ਸੂਡਾਨ ਦੀ ਫ਼ੌਜ ਤੇ ਸਿਆਸੀ ਆਗੂਆਂ ਦਰਮਿਆਨ ਸਮਝੌਤਾ ਹੋ ਗਿਆ ਹੈ ਤੇ ਪ੍ਰਧਾਨ ਮੰਤਰੀ ਅਬਦੱਲਾ ਹਮਦੋਕ ਨੂੰ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਫ਼ੌਜ ਨੇ ਰਾਜ ਪਲਟਾ ਕਰ ਦਿੱਤਾ ਸੀ।

ਫ਼ੌਜ ਤੇ ਸਰਕਾਰ ਵੱਲੋਂ ਜਾਰੀ ਸਾਂਝੇ ਬਿਆਨ ਵਿਚ ਅੱਜ ਕਿਹਾ ਗਿਆ ਕਿ 25 ਅਕਤੂਬਰ ਨੂੰ ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਵੀ ਰਿਹਾਅ ਕਰ ਦਿੱਤਾ ਜਾਵੇਗਾ।

ਸਮਝੌਤਾ ਕਰਾਉਣ ਵਿਚ ਸੰਯੁਕਤ ਰਾਸ਼ਟਰ, ਅਮਰੀਕਾ ਤੇ ਹੋਰਾਂ ਨੇ ‘ਅਹਿਮ ਭੂਮਿਕਾ’ ਨਿਭਾਈ ਹੈ।

ਪਰ ਅਜੇ ਵੀ ਲੋਕਾਂ ਦੀਆਂ ਸਮੱਸਿਆ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ।

ਹੁਣ ਸੂਡਾਨ ਵਿੱਚ ਡਾਕਟਰਾਂ ਦੇ ਇੱਕ ਸਮੂਹ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ ਮਹੀਨੇ ਹੋਏ ਫੌਜੀ ਤਖਤਾਪਲਟ ਤੋਂ ਬਾਅਦ ਸੁਰੱਖਿਆ ਬਲ ਜ਼ਖ਼ਮੀ ਪ੍ਰਦਰਸ਼ਨਕਾਰੀਆਂ ਨੂੰ ਇਲਾਜ ਕਰਵਾਉਣ ਤੋਂ ਰੋਕ ਰਹੇ ਹਨ ਅਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

‘ਦਿ ਯੂਨਾਈਟਿਡ ਆਫਿਸ ਆਫ ਸੂਡਾਨੀਜ਼ ਡਾਕਟਰਜ਼’ ਦੀ ਇੱਕ ਰਿਪੋਰਟ ਦੇ ਅਨੁਸਾਰ, 25 ਅਕਤੂਬਰ ਦੇ ਤਖਤਾਪਲਟ ਤੋਂ ਬਾਅਦ ਜ਼ਖ਼ਮੀ ਪ੍ਰਦਰਸ਼ਨਕਾਰੀਆਂ ਨੂੰ ਹਸਪਤਾਲ ਲੈ ਜਾ ਰਹੇ ਐਂਬੁਲੈਂਸ ਨੂੰ ਫੌਜ ਰੋਕ ਰਹੀ ਹੈ,

ਪੁਲਸ ਐਮਰਜੈਂਸੀ ਕਮਰਿਆਂ ਵਿੱਚ ਦਖਲ ਦੇ ਰਹੀ ਹੈ ਤੇ ਮਰੀਜ਼ਾਂ ਨੂੰ ਗ੍ਰਿਫਤਾਰ ਕਰ ਰਹੀ ਹੈ ।

ਹਾਲਾਂਕਿ ਸਮਝੌਤੇ ਤੋਂ ਬਾਅਦ ਸਾਰਾ ਕੁੱਝ ਠੀਕ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ।

ਦੱਸ ਦੇਈਏ ਕਿ ਸੂਡਾਨ ਵਿੱਚ ਫੌਜੀ ਤਖਤਾਪਲਟ ਤੋਂ ਬਾਅਦ ਇਸ ਦੇ ਵਿਰੋਧ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿੱਚ ਘੱਟ ਤੋਂ ਘੱਟ 41 ਪ੍ਰਦਰਸ਼ਨਕਾਰੀ ਮਾਰੇ ਗਏ ਹਨ।

ਦੋ ਸਾਲ ਪਹਿਲਾਂ ਮੁਲਕ ਦੇ ਲੋਕਾਂ ਨੇ ਸੂਡਾਨ ਦੇ ਤਾਨਾਸ਼ਾਹ ਉਮਰ ਅਲ-ਬਸ਼ੀਰ ਨੂੰ ਸੱਤਾ ਤੋਂ ਲਾਂਭੇ ਕੀਤਾ ਸੀ। ਹੁਣ ਹੋਏ ਰਾਜ ਪਲਟੇ ਦੀ ਕੌਮਾਂਤਰੀ ਪੱਧਰ ਉਤੇ ਆਲੋਚਨਾ ਹੋ ਰਹੀ ਸੀ।

ਫ਼ੌਜ ਦੀ ਕਾਰਵਾਈ ਤੋਂ ਬਾਅਦ ਸੂਡਾਨੀ ਲੋਕ ਸੜਕਾਂ ਉਤੇ ਆ ਗਏ ਸਨ ਤੇ ਰੋਸ ਮੁਜ਼ਾਹਰੇ ਕਰ ਰਹੇ ਸਨ।

Spread the love