ਪਟਿਆਲਾ, 11 ਜੂਨ 2026, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੈਂਪਸ ਵਿੱਚ ਸਰਗਰਮ ਪ੍ਰਮੁੱਖ ਵਿਦਿਆਰਥੀ ਜਥੇਬੰਦੀਆਂ ਨੇ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਦੇ ਤਾਨਾਸ਼ਾਹੀ ਰਵੱਈਏ ਅਤੇ ਹੋਸਟਲ ਫੀਸਾਂ ਵਿੱਚ ਕੀਤੇ ਗਏ 28% ਤੋਂ 43% ਦੇ ਲੱਕ-ਤੋੜ ਵਾਧੇ ਦੇ ਖਿਲਾਫ ਡੀਨ, ਵਿਦਿਆਰਥੀ ਭਲਾਈ ਨੂੰ ਇੱਕ ਮੰਗਪੱਤਰ ਸੌਂਪਿਆ ਗਿਆ। ਇਸ ਦੌਰਾਨ ਵਿਦਿਆਰਥੀ ਆਗੂਆਂ ਨੇ ਪ੍ਰਸ਼ਾਸਨ ਦੇ ਇਸ ਫੈਸਲੇ ਖਿਲਾਫ ਸਖ਼ਤ ਰੋਸ ਦਰਜ ਕਰਵਾਉਂਦਿਆਂ ਫੀਸ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀ.ਐ. ਯੂ. (ਲਲਕਾਰ) ਤੋਂ ਹਰਪ੍ਰੀਤ ਸਿੰਘ, ਐਸ.ਐੱਫ.ਆਈ. ਤੋਂ ਰਮਨਦੀਪ ਸਿੰਘ, ਪੀ. ਐਸ.ਐਫ. ਤੋਂ ਰਵਿੰਦਰ ਲੋਗੜ੍ਹ ਅਤੇ ਪੀ.ਐ. ਯੂ. ਤੋਂ ਵਰੂਣ ਨੇ ਸਾਂਝੇ ਤੌਰ ‘ਤੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਇਸ ਹਕੀਕਤ ਤੋਂ ਭਲੀ-ਭਾਂਤ ਜਾਣੂ ਹੈ ਕਿ ਇੱਥੇ ਪੜ੍ਹਨ ਵਾਲੇ ਬਹੁਗਿਣਤੀ ਵਿਦਿਆਰਥੀ ਪੇਂਡੂ, ਗਰੀਬ ਅਤੇ ਮੱਧ-ਵਰਗੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਅਜਿਹੀ ਆਰਥਿਕ ਮੰਦਹਾਲੀ ਦੇ ਦੌਰ ਵਿੱਚ ਵਿਦਿਆਰਥੀਆਂ ਲਈ ਪੁਰਾਣੀਆਂ ਫੀਸਾਂ ਭਰਨੀਆਂ ਹੀ ਇੱਕ ਵੱਡੀ ਚੁਣੌਤੀ ਸੀ, ਪਰ ਇਹ ਨਵਾਂ ਭਾਰੀ ਵਾਧਾ ਗਰੀਬ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੋਂ ਵਾਂਝੇ ਕਰਨ ਦੀ ਇੱਕ ਸਾਜ਼ਿਸ਼ ਪ੍ਰਤੀਤ ਹੁੰਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਦਿਆਰਥੀ ਆਗੂਆਂ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਹੋਸਟਲ ਫੀਸਾਂ ਵਿੱਚ ਕੀਤਾ ਗਿਆ ਇਹ ਵਾਧਾ ਤੁਰੰਤ ਅਤੇ ਮੁਕੰਮਲ ਰੂਪ ਵਿੱਚ ਵਾਪਸ ਲਿਆ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਹੱਕੀ ਮੰਗ ਨੂੰ ਅਣਗੌਲਿਆ ਕੀਤਾ ਜਾਂ ਕੋਈ ਟਾਲ-ਮਟੋਲ ਵਾਲੀ ਨੀਤੀ ਅਪਣਾਈ, ਤਾਂ ਸਮੂਹ ਵਿਦਿਆਰਥੀ ਜਥੇਬੰਦੀਆਂ ਯੂਨੀਵਰਸਿਟੀ ਕੈਂਪਸ ਦੇ ਅੰਦਰ ਤਿੱਖੇ ਰੋਸ਼ ਪ੍ਰਦਰਸ਼ਨਾਂ ਦੇ ਕਦਮ ਚੁੱਕਣ ਲਈ ਮਜਬੂਰ ਹੋਣਗੀਆਂ। ਆਗੂਆਂ ਨੇ ਸਾਫ਼ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਇਸ ਸੰਘਰਸ਼ੀ ਰਾਹ ‘ਤੇ ਤੁਰਨ ਲਈ ਮਜਬੂਰ ਕੀਤਾ ਗਿਆ, ਤਾਂ ਕੈਂਪਸ ਵਿੱਚ ਪੈਦਾ ਹੋਣ ਵਾਲੇ ਹਾਲਾਤਾਂ ਦੀ ਪੂਰੀ ਅਤੇ ਸਿੱਧੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਡੀਨ ਦਫ਼ਤਰ ਦੀ ਹੋਵੇਗੀ।

Spread the love
You may like