾਬ ਦੇ ਗੱਦਾਰ’ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ/ਪੰਜਾਬ, 5 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਵਿੱਚ ਦਲ-ਬਦਲੀ ਦੀ ਲੜਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਰਵਉੱਚ ਸੰਵਿਧਾਨਕ ਅਹੁਦੇ ਤੱਕ ਲੈ ਕੇ ਪੁੱਜੇ ਅਤੇ ਰਾਸ਼ਟਰਪਤੀ ਨੂੰ ਮਿਲੇ। ਉਨ੍ਹਾਂ ‘ਪੰਜਾਬ ਦੇ ਗੱਦਾਰ’ (ਦਲ-ਬਦਲੀ ਕਰਨ ਵਾਲੇ) ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਪਾਰਟੀ ਦੀ ਇਕਜੁੱਟਤਾ ਦਾ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵਿਧਾਇਕਾਂ ਨਾਲ ਦਿੱਲੀ ਪਹੁੰਚੇ ਅਤੇ ਰਾਸ਼ਟਰਪਤੀ ਭਵਨ ਵਿਖੇ ਦਸਤਖ਼ਤ ਕੀਤਾ ਮੰਗ ਪੱਤਰ ਸੌਂਪਿਆ, ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਵਿੱਚ ਸਿਰਫ਼ ਦੋ ਵਿਧਾਇਕ ਹੋਣ ਦੇ ਬਾਵਜੂਦ ਭਾਜਪਾ ਦੇ ਰਾਜ ਸਭਾ ਮੈਂਬਰਾਂ ਦੀ ਗਿਣਤੀ ਵਿੱਚ ਨਾਟਕੀ ਵਾਧਾ ਲੋਕਤੰਤਰੀ ਫਤਵੇ ਦੀ ਸਪੱਸ਼ਟ ਉਲੰਘਣਾ ਨੂੰ ਦਰਸਾਉਂਦਾ ਹੈ।

ਸੱਤ ਸੰਸਦ ਮੈਂਬਰਾਂ ਨੂੰ ‘ਇਲੈਕਟਿਡ ਨਹੀਂ, ਸਗੋਂ ਸਿਲੈਕਟਿਡ’ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦੀ ਦਲ-ਬਦਲੀ ਨੂੰ ਪੰਜਾਬ ਨਾਲ ਵਿਸ਼ਵਾਸਘਾਤ ਕਰਾਰ ਦਿੱਤਾ। ਉਨ੍ਹਾਂ ਇਨ੍ਹਾਂ ਮੈਂਬਰਾਂ ਨੂੰ ਅਸਤੀਫ਼ਾ ਦੇਣ ਅਤੇ ਨਵਾਂ ਫਤਵਾ ਲੈਣ ਦੀ ਚੁਣੌਤੀ ਦਿੱਤੀ ਅਤੇ ਚੇਤਾਵਨੀ ਦਿੱਤੀ ਕਿ ਨਾ ਤਾਂ ਕੇਂਦਰੀ ਏਜੰਸੀਆਂ ਅਤੇ ਨਾ ਹੀ ਸਿਆਸੀ ਤਾਕਤ ਗਲਤ ਕੰਮਾਂ ਨੂੰ ਨਹੀਂ ਬਚਾਏਗੀ। ਉਨ੍ਹਾਂ ਐਲਾਨ ਕੀਤਾ ਕਿ ‘ਅਪਰੇਸ਼ਨ ਲੋਟਸ’ ਵਰਗੀਆਂ ਕੋਸ਼ਿਸ਼ਾਂ ਕਦੇ ਵੀ ਪੰਜਾਬ ਵਿੱਚ ਸਫ਼ਲ ਨਹੀਂ ਹੋਣਗੀਆਂ ਕਿਉਂਕਿ ਪੰਜਾਬ ਕਦੇ ਵੀ ਵਿਸ਼ਵਾਸਘਾਤ ਨੂੰ ਬਰਦਾਸ਼ਤ ਨਹੀਂ ਕਰਦਾ।

ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਉੱਤੇ ਮੀਟਿੰਗ ਦੇ ਕੁਝ ਅੰਸ਼ ਸਾਂਝੇ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਦਿੱਲੀ ਵਿੱਚ ਮਾਣਯੋਗ ਰਾਸ਼ਟਰਪਤੀ ਦੇ ਸਾਹਮਣੇ ਅਸੀਂ ਦੇਸ਼ ਵਿੱਚ ਹੋ ਰਹੇ ‘ਲੋਕਤੰਤਰ ਦੇ ਕਤਲਵਿਰੁੱਧ ਆਪਣੀ ਆਵਾਜ਼ ਮਜ਼ਬੂਤੀ ਨਾਲ ਉਠਾਈ। ਸਿਆਸੀ ਪਾਰਟੀਆਂ ਨੂੰ ਗੈਰ-ਸੰਵਿਧਾਨਕ ਤੌਰ ਤੇ ਤੋੜਨਾ ਅਤੇ ਭਾਜਪਾ ਦੀ ‘ਵਾਸ਼ਿੰਗ ਮਸ਼ੀਨ ਵਿੱਚ ਦਾਗੀ ਨੇਤਾਵਾਂ ਨੂੰ ਸਾਫ਼ ਕਰਨ ਲਈ ਈ.ਡੀ. ਤੇ ਸੀ.ਬੀ.ਆਈ. ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਸਾਡੇ ਲੋਕਤੰਤਰੀ ਢਾਂਚੇਤੇ ਸਿੱਧਾ ਹਮਲਾ ਹੈ।”

ਉਨ੍ਹਾਂ ਪੋਸਟ ਵਿੱਚ ਲਿਖਿਆ ਕਿ ਅਸੀਂ ਇਹ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ ਕਿ ‘ਅਪਰੇਸ਼ਨ ਲੋਟਸਦੀਆਂ ਘਿਣਾਉਣੀਆਂ ਚਾਲਾਂ ਪੰਜਾਬ ਵਿੱਚ ਕਦੇ ਵੀ ਸਫ਼ਲ ਨਹੀਂ ਹੋਣਗੀਆਂ। ਸਾਡੇ ਵਿਧਾਇਕ ਲੱਖਾਂ ਪੰਜਾਬੀਆਂ ਦੀ ਆਵਾਜ਼ ਹਨ ਅਤੇ ਪੰਜਾਬ ਦੇ ਲੋਕ ਕਦੇ ਵੀ ਵਿਸ਼ਵਾਸਘਾਤ ਬਰਦਾਸ਼ਤ ਨਹੀਂ ਕਰਨਗੇ। ‘ਤੁਹਾਡਾ ਜਨਤਕ ਸੇਵਕ ਹੋਣ ਦੇ ਨਾਤੇ, ਮੈਂ ਹਰ ਪੰਜਾਬੀ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਲੋਕਾਂ ਦੇ ਫਤਵੇ ਦੀ ਰਾਖੀ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਬਰਕਰਾਰ ਰੱਖਣ ਲਈ ਆਪਣੇ ਆਖਰੀ ਸਾਹ ਤੱਕ ਲੜਾਂਗੇ।”

ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਰਾਜ ਸਭਾ ਦੇ ਸੱਤ ਮੈਂਬਰਾਂ ਦੀ ਦਲ-ਬਦਲੀ ਨਾਲ ਲੋਕਤੰਤਰ ਦਾ ਕਤਲ ਹੋਇਆ ਹੈ। ਇਹ ਗੈਰ-ਸੰਵਿਧਾਨਕ ਹੈ ਕਿਉਂਕਿ ਜਾਂ ਤਾਂ ਪੂਰੀ ਪਾਰਟੀ ਨੂੰ ਮਤਾ ਪਾਸ ਕਰਨਾ ਚਾਹੀਦਾ ਸੀ, ਪਰ ਇਨ੍ਹਾਂ ਸੱਤ ਸੰਸਦ ਮੈਂਬਰਾਂ ਨੇ ਗੈਰ-ਸੰਵਿਧਾਨਕ ਢੰਗ ਨਾਲ ਆਪਣੀ ਵਫ਼ਾਦਾਰੀ ਬਦਲ ਲਈ, ਜਿਸ ਨਾਲ ਲੋਕਤੰਤਰ ਦਾ ਮਜ਼ਾਕ ਉਡਾਇਆ ਗਿਆ।” ਉਨ੍ਹਾਂ ਅੱਗੇ ਕਿਹਾ, “ਭਾਜਪਾ ਕੋਲ ਦੋ ਵਿਧਾਇਕ ਹਨ ਪਰ ਸੱਤ ਰਾਜ ਸਭਾ ਸੰਸਦ ਮੈਂਬਰ ਹਨ, ਜੋ ਸੰਵਿਧਾਨ ਦਾ ਮਜ਼ਾਕ ਹੈ। ਇਨ੍ਹਾਂ ਸੰਸਦ ਮੈਂਬਰਾਂ ਨੂੰ ਉਸ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਸਤੀਫ਼ਾ ਦੇਣਾ ਚਾਹੀਦਾ ਸੀ, ਜਿਸ ਦੀ ਉਹ ਪਹਿਲਾਂ ਨਿੰਦਾ ਕਰਦੇ ਸਨ।”

ਸਿਸਟਮ ਵਿੱਚ ਸੁਧਾਰ ਦੀ ਮੰਗ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸੰਵਿਧਾਨ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੰਸਦ ਮੈਂਬਰ ਨੂੰ ਵਾਪਸ ਬੁਲਾਉਣ ਦੀ ਵਿਵਸਥਾ ਕੀਤੀ ਜਾ ਸਕੇ, ਜਿਵੇਂ ਕਿ ਰਾਘਵ ਚੱਢਾ ਮੰਗ ਕਰਦੇ ਰਹੇ ਸਨ ਤਾਂ ਜੋ ਇਨ੍ਹਾਂ ਸੰਸਦ ਮੈਂਬਰਾਂ ਨੂੰ ਦੇਸ਼ ਧ੍ਰੋਹ ਲਈ ਸਜ਼ਾ ਦਿੱਤੀ ਜਾ ਸਕੇ।”

ਉਨ੍ਹਾਂ ਜ਼ੋਰ ਦੇ ਕੇ ਕਿਹਾ, “ਪੰਜਾਬੀ ਇਸ ਤਰ੍ਹਾਂ ਪਿੱਠ ਵਿੱਚ ਛੁਰਾ ਮਾਰਨ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਸੂਬੇ ਦੇ ਲੋਕ ਸਜ਼ਾ ਦੇਣਗੇ। ਇਹ ਆਗੂ ਹੁਣ ਉਲਝੇ ਹੋਏ ਹਨ, ਜਿਸ ਕਾਰਨ ਉਹ ਤਰਕਹੀਣ ਬਿਆਨ ਦੇ ਰਹੇ ਹਨ।” ਉਨ੍ਹਾਂ ਅੱਗੇ ਕਿਹਾ, “ਭਾਜਪਾ ਵਿੱਚ ਸ਼ਾਮਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਇਨ੍ਹਾਂ ਆਗੂਆਂ ਨੂੰ ਮਾੜੇ ਕੰਮਾਂ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਭਾਵੇਂ ਉਨ੍ਹਾਂ ਦੇ ਪਾਪਾਂ ਬਾਰੇ ਬਾਅਦ ਵਿੱਚ ਰਿਪੋਰਟਾਂ ਆਉਣ ਪਰ ਭਵਿੱਖ ਵਿੱਚ ਵੀ ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ।”

ਜਵਾਬਦੇਹੀ ਬਾਰੇ ਦ੍ਰਿੜ੍ਹ ਰੁਖ਼ ਅਪਣਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਜਪਾ ਦੀ ਢਾਲ ਉਨ੍ਹਾਂ ਨੂੰ ਹੋਰ ਸੂਬਿਆਂ ਵਿੱਚ ਕਾਨੂੰਨ ਦੇ ਫੰਦੇ ਤੋਂ ਤਾਂ ਬਚਾਅ ਸਕਦੀ ਹੈ ਪਰ ਪੰਜਾਬ ਵਿੱਚ ਨਹੀਂ। ਇਨ੍ਹਾਂ ਆਗੂਆਂ ਨੂੰ ਪੰਜਾਬੀਆਂ ਨੂੰ ਧਮਕਾਉਣ ਤੋਂ ਬਾਜ਼ ਆਉਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਉਨ੍ਹਾਂ ਨੂੰ ਆਪਣੀ ਅਸਲ ਸਥਿਤੀ ਦਿਖਾਉਣਗੇ।” ਉਨ੍ਹਾਂ ਅੱਗੇ ਕਿਹਾ, “ਲੋਕਾਂ ਦੇ ਨੁਮਾਇੰਦਿਆਂ ਦੁਆਰਾ ਚੁਣੇ ਗਏ ਇਨ੍ਹਾਂ ਆਗੂਆਂ ਨੂੰ ਪੰਜਾਬ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਸਦਨ ਵਿੱਚੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ।” ਉਨ੍ਹਾਂ ਟਿੱਪਣੀ ਕੀਤੀ, “ਭਾਜਪਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ। ਇਹ ਵਿਡੰਬਨਾ ਹੈ ਕਿ ਉਸੇ ਅਸ਼ੋਕ ਮਿੱਤਲ ਨੂੰ ਭਾਜਪਾ ਨੇ ਜ਼ੈੱਡ ਪਲੱਸ ਸੁਰੱਖਿਆ ਪ੍ਰਦਾਨ ਕੀਤੀ, ਜਿਸ ਦੇ ਟਿਕਾਣਿਆਂ `ਤੇ ਕੁਝ ਦਿਨ ਪਹਿਲਾਂ ਈ.ਡੀ. ਨੇ ਛਾਪੇ ਮਾਰੇ ਸਨ।”

ਦਲ-ਬਦਲੀ ਦੇ ਹਾਲਾਤ ਬਾਰੇ ਉਨ੍ਹਾਂ ਕਿਹਾ, “ਇਹ ਭਾਜਪਾ ਦੀ ਬਾਂਹ ਮਰੋੜਨ ਵਾਲੀ ਰਣਨੀਤੀ ਹੈ। ਰਾਘਵ ਚੱਢਾ, ਜੋ ਕਹਿੰਦਾ ਹੁੰਦਾ ਸੀ ਕਿ ਭਾਜਪਾ ਬਿਨਾਂ ਡਿਟਰਜੈਂਟ ਵਾਲੀ ਵਾਸ਼ਿੰਗ ਮਸ਼ੀਨ ਹੈ, ਜਿੱਥੇ ਸਿਆਸੀ ਨੇਤਾਵਾਂ ਦੇ ਪਾਪ ਧੋਤੇ ਜਾਂਦੇ ਹਨ, ਹੁਣ ਉਸੇ ਪਾਰਟੀ ਨਾਲ ਹੱਥ ਮਿਲਾ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ, “ਰਾਘਵ ਚੱਢਾ ਭਗਵਾ ਪਾਰਟੀ ਵਿੱਚ ਸ਼ਾਮਲ ਹੋ ਕੇ ਬੇਥਵੀਆਂ ਮਾਰਨ ਲੱਗ ਪਿਆ ਹੈ। ਉਸ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਸਤੀਫ਼ਾ ਦੇਣਾ ਚਾਹੀਦਾ ਸੀ।” ਉਨ੍ਹਾਂ ਇਹ ਵੀ ਕਿਹਾ, “ਮੈਂ ਸੰਕਟ ਦੀ ਇਸ ਘੜੀ ਵਿੱਚ ਪਾਰਟੀ ਨਾਲ ਇਕਜੁੱਟਤਾ ਦਿਖਾਉਣ ਲਈ ਵਿਧਾਇਕਾਂ ਦਾ ਧੰਨਵਾਦ ਕਰਦਾ ਹਾਂ। ਮੈਂ ਇਸ ਸ਼ਕਤੀ ਪ੍ਰਦਰਸ਼ਨ ਲਈ ਨਿੱਜੀ ਤੌਰ `ਤੇ ਇਨ੍ਹਾਂ ਵਿਧਾਇਕਾਂ ਦਾ ਰਿਣੀ ਹਾਂ।”

ਭਾਜਪਾ ਦੀ ਪੰਜਾਬ ਪ੍ਰਤੀ ਪਹੁੰਚ `ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਜਪਾ ਨੂੰ ਕਦੇ ਵੀ ਪੰਜ ਦਰਿਆਵਾਂ ਦੀ ਇਸ ਧਰਤੀ ਤੋਂ ਜਿੱਤਣ ਦਾ ਸੁਪਨਾ ਨਹੀਂ ਦੇਖਣਾ ਚਾਹੀਦਾ। ਸੂਬੇ ਦੇ ਲੋਕ ਭਾਜਪਾ ਦੇ ਸ਼ੱਕੀ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਉਹ ਇਸ ਨੂੰ ਸਬਕ ਜ਼ਰੂਰ ਸਿਖਾਉਣਗੇ।” ਉਨ੍ਹਾਂ ਅੱਗੇ ਕਿਹਾ, “ਭਾਵੇਂ ਭਾਜਪਾ ਕੁੱਝ ਸੂਬਿਆਂ ਵਿੱਚ ਮਿਲੀ ਜਿੱਤ ਤੋਂ ਉਤਸ਼ਾਹਿਤ ਹੈ, ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਸੂਬੇ ਅਤੇ ਇਸ ਦੇ ਲੋਕਾਂ ਪ੍ਰਤੀ ਇਸ ਦੇ ਬੇਇਨਸਾਫ਼ੀ ਅਤੇ ਮਤਰੇਈ ਮਾਂ ਵਾਲੇ ਸਲੂਕ ਦੀ ਕਹਾਣੀ ਬਹੁਤ ਲੰਬੀ ਹੈ।” ਉਨ੍ਹਾਂ ਕਿਹਾ, “ਭਾਜਪਾ ਪੰਜਾਬ ਨੂੰ ਪੰਜਾਬ ਯੂਨੀਵਰਸਿਟੀ, ਝਾਕੀ, ਚੰਡੀਗੜ੍ਹ, ਭਾਖੜਾ ਡੈਮ ਅਤੇ ਹੋਰ ਹਰੇਕ ਜਾਇਜ਼ ਹੱਕ ਤੋਂ ਵਾਂਝਾ ਕਰਨਾ ਚਾਹੁੰਦੀ ਹੈ।”

ਵਿੱਤੀ ਚਿੰਤਾਵਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਲੋਕਾਂ ਨੇ ਪੰਜਾਬ ਦੇ ਵਿਕਾਸ ਨੂੰ ਖ਼ਤਰੇ ਵਿੱਚ ਪਾਉਣ ਲਈ ਸੂਬੇ ਦੇ ਜਾਇਜ਼ ਫੰਡ ਰੋਕ ਦਿੱਤੇ ਹਨ।” ਉਨ੍ਹਾਂ ਅੱਗੇ ਕਿਹਾ, “ਹਵਾਈ ਕਿਲ੍ਹੇ ੳਸਾਰਨ ਦੀ ਬਜਾਏ ਭਾਜਪਾ ਲੀਡਰਸ਼ਿਪ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਕਦੇ ਵੀ ਪੰਜਾਬ ਵਿੱਚ ਸੱਤਾ ਸੰਭਾਲਣਗੇ। ਪੰਜਾਬ ਤੇ ਪੰਜਾਬੀਆਂ ਵਿਰੁੱਧ ਕੀਤੇ ਗੁਨਾਹ ਮੁਆਫ਼ ਨਹੀਂ ਕੀਤੇ ਜਾ ਸਕਦੇ।” ਉਨ੍ਹਾਂ ਟਿੱਪਣੀ ਕੀਤੀ, “ਭਾਜਪਾ ਕਿਸ ਮੂੰਹ ਨਾਲ ਪੰਜਾਬ ਆਵੇਗੀ, ਜਦੋਂ ਉਨ੍ਹਾਂ ਦੇ ਆਗੂਆਂ ਨੇ ਕਦੇ ਵੀ ਸੂਬੇ ਅਤੇ ਇਸ ਦੇ ਲੋਕਾਂ ਦੇ ਮੁੱਦੇ ਨਹੀਂ ਉਠਾਏ? ਪੰਜਾਬ ਦੇ ਬਹਾਦਰ ਅਤੇ ਸਿਆਣੇ ਲੋਕ ਭਾਜਪਾ ਦੇ ਮਾੜੇ ਕੰਮਾਂ ਨੂੰ ਕਦੇ ਨਹੀਂ ਭੁੱਲਣਗੇ ਅਤੇ ਉਸ ਨੂੰ ਢੁਕਵਾਂ ਸਬਕ ਸਿਖਾਉਣਗੇ।”

ਸਿਆਸੀ ਹਕੀਕਤ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਜਪਾ ਕੋਲ ਇਸ ਸਮੇਂ ਸੂਬੇ ਵਿੱਚ ਦੋ ਵਿਧਾਇਕ ਹਨ, ਪਰ ਜਿਸ ਤਰੀਕੇ ਨਾਲ ਉਹ ਸ਼ੇਖੀ ਮਾਰ ਰਹੇ ਹਨ, ਇਸ ਨਾਲ ਉਨ੍ਹਾਂ ਦੀਆਂ ਸੀਟਾਂ ਸਿਫ਼ਰ ਹੋ ਸਕਦੀਆਂ ਹਨ।” ਉਨ੍ਹਾਂ ਅੱਗੇ ਕਿਹਾ, “ਪੰਜਾਬੀ ਅਜਿਹੀਆਂ ਤਾਨਾਸ਼ਾਹੀ ਚਾਲਾਂ ਅੱਗੇ ਨਹੀਂ ਝੁਕਦੇ ਅਤੇ ਹਮੇਸ਼ਾ ਉਨ੍ਹਾਂ ਫੁੱਟਪਾਊ ਤਾਕਤਾਂ ਨੂੰ ਢੁਕਵਾਂ ਸਬਕ ਸਿਖਾਉਂਦੇ ਹਨ, ਜੋ ਪੰਜਾਬ `ਤੇ ਤਾਕਤ ਨਾਲ ਰਾਜ ਕਰਨਾ ਚਾਹੁੰਦੀਆਂ ਹਨ।” ਉਨ੍ਹਾਂ ਕਿਹਾ, “ਜਦੋਂ ਤੋਂ ਸੂਬਾ ਸਰਕਾਰ ਨੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਹੈ, ਭਾਜਪਾ ਪ੍ਰੇਸ਼ਾਨ ਹੈ ਕਿਉਂਕਿ ਉਹ ਪੰਜਾਬ ਵਿੱਚ ਆਪਣੇ ਫੁੱਟਪਾਊ ਏਜੰਡੇ ਨੂੰ ਅੱਗੇ ਨਹੀਂ ਵਧਾ ਸਕੇਗੀ।”

ਸਰਕਾਰ ਦਾ ਸਟੈਂਡ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਵਿੱਚ ਵਾਰ-ਵਾਰ ਨਕਾਰਨ ਦੇ ਬਾਵਜੂਦ ਭਾਜਪਾ ਨੇ ਡਰਾਉਣ-ਧਮਕਾਉਣ, ਲਾਲਚ ਦੇਣ ਅਤੇ ਦਲ-ਬਦਲੀ ਦੇ ਯਤਨਾਂ ਰਾਹੀਂ ਭ੍ਰਿਸ਼ਟਾਚਾਰ ਮੁਕਤ ਸਰਕਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਕੇ ਸੂਬੇ ਪ੍ਰਤੀ ਵੈਰ-ਵਿਰੋਧ ਵਾਲਾ ਰਵੱਈਆ ਅਪਣਾਇਆ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ, “ਆਪ ਆਪਣੀ ਤਾਕਤ ਆਮ ਲੋਕਾਂ ਤੋਂ ਪ੍ਰਾਪਤ ਕਰਦੀ ਹੈ ਅਤੇ ਇਕ ਸਿਧਾਂਤਕ ਦ੍ਰਿਸ਼ਟੀਕੋਣ ਨਾਲ ਜੁੜੀ ਹੋਈ ਹੈ। ਅਜਿਹੀਆਂ ਕੋਝੀਆਂ ਚਾਲਾਂ ਲੋਕਤੰਤਰ ਵਿੱਚ ਸਿਆਸੀ ਜਿੱਤਾਂ ਯਕੀਨੀ ਨਹੀਂ ਬਣਾ ਸਕਦੀਆਂ। ਪੰਜਾਬੀ ਉਨ੍ਹਾਂ ਨੂੰ ਢੁਕਵਾਂ ਸਬਕ ਸਿਖਾਉਣਗੇ।”

ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ਤੇ ਕਿਹਾ, “ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਸਾਡਾ ਸੰਘਰਸ਼ ਨਿਰੰਤਰ ਜਾਰੀ ਹੈ। ਅੱਜ, ਸਾਰੇ ‘ਆਪ ਵਿਧਾਇਕਾਂ ਦੇ ਨਾਲ ਅਸੀਂ ਪੰਜਾਬ ਦੇ ਮਹੱਤਵਪੂਰਨ ਮੁੱਦਿਆਂ `ਤੇ ਵਿਚਾਰ-ਵਟਾਂਦਰਾ ਕਰਨ ਅਤੇ ਰਾਸ਼ਟਰਪਤੀ ਦੇ ਸਾਹਮਣੇ ਸੂਬੇ ਦੀ ਮਜ਼ਬੂਤ ਆਵਾਜ਼ ਪੇਸ਼ ਕਰਨ ਲਈ ਨਿਕਲੇ ਹਾਂ। ਤੁਹਾਡਾ ਜਨਤਕ ਸੇਵਕ ਹੋਣ ਦੇ ਨਾਤੇ ਸਾਡੀ ਸਰਕਾਰ ਪੰਜਾਬ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਅਤੇ ਸਮਾਜ ਦੇ ਹਰ ਵਰਗ ਦੇ ਅਧਿਕਾਰਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”

Category : Videos