ਪਾਕਿਸਤਾਨ ‘ਚ ਇਸ ਸਾਲ ਕਣਕ ਦੇ ਉਤਪਾਦਨ ‘ਚ ਭਾਰੀ ਕਮੀ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਦੇਸ਼ ‘ਚ ਵੱਧ ਰਹੀ ਮਹਿੰਗਾਈ ਦਾ ਸੰਕਟ ਹੋਰ ਡੂੰਘਾ ਹੋ ਸਕਦੈ।
ਮਾਹਰਾਂ ਦਾ ਕਹਿਣਾ ਕਿ ਇਸ ਵਾਰ ਕਣਕ ਦੇ ਭਾਅ ‘ਚ ਭਾਰੀ ਵਾਧਾ ਵੀ ਹੋ ਸਕਦੈ।
ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਆਟਾ ਮਹਿੰਗਾ ਨਹੀਂ ਹੋਣ ਦੇਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੇ ਕੱਪੜੇ ਵੀ ਕਿਉਂ ਨਾ ਵੇਚਣੇ ਪੈ ਜਾਣ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਕਣਕ ਦਾ ਉਤਪਾਦਨ 28.89 ਮਿਲੀਅਨ ਟਨ ਦੇ ਟੀਚੇ ਦੇ ਮੁਕਾਬਲੇ 26.173 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜਦੋਂ ਕਿ ਅਨੁਮਾਨਿਤ ਖਪਤ ਲਗਭਗ 30.79 ਮਿਲੀਅਨ ਟਨ ਹੋਵੇਗੀ ।
ਖ਼ੈਬਰ ਪਖਤੂਨਖਵਾ ਦੇ ਸ਼ਾਂਗਲਾ ਜ਼ਿਲ੍ਹੇ ਦੀ ਬਿਸ਼ਾਮ ਤਹਿਸੀਲ ‘ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼ਰੀਫ਼ ਨੇ ਸੂਬੇ ‘ਚ ਆਟੇ ਦੀਆਂ ਕੀਮਤਾਂ ਘਟਾਉਣ ਦਾ ਵਾਅਦਾ ਵੀ ਕੀਤਾ ।
ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੂਬੇ ‘ਚ ਆਟੇ ਦੀਆਂ ਕੀਮਤਾਂ ਨੂੰ ਕਿਵੇਂ ਹੇਠਾਂ ਲਿਆਉਣਾ ਹੈ ।
ਉਨ੍ਹਾਂ ਸੂਬਾਈ ਸਰਕਾਰ ਨੂੰ ਆਪਣੇ ਖਰਚੇ ‘ਤੇ ਆਟੇ ਦੀਆਂ ਕੀਮਤਾਂ ਘਟਾਉਣ ਦੇ ਨਿਰਦੇਸ਼ ਦਿੱਤੇ ।