ਅਫਗਾਨਿਸਤਾਨ ਵਿੱਚ ਬਣੇ ਖਾਨਾਜੰਗੀ ਦੇ ਹਾਲਾਤਾਂ ਦੌਰਾਨ ਤਾਲਿਬਾਨ ਦਾ ਦਬਦਬਾ ਵਧਦਾ ਜਾ ਰਿਹਾ ਹੈ।
ਕਈ ਇਲਾਕਿਆਂ ‘ਚ ਹਾਲਾਤ ਬਦ ਤੋਂ ਬਦਤਰ ਹੋ ਰਹੇ ਨੇ।ਤਾਲਿਬਾਨ ਨੇ ਹੁਣ ਤੱਕ ਛੇ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰ ਲਿਆ ਹੈ।
ਇਸ ਦੌਰਾਨ ਭਾਰਤ ਸਰਕਾਰ ਨੇ ਅਫਗਾਨਿਸਤਾਨ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਮਜ਼ਾਰ-ਏ-ਸ਼ਰੀਫ ਤੋਂ ਆਪਣੇ ਡਿਪਲੋਮੈਟਾਂ ਅਤੇ ਨਾਗਰਿਕਾਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ।
ਇਸ ਕੜੀ ਵਿਚ ਅਫਗਾਨਿਸਤਾਨ ਦੇ ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ ਤੋਂ ਮੰਗਲਵਾਰ ਸ਼ਾਮ ਨੂੰ ਇੱਕ ਵਿਸ਼ੇਸ਼ ਉਡਾਣ ਨਵੀਂ ਦਿੱਲੀ ਲਈ ਰਵਾਨਾ ਹੋਇਆ ਸਰਕਾਰ ਨੇ ਐਡਵਾਇਜ਼ਰੀ ਵੀ ਜਾਰੀ ਕਰ ਕੀਤੀ ਹੈ।
ਇਹ ਫੈਸਲਾ ਅਫਗਾਨਿਸਤਾਨ ਦੇ ਬਲਖ ਅਤੇ ਤਖਰ ਪ੍ਰਾਂਤਾਂ ਵਿੱਚ ਤਾਲਿਬਾਨ ਲੜਾਕਿਆਂ ਅਤੇ ਅਫਗਾਨ ਸੁਰੱਖਿਆ ਬਲਾਂ ਦਰਮਿਆਨ ਤੇਜ਼ ਲੜਾਈ ਦੇ ਵਿਚਕਾਰ ਲਿਆ ਗਿਆ ਹੈ।
ਤਾਲਿਬਾਨ ਨੇ ਹਾਲ ਹੀ ਵਿੱਚ ਉੱਤਰੀ ਬਲਖ ਦੇ ਕਈ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਹੈ।
ਹੁਣ ਉਸ ਦਾ ਨਿਸ਼ਾਨਾ ਮਜ਼ਾਰ-ਏ-ਸ਼ਰੀਫ ਹੈ। ਮਜ਼ਾਰ-ਏ-ਸ਼ਰੀਫ ਬਲਖ ਪ੍ਰਾਂਤ ਦੀ ਰਾਜਧਾਨੀ ਅਤੇ ਅਫਗਾਨਿਸਤਾਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ।
ਮਜ਼ਾਰ-ਏ-ਸ਼ਰੀਫ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇਹ ਜਾਣਕਾਰੀ ਦਿੱਤੀ ਹੈ। ਕੌਂਸਲੇਟ ਨੇ ਸੂਚਿਤ ਕੀਤਾ ਹੈ ਕਿ ਜੋ ਵੀ ਭਾਰਤੀ ਨਾਗਰਿਕ ਵਿਸ਼ੇਸ਼ ਜਹਾਜ਼ਾਂ ਰਾਹੀਂ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਤੁਰੰਤ ਆਪਣੇ ਪੂਰੇ ਨਾਂ, ਪਾਸਪੋਰਟ ਨੰਬਰ, ਮਿਆਦ ਪੁੱਗਣ ਦੀ ਤਾਰੀਖ ਦੇ ਨਾਲ ਵਟਸਐਪ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਅਯਾਬੇਕ ਉੱਤਰੀ ਪ੍ਰਾਂਤ ਦੀ 5ਵੀਂ ਰਾਜਧਾਨੀ ਹੈ ਤੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਤਾਲਿਬਾਨ ਦੇ ਹੱਥਾਂ ਵਿੱਚ ਆਉਣ ਵਾਲਾ ਦੇਸ਼ ਦਾ ਛੇਵਾਂ ਸ਼ਹਿਰ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਲਈ ਕੁੰਦੂਜ਼ ਦਾ ਕੰਟਰੋਲ ਵੀ ਸਭ ਤੋਂ ਵੱਡੀ ਸਫਲਤਾ ਤੇ ਅਫਗਾਨ ਸਰਕਾਰ ਲਈ ਵੱਡਾ ਝਟਕਾ ਹੈ।
ਉਧਰ ਦੂਸਰੇ ਪਾਸੇ ਅਫਗਾਨਿਸਤਾਨ ਦੇ ਜ਼ਿਆਦਾਤਰ ਪੇਂਡੂ ਖੇਤਰ ਪਹਿਲਾਂ ਹੀ ਤਾਲਿਬਾਨ ਦੇ ਕਬਜ਼ੇ ਹੇਠ ਆ ਚੁੱਕੇ ਹਨ।
ਹਾਲਾਂਕਿ, ਸ਼ਹਿਰਾਂ ਦੀ ਸੁਰੱਖਿਆ ਲਈ ਸਰਕਾਰੀ ਫੌਜ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦੇਸ਼ ਵਿੱਚ ਚੱਲ ਰਹੀ ਜੰਗੀ ਸਥਿਤੀ ਦੇ ਮੱਦੇਨਜ਼ਰ ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਅਫਗਾਨਿਸਤਾਨ ਛੱਡਣ ਦੀ ਸਲਾਹ ਦਿੱਤੀ ਹੈ।