ਪ੍ਰੋ : ਸਤਨਾਮ ਸਿੰਘ

ਪੰਜਾਬ ਦੇ ਭ੍ਰਿਸ਼ਟਾਚਾਰ ਦੇ ਤੰਤਰ ਨੂੰ ਲਈ ਬਦਲਣ ਜਿਥੇ ਇਹ ਧਾਰਨਾ ਬਣੀ ਹੋਈ ਸੀ ਕਿ ਰਿਵਾਇਤੀ ਸਿਆਸੀ ਪਾਰਟੀਆਂ ਨੂੰ ਹਰਾ ਕੇ ਤੀਸਰੇ ਸਿਆਸੀ ਬਦਲ ਨੂੰ ਮੌਕਾ ਦਿੱਤਾ ਜਾਵੇ ਉੱਥੇ ਹੀ ਪੜ੍ਹੇ ਲਿਖੇ ਵਿਦਵਾਨ ਲੋਕਾਂ ਨੂੰ ਸਿਆਸਤ ‘ਚ ਅੱਗੇ ਲਿਆਂਦਾ ਜਾਵੇ। ਪੜ੍ਹੇ ਲਿਖੇ ਲੋਕਾਂ ਵਾਰੇ ਆਮ ਲੋਕਾਂ ‘ਚ ਇਹ ਵਿਸ਼ਵਾਸ ਤੇ ਧਾਰਨਾ ਬਣੀ ਹੋਈ ਸੀ ਕਿ ਇਹ ਵਰਗ ਜਿੱਥੇ ਇਮਾਨਦਾਰ ਹੁੰਦਾ ਹੈ ਉੱਥੇ ਹੀ ਪ੍ਰਸ਼ਾਸਨਿਕ ਪ੍ਰਬੰਧਾ ਵਾਰੇ ਵਧੇਰੇ ਜਾਣਕਾਰੀ ਰੱਖਣ ਵਾਲਾ ਹੁੰਦਾ ਹੈ। ਭ੍ਰਿਸ਼ਟਾਚਾਰ ‘ਚ ਗ੍ਰਿਫਤਾਰ ਕੀਤੇ ਗਏ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਦੇ ਮਾਮਲੇ ‘ਚ ਇੱਕ ਵਾਰ ਆਮ ਲੋਕਾਂ ਦੀਆਂ ਇਨ੍ਹਾਂ ਉਮੀਦਾਂ ਅਤੇ ਧਾਰਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਸਾਰੇ ਪੜ੍ਹੇ ਲਿਖੇ ,ਨਾ ਇਮਾਨਦਾਰ ਹੁੰਦੇ ਹਨ ਅਤੇ ਨਾ ਹੀ ਉਹ ਨੂੰ ਆਮ ਲੋਕਾਂ ਨੂੰ ਸਮਰਪਿਤ ਹੁੰਦੇ ਹਨ। ਸਗੋਂ ਉਲਟਾ ਇਹ ਤੱਥ ਸਾਹਮਣੇ ਆਇਆ ਹੈ ਪੜ੍ਹੇ ਲਿਖੇ ਬੇਈਮਾਨ ਵਿਅਕਤੀ ਆਮ ਲੋਕਾਂ ਨਾਲੋਂ ਕਈ ਗੁਣਾਂ ਵੱਧ ਲਾਲਚੀ ਅਤੇ ਸਮਾਜ ਲਈ ਖਤਰਨਾਕ ਹੁੰਦੇ ਹਨ। ਆਮ ਲੋਕਾਂ ਦੀਆਂ ਇਨ੍ਹਾਂ ਉਮੀਦਾਂ ਨੂੰ ਟੁੱਟਣ ਤੋਂ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਅੱਗੇ ਆਉਣਾ ਪਿਆ ਹੈ।

ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਸੀਨੀਅਰ ਅਤੇ ਸਿਹਤ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਮੰਤਰੀ ਮੰਡਲ ਚੋਂ ਬਰਖਾਸਤ ਕਰਕੇ , ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕਰਨਾ ਇੱਕ ਇਤਿਹਾਸਕ ਅਤੇ ਫੈਸਲਾਕੁਨ ਕਦਮ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਆਪਣੀ ਇੱਛਾ ਸ਼ਕਤੀ ਦਾ ਜਿਸ ਤਰੀਕੇ ਨਾਲ ਪ੍ਰਗਟਾਵਾ ਕੀਤਾ ਹੈ ਉਸ ਨਾਲ ਪੰਜਾਬ ‘ਚ ਦਹਾਕਿਆਂ ਤੋਂ ਜੜ੍ਹਾਂ ਜਮਾ ਕੇ ਬੈਠੇ ਭ੍ਰਿਸ਼ਟ ਮਾਫੀਆ ਨੂੰ ਜਰੂਰ ਸੁਨੇਹਾ ਗਿਆ ਹੋਵੇਗਾ ਕਿ ਭਗਵੰਤ ਦੀ ਸਰਕਾਰ ‘ਚ “ਉਹ ਸਭ ਨਹੀਂ ਚੱਲੇਗਾ” ਜੋ ਇੱਕ ਕਹਾਵਤ ਰਾਹੀਂ ਦਹਾਕਿਆਂ ਤੋਂ ਸੱਚ ਸਾਬਤ ਹੁੰਦਾ ਆ ਰਿਹਾ ਸੀ “ਇੱਥੇ ਤਾਂ ਸਭ ਚਲਦਾ ਹੈ।” ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਆਪਣੀ ਹੀ ਸਰਕਾਰ ਦੇ ਸਿਹਤ ਮੰਤਰੀ ਦੇ ਕੇਸ ‘ਚ ਇੱਕ ਹੀ ਦਿਨ ਅੰਦਰ ਤਿੰਨ ਵੱਡੇ ਕਦਮ ਚੁੱਕ ਕੇ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ‘ਚ ਹੱਲਚੱਲ ਪੈਦਾ ਕਰਕੇ ਇਹ ਲੜਾਈ ਫੈਸਲਾਕੁਨ ਮੋੜ ਉੱਤੇ ਲਿਅ ਕੇ ਖੜੀ ਕਰ ਦਿੱਤੀ ਹੈ। ਹੁਣ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਖੇਤਰ ‘ਚ ਭ੍ਰਿਸ਼ਟ ਲੀਡਰ ਤੇ ਅਫਸਰ ਰਹਿਣਗੇ ਜਾਂ ਫਿਰ ਭਗਵੰਤ ਮਾਨ ਰਹੇਗਾ,ਇਹ ਦੋਨੇਂ ਧਰਾਵਾਂ ਨਾਲੋ ਨਾਲ ਨਹੀਂ ਚੱਲ ਸਕਦੀਆਂ। ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੇ ਹੀ ਘਰ ਤੋਂ ਲੜਾਈ ਦਾ ਅਗਾਜ਼ ਕਰਕੇ ਉਨ੍ਹਾਂ ਭ੍ਰਿਸ਼ਟ ਮੰਤਰੀਆਂ ਤੇ ਅਫਸਰਾਂ ਨੂੰ ਸੁਨੇਹਾ ਦੇ ਦਿੱਤਾ ਹੈ ਜਿਨ੍ਹਾਂ ਨੇ ਅਤੀਤ ‘ਚ ਭ੍ਰਿਸ਼ਟਾਚਾਰ ਕਰਨ ਵਾਲੇ ਰਿਕਾਰਡ ਸਥਾਪਤ ਕਰਕੇ ਅਣਗਿਣਤ ਜਾਇਦਾਦਾ ਨੂੰ ਇਕੱਠਾ ਕੀਤਾ ਹੋਇਆ ਹੈ।

ਮੁੱਖ ਮੰਤਰੀ ਵੱਲੋਂ ਸਿਹਤ ਮੰਤਰੀ ਦੀ ਮੰਤਰੀ ਮੰਡਲ ਚੋਂ ਬਰਖਾਸਤਗੀ,ਪੁਲਿਸ ਕੇਸ ਦਰਜ ਕਰਨਾ ਅਤੇ ਮੰਤਰੀ ਨੂੰ ਗ੍ਰਿਫਤਾਰ ਕਰਨ ਦੀਆਂ ਘਟਨਾਵਾਂ ਨੂੰ ਕੁੱਝ ਹੀ ਘੰਟਿਆਂ ‘ਚ ਅੰਜਾਮ ਦੇ ਦੇਣਾ ਭ੍ਰਿਸ਼ਟਾਚਾਰ ਗੈਂਗ ਨੂੰ ਸੰਕੇਤ ਜਾਂਦਾ ਹੈ ਕਿ ਭਗਵੰਤ ਮਾਨ ਨੇ ਇਸ ਮੁੱਦੇ ਉੱਤੇ ਆਰ-ਪਾਰ ਦੀ ਲੜਾਈ ਲੜਨ ਲਈ ਮਨ ਬਣਾ ਰੱਖਿਆ ਹੈ। ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਦੇ ਕੇਸ ‘ਚ ਕੀਤੇ ਗਏ ਐਕਸ਼ਨ ਨਾਲ ਸਰਕਾਰ ਅੰਦਰ ਬੈਠੇ ਅਜਿਹੇ ਲੋਕਾਂ ਨੂੰ ਜਰੂਰ ਸੁਨੇਹਾ ਗਿਆ ਹੋਵੇਗਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਅਜੇ ਵੀ ਉਡੀਕੋ ਅਤੇ ਵੇਖੋ ਦੀ ਨੀਤੀ ਉੱਤੇ ਟੇਕ ਲਾਕੇ ਬੈਠੇ ਹੋਏ ਹਨ। ਭ੍ਰਿਸ਼ਟਾਚਾਰ ‘ਚ ਗ੍ਰਿਫਤਾਰ ਕੀਤਾ ਗਿਆ ਸਿਹਤ ਮੰਤਰੀ ਕੋਈ ਆਮ ਵਿਅਕਤੀ ਨਹੀਂ ਬਲਕਿ ਉਹ ਕਰੋੜਾਂ ਦੀ ਸੰਪਤੀ ਅਤੇ ਜਾਇਦਾਦ ਦਾ ਮਾਲਕ ਹੈ,ਡਾਕਟਰ ਹੈ ਅਤੇ ਆਪਣੇ ਹਲਕੇ ‘ਚ ਸਮਾਜ ਸੇਵੀ ਵਜੋਂ ਆਪਣੀ ਪਛਾਣ ਰੱਖਦਾ ਸੀ ਫਿਰ ਵੀ ਭ੍ਰਿਸ਼ਟਾਚਾਰ ਦੀ ਬਿਮਾਰੀ ਅੱਗੇ ਉਹ ਟਿਕ ਨਹੀਂ ਸਕਿਆ । ਪੜਿਆ ਲਿਖਿਆ ,ਉੱਚ ਡਿਗਰੀ ਪ੍ਰਾਪਤ ਅਤੇ ਕਰੋੜਪਤੀ ਸਿਹਤ ਮੰਤਰੀ ਆਪਣੇ ਮੰਤਰੀ ਕਾਲ ਦੇ ਕੇਵਲ ਦੋ ਮਹੀਨਿਆਂ ‘ਚ ਹੀ ਭ੍ਰਿਸ਼ਟਾਚਾਰ ਅੱਗੇ ਢਹਿ ਢੇਰੀ ਹੋ ਗਿਆ। ਭ੍ਰਿਸ਼ਟਾਚਾਰ ਦੀ ਪ੍ਰਵਿਰਤੀ ਅਤੇ ਬਿਮਾਰੀ ਭਾਵੇਂ ਮਾਨੁੱਖ ਨੂੰ ਆਦਿ ਕਾਲ ਤੋਂ ਹੀ ਚਿੰਬੜੀ ਹੋਈ ਹੈ ਪ੍ਰੰਤੂ ਅਧੁਨਿਕ ਵਿਕਾਸ ਮਾਡਲ ਰਾਹੀਂ ਘੜੇ ਗਏ ਨਵੇਂ “ਮਾਨੁੱਖੀ ਜੀਵਨ ਵਾਲੇ ਮਾਡਲ” ‘ਚ ਭ੍ਰਿਸ਼ਟਾਚਾਰ ਇੱਕ ਅਜਿਹਾ ਮੋਹਰੀ ਔਗੁਣ ਬਣਕੇ ਉਭਰਿਆ ਹੈ ਜਿਸ ਨੇ ਮਾਨੁੱਖ ਦੇ ਬਾਕੀ ਮੋਹਰੀ ਚਾਰ ਔਗੁਣਾਂ ਨੂੰ ਪਿੱਛੇ ਧੱਕ ਦਿੱਤਾ ਹੈ। ਅਧੁਨਿਕ ਜੀਵਨ ਦੇ ਮਾਡਲ ‘ਚ ਸ਼੍ਰਿਸ਼ਟੀ ਦੀਆਂ ਬਾਕੀ ਸਾਰੀਆਂ ਨਿਆਮਤਾਂ ਗੌਣ ਹੋ ਕੇ ਰਹਿ ਗਈਆਂ ਹਨ ਨਵੇਂ ਮਾਡਲ ਦੇ ਜੀਵਨ ਦੇ ਕੇਂਦਰ ‘ਚ ਕੇਵਲ ਪੈਸਾ ਆ ਗਿਆ ਹੈ ਜਿਸ ਦੀ ਗ੍ਰਿਫਤ ‘ਚ ਸਮਾਜ ਦਾ ਹਰ ਵਰਗ ਆਇਆ ਹੋਇਆ ਹੈ। ਪੰਜਾਬੀ ਦੀ ਇੱਕ ਕਹਾਵਤ ਹੈ “ਜਿਹਾ ਰਾਜਾ ਤਥਾ ਪਰਜਾ” ਪੰਜਾਬ ਅੰਦਰ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਭ੍ਰਿਸ਼ਟਾਚਾਰੀ ਵਿਅਕਤੀਆਂ ਨੂੰ ਸਮਾਜ ‘ਚ ਸਨਮਾਨਯੋਗ ਥਾਂ ਮਿਲਦੀ ਆ ਰਹੀ ਸੀ,ਇਹ ਸਥਿਤੀ ਇੱਥੋਂ ਤੱਕ ਪਹੁੰਚ ਗਈ ਹੈ ਛੋਟੇ-ਵੱਡੇ ਸਥਾਨਕ ਪ੍ਰੋਗਰਾਮਾਂ ‘ਚ ਨਸ਼ਿਆਂ ਦੇ ਤੱਸਕਰਾਂ ਨੂੰ ਵੀ ਮੁੱਖ ਮਹਿਮਾਨ ਬਣਾਇਆ ਜਾਣ ਲੱਗਾ ਸੀ। ਪੇਂਡੂ ਖੇਡ ਮੇਲਿਆਂ ‘ਚ ਇਹ ਰੁਝਾਨ ਲਗਾਤਾਰ ਬਣਿਆ ਹੋਇਆ ਸੀ ਭ੍ਰਿਸ਼ਟਾਚਾਰੀ ਅਤੇ ਨਸ਼ਿਆਂ ਦੇ ਤਸਕਰਾਂ ਕੋਲੋਂ ਖੇਡਾਂ ਲਈ ਮੋਟੀਆਂ ਰਕਮਾਂ ਲੈਕੇ ਉਨ੍ਹਾਂ ਨੂੰ ਆਮ ਲੋਕਾਂ ਅੱਗੇ ਹੀਰੋ ਵਜ਼ੋਂ ਪੇਸ਼ ਕੀਤਾ ਜਾਂਦਾ ਆ ਰਿਹਾ ਸੀ। ਭ੍ਰਿਸ਼ਟ ਵਿਅਕਤੀਆਂ ਨੂੰ ਸਮਾਜ ਅੰਦਰ ਮਿਲਦੇ ਆ ਰਹੇ ਸਨਮਾਨ ਸਦਕਾ ਇਮਾਨਦਾਰ ਬੰਦਾ, ਆਮ ਲੋਕਾਂ ਦੀਆਂ ਨਿਗਾਹਾਂ ‘ਚ ਗੁਨਾਹਗਾਰ ਬਣ ਗਿਆ ਸੀ।

ਭ੍ਰਿਸ਼ਟਾਚਾਰ ਨੂੰ ਰੋਕਣ ਦੇ ਮਾਮਲਿਆਂ ‘ਚ ਅਕਸਰ ਇਹ ਕਿਹਾ ਜਾਂਦਾ ਹੈ ਪੌੜ੍ਹੀਆਂ ਹਮੇਸ਼ਾਂ ਉਪਰੋਂ ਹੀ ਸਾਫ ਹੁੰਦੀਆਂ ਹਨ ਭਾਵ ਭ੍ਰਿਸ਼ਟਾਚਾਰ ਦੀ ਅਗਵਾਈ ਕਰਨ ਵਾਲੇ ਤਾਕਤਵਰ ਰਾਜਨੀਤਕ ਲੀਡਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਾਬੂ ਕੀਤੇ ਬਗੈਰ ਕਦੇ ਵੀ ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ। ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਪੰਜਾਬ ਦੀ ਸਥਿਤੀ ਇਹ ਬਣੀ ਚੱਲੀ ਆ ਰਹੀ ਸੀ ਕਿ ਇੱਥੇ ਤਾਂ ਮੁੱਖ ਮੰਤਰੀਆਂ ਵਿਰੁੱਧ ਵੀ ਭ੍ਰਿਸ਼ਟਾਚਾਰ ਦੇ ਕੇਸ ਦਰਜ ਹੋ ਚੁੱਕੇ ਹਨ। ਜਿੱਥੇ ਭ੍ਰਿਸ਼ਟਾਚਾਰ ‘ਚ ਮੁੱਖ ਮੰਤਰੀਆਂ ਅਤੇ ਮੰਤਰੀਆਂ ਵਿਰੁੱਧ ਕੇਸ ਦਰਜ ਹੋਣ ਉੱਥੇ ਹੇਠਲੇ ਪੱਧਰ ਦੇ ਰਾਜਨੀਤਕ ਲੀਡਰਾਂ ਅਤੇ ਅਫਸਰਾਂ ਨੂੰ ਕਿਸ ਦਾ ਡਰ ਹੋਵੇਗਾ ? ਭ੍ਰਿਸ਼ਟਾਚਾਰ ਤੋਂ ਅੱਕੇ ਪੰਜਾਬੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸੌ-ਸੌ ਸਾਲ ਦਾ ਇਤਿਹਾਸ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਸਤਾ ਤੋਂ ਬਾਹਰ ਰਸਤਾ ਵਿਖਾ ਦਿੱਤਾ ਸੀ। ਪੰਜਾਬ ਦੇ ਲੋਕਾਂ ਨੇ 2022 ‘ਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਉੱਤੇ ਜਿੱਤ ਦਿਵਾ ਕੇ ਚੋਣਾਂ ਦੇ ਇਤਿਹਾਸ ‘ਚ ਇੱਕ ਮੀਲ ਪੱਥਰ ਗੱਡਿਆ ਸੀ। ਸਿਹਤ ਮੰਤਰੀ ਦੀ ਭ੍ਰਿਸ਼ਟਾਚਾਰ ‘ਚ ਬਰਖਾਸਤਗੀ ਨਾਲ ਪੰਜਾਬ ਦੇ ਲੋਕਾਂ ਦੀਆਂ ਨਜਰਾਂ ‘ਚ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਦ ਹੋਰ ਉੱਚਾ ਹੋਇਆ ਹੈ ਉਥੇ ਹੀ ਵੀ ਇਹ ਸੰਕੇਤ ਜਾਂਦਾ ਹੈ ਕਿ ਜੋ ਵੀ ਵਿਧਾਇਕ ਨਵੀਂ ਪਾਰਟੀ ਦੇ ਮੰਚ ਤੋਂ ਜਿੱਤ ਕੇ ਆਏ ਹਨ ਉਹ ਸਾਰੇ ਪਾਕਿ-ਪਵਿੱਤਰ ਨਹੀਂ ਬਲਕਿ ਇਨ੍ਹਾਂ ‘ਚ ਵੀ ਗੰਦੀਆਂ ਮੱਛੀਆਂ ਮੌਜੂਦ ਹਨ। ਇਨ੍ਹਾਂ ਗੰਦੀਆਂ ਮੱਛੀਆਂ ਦੀਆਂ ਸਰਗਰਮੀਆਂ ਉੱਤੇ ਤਿੱਖੀ ਨਜਰ ਰੱਖਣ ਦੀ ਲੋੜ ਹੈ ਤਾਂ ਜੋ ਆਮ ਲੋਕਾਂ ਦੀਆਂ ਉਮੀਦਾਂ ਬਰਕਰਾਰ ਰਹਿਣ। ਭ੍ਰਿਸ਼ਟਾਚਾਰ ਦੀ ਚੱਲ ਰਹੀ ਹਨ੍ਹੇਰੀ ‘ਚ ਹਰ ਵਿਅਕਤੀ ਨੂੰ ਖੱਬਿਓਂ ਜਾਂ ਸੱਜਿਓ ਥੋੜੀ ਬਹੁਤੀ ਹਵਾ ਜਰੂਰ ਲੱਗਦੀ ਰਹਿੰਦੀ ਹੈ। ਅਜਿਹੇ ਹਲਾਤਾਂ ‘ਚ ਮੁੱਖ ਮੰਤਰੀ ਵੱਲੋਂ ਜੋ ਆਪਣੇ ਮੰਤਰੀਆਂ,ਅਫਸਰਾਂ ਅਤੇ ਵਿਧਾਇਕਾਂ ਨੂੰ ਸਿਹਤ ਮੰਤਰੀ ਰਾਹੀਂ ਜੋ ਸਖਤ ਸੁਨੇਹਾ ਭੇਜਿਆ ਗਿਆ ਹੈ ਉਸ ਦਾ ਅਸਰ ਕਦੋਂ ਤੱਕ ਅਤੇ ਕਿਨ੍ਹਾਂ ਰਹਿੰਦਾ ਹੈ। ਇਸ ਵਾਰੇ ਅਜੇ ਕੁੱਝ ਕਹਿਣਾ ਕਾਹਲੀ ਹੋਵੇਗੀ ਕਿਉਂਕਿ ਕਿ ਸਮਾਜ ਅਤੇ ਮਾਨੁੱਖ ਦੀ ਨਸ-ਨਸ ‘ਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ।

Spread the love