ਕੈਨੇਡਾ ਸਰਕਾਰ ਨੇ ਕਰੋਨਾ ਪਾਬੰਦੀਆਂ ‘ਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।

ਕੈਨੇਡਾ ਦੇ ਆਵਾਜਾਈ ਮੰਤਰੀ ਓਮਾਰ ਅਲਗਬਰਾ ਨੇ ਦੇਸ਼ ਦੇ ਹਵਾਈ ਅੱਡਿਆਂ ਅੰਦਰ ਵਿਦੇਸ਼ਾਂ ਤੋਂ ਪੁੱਜਣ ਵਾਲੇ ਮੁਸਾਫਿਰਾਂ ਲਈ ਕੋਵਿਡ-19 ਟੈਸਟ ਦੀ ਸ਼ਰਤ ਕੁਝ ਨਰਮ ਕਰਨ ਦਾ ਐਲਾਨ ਕੀਤਾ ਹੈ ।

28 ਫਰਵਰੀ 2022 ਤੋਂ ਮੋਲੀਕੁਲਰ (ਪੀ. ਸੀ. ਆਰ.) ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਐਂਟੀਜਨ ਰੈਪਿਡ ਟੈਸਟ ਸਵਿਕਾਰ ਕੀਤਾ ਜਾਵੇਗਾ।

ਸਧਾਰਨ ਭਾਸ਼ਾ ‘ਚ ਅਜਿਹਾ ਕਿਹਾ ਜਾ ਸਕਦਾ ਹੈ ਕਿ ਹੁਣ ਸੈਂਕੜੇ ਡਾਲਰਾਂ ਜਾਂ ਹਜ਼ਾਰਾਂ ਰੁਪਈਆਂ ਵਾਲਾ ਮਹਿੰਗਾ ਅਤੇ ਕਈ ਘੰਟੇ ਰਿਪੋਰਟ ਉਡੀਕਦੇ ਰਹਿਣ ਵਾਲਾ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਰਹੇਗੀ, ਸਗੋਂ ਕੈਨੇਡਾ ‘ਚ 40 ਡਾਲਰ ਅਤੇ ਭਾਰਤ ‘ਚ ਤਕਰੀਬਨ 500 ਰੁਪਏ ‘ਚ ਹੋ ਜਾਣ ਵਾਲਾ ਤੇ ਨਾਲੋ-ਨਾਲ ਰਿਪੋਰਟ ਮਿਲ ਜਾਣ ਵਾਲਾ ਟੈਸਟ ਕਰਵਾਇਆ ਜਾ ਸਕੇਗਾ ।

ਯਾਦ ਰਹੇ ਕਿ ਕੈਨੇਡਾ ਸਰਕਾਰ ਵਲੋਂ ਇਹ ਢਿੱਲ ਸਿਰਫ ਉਨ੍ਹਾਂ ਲੋਕਾਂ ਵਾਸਤੇ ਹੈ, ਜਿਨ੍ਹਾਂ ਨੇ ਕੋਵਿਡ ਤੋਂ ਬਚਾਓ ਦੀ ਮਾਨਤਾ ਪ੍ਰਾਪਤ ਵੈਕਸੀਨ ਦੇ ਬਕਾਇਦਾ ਦੋਵੇਂ ਟੀਕੇ ਲਗਵਾਏ ਹੋਏ ਹਨ ।

ਕੈਨੇਡਾ ਭਰ ‘ਚ ਸੂਬਾਈ ਅਤੇ ਮਿਊਾਸਪਲ ਪੱਧਰ ‘ਤੇ ਵੀ ਕੋਰੋਨਾ ਵਾਇਰਸ ਦੀਆਂ ਸ਼ਰਤਾਂ ਪੜਾਅਵਾਰ ਨਰਮ ਕੀਤੀਆਂ ਜਾ ਰਹੀਆਂ ਹਨ, ਜਿਸ ‘ਚ 1 ਮਾਰਚ ਤੋਂ ਸਮਾਗਮਾਂ ਜਾਂ ਕਾਰੋਬਾਰਾਂ ‘ਚ ਦਾਖਲ ਹੋਣ ਸਮੇਂ ਵੈਕਸੀਨ ਸਰਟੀਫਕੇਟ ਦਿਖਾਉਣ ਦੀ ਸ਼ਰਤ ਖਤਮ ਕਰਨਾ ਸ਼ਾਮਿਲ ਹੈ ਪਰ ਜਹਾਜ਼ਾਂ ‘ਚ ਸਫਰ ਕਰਨ ਵਾਲੇ ਲੋਕਾਂ ਲਈ ਆਪਣਾ ਵੈਕਸੀਨ ਸਰਟੀਫਕੇਟ ਦਿਖਾਉਣਾ ਲਾਜ਼ਮੀ ਰਹੇਗਾ ।

ਇਹ ਵੀ ਕਿ ਕੈਨੇਡਾ ‘ਚ ਅੰਤਰਰਾਸ਼ਟਰੀ ਉਡਾਨਾਂ ਵਾਸਤੇ ਬੀਤੇ 2 ਸਾਲਾਂ ਤੋਂ ਬੰਦ ਰੱਖੇ ਜਾ ਰਹੇ ਕੁਝ ਹੋਰ ਹਵਾਈ ਅੱਡੇ ਵੀ ਖੋਲ੍ਹੇ ਜਾ ਰਹੇ ਹਨ ।

Spread the love