ਅਫਗਾਨਿਸਤਾਨ ’ਚ ਤਾਲਿਬਾਨ ਕੱਟੜਪੰਥੀਆਂ ਦਾ ਕਬਜ਼ਾ ਵਧਦਾ ਜਾ ਰਿਹਾ ਹੈ ਜਿਸ ਕਰਕੇ ਤਾਲੀਬਾਨੀ ਆਪਣੀ ਤਾਕਤ ਅਤੇ ਦਹਿਸ਼ਤ ਵਧਾ ਰਹੇ ਨੇ।
ਇਹੀ ਵਜ੍ਹਾ ਹੈ ਕਿ ਤਾਲਿਬਾਨੀਆਂ ਨੇ ਮੁੱਖ ਸ਼ਹਿਰਾਂ ’ਤੇ ਆਪਣੇ ਕਬਜ਼ੇ ਤੋਂ ਬਾਅਦ ਹਾਲ ਹੀ ਦੇ ਦਿਨਾਂ ’ਚ ਅੱਤਵਾਦੀ ਸਮੂਹ ਨੇ ਘੱਟ ਤੋਂ ਘੱਟ ਛੇ ਸ਼ਹਿਰਾਂ ਤੋਂ 1000 ਤੋਂ ਜ਼ਿਆਦਾ ਅਪਰਾਧੀ ਨਸ਼ੀਲੀਆਂ ਦਵਾਈਆਂ ਦੇ ਤਸਕਰਾਂ ਨੂੰ ਰਿਹਾਅ ਕਰ ਦਿੱਤਾ ਹੈ ਜਿਸ ਤੋਂ ਲੱਗਦੈ ਕਿ ਅਫ਼ਗਾਨ ਫ਼ੌਜ ਲਈ ਹੁਣ ਤਾਲਿਬਾਨ ਨੂੰ ਰੋਕਣਾ ਲਗਪਗ ਨਾਮੁਮਕਿਨ ਹੁੰਦਾ ਜਾ ਰਿਹਾ ਹੈ।
ਇਸ ਦੌਰਾਨ ਤਾਲਿਬਾਨ ਨੇ ਦਾਅਵਾ ਕੀਤਾ ਕਿ ਉਸ ਨੇ ਕੰਧਾਰ ਉੱਪਰ ਕਬਜ਼ਾ ਕਰ ਲਿਆ ਹੈ। ਇਹ ਅਫ਼ਗਾਨਿਸਤਾਨ ਦੀ 34 ਵਿਚੋਂ 12ਵੀਂ ਰਾਜਧਾਨੀ ਹੈ ਜਿਸ ਨੂੰ ਬਾਗ਼ੀਆਂ ਨੇ ਆਪਣੇ ਕਬਜ਼ੇ ‘ਚ ਲਿਆ ਹੈ।
ਕੰਧਾਰ ਪੂਰੇ ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਕੰਧਾਰ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ‘ਤੇ ਸਰਕਾਰੀ ਅਧਿਕਾਰੀ ਤੇ ਉਨ੍ਹਾਂ ਦੀ ਟੀਮ ਹਵਾਈ ਮਾਰਗ ਰਾਹੀਂ ਸ਼ਹਿਰ ‘ਚੋਂ ਭੱਜਣ ‘ਚ ਕਾਮਯਾਬ ਰਹੇ।
ਅਫ਼ਗਾਨਿਸਤਾਨ ‘ਚ ਤੇਜ਼ੀ ਨਾਲ ਬਦਲ ਰਹੇ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਨੇ ਕਾਬੁਲ ‘ਚ ਅਮਰੀਕੀ ਦੂਤਘਰ ‘ਚੋਂ ਆਪਣੇ ਮੁਲਾਜ਼ਮਾਂ ਨੂੰ ਕੱਢਣ ਲਈ ਫ਼ੌਜ ਭੇਜਣ ਦਾ ਫ਼ੈਸਲਾ ਕੀਤਾ ਹੈ।
ਇਸ ਮਾਮਲੇ ‘ਤੇ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਨ ਕਿਰਬੀ ਨੇ ਐਲਾਨ ਕੀਤਾ ਕਿ ਅਮਰੀਕੀ ਰੱਖਿਆ ਵਿਭਾਗ ਕਾਬੁਲ ਤੋਂ ਦੁਤਘਰ ਦੇ ਮੁਲਾਜ਼ਮਾਂ ਕੱਢਣ ਲਈ ਅਫ਼ਗਾਨਿਸਤਾਨ ‘ਚ ਫ਼ੌਜ ਭੇਜੇਗਾ।