24 ਫਰਵਰੀ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਖਾਰਕਿਵ ਖੇਤਰਾਂ ਵਿੱਚ ਵੱਡੇ ਧਮਾਕੇ ਹੋਏ । ਪੂਰਬੀ ਯੂਕਰੇਨ ‘ਤੇ ਰੂਸੀ ਹਮਲਿਆਂ ਦੇ ਵੀਡੀਓ ਵੀ ਸਾਹਮਣੇ ਆਏ ਹਨ। ਯੂਕਰੇਨ ਦੇ ਡੋਨੇਟਸਕ ਸੂਬੇ ਦੇ ਮਾਰੀਉਪੋਲ ਸ਼ਹਿਰ ਅਤੇ ਰੂਸ ਦੇ ਬੇਲਗੋਰੋਡ ਓਬਲਾਸਟ ਵਿੱਚ ਵੀ ਧਮਾਕੇ ਹੋਣ ਦੀ ਸੂਚਨਾ ਮਿਲੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਹੈ ਕਿ ਪੁਤਿਨ ਨੇ ਹੁਣੇ ਹੀ ਯੂਕਰੇਨ ‘ਤੇ ਪੂਰੇ ਪੈਮਾਨੇ ‘ਤੇ ਹਮਲਾ ਕੀਤਾ ਹੈ। ਯੂਕਰੇਨ ਦੇ ਸ਼ਾਂਤੀਪੂਰਨ ਸ਼ਹਿਰਾਂ ‘ਤੇ ਹਮਲੇ ਹੋ ਰਹੇ ਹਨ। ਇਹ ਹਮਲਾਵਰ ਜੰਗ ਹੈ। ਅਜਿਹੇ ‘ਚ ਯੂਕਰੇਨ ਆਪਣਾ ਬਚਾਅ ਕਰੇਗਾ ਅਤੇ ਜਿੱਤੇਗਾ।
ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲ ਹਮਲਿਆਂ ਨੇ ਕਿਯੇਵ ਵਿੱਚ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ‘ਚ ਯੂਕਰੇਨ ਦੇ ਪ੍ਰਤੀਨਿਧੀਆਂ ਨੇ ਕਿਹਾ ਹੈ ਕਿ ਰੂਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉਹ ਯੂਕਰੇਨ ਦੇ ਨਾਗਰਿਕਾਂ ‘ਤੇ ਹਮਲੇ ਦੀ ਕੀਮਤ ਚੁਕਾਉਣਗੇ। ਕ੍ਰੀਮੀਆ ਵਿੱਚ ਦੁਸ਼ਮਣ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਫੌਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇੱਕ ਏਜੇਂਸੀ ਮੁਤਾਬਿਕ ਰੂਸੀ ਹਮਲੇ ਦੇ ਮੱਦੇਨਜ਼ਰ ਕੀਵ ਹਵਾਈ ਅੱਡੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਹਵਾਈ ਅਤੇ ਜ਼ਮੀਨੀ ਹਮਲਿਆਂ ਨਾਲ ਯੂਕਰੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰੂਸ ਦੇ ਲੜਾਕੂ ਜਹਾਜ਼ਾਂ ਨੇ ਓਡੇਸਾ ਸ਼ਹਿਰ ‘ਚ ਉਤਰਨਾ ਸ਼ੁਰੂ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਕਿਹਾ ਹੈ ਕਿ ਬੇਲਗੋਰੋਡ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਰੂਸੀ ਸੈਨਿਕਾਂ ਨੇ ਯੂਕਰੇਨ ਦੇ ਮਾਰੀਉਪੋਲ ਸ਼ਹਿਰ, ਅਜ਼ੋਵ ਸਾਗਰ ਦੇ ਉੱਤਰੀ ਤੱਟ ਅਤੇ ਬੰਦਰਗਾਹ ਸ਼ਹਿਰ ਓਡੇਸਾ ਵਿੱਚ ਉਤਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਯੂਕਰੇਨ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਅਮਰੀਕੀ ਸੈਨਿਕਾਂ ਨੇ ਯੂਕਰੇਨ ਛੱਡਣ ਵਿਚ ਅਮਰੀਕੀ ਨਾਗਰਿਕਾਂ ਦੀ ਮਦਦ ਲਈ ਪੋਲੈਂਡ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਯੂਕਰੇਨ ਦੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਦੀ ਜਲ ਸੈਨਾ ਨੂੰ ਵੱਡਾ ਨੁਕਸਾਨ ਹੋਇਆ ਹੈ। ਕੀਵ ਅਤੇ ਖਾਰਕੀਵ ਵਿੱਚ ਯੂਕਰੇਨੀ ਫੌਜੀ ਕਮਾਂਡ ਪੋਸਟਾਂ ਨੂੰ ਭਾਰੀ ਰਾਕੇਟ ਹਮਲਿਆਂ ਨਾਲ ਤਬਾਹ ਕਰ ਦਿੱਤਾ ਗਿਆ ਹੈ। ਹੁਣ ਤੱਕ ਇਨ੍ਹਾਂ ਹਮਲਿਆਂ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਰੂਸੀ ਲੜਾਕੂ ਜਹਾਜ਼ਾਂ ਨੇ ਨਿਪ੍ਰੋਪੇਤ੍ਰੋਵਸਕ ਵਿਚ ਯੂਕਰੇਨ ਦੇ 25ਵੇਂ ਅਤੇ 93ਵੇਂ ਬ੍ਰਿਗੇਡ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ।
ਇਸ ਦੇ ਨਾਲ ਹੀ ਦੇਸ਼ ‘ਚ ਵਿਗੜਦੀ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਯੂਕਰੇਨ ਦੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ‘ਚ ਵੱਡੇ ਫੈਸਲੇ ਲਏ ਜਾ ਸਕਦੇ ਹਨ। ਇਸ ਦੌਰਾਨ ਦੱਸਿਆ ਗਿਆ ਹੈ ਕਿ ਗ੍ਰੇਡ ਰਾਕੇਟ ਰਾਹੀਂ ਡੋਨੇਟਸਕ ‘ਚ ਸੈਨਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕਿਯੇਵ ‘ਚ ਹਮਲਿਆਂ ਤੋਂ ਬਾਅਦ ਸਾਰਿਆਂ ਨੂੰ ਆਪਣੀ ਜਾਨ ਬਚਾਉਣ ਲਈ ਜ਼ਮੀਨਦੋਜ਼ ਸ਼ੈਲਟਰਾਂ ‘ਚ ਲੁਕਣ ਦਾ ਹੁਕਮ ਦਿੱਤਾ ਗਿਆ ਹੈ। ਯੂਕਰੇਨ ਅਤੇ ਬੇਲਾਰੂਸ ਦੀ ਸਰਹੱਦ ‘ਤੇ ਸੈਨਿਕਾਂ ਵਿਚਾਲੇ ਝੜਪਾਂ ਦੀਆਂ ਖਬਰਾਂ ਵੀ ਆਈਆਂ ਹਨ। ਰੂਸ ਅਤੇ ਬੇਲਾਰੂਸ ਦੇ ਨਜ਼ਦੀਕੀ ਸਬੰਧ ਹਨ, ਇਸ ਲਈ ਰੂਸ ਨੇ ਉੱਥੇ 30 ਹਜ਼ਾਰ ਸੈਨਿਕ ਤਾਇਨਾਤ ਕੀਤੇ ਹਨ।












