ਨਵੀ ਸਰਕਾਰ ਦੇ ਬਣਨ ਦੇ ਬਾਅਦ ਵੀ ਸਿੱਖਿਆ ਖੇਤਰ ਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਕਲਾਸਾਂ ਦੇਰੀ ਨਾਲ ਸ਼ੁਰੂ ਹੋਣ ਦੇ ਬਾਵਜੂਦ ਵੀ ਪੰਜਾਬ ਭਰ ’ਚ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਕਿਸੇ ਵੀ ਵਿਦਿਆਰਥੀ ਨੂੰ ਕਿਤਾਬਾਂ ਨਸੀਬ ਨਹੀਂ ਹੋ ਰਹੀਆਂ। 5 ਦਿਨ ਲੇਟ ਕਲਾਸਾਂ ਸ਼ੁਰੂ ਹੋਣ ਦੇ ਬਾਵਜੂਦ ਵੀ ਕਿਸੇ ਸਰਕਾਰੀ ਸਕੂਲ ਚ ਕਿਤਾਬਾਂ ਨਹੀਂ ਪਹੁੰਚੀਆਂਅਤੇ ਬੱਚਿਆਂ ਨੂੰ ਉਹੀ ਪੁਰਾਣੀਆਂ ਕਿਤਾਬਾਂ ਨਾਲ ਹੀ ਸ਼ੁਰੂਆਤ ਕਰਨੀ ਪੈ ਰਹੀ ਹੈ।ਈ.ਟੀ.ਟੀ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਬੁਲਾਰੇ ਅਮੋਲਕ ਡੇਲੂਆਣਾ ਦਾ ਕਹਿਣਾ ਹੈ ਕਿ ਜਦੋਂ ਅਧਿਆਪਕ ਆਪਣੇ ਹੱਕਾਂ ਲਈ ਸਿੱਖਿਆ ਮੰਤਰੀ ਦੇ ਘਰ ਅੱਗੇ ਛੁੱਟੀ ਲੈ ਕੇ ਧਰਨਾ ਦਿੰਦੇ ਹਨ ਤਾਂ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਫਰਲੇ ਆ ਜਾਂਦੇ ਹਨ ਪਰ ਜਦੋਂ ਕਿਤਾਬਾਂ ਵਰਗੇ ਖਾਸ ਮਸਲਿਆਂ ‘ਤੇ ਵੱਡੀ ਕੁਤਾਹੀ ਹੁੰਦੀ ਹੈ ਤਾਂ ਕਿਸੇ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਆਗੂਆਂ ਨੇ ਚਿਤਾਵਨੀ ਵਿੱਚ ਕਿਹਾ ਕਿ ਜੇਕਰ ਕਿਤਾਬਾਂ ਜਲਦੀ ਸਕੂਲਾਂ ਤੱਕ ਨਾ ਪਹੁੰਚੀਆਂ ਤਾਂ ਜਥੇਬੰਦੀਆਂ ਸੰਘਰਸ਼ ਤੋਂ ਪਿੱਛੇ ਨਹੀਂ ਹਟਣ ਗੀਆਂ।ਲੋਕਲ ਖੇਤਰੀ ਬੋਰਡ ਦੇ ਮੈਨੇਜਰ ਗਿਆਨ ਚੰਦ ਦਾ ਕਹਿਣਾ ਹੈ ਕਿ ਵੱਖ-ਵੱਖ ਜਮਾਤਾਂ ਦੀਆਂ ਕੁੱਝ ਕਿਤਾਬਾਂ ਪਹੁੰਚ ਚੁੱਕੀਆਂ ਅਤੇ ਕਾਫ਼ੀ ਆਉਣੀਆਂ ਬਾਕੀ ਹਨ, ਜਿਹੜੀਆਂ ਕਿਤਾਬਾਂ ਆਈਆਂ ਹਨ,ਉਨ੍ਹਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ/ਐਲੀਮੈਂਟਰੀ ਮਾਨਸਾ ਸੰਜੀਵ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਅਜੇ ਉਪਰੋਂ ਪੂਰੀਆਂ ਕਿਤਾਬਾਂ ਨਹੀਂ ਆਈਆਂ, ਜੋ ਆਈਆਂ ਨੇ ਉਨ੍ਹਾਂ ਦੀ ਵੰਡ ਸ਼ੁਰੂ ਕਰ ਦਿੱਤੀ ਹੈ। ਆਪ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜ਼ਰੂਰ ਜਾਂਚ ਕਰਵਾਉਣਗੇ, ਜੋ ਕਸੂਰਵਾਰ ਹੋਇਆ, ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।