ਹੁਸ਼ਿਆਰਪੁਰ, 04 ਫਰਵਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੇ ਹੁਸ਼ਿਆਰਪੁਰ ‘ਚ ਚੋਣ ਪ੍ਰਚਾਰ ਲਈ ਪਹੁੰਚੇ। ਇੱਥੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਸੰਸਦ ‘ਚ ਜੋ ਕਿਹਾ,ਉਸ ਨਾਲ ਮੈਨੂੰ ਬਹੁਤ ਦੁੱਖ ਹੋਇਆ। ਰਾਹੁਲ ਨੇ ਸੰਸਦ ਵਿੱਚ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦੋਸ਼ ਲਾਇਆ ਕਿ ਸਾਡੀਆਂ ਗਲਤ ਵਿਦੇਸ਼ ਨੀਤੀਆਂ ਕਾਰਨ ਪਾਕਿਸਤਾਨ ਅਤੇ ਚੀਨ ਦੋਸਤ ਬਣ ਗਏ ਹਨ, ਕੀ ਉਨ੍ਹਾਂ ਨੂੰ ਬੀਤੇ ਦੇ ਇਤਿਹਾਸ ਦਾ ਪਤਾ ਨਹੀਂ ਹੈ? ਇਸ ਦੇ ਨਾਲ ਹੀ ਪਠਾਨਕੋਟ ‘ਚ ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਮੰਦਰ ਹੀ ਨਹੀਂ ਬਣਾਉਂਦੀ, ਦੇਸ਼ ਦੀ ਵਿਰਾਸਤ ਨੂੰ ਸੰਭਾਲਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਉਹ ਪਠਾਨਕੋਟ ਤੋਂ ਇਲਾਵਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਭਾਜਪਾ ਉਮੀਦਵਾਰਾਂ ਨੂੰ ਉਤਸ਼ਾਹਿਤ ਕਰਨਗੇ।

ਰਾਜਨਾਥ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਕੌਮਾਂਤਰੀ ਸਰਹੱਦ ਤੋਂ ਮਹਿਜ਼ 4-5 ਕਿਲੋਮੀਟਰ ਦੂਰ ਹੈ। ਥੋੜੀ ਜਿਹੀ ਕੋਸ਼ਿਸ਼ ਕੀਤੀ ਹੁੰਦੀ ਤਾਂ ਕਰਤਾਰਪੁਰ ਸਾਹਿਬ ਭਾਰਤ ਵਿੱਚ ਹੀ ਹੋਣਾ ਸੀ। ਕੁਝ ਤਾਕਤਾਂ ਸਾਡੇ ਅਤੇ ਸਿੱਖ ਕੌਮ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।

Spread the love