ਬਟਾਲਾ, 12 ਫਰਵਰੀ
ਹਲਕਾ ਫਤਹਿਗੜ੍ਹ ਚੂੜੀਆਂ ਦੇ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਵੋਟ ਪਾਉਣੀ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਪੰਜਾਬ ਦੇ 700 ਤੋਂ ਵੱਧ ਕਿਸਾਨਾਂ ਦੀਆਂ ਰੂਹਾਂ ਦਾ ਅਪਮਾਨ ਕਰਨ ਦੇ ਬਰਾਬਰ ਹੋਵੇਗਾ।
ਬਾਜਵਾ ਨੇ ਅੱਜ ਹਲਕੇ ਦੇ ਪਿੰਡ ਮੂਲਿਆਂਵਾਲ, ਅਰਾਈਆਂ ਖੁਰਦ ਅਤੇ ਚੋਰਾਂਵਾਲੀ ਵਿੱਚ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਕਾਨੂੰਨ ਬਣਾਉਣ ਲਈ ਸਿੱਧੇ ਤੌਰ ਉੱਤੇ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੇਜ਼ਰੀਵਾਲ ਸਰਕਾਰ ਨੇ ਸਭ ਤੋਂ ਪਹਿਲਾਂ ਦਿੱਲੀ ਵਿਚ ਇਹ ਕਾਨੂੰਨ ਲਾਗੂ ਕੀਤੇ ਸਨ।
ਬਾਜਵਾ ਨੇ ਕਿਹਾ ਕਿ ਕੋਈ ਗੈਰਤ ਅਤੇ ਅਣਖ ਵਾਲਾ ਪੰਜਾਬੀ ਇਹਨਾਂ ਪੰਜਾਬ ਤੇ ਸਿੱਖ ਵਿਰੋਧੀ ਪਾਰਟੀਆਂ ਨੂੰ ਵੋਟ ਨਹੀਂ ਪਾ ਸਕਦਾ। ਉਹਨਾਂ ਹਲਕੇ ਦੇ ਲੋਕਾਂ ਨੂੰ ਯਾਦ ਕਰਵਾਇਆ ਕਿ ਕਿਵੇਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਤਿੰਨ ਮਹੀਨੇ ਬੜੀ ਢੀਠਤਾਈ ਨਾਲ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਰਹੇ ਸਨ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮਸੀਹਾ ਦਸਦਿਆਂ ਕਿਹਾ ਕਿ ਉਹ ਸੂਬੇ ਦੇ ਇੱਕੋ ਇੱਕ ਅਜਿਹੇ ਆਗੂ ਹਨ ਜਿਸ ਨੂੰ ਸਮਾਜ ਦੇ ਹਰ ਵਰਗ ਖਾਸ ਕਰਕੇ ਗਰੀਬ ਪਰਿਵਾਰਾਂ ਦਾ ਫਿਕਰ ਹੈ ਭਾਵੇਂ ਉਹ ਕਿਸੇ ਵੀ ਧਰਮ ਅਤੇ ਜਾਤ ਨਾਲ ਸਬੰਧਤ ਹੋਣ।
ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਵਰਗਾਂ ਦੇ ਗਰੀਬ ਪਰਿਵਾਰਾਂ ਦੇ ਬਕਾਇਆ ਬਿਲ ਮੁਆਫ ਕੀਤੇ ਅਤੇ ਸਾਰੇ ਵਰਗਾਂ ਲਈ ਬਿਜਲੀ ਦੇ ਬਿਲ ਅੱਧੇ ਕੀਤੇ। ਸ੍ਰੀ ਚੰਨੀ ਨੇ ਇਤਿਹਾਸਕ ਫੈਸਲਾ ਕਰਦਿਆਂ ਲਾਲ ਲਕੀਰ ਦੇ ਅੰਦਰ ਸਥਿਤ ਹਰ ਘਰ ਦੀ ਮਾਲਕੀ ਦੇ ਕਾਗਜ਼ਾਤ ਘਰ ਦੇ ਮਾਲਕ ਨੂੰ ਦੇਣ ਦਾ ਫੈਸਲਾ ਕੀਤਾ ਤਾਂ ਕਿ ਉਹ ਆਪਣੀ ਇਸ ਜਾਇਦਾਦ ਉੱਤੇ ਕਰਜ਼ਾ ਵੀ ਲੈ ਸਕੇ ਅਤੇ ਗਰੰਟੀ ਵਗੈਰਾ ਵੀ ਦੇ ਸਕੇ।
ਹਲਕੇ ਦੇ ਪਿੰਡਾਂ ਵਿੱਚ ਕਰਵਾਏ ਗਏ ਲਾਮਿਸਾਲ ਵਿਕਾਸ ਕਰਕੇ ਆਪਣੇ ਲਈ ਵੋਟਾਂ ਦੀ ਮੰਗ ਕਰਦਿਆਂ, ਸ੍ਰੀ ਬਾਜਵਾ ਨੇ ਕਿਹਾ ਕਿ ਉਹਨਾਂ ਨੇ ਪਿੰਡਾਂ ਦੀਆਂ ਗਲੀਆਂ ਪੱਕੀਆਂ ਕਰਕੇ ਛੱਪੜਾਂ ਦਾ ਨਵੀਨੀਕਰਨ ਕਰਕੇ ਅਤੇ ਸਕੂਲਾਂ ਅਤੇ ਧਰਮਸ਼ਾਲਾਵਾਂ ਦੀਆਂ ਨਵੀਆਂ ਇਮਾਰਤਾਂ ਬਣਵਾਕੇ ਹਲਕੇ ਦੇ ਪਿੰਡਾਂ ਦੀ ਨੁਹਾਰ ਹੀ ਬਦਲ ਦਿੱਤੀ ਹੈ।
ਉਹਨਾਂ ਕਿਹਾ ਕਿ ਪਿੰਡਾਂ ਵਿੱਚ ਨਵੀਆਂ ਲਿੰਕ ਸੜਕਾਂ ਅਤੇ ਪੁਲ ਉਸਾਰ ਕੇ ਹਲਕੇ ਵਿੱਚ ਆਵਾਜਾਈ ਸੁਖਾਲੀ ਕੀਤੀ ਹੈ। ਸ੍ਰੀ ਬਾਜਵਾ ਨੇ ਹਲਕੇ ਦੇ ਲੋਕਾਂ ਨੂੰ ਭਰੋਸਾ ਦੁਆਉਂਦਿਆਂ ਕਿਹਾ ਕਿ ਉਹਨਾਂ ਨੂੰ ਮੁੜ ਸੇਵਾ ਦਾ ਮੌਕਾ ਮਿਲਿਆ ਤਾਂ ਉਹ ਰਹਿ ਗਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਉੱਤੇ ਕਰਾਉਣਗੇ।
ਬਾਜਵਾ ਨੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਕੇ 68 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਉੱਤੇ ਵੱਖ-ਵੱਖ ਅਦਾਲਤਾਂ ਵਿੱਚ ਵੱਖ-ਵੱਖ ਅਪਰਾਧਾਂ ਦੇ ਕੇਸ ਚੱਲ ਰਹੇ ਹਨ। ਉਹਨਾਂ ਕਿਹਾ ਕਿ ਹੁਣ ਕੋਈ ਭੁਲੇਖਾ ਹੀ ਨਹੀਂ ਰਹਿ ਗਿਆ ਕਿ ਅਕਾਲੀ ਦਲ ਹੁਣ ਪੰਥਕ ਜਮਾਤ ਹੋਣ ਦੀ ਥਾਂ ਮਾਫੀਆ, ਤਸਕਰਾਂ ਅਤੇ ਗੁੰਡਿਆਂ ਦਾ ਇੱਕ ਟੋਲਾ ਬਣ ਕੇ ਰਹਿ ਗਿਆ ਹੈ।
ਉਹਨਾਂ ਕਿਹਾ ਕਿ ਬਦਲਵੀਂ ਰਾਜਨੀਤੀ ਦਾ ਢੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੇ 58 ਉਮੀਦਵਾਰ ਅਪਰਾਦਿਕ ਪਿਛੋਕੜ ਵਾਲੇ ਹਨ। ਇਸ ਲਈ ਇਸ ਪਾਰਟੀ ਦੇ ਉਮੀਦਵਾਰ ਵੀ ਦੁੱਧ ਧੋਤੇ ਨਹੀਂ ਹਨ ਸਗੋਂ ਹੋਰਨਾਂ ਪਾਰਟੀਆਂ ਵੱਲੋਂ ਨਕਾਰੇ ਗਏ ਨਿਕੰਮੇ ਵਿਅਕਤੀ ਹੀ ਹਨ। ਸ੍ਰੀ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਿਰਫ 16 ਉਮੀਦਵਾਰਾਂ ਦੇ ਖਿਲਾਫ ਹੀ ਕੇਸ ਚੱਲ ਰਹੇ ਹਨ ਅਤੇ ਉਹ ਵੀ ਸਾਧਾਰਣ ਕਿਸਮ ਦੇ ਹਨ।
ਕਾਂਗਰਸੀ ਆਗੂ ਨੇ ਕਿਹਾ ਕਿ ਸੂਬੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਮੁੜ ਬਣ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਉਹ ਵਜ਼ੀਰ ਬਣਨਗੇ ਅਤੇ ਇਲਾਕੇ ਦਾ ਹੋਰ ਵੀ ਵਧੇਰੇ ਵਿਕਾਸ ਕਰਵਾਉਣਗੇ।












