ਚੰਡੀਗੜ੍ਹ, 03 ਫਰਵਰੀ

2022 ਦੀਆਂ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਸਿਆਸਤ ‘ਚ ਹਲਚਲ ਜਾਰੀ ਹੈ। ਇਸ ਦੇ ਹੀ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਦਰਬਾਰਾ ਸਿੰਘ ਗੁਰੂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਸਣੇ ਹੋਰਨਾਂ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਇਸ ਨਾਲ ਹਲਕਾ ਭਦੌੜ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

ਇਸ ਸੰਬੰਧੀ ਉਨ੍ਹਾਂ ਨੇ ਬਕਾਇਦਾ ਆਪਣੇ ਅਸਤੀਫ਼ੇ ਦੀਆਂ ਕਾਪੀਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਜਾਣ ਸੰਬੰਧੀ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕੀਤੀਆਂ ਹਨ । ਇਸ ਦੇ ਨਾਲ ਹੀ ਦਰਬਾਰਾ ਸਿੰਘ ਗੁਰੂ ਨੇ ਮੈਂਬਰ ਸਕੱਤਰ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਦਰਬਾਰਾ ਸਿੰਘ ਗੁਰੂ ਇਸ ਮੌਕੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਵਜੋਂ ਵੀ ਵਿਚਰ ਰਹੇ ਸਨ ਪਰ ਪਿਛਲੇ ਸਮੇਂ ਵਿਚ ਇਹ ਸੀਟ ਬਸਪਾ ਨੂੰ ਦਿੱਤੇ ਜਾਣ ਤੋਂ ਸਿਆਸੀ ਤੌਰ ‘ਤੇ ਬਹੁਤ ਘੱਟ ਵਿਚਰ ਰਹੇ ਸਨ |

ਦੱਸ ਦਈਏ ਕਿ ਦਰਬਾਰਾ ਸਿੰਘ ਗੁਰੂ ਅਕਾਲੀ ਸਰਕਾਰ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਵਜੋਂ ਕੰਮ ਕਰਦੇ ਰਹੇ ਸਨ । 2012 ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਚੋਣ ਲੜੀ ਸੀ, ਪਰ ਉਹ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ ਤੋਂ ਚੋਣ ਹਾਰ ਗਏ ਸਨ। ਹਲਕਾ ਭਦੌੜ ਵਿੱਚ ਚੋਣ ਲੜਨ ਕਰਕੇ ਉਨ੍ਹਾਂ ਦਾ ਚੰਗਾ ਆਧਾਰ ਹੈ।

ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਵੱਲੋਂ ਹਲਕਾ ਭਦੌੜ ਤੋਂ ਚੋਣ ਲੜ ਰਹੇ ਹਨ, ਜਿਸ ਕਰਕੇ ਦਰਬਾਰਾ ਸਿੰਘ ਗੁਰੂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਉਨ੍ਹਾਂ ਨੂੰ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 2017 ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਪਾਰਟੀ ਨੇ ਫਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਤੋਂ ਚੋਣ ਲੜਾਈ ਸੀ। ਜਦਕਿ 2019 ਦੀ ਲੋਕ ਸਭਾ ਚੋਣ ਵੀ ਫਤਹਿਗੜ੍ਹ ਸਾਹਿਬ ਹਲਕੇ ਤੋਂ ਲੜ ਚੁੱਕੇ ਹਨ।

ਮੌਜੂਦਾ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਦਾਵਰ ਆਗੂ ਦਰਬਾਰਾ ਸਿੰਘ ਗੁਰੂ ਨੂੰ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਟਿਕਟ ਨਹੀਂ ਦਿੱਤੀ ਗਈ। ਇਸ ਕਰਕੇ ਉਹ ਪਾਰਟੀ ਤੋਂ ਨਾਰਾਜ਼ ਚੱਲੇ ਆ ਰਹੇ ਸਨ। ਇਸ ਤੋਂ ਬਾਅਦ ਅੱਜ ਉਨ੍ਹਾਂ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫਾ ਭੇਜਿਆ ਗਿਆ ਹੈ। ਉੱਥੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਵੀ ਛੱਡ ਦਿੱਤੀ ਹੈ।

Spread the love