ਵਿੱਤੀ ਸੰਕਟ ਵਿਚ ਘਿਰੇ ਸ੍ਰੀਲੰਕਾ ਨੇ ਅੱਜ ਖੁਲਾਸਾ ਕੀਤਾ ਹੈ ਕਿ ਦੇਸ਼ ਦੇ ਸਮੁੰਦਰੀ ਤੱਟ ’ਤੇ ਪੈਟਰੋਲ ਲੈ ਕੇ ਖੜ੍ਹੇ ਜਹਾਜ਼ ਨੂੰ ਦੇਣ ਲਈ ਦੇਸ਼ ਕੋਲ ਵਿਦੇਸ਼ੀ ਮੁਦਰਾ ਨਹੀਂ ਬਚੀ ਹੈ। ਸਰਕਾਰ ਨੇ ਨਾਗਰਿਕਾਂ ਨੂੰ ਪੈਟਰੋਲ ਲਈ ਕਤਾਰਾਂ ਨਾ ਲਾਉਣ ਲਈ ਕਿਹਾ ਹੈ। ਸਰਕਾਰ ਨੇ ਨਾਲ ਹੀ ਕਿਹਾ ਕਿ ਮੁਲਕ ਕੋਲ ਡੀਜ਼ਲ ਦਾ ਕਾਫ਼ੀ ਸਟਾਕ ਮੌਜੂਦ ਹੈ। ਦੱਸਣਯੋਗ ਹੈ ਕਿ ਪੈਟਰੋਲ ਲੈ ਕੇ ਆਇਆ ਇਕ ਜਹਾਜ਼ 28 ਮਾਰਚ ਤੋਂ ਸ੍ਰੀਲੰਕਾ ਦੇ ਪਾਣੀਆਂ ਵਿਚ ਖੜ੍ਹਾ ਹੈ। ਬਿਜਲੀ ਤੇ ਊਰਜਾ ਮੰਤਰੀ ਕੰਚਨਾ ਵਿਜੇਸੇਕਰਾ ਨੇ ਸੰਸਦ ਨੂੰ ਦੱਸਿਆ ਕਿ ਮੁਲਕ ਕੋਲ ਪੈਟਰੋਲ ਉਪਲਬਧ ਨਹੀਂ ਹੈ। ਉਨ੍ਹਾਂ ਕਿਹਾ, ‘ਸਾਡੇ ਕੋਲ ਪੈਟਰੋਲ ਦੇ ਜਹਾਜ਼ ਨੂੰ ਦੇਣ ਲਈ ਅਮਰੀਕੀ ਡਾਲਰ ਨਹੀਂ ਹਨ। ਜਨਵਰੀ 2022 ਵਿਚ ਆਏ ਇਕ ਜਹਾਜ਼ ਲਈ ਵੀ ਅਦਾਇਗੀ ਕੀਤੀ ਜਾਣੀ ਬਾਕੀ ਹੈ।’ ਮੰਤਰੀ ਨੇ ਕਿਹਾ ਕਿ ਸ਼ਿਪਿੰਗ ਕੰਪਨੀ ਨੇ ਅਦਾਇਗੀ ਹੋਣ ਤੱਕ ਪੈਟਰੋਲ ਨਾ ਦੇਣ ਲਈ ਕਿਹਾ ਹੈ। ਮੰਤਰੀ ਨੇ ਕਿਹਾ ਕਿ ਮੰਤਰਾਲਾ ਇਕ-ਦੋ ਦਿਨਾਂ ਵਿਚ ਇਸ ਜਹਾਜ਼ ਲਈ ਪੈਸਿਆਂ ਦਾ ਪ੍ਰਬੰਧ ਕਰ ਲਵੇਗਾ। ਇਸ ਲਈ ਉਦੋਂ ਤੱਕ ਲੋਕਾਂ ਨੂੰ ਪੈਟਰੋਲ ਲਈ ਲਾਈਨਾਂ ਨਾ ਲਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੀਮਤ ਸਟਾਕ ਹੋਣ ਕਾਰਨ ਪਹਿਲਾਂ ਇਹ ਜ਼ਰੂਰੀ ਸੇਵਾਵਾਂ ਲਈ ਦਿੱਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਲੋਕ ਇਕ-ਦੋ ਦਿਨ ਲਈ ਕਤਾਰਾਂ ਵਿਚ ਨਾ ਲੱਗਣ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸੇ ਮਹੀਨੇ ਸ੍ਰੀਲੰਕਾ ਲਈ 20 ਕਰੋੜ ਡਾਲਰ ਦੀ ਕਰੈਡਿਟ ਲਾਈਨ (ਪੈਸੇ ਉਧਾਰ ਦੇਣ ਦਾ ਪ੍ਰਬੰਧ) ਖੋਲ੍ਹੀ ਸੀ ਤਾਂ ਕਿ ਗੁਆਂਢੀ ਮੁਲਕ ਤੇਲ ਨਾਲ ਜੁੜੀਆਂ ਲੋੜਾਂ ਪੂਰੀਆਂ ਕਰ ਸਕੇ। ਇਸ ਤੋਂ ਪਹਿਲਾਂ ਵੀ ਭਾਰਤ ਨੇ ਸ੍ਰੀਲੰਕਾ ਦੀ ਮਦਦ ਕੀਤੀ ਹੈ। ਦੱਸਣਯੋਗ ਹੈ ਕਿ ਸ੍ਰੀਲੰਕਾ ਇਤਿਹਾਸ ਦੇ ਸਭ ਤੋਂ ਮਾੜੇ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਅਹੁਦਾ ਛੱਡਣ ਵਾਲੇ ਸ੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਅੱਜ ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ’ਚ ਨਜ਼ਰ ਆਏ।ਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅੱਜ ਦੱਸਿਆ ਕਿ ਮੁਲਕ ਨੂੰ ਵਿਸ਼ਵ ਬੈਂਕ ਤੋਂ ਵਿੱਤੀ ਮਦਦ ਮਿਲੀ ਹੈ ਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਵੀ ਮਦਦ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ ਵਿਸ਼ਵ ਬੈਂਕ ਤੋਂ ਮਿਲੀ ਮਦਦ ਨਾਲ ਤੇਲ ਨਹੀਂ ਖ਼ਰੀਦਿਆ ਜਾ ਸਕਦਾ। ਪਰ ਪੈਸੇ ਵਰਤਣ ਲਈ ਹੋਰ ਰਾਹ ਤਲਾਸ਼ੇ ਜਾ ਰਹੇ ਹਨ।

Spread the love