ਚੰਡੀਗੜ੍ਹ/ਜਲੰਧਰ, 19 ਫਰਵਰੀ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਵਿੱਚ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਅੱਗੇ ਵਧਾਉਂਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਜਲੰਧਰ ਵਿੱਚ ਪੁਲਿਸ ਲਾਈਨਜ਼ ਵਿਖੇ ਨਵੀਂ ਬਣੀ ਅਤਿ-ਆਧੁਨਿਕ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਜਲੰਧਰ ਰੇਂਜ ਇਮਾਰਤ ਦਾ ਉਦਘਾਟਨ ਕੀਤਾ। ਡੀਜੀਪੀ ਦੇ ਨਾਲ ਵਿਸ਼ੇਸ਼ ਡੀਜੀਪੀ ਏ.ਐਨ.ਟੀ.ਐਫ. ਕੁਲਦੀਪ ਸਿੰਘ, ਏ.ਡੀ.ਜੀ.ਪੀ. ਏ.ਐਨ.ਟੀ.ਐਫ. ਨੀਲਾਭ ਕਿਸ਼ੋਰ ਅਤੇ ਏਡੀਜੀਪੀ ਸਟੇਟ ਆਰਮਡ ਪੁਲਿਸ ਪੰਜਾਬ ਐਮ.ਐਫ. ਫਾਰੂਕੀ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਲਗਭਗ 9000 ਵਰਗ ਫੁੱਟ ਦੇ ਕਵਰਡ ਖੇਤਰ ਵਿੱਚ ਫੈਲੀ ਅਤੇ 1.60 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਅਤਿ-ਆਧੁਨਿਕ ਇਮਾਰਤ, ਰੇਂਜ ਦੀ ਕਾਰਜ- ਕੁਸ਼ਲਤਾ ਨੂੰ ਵਧਾਉਣ ਅਤੇ ਨਸ਼ਾ ਤਸਕਰੀ ਨਾਲ ਹੋਰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਤਿਆਰ ਕੀਤੀ ਗਈ ਹੈ। ਇਸ ਵਿੱਚ ਗਜ਼ਟਿਡ ਅਫਸਰਾਂ ਲਈ ਸਮਰਪਿਤ ਦਫ਼ਤਰ, ਜਾਂਚ ਅਧਿਕਾਰੀਆਂ ਅਤੇ ਸਹਾਇਕ ਸਟਾਫ ਲਈ ਕੈਬਿਨ, ਰੀਡਰ ਦਾ ਕਮਰਾ ਅਤੇ ਇੱਕ ਆਧੁਨਿਕ ਕਾਨਫਰੰਸ ਰੂਮ ਸ਼ਾਮਲ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਤਿ-ਆਧੁਨਿਕ ਸਾਧਨਾਂ ਨਾਲ ਲੈਸ ਇਸ ਸਹੂਲਤ ਦਾ ਉਦੇਸ਼ ਵੱਡੇ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣਾ ਅਤੇ ਸੂਬੇ ਵਿੱਚ ਫੈਲ ਰਹੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕਾਂ ਨੂੰ ਤਬਾਹ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਯੂਨਿਟ ਵਿੱਚ ਮੋਬਾਈਲ ਅਤੇ ਕੰਪਿਊਟਰ ਫੋਰੈਂਸਿਕ ਟੂਲ, ਉੱਨਤ ਡੇਟਾ ਵਿਸ਼ਲੇਸ਼ਣ ਪ੍ਰਣਾਲੀਆਂ, ਫੋਰੈਂਸਿਕ ਡੇਟਾ ਐਕਸਟਰੈਕਸ਼ਨ, ਡੀਕ੍ਰਿਪਸ਼ਨ ਅਤੇ ਵਿਸ਼ਲੇਸ਼ਣ ਸਮਰੱਥਾ ਦੇ ਨਾਲ-ਨਾਲ ਕ੍ਰਿਪਟੋਕਰੰਸੀ ਦੀ ਟਰੈਕਿੰਗ ਵਾਲੇ ਉਪਕਰਣ ਵੀ ਸ਼ਾਮਲ ਹਨ।
ਡੀਜੀਪੀ ਨੇ ਕਿਹਾ, ‘‘ਡਰੱਗ ਇਨਫੋਰਸਮੈਂਟ ਵਿੱਚ ਤਕਨੀਕੀ ਅਪਗ੍ਰੇਡੇਸ਼ਨ ਦੀ ਵਿਸ਼ੇਸ਼ ਲੋੜ ਨੂੰ ਪਛਾਣਦਿਆਂ ਅਸੀਂ ਨਾ ਸਿਰਫ਼ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਹੈ ਸਗੋਂ ਇਨ੍ਹਾਂ ਉੱਨਤ ਉਪਕਰਣਾਂ ਨੂੰ ਚਲਾਉਣ ਵਿੱਚ ਮਾਹਰ ਤਕਨੀਕੀ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ।’’
ਉਨ੍ਹਾਂ ਦੱਸਿਆ ਕਿ ਏਐਨਟੀਐਫ ਨੇ , ਹੁਣ 70,000 ਤੋਂ ਵੱਧ ਅਪਰਾਧੀਆਂ ਦੀਆਂ ਆਵਾਜ਼ਾਂ ਵਾਲੇ ਡੇਟਾਬੇਸ ਅਤੇ ਹੋਰ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਵਾਲੇ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ (ਪੀ.ਏ.ਆਈ.ਐਸ. 2.0) ਨਾਲ ਆਪਣੀ ਤਕਨੀਕੀ ਸਮਰੱਥਾ ਨੂੰ ਹੋਰ ਅਪਗ੍ਰੇਡ ਕੀਤਾ ਹੈ, ਜਿਸ ਨਾਲ ਅਪਰਾਧੀਆਂ ਨੂੰ ਹੋਰ ਆਸਾਨੀ ਨਾਲ ਕਾਬੂ ਕਰਨ ਵਿੱਚ ਮਦਦ ਮਿਲੇਗੀ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜੇ ਸਾਂਝੇ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 1 ਮਾਰਚ, 2025 ਤੋਂ ਹੁਣ ਤੱਕ 35,133 ਐਫ.ਆਈ.ਆਰਜ਼. ਦਰਜ ਕੀਤੀਆਂ ਅਤੇ 50,238 ਨਸ਼ੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2229 ਕਿਲੋ ਹੈਰੋਇਨ, 667 ਕਿਲੋ ਅਫੀਮ, 28 ਟਨ ਭੁੱਕੀ, 68 ਕਿਲੋ ਚਰਸ, 783 ਕਿਲੋ ਗਾਂਜਾ, 29 ਕਿਲੋ ਆਈਸੀਈ, 4 ਕਿਲੋ ਕੋਕੀਨ, 48.64 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 16.68 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਵੱਡੀ ਸਫਲਤਾ ਕਰਾਰ ਦਿੰਦਿਆਂ ਕਿਹਾ ਕਿ ਇਹ ਮੁਹਿੰਮ ਸੂਬੇ ਵਿੱਚੋਂ ਨਸ਼ੇ ਦੀ ਲਾਹਨਤ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਸੇਫ ਪੰਜਾਬ ਚੈਟਬੋਟ 97791-00200 ਰਾਹੀਂ ਗੁਪਤ ਰੂਪ ਵਿੱਚ ਨਸ਼ਿਆਂ ਸਬੰਧੀ ਜਾਣਕਾਰੀ ਦੇਣ ਲਈ ਵੀ ਅਪੀਲ ਕੀਤੀ।
ਇਸ ਮੌਕੇ ਪੁਲਿਸ ਕਮਿਸ਼ਨਰ (ਸੀਪੀ) ਜਲੰਧਰ ਧਨਪ੍ਰੀਤ ਕੌਰ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਡੀਆਈਜੀ ਏ.ਐਨ.ਟੀ.ਐਫ. ਸੰਜੀਵ ਕੁਮਾਰ ਰਾਮਪਾਲ, ਡੀ.ਆਈ.ਜੀ. ਏ.ਐਨ.ਟੀ.ਐਫ. ਅਖਿਲ ਚੌਧਰੀ ਅਤੇ ਏ.ਆਈ.ਜੀ. ਏ.ਐਨ.ਟੀ.ਐਫ. ਅਸ਼ਵਨੀ ਗੋਟਿਆਲ ਵੀ ਮੌਜੂਦ ਸਨ।
ਬੇਗੋਵਾਲ ‘ਚ ਚੱਲ ਰਹੇ ਮੋਰਚੇ ‘ਚ 30 ਅਗਸਤ ਨੂੰ ਸ਼ਾਮਲ ਹੋਣਗੇ ਸਿਮਰਨਜੀਤ ਸਿੰਘ ਮਾਨ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ 328 ਪਾਵਨ ਸਰੂਪਾਂ ਨੂੰ ਸਾਜਿਸ ਅਧੀਨ ਲਾਪਤਾ ਕਰਨ ਵਾਲੇ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਲਈ ਕ੍ਰਮਵਾਰ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਅਤੇ ਬੇਗੋਵਾਲ ਮੋਰਚੇ ਦੀ ਸਫ਼ਲਤਾਪੂਰਵਕ ਸਹੀ ਦਿਸਾ ਵੱਲ ਨਿਰੰਤਰ ਅਗਵਾਈ ਕਰਦੇ ਆ ਰਹੇ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਬੀਤੇ ਕਈ ਦਿਨਾਂ ਤੋਂ ਬਰਗਾੜੀ ਵਿਖੇ ਪੰਜਾਬੀਆ, ਸਿੱਖ ਕੌਮ ਨੂੰ ਆਪਣੇ ਕੌਮੀ ਸੰਘਰਸ਼ ਲਈ ਪ੍ਰੇਰਦੇ ਆ ਰਹੇ ਹਨ।
ਉਥੇ ਉਹ ਆਉਣ ਵਾਲੀ 30 ਅਗਸਤ ਨੂੰ ਬੇਗੋਵਾਲ ਵਿਖੇ ਚੱਲ ਰਹੇ ਮੋਰਚੇ ਵਿਚ ਹੋਰ ਤੇਜ਼ੀ ਲਿਆਉਣ ਹਿੱਤ ਸਵੇਰੇ 11 ਵਜੇ ਬੇਗੋਵਾਲ ਜਿ਼ਲ੍ਹਾ ਕਪੂਰਥਲਾ ਵਿਖੇ ਪਹੁੰਚਣਗੇ ਅਤੇ ਉਥੇ ਪਹੁੰਚਣ ਵਾਲੀਆ ਕਪੂਰਥਲਾ, ਜਲੰਧਰ, ਨਵਾਸਹਿਰ, ਹੁਸਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਆਦਿ ਸੰਗਤਾਂ ਨਾਲ ਵੀ ਆਪਣੇ ਵਿਚਾਰ ਸਾਂਝੇ ਕਰਨਗੇ ।”
ਇਹ ਜਾਣਕਾਰੀ ਅੱਜ ਇਥੇ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਦਿੱਤੀ ਗਈ।
ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਥੇ ਇਨ੍ਹਾਂ ਦੋਵਾਂ ਉਪਰੋਕਤ ਪ੍ਰੋਗਰਾਮਾਂ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ, ਉਥੇ ਇੰਡੀਆ ਦੇ ਵਜ਼ੀਰ-ਏ-ਆਜਮ ਸ੍ਰੀ ਮੋਦੀ, ਬੀਜੇਪੀ-ਆਰ.ਐਸ.ਐਸ. ਵੱਲੋ ਇਕ ਡੂੰਘੀ ਸਾਜਿਸ ਤਹਿਤ ਇਸ ਮੁਲਕ ਦੀ ਜਾਇਦਾਦਾਂ ਨੂੰ ਆਪਣੇ ਧਨਾਢ ਦੋਸਤਾਂ ਅੰਬਾਨੀ, ਅਡਾਨੀ ਨੂੰ ਵੇਚਣ ਦੇ ਮੁਲਕ ਵਿਰੋਧੀ ਅਮਲ ਕੀਤੇ ਜਾ ਰਹੇ ਹਨ ਜਿਸ ਵਿਰੁੱਧ ਪਾਰਟੀ ਵੱਲੋਂ 31 ਅਗਸਤ ਨੂੰ ਹਰ ਜਿ਼ਲ੍ਹਾ ਹੈਡਕੁਆਰਟਰ ਤੇ ਇੰਡੀਆ ਦੇ ਪ੍ਰੈਜੀਡੈਟ ਨੂੰ ਡਿਪਟੀ ਕਮਿਸ਼ਨਰ ਰਾਹੀ ਯਾਦ ਪੱਤਰ ਦਿੱਤੇ ਜਾ ਰਹੇ ਹਨ ।
ਸਮੁੱਚੇ ਪਾਰਟੀ ਅਹੁਦੇਦਾਰਾਂ, ਸਿੱਖ ਕੌਮ ਨੂੰ ਇਹ ਸਭ ਕੌਮੀ ਤੇ ਸਮਾਜਿਕ ਪ੍ਰੋਗਰਾਮਾਂ ਵਿਚ ਪਹੁੰਚਕੇ ਕਾਮਯਾਬ ਕਰਨ ਦੀ ਜੋਰਦਾਰ ਅਪੀਲ ਵੀ ਕੀਤੀ ।
You may like