ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਈਰਾਨ ਨਾਲ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਇਹ ਜੰਗਬੰਦੀ ਉਨ੍ਹਾਂ ਦੀ 8:00 ਵਜੇ ਦੀ ਸਮਾਂ ਸੀਮਾ ਤੋਂ ਦੋ ਘੰਟੇ ਤੋਂ ਵੀ ਘੱਟ ਸਮੇਂ ਪਹਿਲਾਂ ਹੋਈ, ਟਰੰਪ ਨੇ ਧਮਕੀ ਦਿੱਤੀ ਸੀ ਕਿ ਉਹ ਪੂਰੀ ਸੱਭਿਅਤਾ ਨੂੰ ਮਿਟਾ ਦੇਣਗੇ। ਟਰੰਪ ਨੇ ਦੱਸਿਆ ਕਿ ਜੰਗਬੰਦੀ ਸਮਝੌਤਾ ਇਸ ਸ਼ਰਤ ‘ਤੇ ਕੀਤਾ ਗਿਆ ਸੀ ਕਿ ਈਰਾਨ ਰਣਨੀਤਕ ਤੌਰ ‘ਤੇ ਮਹੱਤਵਪੂਰਨ ‘ਸਟ੍ਰੇਟ ਆਫ਼ ਹੋਰਮੁਜ਼’ ਨੂੰ ਦੁਬਾਰਾ ਖੋਲ੍ਹਣ ਲਈ ਸਹਿਮਤ ਹੋਵੇ। ਆਪਣੀ ਪੋਸਟ ‘ਚ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਈਰਾਨੀ ਪੱਖ ਤੋਂ 10 ਪੁਆਇੰਟਸ ਦਾ ਜੰਗਬੰਦੀ ਪ੍ਰਸਤਾਵ ਪ੍ਰਾਪਤ ਹੋਇਆ। ਟਰੂਥ ਸੋਸ਼ਲ ‘ਤੇ ਐਲਾਨ ਕੀਤਾ ਗਿਆ, ਇਹ ਜੰਗਬੰਦੀ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੁਆਰਾ ਕੀਤੀ ਗਈ ਬੇਨਤੀ ਤੋਂ ਬਾਅਦ ਹੋਈ ਹੈ।  ਸ਼ਰਤਾਂ ਦੇ ਤਹਿਤ ਈਰਾਨ ਨੂੰ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲ੍ਹਣਾ ਹੋਵੇਗਾ, ਅਜਿਹਾ ਕਰਨ ‘ਚ ਅਸਫਲ ਰਹਿਣ ‘ਤੇ ਈਰਾਨ ਦੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਿਆਂ ਦਾ ਸਾਹਮਣਾ ਕਰਨਾ ਪਵੇਗਾ। ਇਜ਼ਰਾਈਲ ਵੀ ਚੱਲ ਰਹੀ ਗੱਲਬਾਤ ਦੀ ਮਿਆਦ ਲਈ ਆਪਣੇ ਬੰਬਾਰੀ ਕਾਰਜਾਂ ਨੂੰ ਮੁਅੱਤਲ ਕਰਨ ਲਈ ਸਹਿਮਤ ਹੋ ਗਿਆ ਹੈ। ਇਸ ਦੌਰਾਨ, ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਦਾ ਧੰਨਵਾਦ ਕੀਤਾ।

ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਮੈਂ ਦੋ ਹਫ਼ਤਿਆਂ ਲਈ ਈਰਾਨ ‘ਤੇ ਬੰਬਾਰੀ ਅਤੇ ਹਮਲੇ ਮੁਅੱਤਲ ਕਰਨ ਲਈ ਸਹਿਮਤ ਹੋ ਗਿਆ ਹਾਂ। ਇਹ ਇੱਕ ਦੁਵੱਲੀ ਜੰਗਬੰਦੀ ਹੋਵੇਗੀ।” ਟਰੰਪ ਨੇ ਕਿਹਾ, “ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਮੇਰੀ ਗੱਲਬਾਤ ਅਤੇ ਉਨ੍ਹਾਂ ਦੀ ਬੇਨਤੀ ਦੇ ਅਨੁਸਾਰ ਮੈਂ ਅੱਜ ਰਾਤ ਈਰਾਨ ਨੂੰ ਭੇਜੀ ਜਾ ਰਹੀ ਵਿਨਾਸ਼ਕਾਰੀ ਫੌਜੀ ਫੋਰਸ ਨੂੰ ਰੋਕ ਦਿਆਂਗਾ, ਇਸ ਸ਼ਰਤ ‘ਤੇ ਈਰਾਨ ਪੂਰੀ ਤਰ੍ਹਾਂ, ਤੁਰੰਤ ਅਤੇ ਸੁਰੱਖਿਅਤ ਢੰਗ ਨਾਲ Strait of Hormuz ਨੂੰ ਖੋਲ੍ਹਣ ਲਈ ਸਹਿਮਤ ਹੈ।” ਟਰੰਪ ਨੇ ਕਿਹਾ, “ਅਜਿਹਾ ਕਰਨ ਦਾ ਕਾਰਨ ਇਹ ਹੈ ਕਿ ਅਸੀਂ ਪਹਿਲਾਂ ਹੀ ਸਾਰੇ ਫੌਜੀ ਉਦੇਸ਼ਾਂ ਨੂੰ ਪੂਰਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਪਾਰ ਕਰ ਲਿਆ ਹੈ ਅਤੇ ਅਸੀਂ ਈਰਾਨ ਨਾਲ ਲੰਬੇ ਸਮੇਂ ਦੀ ਸ਼ਾਂਤੀ ਅਤੇ ਮੱਧ ਪੂਰਬ ਵਿੱਚ ਸ਼ਾਂਤੀ ਲਈ ਇੱਕ ਠੋਸ ਸਮਝੌਤੇ ਦੇ ਬਹੁਤ ਨੇੜੇ ਹਾਂ।”

ਉਨ੍ਹਾਂ ਅੱਗੇ ਕਿਹਾ, “ਮੈਨੂੰ ਈਰਾਨ ਤੋਂ 10-ਨੁਕਾਤੀ ਪ੍ਰਸਤਾਵ ਮਿਲਿਆ ਹੈ, ਅਤੇ ਸਾਡਾ ਮੰਨਣਾ ਹੈ ਕਿ ਇਹ ਗੱਲਬਾਤ ਲਈ ਇੱਕ ਵਿਹਾਰਕ ਆਧਾਰ ਹੈ। ਅਮਰੀਕਾ ਅਤੇ ਈਰਾਨ ਪਿਛਲੇ ਲਗਭਗ ਸਾਰੇ ਵਿਵਾਦਪੂਰਨ ਮੁੱਦਿਆਂ ‘ਤੇ ਸਮਝੌਤੇ ‘ਤੇ ਪਹੁੰਚ ਗਏ ਹਨ, ਪਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਅਤੇ ਪੂਰਾ ਕਰਨ ਲਈ ਇਹ ਦੋ ਹਫ਼ਤਿਆਂ ਦੀ ਮਿਆਦ ਜ਼ਰੂਰੀ ਹੈ।”‘ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਅਤੇ ਮੱਧ ਪੂਰਬ ਦੇ ਦੇਸ਼ਾਂ ਦੀ ਨੁਮਾਇੰਦਗੀ ਕਰਦੇ ਹੋਏ, ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦੇ ਹੱਲ ਦੇ ਨੇੜੇ ਜਾਣਾ ਮੇਰੇ ਲਈ ਸਨਮਾਨ ਦੀ ਗੱਲ ਹੈ।’

Spread the love