ਚੰਡੀਗੜ੍ਹ, 28 ਅਕਤੂਬਰ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਰਾੜ ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਸਨ ਅਤੇ ਇਸ ਯੂਥ ਅਕਾਲੀ ਆਗੂ ਦੀ ਦੂਰਅੰਦੇਸ਼ੀ ਸੋਚ ਅਤੇ ਨੌਜਵਾਨਾਂ ਵਿਚ ਹਰਮਨਪ੍ਰਿਯਤਾ ਤੋਂ ਪ੍ਰਭਾਵਿਤ ਸਨ।

ਇੱਥੇ ਇਹ ਦੱਸਣਯੋਗ ਹੈ ਕਿ ਇਹ ਯੂਥ ਆਗੂ ਟਕਸਾਲੀ ਪਰਿਵਾਰ ਨਾਲ ਸਬੰਧਿਤ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਲਈ ਗਰਾਊਂਡ ਜ਼ੀਰੋਂ ਤੋਂ ਲੈ ਕੇ ਕੰਮ ਕਰਦਾ ਆ ਰਿਹਾ ਸੀ। ਇਸ ਯੂਥ ਅਕਾਲੀ ਆਗੂ ਨੇ ਹੀ 1997 ਵਿਚ, 2007 ਵਿਚ ਅਤੇ 2012 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਗੁੱਝੀ ਤੇ ਅਹਿਮ ਭੂਮਿਕਾ ਨਿਭਾਈ ਸੀ।

ਪਰਮਿੰਦਰ ਬਰਾੜ ਸ਼੍ਰੋਮਣੀ ਅਕਾਲੀ ਦਲ ਦੀ ਸਟੂਡੈਂਟ ਜਥੇਬੰਦੀ ਐਸਓਆਈ (ਸਟੂਡੈਂਟ ਆਰਗੇਨਾਈਜੇਸ਼ਨ) ਦਾ ਫਾਊਂਡਰ ਸੀ। ਬਰਾੜ ਸਾਲ 2009 ਤੋਂ ਲੈ ਕੇ 2017 ਤੱਕ ਯੂਥ ਅਕਾਲੀ ਦਲ ਦੇ ਨੌਜਵਾਨ ਸੈਕਟਰੀ ਜਨਰਲ ਅਤੇ ਦਫ਼ਤਰ ਸਕੱਤਰ ਇੰਚਾਰਜ ਦੇ ਅਹੁਦੇ ਉਤੇ ਰਹੇ। ਇਸ ਤੋਂ ਇਲਾਵਾ ਉਹ ਸਾਲ 2009 ਤੋਂ ਲੈ ਕੇ 2016 ਤੱਕ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਓਐਸਡੀ ਦੇ ਅਹੁਦੇ ਉਤੇ ਕੰਮ ਕਰਦੇ ਰਹੇ। ਮਜੀਠੀਆ ਤੋਂ ਇਲਾਵਾ ਪਰਮਿੰਦਰ ਬਰਾੜ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਓਐਸਡੀ ਵਜੋਂ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਪਰਮਿੰਦਰ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪਹਿਲੇ ਪ੍ਰਧਾਨ ਬਣੇ ਸਨ ਅਤੇ ਉਨ੍ਹਾਂ ਨੇ ਆਈਟੀ ਵਿੰਗ ਵਿਚ ਜਥੇਦਾਰਾਂ ਨੂੰ ਸੋਸ਼ਲ ਮੀਡੀਆ ਉਤੇ ਸਰਗਰਮ ਕਰਨ ਵਿਚ ਵੱਡਾ ਰੋਲ ਨਿਭਾਇਆ। ਬਰਾੜ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (ਐਸਓਆਈ) ਦੇ ਸਾਲ 2018 ਤੋਂ ਲੈ ਕੇ 2021 ਤੱਕ ਕੌਮੀ ਪ੍ਰਧਾਨ ਦੇ ਅਹੁਦੇ ਉਤੇ ਵੀ ਲਗਾਤਾਰ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦਿੰਦੇ ਰਹੇ।

ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਨੇ ਸਾਲ 2019 ਵਿਚ ਸਟੂਡੈਂਟਸ ਚੋਣਾਂ ਵਿਚ ਵੱਡੀ ਜਿੱਤ ਹਾਸਲ ਕੀਤੀ। ਉਨ੍ਹਾਂ ਯੂਨੀਵਰਸਿਟੀ ਅਤੇ ਕਾਲਜਾਂ ਵਿਚ ਵੱਡੀਆਂ ਯੂਥ ਰੈਲੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿਚ ਆਧਾਰ ਮਜ਼ਬੂਤ ਕੀਤਾ। ਉਨ੍ਹਾਂ ਯੂਥ ਫਾਰ ਪੰਜਾਬ ਮੁਹਿੰਮ ਦੀ ਸ਼ੁਰੂਆਤ ਕਰਕੇ ਅਕਾਲੀ ਦਲ ਦਾ ਨੌਜਵਾਨਾਂ ਤੇ ਵਿਦਿਆਰਥੀ ਵਰਗ ਵਿਚ ਆਧਾਰ ਮਜ਼ਬੂਤ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਸੀ।

ਪਰਮਿੰਦਰ ਬਰਾੜ ਇੱਕ ਯੂਥ ਟਕਸਾਲੀ ਅਕਾਲੀ ਪਰਿਵਾਰ ਨਾਲ ਵੀ ਸਬੰਧਿਤ ਹੈ। ਉਨ੍ਹਾਂ ਦੇ ਨਾਨਾ ਜਥੇਦਾਰ ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਵੀ ਰਹੇ ਹਨ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਫ਼ੀ ਨਜ਼ਦੀਕੀਆਂ ਵਿਚੋਂ ਇੱਕ ਸਨ।

Spread the love