ਚੰਡੀਗੜ੍ਹ: ਅੱਜ ਪੰਜਾਬ ਤੇ ਚੰਡੀਗੜ੍ਹ ਦੇ ਬਹੁਤੇ ਹਿੱਸਿਆਂ ਵਿਚ ਜਿਥੇ ਮੀਂਹ ਪਿਆ ਉਥੇ ਕਈ ਥਾਵਾਂ ਭਾਰੀ ਗੜੇਮਾਰੀ ਹੋਈ। ਮੀਂਹ ਨਾਲ ਜਿਥੇ ਖੁਸ਼ਕ ਮੌਸਮ ਤੋ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਮੌਸਮ ਵਿਭਾਗ ਨੇ ਪੰਜਾਬ ਤੇ ਚੰਡੀਗੜ੍ਹ ’ਚ 2 ਤੋਂ 4 ਫਰਵਰੀ ਤੱਕ ਮੀਂਹ ਦੀ ਭਵਿੱਖਬਾਣੀ ਕੀਤੀ ਹੈ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਪਏ ਸੀਜ਼ਨ ਦੇ ਪਹਿਲੇ ਮੀਂਹ ਨੇ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਦੇ ਦਿੱਤੀ ਹੈ। ਰੋਪੜ, ਚਮਕੌਰ ਸਾਹਿਬ, ਮੋਰਿੰਡਾ ਅਤੇ ਪੁਆਧ ਦੇ ਖੇਤਰ ਵਿੱਚ ਭਾਰੀ ਗੜ੍ਹੇਮਾਰੀ ਵੀ ਹੋਈ ਹੈ। ਗੜ੍ਹੇਮਾਰੀ ਕਾਰਨ ਪੁਆਧੀ ਇਲਾਕੇ ਵਿੱਚ ਬਰਫ਼ ਦੀ ਚਿੱਟੀ ਚਾਦਰ ਵਿਛ ਗਈ। ਮੀਂਹ ਅਤੇ ਗੜ੍ਹੇਮਾਰੀ ਦੇ ਨਾਲ ਤੇਜ਼ ਹਵਾਵਾਂ ਕਰਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਧਰ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਭਲਕੇ ਪਹਿਲੀ ਫਰਵਰੀ ਨੂੰ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਵਿੱਚ ਬੀਤੀ ਰਾਤ ਮੌਸਮ ਵਿੱਚ ਤਬਦੀਲੀ ਦਰਜ ਕੀਤੀ ਗਈ, ਜਿਸ ਕਰਕੇ ਦੇਰ ਰਾਤ ਮੀਂਹ ਪੈਣਾ ਸ਼ੁਰੂ ਹੋਇਆ ਜੋ ਬੁੱਧਵਾਰ ਸਵੇਰ ਤੱਕ ਪੈਂਦਾ ਰਿਹਾ। ਮੀਂਹ ਪੈਣ ਕਾਰਨ ਲੋਕਾਂ ਨੂੰ ਖੰਘ ਅਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਣ ਦੀ ਆਸ ਬੱਝ ਗਈ ਹੈ। ਪੰਜਾਬ ਵਿੱਚ ਅੱਜ ਸਭ ਤੋਂ ਠੰਢਾ ਸ਼ਹਿਰ ਬਠਿੰਡਾ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ, ਪਟਿਆਲਾ ਤੇ ਰੋਪੜ ਵਿੱਚ ਇਕ ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 0.7 ਐੱਮਐੱਮ, ਲੁਧਿਆਣਾ ਵਿੱਚ ਤਿੰਨ ਐੱਮਐੱਮ, ਬਠਿੰਡਾ ਵਿੱਚ ਦੋ ਐੱਮਐੱਮ, ਫਰੀਦਕੋਟ ਵਿੱਚ 1.2 ਐੱਮਐੱਮ, ਗੁਰਦਾਸਪੁਰ ਵਿੱਚ 1.8 ਐੱਮਐੱਮ ਅਤੇ ਮੋਗਾ ਵਿੱਚ 2.5 ਐੱਮਐੱਮ ਮੀਂਹ ਪਿਆ ਹੈ।

ਉੱਤਰੀ ਭਾਰਤ ’ਚ ਭਰਵੇਂ ਮੀਂਹ ਪੈਣ ਦੇ ਆਸਾਰ

ਨਵੀਂ ਦਿੱਲੀ:ਉੱਤਰੀ ਭਾਰਤ ’ਚ ਦਸੰਬਰ ਅਤੇ ਜਨਵਰੀ ’ਚ ਸੋਕਾ ਪਏ ਰਹਿਣ ਮਗਰੋਂ ਹੁਣ ਫਰਵਰੀ ਮਹੀਨੇ ’ਚ ਖ਼ਿੱਤੇ ਅੰਦਰ ਭਰਵੇਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਉੱਤਰੀ ਭਾਰਤ ’ਚ ਫਰਵਰੀ ਮਹੀਨੇ ਆਮ ਤੋਂ ਲੈ ਕੇ ਉਸ ਤੋਂ ਵਧ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮੋਹਪਾਤਰਾ ਨੇ ਕਿਹਾ ਕਿ ਜਨਵਰੀ ’ਚ ਉੱਤਰ-ਪੱਛਮੀ ਭਾਰਤ ’ਚ ਸਿਰਫ਼ 3.1 ਐੱਮਐੱਮ ਵਰਖਾ ਰਿਕਾਰਡ ਕੀਤੀ ਗਈ ਜੋ 1901 ਤੋਂ ਬਾਅਦ ਦੂਜੀ ਵਾਰ ਸਭ ਤੋਂ ਘੱਟ ਮੀਂਹ ਪਿਆ ਹੈ।

ਹਿਮਾਚਲ ਪ੍ਰਦੇਸ਼ ’ਚ ਬਰਫ਼ਬਾਰੀ

ਸ਼ਿਮਲਾ:ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਅਤੇ ਉਪਰਲੇ ਇਲਾਕਿਆਂ ’ਚ ਸਾਲ ਦੀ ਪਹਿਲੀ ਭਾਰੀ ਬਰਫ਼ਬਾਰੀ ਨਾਲ ਜਨ-ਜੀਵਨ ਠੱਪ ਹੋ ਕੇ ਰਹਿ ਗਿਆ। ਸੂਬੇ ’ਚ ਬਰਫ਼ਬਾਰੀ ਕਾਰਨ 134 ਸੜਕਾਂ ਬੰਦ ਹੋ ਗਈਆਂ। ਮੌਸਮ ਵਿਭਾਗ ਨੇ ਪਹਿਲੀ ਫਰਵਰੀ ਨੂੰ ਵੀ ਕੁਝ ਥਾਵਾਂ ’ਤੇ ਬਰਫ਼ ਅਤੇ ਮੀਂਹ ਪੈਣ ਦੀ ਚਿਤਾਵਨੀ ਦਿੰਦਿਆਂ ਔਰੈਂਜ ਅਲਰਟ ਜਾਰੀ ਕੀਤਾ ਹੈ। ਬਰਫ਼ਬਾਰੀ ਕਾਰਨ ਫਲ ਅਤੇ ਸਬਜ਼ੀ ਉਤਪਾਦਕਾਂ ਦੇ ਚਿਹਰੇ ਖਿੜ ਗਏ ਹਨ। ਸ਼ਿਮਲਾ, ਕੁਫ਼ਰੀ, ਮਨਾਲੀ, ਲਾਹੌਲ ਸਪਿਤੀ, ਸਾਂਗਲਾ, ਡਲਹੌਜ਼ੀ ਅਤੇ ਨਾਰਕੰਡਾ ’ਚ ਬਰਫ਼ ਪੈਣ ਨਾਲ ਸੈਰ ਸਪਾਟਾ ਅਤੇ ਹੋਰ ਸਨਅਤਾਂ ਨੂੰ ਵੀ ਸੈਲਾਨੀਆਂ ਦੇ ਸੂਬੇ ’ਚ ਆਉਣ ਦੀ ਆਸ ਬੱਝ ਗਈ ਹੈ

Spread the love