ਅੰਮ੍ਰਿਤਸਰ, 26 ਫਰਵਰੀ :

ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਸੇਵਾਦਾਰਾਂ ਦੀ ਵਰਦੀ ਨਿਰਧਾਰਿਤ ਕਰਨ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਵੱਲੋਂ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਹੈ। ਕਮੇਟੀ ਨੇ ਆਪਣੇ ਮੈਨੇਜਰਾਂ ਅਤੇ ਹੋਰ ਸੇਵਾਦਾਰਾਂ ਲਈ ਵੀ ਡ੍ਰੈੱਸ ਕੋਡ ਲਾਜ਼ਮੀ ਕਰ ਦਿੱਤਾ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਸਾਰੇ ਮੈਨੇਜਰ, ਸੇਵਾਦਾਰ ਅਤੇ ਸਬੰਧਤ ਕਰਮਚਾਰੀ ਨਿਰਧਾਰਿਤ ਵਰਦੀ ਵਿੱਚ ਹੀ ਡਿਊਟੀ ਨਿਭਾਉਣਗੇ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਇਹ ਫੈਸਲਾ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੁਝ ਕਰਮਚਾਰੀ ਪੈਂਟ-ਸ਼ਰਟ ਵਰਗਾ ਆਮ ਪਹਿਰਾਵਾ ਪਹਿਨ ਕੇ ਸੇਵਾ ਨਿਭਾ ਰਹੇ ਸਨ, ਪਰ ਹੁਣ ਇਸਦੀ ਥਾਂ ਰਵਾਇਤੀ ਪਜਾਮਾ-ਕੁੜਤਾ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਮੈਨੇਜਰ ਰਜਿੰਦਰ ਸਿੰਘ ਮੁਤਾਬਕ ਇਹ ਡ੍ਰੈੱਸ ਕੋਡ ਸਿਰਫ਼ ਦਰਬਾਰ ਸਾਹਿਬ ਤੱਕ ਸੀਮਿਤ ਨਹੀਂ ਰਹੇਗਾ। ਐਸਜੀਪੀਸੀ ਦੇ ਅਧੀਨ ਆਉਂਦੇ ਹੋਰ ਗੁਰਦੁਆਰਿਆਂ ਵਿੱਚ ਵੀ ਇਹ ਪ੍ਰਣਾਲੀ ਲਾਗੂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜਿਹੜੇ ਮੈਂਬਰ, ਅਹੁਦੇਦਾਰ, ਹੈਲਪਰ ਅਤੇ ਹੋਰ ਸੇਵਾ ਨਿਭਾਉਣ ਵਾਲੇ ਕਰਮਚਾਰੀ ਹਨ, ਉਨ੍ਹਾਂ ਲਈ ਵੀ ਨਿਰਧਾਰਿਤ ਵਰਦੀ ਪਹਿਨਣਾ ਜ਼ਰੂਰੀ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਫੈਸਲੇ ਦਾ ਮੁੱਖ ਉਦੇਸ਼ ਪ੍ਰਬੰਧਕੀ ਪ੍ਰਣਾਲੀ ਵਿੱਚ ਇੱਕਸਾਰਤਾ ਲਿਆਉਣਾ ਅਤੇ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਅਨੁਸਾਰ ਸਾਦਗੀ ਭਰਿਆ ਅਤੇ ਰਵਾਇਤੀ ਪਹਿਰਾਵਾ ਯਕੀਨੀ ਬਣਾਉਣਾ ਹੈ। ਡ੍ਰੈੱਸ ਕੋਡ ਲਾਗੂ ਹੋਣ ਨਾਲ ਸੇਵਾਦਾਰਾਂ ਅਤੇ ਮੈਨੇਜਰਾਂ ਦੀ ਪਹਿਚਾਣ ਵੀ ਸਪਸ਼ਟ ਰਹੇਗੀ ਅਤੇ ਸੰਗਤ ਨੂੰ ਪ੍ਰਬੰਧਕੀ ਸਹੂਲਤ ਮਿਲੇਗੀ। ਦਰਬਾਰ ਸਾਹਿਬ ਵਿੱਚ ਅੱਜ ਤੋਂ ਇਸ ਨਵੇਂ ਡ੍ਰੈੱਸ ਕੋਡ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹੌਲੀ-ਹੌਲੀ ਸਾਰੇ ਅਧੀਨ ਗੁਰਦੁਆਰਿਆਂ ਵਿੱਚ ਵੀ ਇਹ ਪ੍ਰਣਾਲੀ ਲਾਗੂ ਕਰ ਦਿੱਤੀ ਜਾਵੇਗੀ।

Spread the love