ਨਵੀਂ ਦਿੱਲੀ, 7 ਫਰਵਰੀ

ਹਰਿਆਣਾ ‘ਚ ਬਲਾਤਕਾਰ ਅਤੇ ਕਤਲ ਕੇਸ ‘ ਚ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਬਾਬਾ ਰਾਮ ਰਹੀਮ ਆਖਰਕਾਰ ਜੇਲ੍ਹ ‘ਚੋਂ ਬਾਹਰ ਆਊਗਾ। ਦਰਅਸਲ ਗੁਰਮੀਤ ਰਾਮ ਰਹੀਮ ਸਿੰਘ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ। ਡੇਰਾ ਮੁਖੀ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਫਰਲੋ ਲਈ ਅਪਲਾਈ ਕੀਤਾ ਸੀ ਪਰ ਹਰ ਵਾਰ ਉਨ੍ਹਾਂ ਦੀ ਫਰਲੋ ਰੱਦ ਕੀਤੀ ਜਾਂਦੀ ਸੀ।

ਫਿਲਹਾਲ ਬਾਬਾ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹੈ। ਤੁਹਾਨੂੰ ਦੱਸ ਦੇਈਏ ਕਿ ਫਰਲੋ ਇੱਕ ਛੁੱਟੀ ਦੀ ਤਰ੍ਹਾਂ ਹੈ ਜਿਸ ਵਿੱਚ ਸਜ਼ਾਯਾਫ਼ਤਾ ਕੈਦੀਆਂ ਨੂੰ ਜੇਲ੍ਹ ਵਿੱਚ ਛੁੱਟੀ ਮਿਲਦੀ ਹੈ ਅਤੇ ਉਹ ਇੱਕ ਨਿਸ਼ਚਿਤ ਸਮੇਂ ਲਈ ਆਪਣੇ ਘਰਾਂ ਨੂੰ ਜਾ ਸਕਦੇ ਹਨ। ਉਂਜ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੀ ਇਸ ਫਰਲੋ ਦੇ ਕਈ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ।

ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ ਵੱਖ-ਵੱਖ ਕਾਰਨਾਂ ਕਰਕੇ ਪੈਰੋਲ ਮਿਲ ਚੁੱਕੀ ਹੈ ਪਰ ਪਹਿਲੀ ਵਾਰ ਫਰਲੋ ਮਿਲੀ ਹੈ। ਉਹ ਵੀ 21 ਦਿਨ ਯਾਨੀ ਤਿੰਨ ਹਫ਼ਤਿਆਂ ਲਈ। ਇਸ ਦੌਰਾਨ ਰਾਮ ਰਹੀਮ ਨੂੰ ਫਰਲੋ ਦੇਣ ਸਬੰਧੀ ਕਈ ਗੱਲਾਂ ਨਾਲ ਜੋੜਿਆ ਜਾ ਰਿਹਾ ਹੈ। ਜਿੱਥੇ ਰਾਮ ਰਹੀਮ ਪਹਿਲੀ ਵਾਰ ਸਿਰਸਾ ਡੇਰੇ ਪਹੁੰਚੇਗਾ। ਇਸ ਦੇ ਨਾਲ ਹੀ ਸਿਰਸਾ ਡੇਰੇ ਵਿੱਚ ਵੀ ਪੈਰੋਕਾਰਾਂ ਨੇ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ‘ਚ ਪੰਜਾਬ ‘ਚ ਚੋਣਾਂ ਹਨ ਅਤੇ ਰਾਮ ਰਹੀਮ ਦੇ ਸਾਹਮਣੇ ਆਉਣ ਨਾਲ ਸਿਆਸੀ ਚਰਚਾ ਵੀ ਸ਼ੁਰੂ ਹੋ ਗਈ ਹੈ।

ਪਿਛਲੇ ਸਾਲ 2017 ‘ਚ ਸੀਬੀਆਈ ਅਦਾਲਤ ਨੇ 20 ਸਾਲ ਦੀ ਸੁਣਾਈ ਸੀ ਸਜ਼ਾ

ਦੱਸ ਦੇਈਏ ਕਿ ਸਾਧਵੀ ਬਲਾਤਕਾਰ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਸੁਨਾਰੀਆ ਜੇਲ੍ਹ ਭੇਜ ਦਿੱਤਾ ਸੀ। ਹਾਲਾਂਕਿ ਇਸ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ 27 ਅਗਸਤ ਨੂੰ ਸੀ.ਬੀ.ਆਈ. ਅਦਾਲਤ ਨੇ ਸੁਣਵਾਈ ਕੀਤੀ ਸੀ, ਜਿਸ ‘ਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।

Spread the love