ਯੂਕਰੇਨ ਦੇ ਲਵੀਵ ਸ਼ਹਿਰ ਵਿਚ ਅੱਠ ਵੱਡੇ ਧਮਾਕੇ ਹੋਏ ਹਨ ਅਤੇ ਪੂਰਾ ਸ਼ਹਿਰ ਅੱਜ ਜ਼ੋਰਦਾਰ ਧਮਾਕਿਆਂ ਨਾਲ ਕੰਬ ਗਿਆ। ਸ਼ਹਿਰ ਵਿਚ ਸਵੇਰ ਤੋਂ ਸ਼ਾਮ ਤੱਕ ਕਰਫਿਊ ਲੱਗਾ ਹੋਇਆ ਹੈ। ਯੂਕਰੇਨ ਦੇ ਫ਼ੌਜੀ ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਸੈਨਾ ਦੇ ਟਿਕਾਣਿਆਂ ਉਤੇ ਹਮਲੇ ਕੀਤੇ ਹਨ। ਯਵੋਰੀਵ ਸ਼ਹਿਰ ਉਤੇ ਹੱਲਾ ਬੋਲਿਆ ਗਿਆ ਹੈ ਜੋ ਪੋਲੈਂਡ ਦੀ ਹੱਦ ਤੋਂ 15 ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਨੇ ਕਿਹਾ ਕਿ ਮਿਜ਼ਾਈਲਾਂ ਨਾਲ ਇਹ ਧਮਾਕੇ ਹੋਣ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ। ਇਸੇ ਦੌਰਾਨ ਧਮਾਕਿਆਂ ਕਾਰਨ ਖੰਡਰ ਬਣੇ ਸ਼ਹਿਰ ਮਾਰੀਓਪੋਲ ਦੇ ਐਜ਼ੋਵਸਟਲ ਸਟੀਲ ਪਲਾਂਟ ’ਚੋਂ ਜ਼ਖ਼ਮੀ 260 ਤੋਂ ਵੱਧ ਯੂਕਰੇਨ ਸੈਨਿਕਾਂ ਨੂੰ ਕੱਢਿਆ ਜਾ ਰਿਹਾ ਹੈ। ਇਨ੍ਹਾਂ ਕਈ ਦਿਨਾਂ ਤੱਕ ਇੱਥੇ ਰੂਸੀ ਫ਼ੌਜ ਦਾ ਟਾਕਰਾ ਕੀਤਾ ਹੈ ਤੇ ਕਈ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਯੂਕਰੇਨੀ ਸੈਨਿਕਾਂ ਨੂੰ ਪਲਾਂਟ ਵਿਚੋਂ ਕੱਢ ਕੇ ਹੁਣ ਰੂਸ ਪੱਖੀ ਵੱਖਵਾਦੀਆਂ ਦੇ ਕਬਜ਼ੇ ਵਾਲੇ ਇਲਾਕੇ ਵਿਚ ਲਿਆਂਦਾ ਗਿਆ ਹੈ।ਦਸਣਯੋਗ ਹੈ ਕਿ ਇਹ ਸਟੀਲ ਪਲਾਂਟ ਯੂਕਰੇਨ ਵੱਲੋਂ ਰੂਸ ਨੂੰ ਦਿੱਤੀ ਜਾ ਰਹੀ ਟੱਕਰ ਦਾ ਪ੍ਰਤੀਕ ਬਣ ਗਿਆ ਸੀ। ਰੂਸ ਨੇ ਇਸ ਨੂੰ ‘ਸਮੂਹਿਕ ਸਮਰਪਣ’ ਦਾ ਨਾਂ ਦਿੱਤਾ ਹੈ। ਯੂਕਰੇਨ ਨੇ ਇਹ ਸ਼ਬਦ ਨਹੀਂ ਵਰਤਿਆ ਪਰ ਕਿਹਾ ਕਿ ਸੈਨਿਕਾਂ ਨੇ ਆਪਣਾ ਮਿਸ਼ਨ ਪੂਰਾ ਕੀਤਾ ਹੈ। ਮਾਰੀਓਪੋਲ ਉਤੇ ਰੂਸ ਨੇ ਪਹਿਲਾਂ ਹੀ ਕਬਜ਼ਾ ਕਰ ਲਿਆ ਸੀ। ਇਸ ਪਲਾਂਟ ਉਤੇ ਕਬਜ਼ਾ ਰੂਸ ਦੀ ਜੰਗ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਸਾਬਿਤ ਹੋ ਸਕਦੀ ਹੈ। ਇੱਥੇ ਕਬਜ਼ੇ ਤੋਂ ਬਾਅਦ ਰੂਸ ਹੁਣ ਆਪਣੀ ਸੈਨਾ ਨੂੰ ਹੋਰਨਾਂ ਇਲਾਕਿਆਂ ਵਿਚ ਵਰਤ ਸਕਦਾ ਹੈ। ਕਈ ਦਿਨਾਂ ਤੋਂ ਰੂਸੀ ਸੈਨਾ ਪੂਰਬੀ ਯੂਕਰੇਨ ਦੇ ਸਨਅਤੀ ਕੇਂਦਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਆਪਣੇ ‘ਨਾਇਕਾਂ ਨੂੰ ਜਿਊਂਦਾ ਦੇਖਣਾ ਚਾਹੁੰਦੇ ਹਨ। ਇਹ ਸਾਡਾ ਸਿਧਾਂਤ ਹੈ।’ ਦੱਸਣਯੋਗ ਹੈ ਕਿ ਰੂਸ ਨੇ ਸਟੀਲ ਪਲਾਂਟ ਉਤੇ ਜ਼ੋਰਦਾਰ ਬੰਬਾਰੀ ਕੀਤੀ ਹੈ। ਜ਼ਖਮੀ ਹੋਏ 51 ਸੈਨਿਕਾਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਸੋਮਵਾਰ ਰਾਤ ਮਿੱਲ ਵਿਚੋਂ ਯੂਕਰੇਨੀ ਸੈਨਿਕਾਂ ਨੂੰ ਬੱਸਾਂ ਵਿਚ ਕੱਢਿਆ ਗਿਆ। ਇਨ੍ਹਾਂ ਨਾਲ ਰੂਸ ਦੇ ਫ਼ੌਜੀ ਵਾਹਨ ਵੀ ਸਨ। ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਕੱਢੇ ਗਏ ਯੂਕਰੇਨੀ ਸੈਨਿਕਾਂ ਦਾ ਹੁਣ ਯੂਕਰੇਨ ਵੱਲੋਂ ਫੜੇ ਗਏ ਰੂਸੀ ਸੈਨਿਕਾਂ ਨਾਲ ਤਬਾਦਲਾ ਹੋ ਸਕਦਾ ਹੈ। ਇਸੇ ਦੌਰਾਨ ਸਵੀਡਨ ਨੇ ਨਾਟੋ ਵਿਚ ਸ਼ਾਮਲ ਹੋਣ ਦੀ ਰਸਮੀ ਕਾਰਵਾਈ ਆਰੰਭ ਦਿੱਤੀ ਹੈ। ਨਾਟੋ ਦੇ 30 ਮੈਂਬਰ ਮੁਲਕਾਂ ਨੇ ਸਵੀਡਨ ਤੇ ਫਿਨਲੈਂਡ ਨੂੰ ਗੱਠਜੋੜ ਵਿਚ ਸ਼ਾਮਲ ਕਰਨ ਦੀ ਹਮਾਇਤ ਕੀਤੀ ਹੈ।

Spread the love