ਖ਼ਬਰ ਪਾਕਿਸਤਾਨ ਤੋਂ ਹੈ ਜਿੱਥੇ ਹਥਿਆਰਬੰਦ ਦਹਿਸ਼ਤਗਰਦਾਂ ਨੇ ਦੱਖਣ-ਪੱਛਮੀ ਬਲੋਚਿਸਤਾਨ ਪ੍ਰਾਂਤ ਵਿੱਚ ਸੁਰੱਖਿਆ ਬਲਾਂ ਦੇ ਦੋ ਕੈਂਪਾਂ ’ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਦੋਵਾਂ ਪਾਸਿਓਂ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 15 ਦਹਿਸ਼ਤਗਰਦ ਜਦਕਿ ਚਾਰ ਫ਼ੌਜੀ ਮਾਰੇ ਗਏ।

ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਨੋਸ਼ਕੀ ਵਿੱਚ 9 ਦਹਿਸ਼ਤਗਰਦ ਤੇ ਚਾਰ ਫ਼ੌਜੀ ਮਾਰੇ ਗਏ ਹਨ ਜਦਕਿ ਪੰਜਗੁਰ ਵਿੱਚ ਛੇ ਦਹਿਸ਼ਤਗਰਦ ਮਾਰੇ ਗਏ ਹਨ।

ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਦੋਵਾਂ ਥਾਵਾਂ ਤੋਂ ਦਹਿਸ਼ਤਗਰਦ ਖਦੇੜ ਦਿੱਤੇ ਹਨ।

ਪੰਜਗੁਰ ਵਿੱਚ ਚਾਰ ਤੋਂ ਪੰਜ ਲੋਕਾਂ ਨੂੰ ਫ਼ੌਜ ਨੇ ਘੇਰਾ ਪਾਇਆ ਹੋਇਆ ਹੈ, ਜਿਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇੱਕ ਸੀਨੀਅਰ ਮੰਤਰੀ ਨੇ ਇਸ ਨੂੰ ਦਹਿਸ਼ਤਵਾਦ ਖ਼ਿਲਾਫ਼ ਵੱਡੀ ਸਫ਼ਲਤਾ ਦੱਸਿਆ।

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵਿੱਟਰ ’ਤੇ ਟਵੀਟ ਕਰਦਿਆਂ ਸੁਰੱਖਿਆ ਬਲਾਂ ਨੂੰ ਉਨ੍ਹਾਂ ਵੱਲੋਂ ਬਲੋਚਿਸਤਾਨ ਵਿੱਚ ਉਨ੍ਹਾਂ ਦੇ ਕੈਂਪਾਂ ’ਤੇ ਦਹਿਸ਼ਤੀ ਹਮਲਿਆਂ ਦੀ ਕੋਸ਼ਿਸ਼ ਨੂੰ ਨਾਕਾਮਯਾਬ ਕਰਨ ’ਤੇ ਮੁਬਾਰਕਬਾਦ ਦਿੱਤੀ।

ਬੀਐੱਲਏ ਨੇ ਇੱਕ ਬਿਆਨ ਜਾਰੀ ਕਰ ਕੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

ਇਸ ਵੱਖਵਾਦੀ ਗੁੱਟ ਨੇ ਕੁਝ ਸਮੇਂ ਤੋਂ ਸੁਰੱਖਿਆ ਬਲਾਂ ਤੇ ਉਨ੍ਹਾਂ ਦੇ ਟਿਕਾਣਿਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਬੁੱਧਵਾਰ ਨੂੰ ਹੋਏ ਇਹ ਹਮਲੇ ਬਲੋਚਿਸਤਾਨ ਵਿੱਚ ਹੋਏ ਇਨ੍ਹਾਂ ਹਮਲਿਆਂ ਦੀ ਕੜੀ ’ਚ ਸਭ ਤੋਂ ਤਾਜ਼ਾ ਹਨ ਜੋ ਪ੍ਰਾਂਤ ਦੇ ਕੇਹ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੀ ਚੈੱਕਪੋਸਟ ’ਤੇ ਹੋਏ ਦਹਿਸ਼ਤੀ ਹਮਲੇ ਤੋਂ ਇੱਕ ਹਫ਼ਤੇ ਮਗਰੋਂ ਹੋਏ ਸਨ, ਜਿਸ ਦੌਰਾਨ ਦਸ ਫ਼ੌਜੀ ਮਾਰੇ ਗਏ ਸਨ।

Spread the love