09 ਮਾਰਚ, ਅਮ੍ਰਿਤਸਰ
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਯਾਨੀ ਕਿ ਕੱਲ੍ਹ ਨੂੰ ਆਉਣ ਵਾਲੇ ਹਨ ਅਤੇ ਇਸ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮਪਤਨੀ ਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ।
ਉਨ੍ਹਾਂ ਵੱਲੋਂ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਤੇ ਨਤਮਸਤਕ ਹੋਣ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਾਂ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਐਗਜ਼ਿਟ ਪੋਲ ਨਿਊਜ਼ ਚੈਨਲਾਂ ਦੇ ਉੱਤੇ ਦਿਖਾਏ ਜਾ ਰਹੇ ਹਨ ਹੁਣ ਉਨ੍ਹਾਂ ਐਗਜ਼ਿਟ ਪੋਲਾਂ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਨਹੀਂ ਰਿਹਾ ਅਤੇ ਇਸ ਵਾਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ।
ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਿਊਜ਼ ਚੈਨਲਾਂ ਤੇ ਹਰ ਵਾਲ ਗ਼ਲਤ ਐਗਜ਼ਿਟ ਪੋਲ ਦਿਖਾਏ ਜਾਂਦੇ ਹਨ ਇਸ ਲਈ ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹਾਂ ਕਿ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਤੇ ਪੂਰਨ ਤੌਰ ਤੇ ਰੋਕ ਲਗਾਈ ਜਾਵੇ ਕਿਉਂਕਿ ਸਰਕਾਰਾਂ ਸਰਕਾਰੀ ਪੈਸੇ ਦਾ ਗ਼ਲਤ ਫ਼ਾਇਦਾ ਉਠਾ ਕੇ ਨਿਊਜ਼ ਚੈਨਲਾਂ ਨੂੰ ਪੈਸੇ ਦੇ ਕੇ ਆਪਣੇ ਹੱਕ ਵਿੱਚ ਐਗ਼ਜ਼ਿਟ ਪੋਲ ਤੇ ਓਪੀਨੀਅਨ ਪੋਲ ਕਰਵਾਉਂਦੀਆਂ ਹਨ। ਜਿਸ ਤਰ੍ਹਾਂ ਕਿ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਜੋ ਕਿ ਸਰਾਸਰ ਗ਼ਲਤ ਹੈ।
ਇਸ ਦੇ ਨਾਲ ਹੀ ਯੂਕਰੇਨ ਵਿੱਚ ਹੋ ਰਹੇ ਯੁੱਧ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਚੋਂ ਬਹੁਤ ਸਾਰੇ ਪੰਜਾਬੀ ਆਪਣੀਆਂ ਜਾਨਾਂ ਬਚਾ ਕੇ ਭਾਰਤ ਵਾਪਸ ਆ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਸਵਾਗਤ ਲਈ ਉਨ੍ਹਾਂ ਦਾ ਪੰਜਾਬ ਸਰਕਾਰ ਦਾ ਡੈਲੀਗੇਸ਼ਨ ਜਾਂ ਪੰਜਾਬ ਦਾ ਮੁੱਖ ਮੰਤਰੀ ਖੁਦ ਦਿੱਲੀ ਏਅਰਪੋਰਟ ਤੇ ਪਹੁੰਚੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੁੱਧ ਦੀਆਂ ਧਾਰਾਂ ਕੱਢਣ ਤੋਂ ਇਲਾਵਾ ਕੋਈ ਕੰਮ ਨਹੀਂ ਸ਼ਾਇਦ ਸ਼ਾਇਦ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਖਤਮ ਹੋ ਗਈਆਂ ਹਨ ਇਸ ਦੇ ਨਾਲ ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਇਸ ਵਾਰ ਪੰਜਾਬ ਵਿਚ ਬਹੁਮਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣੇਗੀ ਅਤੇ ਕਾਂਗਰਸ ਦਾ ਧਿਆਨ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਨਾਲ ਪੰਜਾਬ ਵਿਚੋਂ ਸਫਾਇਆ ਹੋਵੇਗਾ।












