ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੰਜਾਬ ਦੀ ਰਹਿਨੁਮਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਵਿੱਚ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਸਮੂਹ ਖੰਡ ਮਿੱਲਾਂ ਦੇ ਅਧਿਕਾਰਤ ਖੇਤਰਾਂ ਵਿੱਚ ਚਲਾਈ ਗਈ।

ਇਸ ਮੁਹਿੰਮ ਤਹਿਤ ਪੰਜਾਬ ਦੇ ਸਾਰੇ ਗੰਨਾ ਉਗਾਉਣ ਵਾਲੇ ਜ਼ਿਲ੍ਹਿਆਂ ਵਿੱਚ ਪਿੰਡ ਪੱਧਰ ‘ਤੇ ਕਿਸਾਨ ਮੀਟਿੰਗਾਂ, ਜਾਗਰੂਕਤਾ ਕੈਂਪ ਅਤੇ ਖੇਤ ਪ੍ਰਦਰਸ਼ਨ ਲਗਾਏ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਦਫ਼ਤਰ ਗੰਨਾ ਕਮਿਸ਼ਨਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਅਤੇ ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਮਾਹਿਰਾਂ ਵੱਲੋਂ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਖਾਦਾਂ ਦੀ ਵਿਗਿਆਨਕ ਅਤੇ ਲੋੜ ਅਨੁਸਾਰ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਅੱਜ ਸਮੁੱਚੇ ਪੰਜਾਬ ਵਿੱਚ 259 ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 2351 ਗੰਨਾ ਕਾਸ਼ਤਕਾਰਾਂ ਨੇ ਭਾਗ ਲਿਆ।

ਮੀਟਿੰਗਾਂ ਦੌਰਾਨ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਧੇਰੇ ਵਰਤੋਂ ਤੋਂ ਬਚਣ ਅਤੇ ਮਿੱਟੀ ਦੀ ਜਾਂਚ ਅਧਾਰਿਤ ਖਾਦ ਪ੍ਰਬੰਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ, ਖੇਤੀ ਲਾਗਤ ਵਿੱਚ ਕਮੀ ਅਤੇ ਗੰਨੇ ਦੀ ਪੈਦਾਵਾਰ ਵਿੱਚ ਸੁਧਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਜੈਵਿਕ ਖਾਦਾਂ, ਹਰੀ ਖਾਦ ਅਤੇ ਬਾਇਓ-ਫਰਟੀਲਾਈਜ਼ਰ ਦੀ ਵਰਤੋਂ ਬਾਰੇ ਵੀ ਜਾਗਰੂਕ ਕੀਤਾ ਗਿਆ।

ਕੇਨ ਕਮਿਸ਼ਨਰ ਪੰਜਾਬ, ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਖਾਦਾਂ ਦੀ ਬੇਤਹਾਸਾ ਵਰਤੋਂ ਨਾਲ ਨਾ ਸਿਰਫ਼ ਖੇਤੀ ਦੀ ਲਾਗਤ ਵਧਦੀ ਹੈ, ਸਗੋਂ ਲੰਬੇ ਸਮੇਂ ਵਿੱਚ ਮਿੱਟੀ ਦੀ ਸਿਹਤ ਅਤੇ ਫ਼ਸਲ ਦੀ ਗੁਣਵੱਤਾ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਕਿਸਾਨਾਂ ਨੂੰ ਸਿਫ਼ਾਰਸ਼ੀ ਮਾਤਰਾ ਅਤੇ ਸਹੀ ਸਮੇਂ ‘ਤੇ ਹੀ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।

ਇਸ ਜਾਗਰੂਕਤਾ ਮੁਹਿੰਮ ਨੂੰ ਗੰਨਾ ਕਾਸ਼ਤਕਾਰਾਂ ਵੱਲੋਂ ਉਤਸ਼ਾਹਪੂਰਵਕ ਹੁੰਗਾਰਾ ਮਿਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਪਿੰਡ ਪੱਧਰ ‘ਤੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਾਰੀ ਰਹਿਣਗੀਆਂ।

ਕਿਸਾਨ ਵਧੇਰੇ ਜਾਣਕਾਰੀ ਲਈ ਆਪਣੇ ਇਲਾਕੇ ਦੇ ਸਹਾਇਕ ਗੰਨਾ ਵਿਕਾਸ ਅਫ਼ਸਰਾਂ, ਖੰਡ ਮਿੱਲ ਅਧਿਕਾਰੀਆਂ ਜਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ।

Spread the love
You may like