ਚੰਡੀਗੜ੍ਹ, 02 ਫਰਵਰੀ

ਪੰਜਾਬ ‘ਚ ਜਿਵੇਂ ਜਿਵੇਂ ਚੋਣਾਂ ਦੇ ਦਿਨ ਘੱਟ ਰਹੇ ਨੇ ਓਵੇਂ ਹੀ ਸਿਆਸਤ ਦਿਨੋਂ-ਦਿਨ ਗਰਮਾਉਂਦੀ ਜਾ ਰਹੀ ਹੈ। ਜੇਕਰ ਗੱਲ ਕਰੀਏ ਪੰਜਾਬ ਕਾਂਗਰਸ ਦੀ ਤਾਂ ਪਿੱਛਲੇ ਲੰਮੇ ਸਮੇ ਤੋਂ ਹੀ ਤਕਰਾਰਬਾਜ਼ੀ ਜਾਰੀ ਹੈ। ਹੁਣ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਹੈ।

ਕਈ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਦਿਲ ਦਾ ਦਰਦ ਬਿਆਨ ਕੀਤਾ ਹੈ ਕਿ ਕਿਵੇਂ ਉਹ ਮੁੱਖ ਮੰਤਰੀ ਬਣਨ ਦੀ ਦੌੜ ਵਿਚ ਸਭ ਤੋਂ ਅੱਗੇ ਸਨ, ਪਰ ਹੋ ਕੁਝ ਹੋਰ ਹੀ ਗਿਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ।

ਸੁਨੀਲ ਜਾਖੜ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਜਾਖੜ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਤੰਬਰ 2021 ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਦੀ ਵੋਟਿੰਗ ਹੋਈ ਸੀ ਤੇ ਇਸ ਵੋਟਿੰਗ ‘ਚ 79 ਵਿੱਚੋਂ 42 ਵਿਧਾਇਕ ਉਨ੍ਹਾਂ ਦੇ ਹੱਕ ‘ਚ ਪਈਆਂ ਸਨ।ਜਾਖੜ ਨੇ ਦੱਸਿਆ ਕਿ ਚਰਨਜੀਤ ਚੰਨੀ ਨੂੰ ਸਿਰਫ਼ 2 ਵਿਧਾਇਕਾਂ ਨੇ ਹੀ ਸਮਰਥਨ ਦਿੱਤਾ ਸੀ। ਇਸ ਦੇ ਬਾਵਜੂਦ ਉਹ ਸੀਐਮ ਬਣ ਗਏ। ਸੁਨੀਲ ਜਾਖੜ ਨੇ ਇਹ ਗੱਲ ਪਹਿਲੀ ਵਾਰ ਕਾਂਗਰਸੀ ਉਮੀਦਵਾਰ ਦੇ ਪ੍ਰਚਾਰ ਦੌਰਾਨ ਕਹੀ।

ਪੰਜਾਬ ‘ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਪਹਿਲਾਂ ਜਾਖੜ ਦੇ ਇਸ ਬਿਆਨ ਨੇ ਕਾਂਗਰਸ ‘ਚ ਤਰਥੱਲੀ ਮਚਾ ਦਿੱਤੀ ਹੈ। ਦਰਅਸਲ ਜਾਖੜ ਇਸ਼ਾਰਾ ਕਰ ਰਹੇ ਹਨ ਉਸ ਦਿਨ ਵੱਲ ਜਿਸ ਦਿਨ ਚੰਡੀਗੜ੍ਹ ਦੇ ਹੋਟਲ ‘ਚ ਪੰਜਾਬ ਕਾਂਗਰਸ ਦੇ ਵਿਧਾਇਕਾਂ ਦਾ ਮੇਲਾ ਲੱਗਿਆ ਹੋਇਆ ਸੀ। 19 ਸਤੰਬਰ , ਕੈਪਟਨ ਦੇ ਅਸਤੀਫ਼ਾ ਦੇਣ ਤੋਂ ਬਾਅਦ ਅਗਲਾ ਦਿਨ। ਹਾਈ ਕਮਾਨ ਨੇ ਵਿਧਾਇਕਾਂ ਨੂੰ ਆਪਣੀ ਪਸੰਦ ਦੱਸਣ ਲਈ ਕਿਹਾ ਸੀ। ਉਸ ਦਿਨ ਵੋਟਾਂ ਪਵਾ ਕੇ ਆਪਣਾ ਮੁੱਖ ਮੰਤਰੀ ਚੁਣਨ ਲਈ ਕਵਾਇਦ ਚੱਲ ਰਹੀ ਸੀ। ਜਾਖੜ ਦਾ ਦਾਵਾ ਹੈ ਕਿ ਉਹਨਾਂ ਨੂੰ 42 ਵੋਟਾਂ ਪਈਆਂ। ਲੰਘੇ ਦਿਨੀਂ ਅਜਿਹਾ ਹੀ ਦਾਅਵਾ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੀਤਾ ਸੀ ਉਹਨਾਂ ਆਖਿਆ ਸੀ ਕਿ ਮੇਰਾ ਨਾਂ ਮੁੱਖ ਮੰਤਰੀ ਲਈ ਤੈਅ ਹੋ ਗਿਆ ਸੀ, ਪਰ ਐਲਾਨ ਚੰਨੀ ਦੇ ਨਾਂ ਦਾ ਕਰ ਦਿੱਤਾ ਗਿਆ ਸੀ।

ਪੰਜਾਬ ‘ਚ ਕਾਂਗਰਸ ਇੱਕ ਵੱਡੇ ਹਿੰਦੂ ਚਿਹਰੇ ਨੂੰ ਗੁਆ ਰਹੀ ਹੈ। ਪੰਜਾਬ ‘ਚ ਉਨ੍ਹਾਂ ਕੋਲ ਸਭ ਤੋਂ ਵੱਡੇ ਹਿੰਦੂ ਚਿਹਰੇ ਵਜੋਂ ਸੁਨੀਲ ਜਾਖੜ ਹੈ, ਪਰ ਸਿੱਖ ਚਿਹਰਿਆਂ ਨੂੰ ਕਾਂਗਰਸ ਦੇ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਵਜੋਂ ਰੱਖਿਆ ਹੈ। ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਕਾਂਗਰਸ ਨੇ 32% ਦਲਿਤ ਵੋਟ ਬੈਂਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ 38% ਹਿੰਦੂ ਵੋਟ ਬੈਂਕ ਦੀ ਚਿੰਤਾ ਹੈ। ਇਹੀ ਕਾਰਨ ਹੈ ਕਿ ਸਿੱਧੂ ਵਾਰ-ਵਾਰ ਦੁਹਰਾਉਂਦੇ ਹਨ ਕਿ ਪਿਤਾ ਸਿੱਖ ਤੇ ਮਾਂ ਹਿੰਦੂ ਹੈ।

Spread the love