ਖ਼ਬਰ ਹੈ ਬਠਿੰਡਾ ਦੀ ਬੱਸ ਸਟੈਂਡ ਵਿੱਚ ਪੀਆਰਟੀਸੀ ਦੇ ਫ਼ਰੀਦਕੋਟ ਡਿਪੂ ਦੇ ਬੱਸ ਕੰਡਕਟਰ ਨੇ ਔਰਤ ਦੀ ਟਿਕਟ ਕੱਟ ਦਿੱਤੀ , ਜਿਸ ਤੋਂ ਬਾਅਦ ਔਰਤ ਬੱਸ ਅੱਗੇ ਲੇਟ ਗਈ ਤੇ ਕੰਡਕਟਰ ਨੂੰ ਪੈਸੇ ਮੋੜੇਨੇ ਪਏ। ਇਹ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਬਠਿੰਡਾ ਤੋਂ ਫਰੀਦਕੋਟ ਡਿਪੂ ਦੀ ਬੱਸ ’ਤੇ ਔਰਤ ਅਤੇ ਉਸ ਦਾ ਲੜਕਾ ਗੋਨਿਆਣਾ ਤੋਂ ਸਵਾਰ ਹੋਏ। ਲੜਕੇ ਨੇ ਕੰਡਕਟਰ ਤੋਂ ਦੋ ਟਿਕਟਾਂ ਲੈ ਲਈਆਂ। ਇਸ ਬਾਰੇ ਲੜਕੇ ਦੀ ਮਾਤਾ ਨੂੰ ਜਦੋਂ ਪਤਾ ਲੱਗਿਆ ਹੈ ਤਾਂ ਉਸ ਨੇ ਰੌਲਾ ਪਾ ਦਿੱਤਾ ਕਿ ਉਸ ਕੋਲ ਆਧਾਰ ਕਾਰਡ ਹੈ ਤੇ ਉਹ ਉਸ ਦੇ ਪੁੱਤ ਵਲੋਂ ਕਟਵਾਈ ਟਿਕਟ ਵਾਪਸ ਲੈ ਕੇ ਪੈਸੇ ਮੋੜੇ। ਬਠਿੰਡਾ ਬੱਸ ਸਟੈਂਡ ’ਤੇ ਜਦੋਂ ਬੱਸ ਰੁਕੀ ਤਾਂ ਔਰਤ ਨੇ ਬੱਸ ਅੱਗੇ ਲੇਟ ਕੇ ਬੱਸ ਨੂੰ ਉਸ ਸਮੇਂ ਤੱਕ ਅੱਗੇ ਰਵਾਨਾ ਹੋਣ ਤੋਂ ਰੋਕੀ ਰੱਖਿਆ, ਜਦ ਤੱਕ ਕੰਡਕਟਰ ਨੇ ਔਰਤ ਨੂੰ 25 ਰੁਪਏ ਟਿਕਟ ਦੇ ਪੈਸੇ ਵਾਪਸ ਨਹੀਂ ਕੀਤੇ। ਇਸ ਸਬੰਧੀ ਪੀਆਰਟੀਸੀ ਮੁਲਾਜ਼ਮ ਨੇਤਾ ਸੰਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਕਿ ਇਹ ਮਾਮਲਾ ਫਰੀਦਕੋਟ ਪੀਆਰਟੀਸੀ ਡਿੱਪੂ ਦੀ ਬੱਸ ਦਾ ਹੈ। ਉਨ੍ਹਾਂ ਨੇ ਕੰਡਕਟਰ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਦਾ ਕਹਿਣਾ ਹੈ ਕਿ ਬੱਸ ਫਰੀਦਕੋਟ ਲਈ ਰਵਾਨਾ ਹੋ ਗਈ ਹੈ, ਜਦੋਂ ਵੀ ਵਾਪਸ ਆਵੇਗੀ ਉਹ ਕੰਡਕਟਰ ਨਾਲ ਇਸ ਬਾਰੇ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਮੈਂ ਫ਼ਰੀਦਕੋਟ ਡਿਪੂ ਦੇ ਜਨਰਲ ਮੈਨੇਜਰ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਯੋਗ ਆਧਾਰ ਕਾਰਡ ਵਾਲੀਆਂ ਔਰਤਾਂ ਦੀ ਟਿਕਟ ਨਾ ਕੱਟੀ ਜਾਵੇ।

Spread the love