ਫਰਾਂਸ ਦੀ ਖੂਬਸੂਰਤ ਅਤੇ ਇਤਿਹਾਸਕ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵਾਹਨਾਂ ਦੀ ਵੱਧ ਤੋਂ ਵੱਧ ਗਤੀ 30 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਗਈ ਹੈ।

ਇਹ ਨਵਾਂ ਨਿਯਮ ਲਾਗੂ ਹੋ ਗਿਆ ਹੈ। ਪੈਰਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਾਤਾਵਰਣ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਹ ਵਡਮੁੱਲਾ ਕਦਮ ਹੈ।

ਇਸ ਕਾਰਨ ਲੋਕ ਵੀ ਸੁਰੱਖਿਅਤ ਰਹਿਣਗੇ, ਕਿਉਂਕਿ ਵਾਹਨਾਂ ਦੀ ਹੌਲੀ ਗਤੀ ਕਾਰਨ ਕੋਈ ਦੁਰਘਟਨਾ ਨਹੀਂ ਹੋਵੇਗੀ ਅਤੇ ਜੇ ਸੜਕ ਹਾਦਸੇ ਹੁੰਦੇ ਹਨ, ਤਾਂ ਵੀ ਮਾਮਲੇ ਗੰਭੀਰ ਨਹੀਂ ਹੋਣਗੇ।

ਪੈਰਿਸ ਪੈਦਲ ਚੱਲਣ ਵਾਲਿਆਂ ਲਈ ਵਧੇਰੇ ਸੁਰੱਖਿਅਤ ਅਤੇ ਸੁਵਿਧਾਜਨਕ ਬਣ ਜਾਵੇਗਾ। ਖਾਸ ਗੱਲ ਇਹ ਹੈ ਕਿ ਸ਼ਹਿਰ ਦੇ 59 ਫੀਸਦੀ ਲੋਕ ਵੀ ਪ੍ਰਸ਼ਾਸਨ ਦੇ ਇਸ ਨੁਕਤੇ ਨਾਲ ਸਹਿਮਤ ਹਨ।

ਉਨ੍ਹਾਂ ਸਰਕਾਰ ਦੇ ਫੈਸਲੇ ਦਾ ਸਵਾਗਤ ਵੀ ਕੀਤਾ। ਹਾਲਾਂਕਿ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ।

ਰਿਪੋਰਟ ਦੇ ਅਨੁਸਾਰ, 21.6 ਲੱਖ ਦੀ ਆਬਾਦੀ ਵਾਲੇ ਪੈਰਿਸ ਦੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ, ਵਧੇਰੇ ਲੋਕ ਕਾਰ ਜਾਂ ਸਾਈਕਲ ਯਾਤਰਾ ਕਰਨਾ ਪਸੰਦ ਕਰਦੇ ਹਨ, ਪਰ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ ਇਨ੍ਹਾਂ ਹਾਦਸਿਆਂ ਤੋਂ ਬਚਾਅ ਲਈ ਸਰਕਾਰ ਦਾ ਕਹਿਣਾ ਕਿ ਨਵਾਂ ਨਿਯਮ ਉਨ੍ਹਾਂ ਲਈ ਜੀਵਨ ਬਚਾਉਣ ਵਾਲਾ ਸਾਬਤ ਹੋਵੇਗਾ।

ਖਾਸ ਗੱਲ ਇਹ ਹੈ ਕਿ ਨਵਾਂ ਨਿਯਮ ਵਿਸ਼ਵ ਸਿਹਤ ਸੰਗਠਨ ਵੱਲੋਂ ਮਈ ਵਿੱਚ ਜਾਰੀ ਅਪੀਲ ਤੋਂ ਬਾਅਦ ਲਿਆ ਗਿਆ ਹੈ।

Spread the love