ਕਰੋਨਾ ਕਾਲ ਦੀਆਂ ਚੁਣੌਤੀਆਂ ਦਰਮਿਆਨ ਹੋਈਆਂ ਟੋਕੀਓ ਓਲੰਪਿਕ ਖੇਡਾਂ ਹੁਣ ਤਿੰਨ ਸਾਲ ਮਗਰੋਂ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਮੁੜ ਹੋਣਗੀਆਂ।
ਖਿਡਾਰੀਆਂ ਨੂੰ ਵੱਖ ਵੱਖ ਤਜ਼ਰਬੇ ਸਿਖਾਉਂਦੀਆਂ ਇਹ ਖੇਡਾਂ ਨੇ ਇੱਕ ਇਤਿਹਾਸ ਸਿਰਜਿਆ ਹੈ।
ਜਾਪਾਨ ਦੀ ਰਾਜਧਾਨੀ ‘ਚ ਖੇਡਾਂ ਦੇ ਮਹਾਂਕੁੰਭ ਦੀ ਸਮਾਪਤੀ ਮੌਕੇ ਕੀਤੀ ਗਈ ਰੰਗ-ਬਿਰੰਗੀ ਆਤਿਸ਼ਬਾਜ਼ੀ ਨੇ ਸਮਾਗਮ ਨੂੰ ਚਾਰ-ਚੰਨ ਲਗਾ ਦਿੱਤੇ ।
ਇਸ ਤੋਂ ਪਹਿਲਾਂ ਕੋਵਿਡ-19 ਕਾਰਨ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਫਰਾਂਸ ਦੀ ਰਾਜਧਾਨੀ ਪੈਰਿਸ ਨੂੰ 2024 ਦੀਆਂ ਉਲੰਪਿਕ ਖੇਡਾਂ ਲਈ ਝੰਡਾ ਸੌਂਪਿਆ ਗਿਆ ।
ਭਾਰਤੀ ਉਲੰਪਿਕ ਦਲ ਵਲੋਂ ਪਹਿਲਵਾਨ ਬਜਰੰਗ ਪੂਨੀਆ ਨੇ ਝੰਡਾ ਬਰਦਾਰ ਦੀ ਭੂਮਿਕਾ ਅਦਾ ਕੀਤੀ ।
ਭਾਰਤ ਦੇ ਲਿਹਾਜ ਨਾਲ ਟੋਕੀਓ ਉਲੰਪਿਕ ਖੇਡਾਂ ਇਤਿਹਾਸਕ ਰਹੀਆਂ ਹਨ, ਕਿਉਂਕਿ ਇਨ੍ਹਾਂ ਖੇਡਾਂ ‘ਚ ਭਾਰਤ ਨੇ ਉਲੰਪਿਕ ‘ਚ ਆਪਣਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਕੀਤਾ।
ਭਾਰਤ ਨੇ ਇਨ੍ਹਾਂ ਖੇਡਾਂ ‘ਚ 7 ਤਗਮੇ ਜਿੱਤੇ ਹਨ, ਜੋ 2012 ਦੀਆਂ ਲੰਡਨ ਉਲੰਪਿਕ ਖੇਡਾਂ ਤੋਂ ਬਾਅਦ ਸਭ ਤੋਂ ਵੱਧ ਹਨ।
ਮੈਡਲ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਸਥਾਨ ‘ਤੇ ਅਮਰੀਕਾ ਦੂਸਰੇ ਤੇ ਚੀਨ ਤੀਜੇ ਸਥਾਨ ‘ਤੇ ਜਾਪਾਨ ਜਦਕਿ ਚੌਥੇ ‘ਤੇ ਗ੍ਰੇਟ ਬ੍ਰਿਟੇਨ ਰਿਹਾ,
ਇਸ ਸੂਚੀ ‘ਚ ਕੈਨੇਡਾ ਨੇ 7 ਗੋਲਡ 6 ਸੀਲਵਰ ‘ਤੇ 11 ਕਾਂਸੀ ਤਗਮਿਆਂ ਨਾਲ ਕੁੱਲ 24 ਮੈਡਲ ਪ੍ਰਾਪਤ ਕੀਤੇ ਜਦਕਿ ਭਾਰਤ 1 ਗੋਲਡ 2 ਸੀਲਵਰ ਤੇ 4 ਕਾਂਸੀ ਮੈਡਲਾਂ ਨਾਲ 48 ਵੇਂ ਨੰਬਰ ‘ਤੇ ਰਿਹਾ।
ਭਾਰਤ ਨੇ ਇਕ ਪਾਸੇ ਜਿਥੇ ਪੁਰਸ਼ ਹਾਕੀ ‘ਚ ਕਾਂਸੀ ਦਾ ਤਗਮਾ ਜਿੱਤ ਕੇ 41 ਸਾਲ ਦੇ ਉਲੰਪਿਕ ਤਗਮੇ ਦੇ ਸੋਕੇ ਨੂੰ ਪੂਰਾ ਕੀਤਾ, ਉਥੇ ਨੀਰਜ ਚੋਪੜਾ ਅਥਲੈਟਿਕ ਨੇਜੇਬਾਜ਼ੀ ‘ਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ।
ਮੀਰਾਬਾਈ ਚਾਨੂ ਨੇ ਵੇਟ ਲਿਫਟਿੰਗ ਤੇ ਰਵੀ ਦਹੀਆ ਨੇ ਕੁਸ਼ਤੀ ‘ਚ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ ।
ਪੀ.ਵੀ. ਸਿੰਧੂ ਵਲੋਂ ਬੈਡਮਿੰਟਨ, ਲਵਲੀਨਾ ਬੋਰਹੋਗੇਨ ਵਲੋਂ ਮੁੱਕੇਬਾਜ਼ੀ ਤੇ ਬਜਰੰਗ ਪੂਨੀਆ ਵਲੋਂ ਦੇਸ਼ ਲਈ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਗਿਆ।
ਸਮਾਪਤੀ ਸਮਾਗਮ ਦੌਰਾਨ ਜਿੱਥੇ ਓਲੰਪਿਕ ਸਟੇਡੀਅਮ ਵਿੱਚ ਆਤਿਸ਼ਬਾਜ਼ੀ ਕੀਤੀ ਗਈ, ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।