— ਕਿਹਾ – ਮੰਡੀਆਂ ਵਿੱਚ ਬਿਜਲੀ, ਪੀਣ ਵਾਲੇ ਪਾਣੀ, ਸਫਾਈ, ਬੈਠਣ ਸਮੇਤ ਕਣਕ ਦੀ ਨਿਰਵਿਘਨ ਖਰੀਦ ਲਈ ਕੀਤੇ ਗਏ ਹਨ ਪੁਖ਼ਤਾ ਪ੍ਰਬੰਧ
— ਪੰਜਾਬ ਸਰਕਾਰ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ, ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਕੀਤਾ ਸਥਾਪਿਤ – ਬਰਸਟ
ਐਸ.ਏ.ਐਸ. ਨਗਰ (ਮੋਹਾਲੀ), 07 ਅਪ੍ਰੈਲ 2026 ( ) – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਅਨਾਜ ਮੰਡੀ, ਪਟਿਆਲਾ ਦਾ ਦੌਰਾ ਕੀਤਾ ਗਿਆ ਅਤੇ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਦੀਆਂ ਸਮੂਹ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਮੰਡੀ ਵਿੱਚ ਖਰੀਦ ਸ਼ੁਰੂ ਕਰਵਾਉਂਦਿਆਂ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਅਜੇ ਮੰਡੀਆਂ ਵਿੱਚ ਕਣਕ ਦੀ ਆਮਦ ਘੱਟ ਹੋ ਰਹੀ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਮੰਡੀਆਂ ਵਿੱਚ ਫਸਲ ਦੀ ਬੰਪਰ ਆਮਦ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ। ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਾਫ਼ – ਸਫਾਈ, ਬਿਜਲੀ, ਪੀਣ ਵਾਲੇ ਪਾਣੀ, ਬਾਥਰੂਮਾਂ, ਛਾਂ, ਬੈਠਣ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਸ. ਬਰਸਟ ਨੇ ਦੱਸਿਆ ਕਿ ਹਾੜੀ ਸੀਜਨ ਦੇ ਮੱਦੇਨਜਰ ਸੂਬੇ ਵਿੱਚ ਕਣਕ ਦੀ ਖਰੀਦ ਕਰਵਾਉਣ ਲਈ ਕੁੱਲ 1896 ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਸੀਜਨ ਦੌਰਾਨ ਫਸਲ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਆਰਜੀ ਖਰੀਦ ਕੇਂਦਰ ਘੋਸ਼ਿਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸਦੇ ਤਹਿਤ ਹੁਣ ਤੱਕ 456 ਆਰਜੀ ਮੰਡੀਆਂ ਘੋਸ਼ਿਤ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸਾਲ 2026-27 ਦੌਰਾਨ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2585 ਰੁਪਏ ਪ੍ਰਤੀ ਕੁਇੰਟਲ ਘੋਸ਼ਿਤ ਕੀਤਾ ਗਿਆ ਹੈ। ਉੱਚ ਅਧਿਕਾਰੀਆਂ ਵੱਲੋਂ ਮੰਡੀਆਂ ਵਿੱਚ ਜਾ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਮੰਡੀਆਂ ਵਿੱਚ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸਦੇ ਨਾਲ ਹੀ ਸੀਜਨ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਕੰਟਰੋਲ ਰੂਮ ਦੇ ਟੈਲੀਫੋਨ ਨੰ. 0172-5101649 ਅਤੇ 0172-5101704 ਤੇ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਕਿ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ।
ਚੇਅਰਮੈਨ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਕਣਕ ਦੇ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ, ਤਾਂ ਜੋ ਕਿਸਾਨ ਬਿਨਾਂ ਕਿਸੇ ਔਕੜ ਤੋਂ ਖੁਸ਼ੀ – ਖੁਸ਼ੀ ਆਪਣੀ ਫਸਲ ਨੂੰ ਵੇਚ ਕੇ ਜਲਦ ਤੋਂ ਜਲਦ ਆਪਣੇ ਘਰ ਜਾ ਸਕਣ। ਉਨ੍ਹਾਂ ਨੇ ਆੜ੍ਹਤੀਆਂ, ਵਪਾਰੀਆਂ, ਮਜਦੂਰ ਭਰਾਵਾਂ ਅਤੇ ਸਰਕਾਰੀ ਏਜੰਸੀਆਂ ਦੇ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਫਸਲ ਨੂੰ ਚੁਕਾਉਣ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ। ਕਿਸੇ ਵੀ ਪੱਧਰ ਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਉਣ ਦੇਣ। ਸ. ਬਰਸਟ ਨੇ ਦੱਸਿਆ ਕਿ 6 ਅਪ੍ਰੈਲ ਤੱਕ ਸੂਬੇ ਦੀਆਂ ਮੰਡੀਆਂ ਵਿੱਚ 6093 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 3544 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ।
ਇਸ ਮੌਕੇ ਮਾਰਕਿਟ ਕਮੇਟੀ ਪਟਿਆਲਾ ਦੇ ਚੇਅਰਮੈਨ ਅਸ਼ੋਕ ਸਿਰਸਵਾਲ, ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਨਵੀਂ ਅਨਾਜ ਮੰਡੀ ਪਟਿਆਲਾ ਦੇ ਪ੍ਰਧਾਨ ਇੰਜੀ. ਸਤਵਿੰਦਰ ਸਿੰਘ ਸੈਣੀ, ਜਿਲਾ ਮੰਡੀ ਅਫ਼ਸਰ ਅਸਲਮ ਮੁਹੰਮਦ, ਮਾਰਕੀਟ ਕਮੇਟੀ ਦੇ ਸੈਕਟਰੀ ਜੋਨੀ ਗਰਗ, ਵੇਅਰ ਹਾਊਸ ਦੇ ਇੰਸਪੈਕਟਰ ਕ੍ਰਿਸਨ ਕੁਮਾਰ, ਪਨਗਰੇਨ ਦੇ ਇੰਸਪੈਕਟਰ ਮੇਜਰ ਸਿੰਘ ਗਿੱਲ, ਪਨਸਪ ਦੇ ਇੰਸਪੈਕਟਰ ਜਗਜੀਤ ਸਿੰਘ, ਮਾਰਕਫੈਡ ਦੇ ਇੰਸਪੈਕਟਰ ਅਸ਼ੋਕ ਕੁਮਾਰ, ਨਵੀਂ ਅਨਾਜ ਮੰਡੀ ਪਟਿਆਲਾ ਦੇ ਜਨਰਲ ਸਕੱਤਰ ਨਰੇਸ਼ ਮਿੱਤਲ ਭੋਲਾ, ਅਸ਼ੋਕ ਕੁਮਾਰ ਸੋਢੀ, ਚਰਨਦਾਸ ਗੋਇਲ, ਦਵਿੰਦਰ ਕੁਮਾਰ ਬੱਗਾ, ਸੰਜੀਵਨ ਮਿੱਤਲ, ਬਹਾਲ ਸਿੰਘ, ਦਿਨੇਸ਼ ਅਗਰਵਾਲ, ਉਮੇਸ਼ ਅਗਰਵਾਲ, ਤੀਰਥ ਬਾਂਸਲ, ਨਰਿੰਦਰ ਲੌਟ, ਜਗਦੀਸ਼ ਚੰਦ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਮਿਰਜਾਪੁਰ ਸਮੇਤ ਹੋਰ ਲੋਕ ਵੀ ਮੌਜੂਦ ਰਹੇ।