ਚੰਡੀਗੜ੍ਹ, 6 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵਿਸ਼ਵ ਨਰਸਿੰਗ ਡੇ ਵੀਕ ਮੌਕੇ ‘ਤੇ ਸੈਕਟਰ 34 ਸਥਿਤ ਮੁਕਤ ਹਸਪਤਾਲ ਅਤੇ ਹਰਟ ਇੰਸਟੀਚਿਊਟ ਵਿੱਚ ਨਰਸਿੰਗ ਡੇ ਨੂੰ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਹਸਪਤਾਲ ਪ੍ਰਬੰਧਨ ਵੱਲੋਂ ਨਰਸਿੰਗ ਸਟਾਫ ਦੀ ਸਖਤ ਮਿਹਨਤ ਅਤੇ ਸਮਰਪਣ ਨੂੰ ਸਲਾਮ ਕਰਦੇ ਹੋਏ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਹਸਪਤਾਲ ਦੀ ਸੀਈਓ ਜਸਬੀਰ ਕੌਰ ਅਤੇ ਐਡਮਿਨ ਇੰਚਾਰਜ ਰਜਨੀ ਨੇ ਹਸਪਤਾਲ ਵਿੱਚ ਸੇਵਾ ਨਿਭਾ ਰਹੇ ਸਟਾਫ ਮੈਂਬਰਾਂ ਆਈਐਮਸੀਯੂ-3 ਦੀ ਇੰਚਾਰਜ ਨੇਹਾ, ਸਿਮਰਨ ਤੇ ਗਾਇਤਰੀ ਅਤੇ ਆਈਸੀਯੂ ਵਿੱਚ ਪਰਮਜੀਤ, ਦੀਕਸ਼ਾ, ਨੀਰੂ ਅਤੇ ਅਲੀਸ਼ਾ ਆਦਿ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਨਰਸਿੰਗ ਸਟਾਫ ਵੱਲੋਂ ਸੁੰਦਰ ਰੰਗੋਲੀ ਤਿਆਰ ਕੀਤੀ ਗਈ ਅਤੇ ਮਰੀਜ਼ਾਂ ਵਿੱਚ ਮਿਠਾਈਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

ਮੈਡਮ ਜਸਬੀਰ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਰਸਾਂ ਹਸਪਤਾਲ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ, ਜੋ ਦਿਨ-ਰਾਤ ਮਰੀਜ਼ਾਂ ਦੀ ਸੇਵਾ ਵਿੱਚ ਲੱਗੀਆਂ ਰਹਿੰਦੀਆਂ ਹਨ। ਉਹਨਾਂ ਨੇ ਨਰਸਿੰਗ ਸਟਾਫ ਦੀ ਲਗਨ, ਮਿਹਨਤ ਅਤੇ ਮਨੁੱਖਤਾ ਭਰੀ ਸੇਵਾ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਇਸ ਮੌਕੇ ਹਸਪਤਾਲ ਦੇ ਹੋਰ ਸਟਾਫ ਮੈਂਬਰਾਂ ਨੇ ਵੀ ਨਰਸਾਂ ਦੇ ਯੋਗਦਾਨ ਨੂੰ ਸਰਾਹਿਆ ਅਤੇ ਉਹਨਾਂ ਦਾ ਹੌਸਲਾ ਵਧਾਇਆ। ਇਸ ਸਮਾਗਮ ਨੇ ਸਾਰੇ ਸਟਾਫ ਵਿੱਚ ਨਵਾਂ ਜੋਸ਼ ਅਤੇ ਪ੍ਰੇਰਣਾ ਭਰ ਦਿੱਤੀ।

Spread the love