– ਮੁੱਖ ਮੰਤਰੀ ਨੇ ‘ਲੋਕ ਮਿਲਣੀ’ ਵਿੱਚ ਪਹੁੰਚੀਆਂ ਸ਼ਿਕਾਇਤਾਂ ‘ਤੇ ਕੀਤੀ ਤੁਰੰਤ ਕਾਰਵਾਈ : ਮਲਵਿੰਦਰ ਸਿੰਘ ਕੰਗ

– ਭਗਵੰਤ ਮਾਨ ਨੇ ਮੌਕੇ ‘ਤੇ ਹੀ ਦੋ ਤਹਿਸੀਲਦਾਰਾਂ ‘ਤੇ ਕਾਰਵਾਈ ਦੇ ਦਿੱਤੇ ਹੁਕਮ: ਮਲਵਿੰਦਰ ਸਿੰਘ ਕੰਗ

– ਮੁੱਖ ਮੰਤਰੀ ਨੇ ਤਰਸ ਦੇ ਆਧਾਰ ‘ਤੇ ਨੌਕਰੀਆਂ ਲਈ ਸੌਂਪੇ 57 ਨਿਯੁਕਤੀ ਪੱਤਰ: ਮਲਵਿੰਦਰ ਸਿੰਘ ਕੰਗ

– ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ 26,754 ਅਸਾਮੀਆਂ ਭਰਨ ਦੀ ਮੁਹਿੰਮ ਹੋਈ ਸ਼ੁਰੂ : ਮਲਵਿੰਦਰ ਸਿੰਘ ਕੰਗ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ, ‘ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਰਬਾਰ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਮੌਕੇ ‘ਤੇ ਹੀ ਨਿਪਟਾਰਾ ਕਰਨ ਲਈ ਆਪਣੀ ਸਰਕਾਰ ਦੇ ਪਹਿਲੇ ਨਿਵੇਕਲੇ ਪ੍ਰੋਗਰਾਮ ‘ਲੋਕ ਮਿਲਣੀ’ ਦੀ ਸ਼ੁਰੂਆਤ ਕਰਕੇ ਪੰਜਾਬ ਦਾ ਪੁੱਤ, ਭਰਾ ਹੋਣ ਦਾ ਸਬੂਤ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਉਣ ਵਾਲੇ ਸਮੇਂ ਵਿੱਚ ਹੋਰ ਅਜਿਹੇ ਲੋਕ ਹਿਤੈਸ਼ੀ ਪ੍ਰੋਗਰਾਮ ਜਾਰੀ ਕਰਨਗੇ।
ਮਲਵਿੰਦਰ ਸਿੰਘ ਕੰਗ ਨੇ ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ, ”ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ‘ਲੋਕ ਮਿਲਣੀ’ ਤਹਿਤ ਪੰਜਾਬ ਭਰ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਵੀ ਕੀਤਾ।” ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਦੌਰਾਨ ਰਾਜਿਆਂ ਦੇ ਦਰਬਾਰ ਲਗਦੇ ਸਨ, ਪਰ ਪੰਜਾਬ ਦੇ ਪੁੱਤ ਨੇ ਲੋਕ ਮਿਲਣੀ ਰਾਹੀਂ ਜਿੱਥੇ 26,754 ਅਸਾਮੀਆਂ ਭਰਨ ਲਈ ਵੱਡੇ ਪੱਧਰ ‘ਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ, ਉੱਥੇ ਕਈ ਸ਼ਹੀਦ ਪਰਿਵਾਰਾਂ ਅਤੇ ਕਈ ਜ਼ਰੂਰਤਮੰਦ ਪਰਿਵਾਰਾਂ ਦੇ 57 ਬੱਚਿਆਂ ਨੂੰ ਨੌਕਰੀਆਂ ਵੀ ਦਿੱਤੀਆਂ।
ਕੰਗ ਨੇ ਕਿਹਾ ਕਿ ਮੁੱਖ ਮੰਤਰੀ ਦੇ ਕੰਮ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮਾਨ ਸਰਕਾਰ ਪੰਜਾਬ ਦੇ ਲੋਕਾਂ ਅਤੇ ਨੌਜਵਾਨਾਂ ਲਈ ਜਿੱਥੇ ਚੰਗੀ ਸਰਕਾਰ ਹੈ, ਉੱਥੇ ਰੋਜ਼ਗਾਰ ਵੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗੱਲ ਹੈ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੀ ਅਲਾਮਤ ਪ੍ਰਤੀ ਨਾ ਸਹਿਣਯੋਗ ਵਤੀਰਾ ਅਪਣਾ ਰਹੀ ਹੈ। ਮੁੱਖ ਮੰਤਰੀ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀ ਸ਼ਿਕਾਇਤ ‘ਤੇ ਦੋ ਤਹਿਸੀਲਦਾਰਾਂ ਨੂੰ ਸਸਪੈਂਡ ਵੀ ਕੀਤਾ ਹੈ, ਜੋ ਸਰਕਾਰ ਦੀ ਲੋਕਾਂ ਪ੍ਰਤੀ ਜਵਾਬਦੇਹੀ ਅਤੇ ਜ਼ਿੰਮੇਵਾਰੀ ਦਾ ਸਬੂਤ ਹੈ।

Spread the love