ਸ਼੍ਰੋਮਣੀ ਅਕਾਲੀ ਦਲ ਦਾ ਕਲੇਸ਼ ਹੋਰ ਵਧਣ ਦੇ ਆਸਾਰ ਬਣ ਗਏ ਹਨ। ਜਥੇਬੰਦਕ ਢਾਂਚਾ ਭੰਗ ਹੋਣ ਤੋਂ ਬਾਅਦ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਫ਼ੈਸਲਾ ਸੀਨੀਅਰ ਅਕਾਲੀ ਆਗੂਆਂ ਨੂੰ ਹਜ਼ਮ ਨਹੀਂ ਹੋ ਰਿਹਾ। ਸੀਨੀਅਰ ਅਕਾਲੀ ਆਗੂਆਂ ਨੇ ਪਾਰਟੀ ਦੇ ਦੂਜੀ ਕਤਾਰ ਦੇ ਕੁਝ ਆਗੂਆਂ ਨੂੰ ਅਨੁਸ਼ਾਸਨੀ ਕਮੇਟੀ ਵਿਚ ਸ਼ਾਮਲ ਕਰਨ ’ਤੇ ਸਵਾਲ ਖਡ਼੍ਹੇ ਕਰਦਿਆਂ ਇਸ ਕਾਰਵਾਈ ਨੂੰ ਦਬਾਅ ਦੀ ਪ੍ਰੈਕਟਿਸ ਦੱਸਿਆ ਹੈ। ਅਕਾਲੀ ਦਲ ਦੇ ਸੂਤਰਾਂ ਅਨੁਸਾਰ ਆਗਾਮੀ ਦਿਨਾਂ ਦੌਰਾਨ ਅਨੁਸ਼ਾਸਨੀ ਕਮੇਟੀ ਮੀਟਿੰਗਾਂ ਕਰਨ ਵਾਲੇ ਆਗੂਆਂ ’ਤੇ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆ ਸਕਦੀ ਹੈ।ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਆਗੂਆਂ ਵੱਲੋਂ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ਬਾਰੇ ਮੀਡੀਆਂ ਦੇ ਇਕ ਹਿੱਸੇ ਵੱਲੋਂ ਬਾਗੀ ਪ੍ਰਚਾਰ ਕਰਨ ਬਾਰੇ ਕੀਤੀਆਂ ਟਿਪਣੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਕਾਲੀ ਦਲ ਦੇ ਸਾਰੇ ਆਗੂ ਇਕ ਅਕਾਲੀ ਆਗੂ ਦੇ ਘਰ ਬੈਠ ਕੇ ਪਾਰਟੀ ਦੀ ਬਿਹਤਰੀ ਲਈ ਗੱਲਬਾਤ ਕਰ ਰਹੇ ਹਨ। ਚੰਦੂਮਾਜਰਾ ਦਾ ਕਹਿਣਾ ਹੈ ਕਿ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਮੀਟਿੰਗ ਕਰਨਾ ਪਾਰਟੀ ਵਿਰੋਧੀ ਨਹੀਂ ਹੈ।

Spread the love