ਗੁਰਦਾਸਪੁਰ, 07 ਅਕਤੂਬਰ
ਸਾਬਕਾ ਮੰਤਰੀ ਰਹੇ ਜਥੇਦਾਰ ਸੇਵਾ ਸਿੰਘ ਸੇਖਵਾਂ (Former minister Jathedar Sewa Singh Sekhon ) ਦਾ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਦੇਹਾਂਤ ਹੋ ਗਿਆ, ਜਥੇਦਾਰ ਸੇਵਾ ਸਿੰਘ ਸੇਖਵਾਂ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ। ਸੇਵਾ ਸਿੰਘ ਸੇਖਵਾਂ ਦੇ ਦਿਹਾਂਤ ਬਾਰੇ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੇ ਪਿੰਡ ਸੇਖਵਾਂ ਵਿਖੇ ਸਮਰਥਕਾਂ ਅਤੇ ਸੇਖਵਾਂ ਨੂੰ ਚਾਹੁਣ ਵਾਲੇ ਉਸੇ ਵੇਲੇ ਉਨ੍ਹਾਂ ਦੀ ਰਿਹਾਇਸ਼ ਦੁਖ ਜ਼ਹਿਰ ਕਰਨ ਪਹੁੰਚੇ।
ਸੇਵਾ ਸਿੰਘ ਸੇਖਵਾਂ ਦੇ ਸਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਜੀਵਨ ਤੇ ਝਾਤ ਪਾਉਂਦੇ ਹੋਏ ਦਸੀਆ ਕਿ ਪੰਜਾਬ ਦੇ ਮਾਝਾ ਇਲਾਕੇ ‘ਚ ਸੇਵਾ ਸਿੰਘ ਸੇਖਵਾਂ ਇੱਕ ਵੱਡਾ ਸਿਆਸੀ ਨਾਮ ਰਿਹਾ ਹੈ। ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਿਤ ਸੇਖਵਾਂ ਪਿਛਲੇ ਕਾਫ਼ੀ ਸਮੇਂ ਤੋਂ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਫਿਰ ਅਕਾਲੀ ਦਲ ਸੰਯੁਕਤ ਵਿਚ ਸ਼ਾਮਲ ਹੋ ਚੁੱਕੇ ਹਨ।
ਇਨ੍ਹਾਂ ਦੇ ਪਿਤਾ ਉਜਾਗਰ ਸਿੰਘ ਸੇਖਵਾਂ ਪੁਰਾਣੇ ਟਕਸਾਲੀ ਆਗੂ ਸਨ, 1977 ਅਤੇ 1980 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਵਿਧਾਨ ਸਭਾ ਹਲਕੇ ਵਿੱਚੋਂ ਦੋ ਵਾਰ ਵਿਧਾਇਕ ਦੇ ਤੌਰ ਉੱਤੇ ਵਿਧਾਨ ਸਭਾ ਵਿਚ ਨੁਮਾਇੰਦਗੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਐਮਰਜੈਂਸੀ ਸਮੇਂ ਕੁਝ ਸਮੇਂ ਲਈ ਜਥੇਦਾਰ ਉਜਾਗਰ ਸਿੰਘ ਸੇਖਵਾਂ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਹਨ।
ਅਧਿਆਪਕ ਰਹਿ ਚੁੱਕੇ ਸੇਵਾ ਸਿੰਘ ਸੇਖਵਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 1990 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉੱਤੇ ਰਾਜਨੀਤੀ ‘ਚ ਐਂਟਰੀ ਕੀਤੀ। ਸੇਖਵਾਂ ਪਹਿਲੀ ਵਾਰ 1997 ‘ਚ ਸ਼੍ਰੋਮਣੀ ਅਕਾਲੀ ਦਲ ਦੇ ਕਾਹਨੂੰਵਾਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ। ਸੇਵਾ ਸਿੰਘ ਸੇਖਵਾਂ, ਬਾਦਲ ਸਰਕਾਰ ਸਮੇਂ (1997 ਤੋਂ 2002 ਅਤੇ 2009 ਤੋਂ 2012) ਕੈਬਨਿਟ ਮੰਤਰੀ ਦੇ ਅਹੁਦੇ ਉੱਤੇ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਦੇ ਉਪ ਪ੍ਰਧਾਨ, ਕੋਰ ਕਮੇਟੀ ਦੇ ਮੈਂਬਰ ਅਤੇ ਰਾਜਨੀਤਿਕ ਮਾਮਲਿਆਂ ਬਾਰੇ ਬਣੀ ਕਮੇਟੀ ‘ਚ ਰਹਿ ਚੁੱਕੇ ਹਨ।
ਮੌਜੂਦਾ ਸਮੇਂ ‘ਚ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ। ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਹਾਰ ਮਿਲਣ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਉਨ੍ਹਾਂ ਆਗੂਆਂ ਵਿੱਚ ਸ਼ਾਮਲ ਹੋ ਗਏ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮ ਕਰਨ ਦੇ ਤਰੀਕੇ ਉੱਤੇ ਸਵਾਲ ਚੁੱਕ ਰਹੇ ਸਨ। ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਆਧਾਰ ਉੱਤੇ ਅਕਾਲੀ ਦਲ ਨੇ ਸੇਖਵਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ। ਇਸ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਛੱਡ ਕੇ ਸਾਬਕਾ ਐਮ ਪੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਐਮ ਪੀ ਡਾਕਟਰ ਰਤਨ ਸਿੰਘ ਅਜਨਾਲਾ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ 2018 ਵਿੱਚ ਕੀਤਾ ਸੀ। ਇਸ ਤੋਂ ਬਾਅਦ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਸ੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਗਠਨ ਹੋਇਆ ਤਾਂ ਸੇਖਵਾਂ ਪਹਿਲੇ ਆਗੂ ਸਨ ਜਿੰਨ੍ਹਾਂ ਨੇ ਢੀਂਡਸਾ ਦਾ ਸਾਥ ਦਿੱਤਾ ਸੀ। ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਇੱਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਰੂਪ ਲੈ ਚੁੱਕਾ ਹੈ। ਓਹਨਾ ਦਸਿਆ ਕਿ ਅੱਜ ਦੁਪਹਿਰ 2 ਵਜੇ ਉਨ੍ਹਾਂ ਦਾ ਜੱਦੀ ਪਿੰਡ ਸੇਖਵਾਂ ਵਿੱਚ ਉਨ੍ਹਾਂ ਦਾ ਅੰਤਿਮ ਸੰਸਾਰ ਕੀਤਾ ਜਾਵੇਗਾ। ਦਸਦੀਏ ਕਿ ਕਰੀਬ ਇਕ ਮਹੀਨਾ ਪਹਿਲਾਂ ਜਥੇਦਾਰ ਸੇਵਾ ਸਿੰਘ ਸੇਖਵਾਂ ਪਰਿਵਾਰ ਸਮੇਤ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ‘ਚ ਚਲੇ ਗਏ ਸਨ।
ਓਥੇ ਹੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਇਲਾਕਾ ਵਾਸੀਆ ਦਾ ਕਹਿਣਾ ਸੀ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਦਿਹਾਂਤ ਨਾਲ ਜਿਥੇ ਸਿਆਸੀ ਤੋਰ ਤੇ ਘਾਟਾ ਪਿਆ ਹੈ ਓਥੇ ਹੀ ਧਾਰਮਿਕ ਅਤੇ ਸਮਾਜਕ ਤੋਰ ਤੇ ਵੀ ਵੱਡਾ ਘਾਟਾ ਪਿਆ ਹੈ ਓਹਨਾ ਦਾ ਕਹਿਣਾ ਸੀ ਕਿ ਸੇਖਵਾਂ ਇਤਿਹਾਸਿਕ ਅਤੇ ਧਾਰਮਿਕ ਤੋਰ ਤੇ ਕਾਫੀ ਸਮਝ ਰੱਖਦੇ ਸਨ ਅਤੇ ਲੋਕਾਂ ਨੂੰ ਧਰਮ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਹਮੇਸ਼ਾ ਕੰਮ ਕਰਦੇ ਰਹਿੰਦੇ ਸਨ।












