ਤਾਇਵਾਨ ਦੇ ਵਿਦੇਸ਼ ਮੰਤਰੀ ਜੋਸੇਫ਼ ਵੂ ਨੇ ਕਿਹਾ ਕਿ ਚੀਨ ਫੌਜੀ ਮਸ਼ਕਾਂ ਰਾਹੀਂ ਇਸ ਟਾਪੂਨੁਮਾ ਮੁਲਕ ਦੀ ਜਮਹੂਰੀਅਤ ’ਤੇ ਚੜ੍ਹਾਈ ਕਰਨ ਦਾ ਅਭਿਆਸ ਕਰ ਰਿਹਾ ਹੈ। ਵੂ ਨੇ ਕਿਹਾ ਕਿ ਤਾਇਵਾਨ ਕਿਸੇ ਵੀ ਸੰਭਾਵੀ ਹਮਲੇ ਦੇ ਟਾਕਰੇ ਲਈ ਤਿਆਰ ਹੈ ਤੇ ਇਸੇ ਤਿਆਰੀ ਨੂੰ ਵਿਖਾਉਣ ਲਈ ਤਾਇਵਾਨੀ ਫੌਜ ਨੇ ਆਪਣੀਆਂ ਫੌਜੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਹਨ। ਤਾਇਵਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪੇਈਚਿੰਗ ਦਾ ਇਕੋ-ਇਕ ਨਿਸ਼ਾਨਾ ਪੱਛਮੀ ਪ੍ਰਸ਼ਾਂਤ ਖਿੱਤੇ ਵਿੱਚ ਆਪਣੇ ਗਲਬੇ ਨੂੰ ਸਥਾਪਤ ਕਰਨਾ ਅਤੇ ਤਾਇਵਾਨ, ਜਿਸ ਨੂੰ ਉਹ ਆਪਣੇ ਭੂ-ਖੰਡ ਦਾ ਹਿੱਸਾ ਦੱਸਦਾ ਹੈ, ਨੂੰ ਨਾਲ ਮਿਲਾਉਣਾ ਹੈ।ਤੈਪਈ ਵਿੱਚ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੂ ਨੇ ਕਿਹਾ ਕਿ ਚੀਨ ਤਾਇਵਾਨ ਜਲਡਮਰੂ ਰਸਤੇ ਪੂਰਬੀ ਤੇ ਦੱਖਣੀ ਚੀਨ ਸਾਗਰ ਵਿੱਚ ਆਪਣਾ ਕੰਟਰੋਲ ਸਥਾਪਤ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੇਈਚਿੰਗ, ਅਮਰੀਕਾ ਤੇ ਇਸ ਦੇ ਭਾਈਵਾਲਾਂ ਨੂੰ ਤਾਇਵਾਨ ਦੀ ਮਦਦ ਕਰਨ ਤੋਂ ਰੋਕ ਰਿਹਾ ਹੈ। ਵੂ ਨੇ ਕਿਹਾ ਕਿ ਚੀਨ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਇਵਾਨ ਫੇਰੀ ਨੂੰ ਬਹਾਨੇ ਵਜੋਂ ਵਰਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਇਸੇ ਬਹਾਨੇ ਦੀ ਆੜ ਵਿੱਚ ਤਾਇਵਾਨ ਨੂੰ ਧਮਕਾਉਣ ਲਈ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਇਹੀ ਨਹੀਂ ਚੀਨ ਨੇ ਪੇਲੋਸੀ ਦੀ ਫੇਰੀ ਦੇ ਰੋਸ ਵਜੋਂ ਤਾਇਵਾਨੀ ਫੂਡ ਦਰਾਮਦਾਂ ’ਤੇ ਵੀ ਪਾਬੰਦੀ ਲਾ ਦਿੱਤੀ ਸੀ ਤੇ ਵਾਸ਼ਿੰਗਟਨ ਨਾਲ ਸੁਰੱਖਿਆ ਤੇ ਵਾਤਾਵਰਨ ਤਬਦੀਲੀ ਨੂੰ ਲੈ ਕੇ ਸੰਵਾਦ ਦੀ ਬੰਦ ਕਰ ਦਿੱਤਾ ਸੀ।

Spread the love