ਚੰਡੀਗੜ , 18 ਸਤੰਬਰ

ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ ਖ਼ਤਮ ਹੋ ਚੁੱਕੀ ਹੈ।

ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਕਿ ਵਿਧਾਇਕ ਦਲ ਦਾ ਲੀਡਰ ਚੁਣਨ ਲਈ ਸਾਰੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ।

ਹੁਣ ਸਭ ਦੀਆਂ ਨਜ਼ਰਾਂ ਦਿੱਲੀ ਵੱਲ ਹਨ ਤੇ ਹਾਈਕਮਾਨ ਦੇ ਫੈਸਲੇ ਦੀ ਉਡੀਕ ਹੈ। ਸੋਨੀਆ ਗਾਂਧੀ ਦੇ ਫੈਸਲੇ ਮਗਰੋਂ ਵਿਧਾਇਕ ਦਲ ਦੇ ਲੀਡਰ ਦਾ ਐਲਾਨ ਹੋਏਗਾ ਜਿਸ ਨੂੰ ਮੁੱਖ ਮੰਤਰੀ ਐਲਾਨਿਆ ਜਾਏਗਾ।

ਮੀਟਿੰਗ ਵਿੱਚ ਦੋ ਮਤੇ ਸਰਬਸੰਮਤੀ ਨਾਲ ਪਾਸ ਹੋਏ ਹਨ। ਇਨ੍ਹਾਂ ਦੋ ਮਤਿਆ ਬਾਰੇ ਜਾਣਕਰੀ ਦਿੰਦਿਆਂ ਹਰੀਸ਼ ਰਾਵਤ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਯੋਗਤਾ ਨਾਲ ਅਗਵਾਈ ਕੀਤੀ ਅਤੇ ਪੰਜਾਬ ਨੂੰ ਬਹੁਤ ਵਧੀਆ ਸਰਕਾਰ ਦਿੱਤੀ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲ ਕਰਨ ਤੋਂ ਬਾਅਦ ਅਸਤੀਫਾ ਦੇਣ ਦਾ ਫੈਸਲਾ ਲਿਆ।

ਰਾਵਤ ਨੇ ਦੂਸਰਾ ਮਤਾ ਦੱਸਦਿਆ ਕਿਹਾ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਕਰੇਗੀ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਾਰੇ ਫੈਸਲਾ ਲਵੇਗੀ।

ਦਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਦੇ ਅੰਤ ‘ਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕੀ ਹੁਣ ਪੰਜਾਬ ਕਾਂਗਰਸ ਵਿੱਚ ਗੜਬੜ ਖਤਮ ਹੋ ਜਾਵੇਗੀ?

ਪੰਜਾਬ ਸਰਕਾਰ ਦੀ ਅਗਵਾਈ ਹੁਣ ਕਿਸ ਦੇ ਹੱਥਾਂ ਵਿੱਚ ਜਾਵੇਗੀ, ਇਹ ਇੱਕ ਵੱਡਾ ਸਵਾਲ ਹੈ ਜਿਸਦਾ ਜਵਾਬ ਸਿਰਫ ਕਾਂਗਰਸ ਹਾਈਕਮਾਨ ਹੀ ਦੇ ਸਕਦੀ ਹੈ। ਸੂਤਰਾਂ ਅਨੁਸਾਰ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਅਮਰਿੰਦਰ ਸਿੰਘ ਦੀ ਥਾਂ ਲੈਣ ਵਾਲਿਆਂ ਵਿੱਚ ਸ਼ਾਮਲ ਹਨ।

Spread the love