By:- ਹਰਸਿਮਰਨ ਕੌਰ
ਹਰ ਖਿੱਤੇ ਦੇ ਲੋਕਾਂ ਦਾ ਜਨਜੀਵਨ ਉਸ ਖੇਤਰ ਦੇ ਕੁਦਰਤੀ ਸ੍ਰੋਤਾਂ ਉੱਤੇ ਨਿਰਭਰ ਹੁੰਦਾ ਹੈ। ਕੁਦਰਤੀ ਸ੍ਰੋਤਾਂ ਦੀ ਅਣਹੋਂਦ ਤੋਂ ਬਿਨਾਂ ਮਾਨੁੱਖੀ ਜਨਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਪੰਜਾਬ ਦੇ ਖੁਸ਼ਹਾਲ ਜੀਵਨ ਦਾ ਆਧਾਰ ਵੀ ਇੱਥੋਂ ਦੇ ਕੁਦਰਤੀ ਸ੍ਰੋਤ ਹੀ ਹਨ। ਪੰਜਾਬ ‘ਚ ਇਥੋਂ ਦਾ ਮੈਦਾਨੀ ਇਲਾਕਾ,ਉਪਜਾਊ ਮਿੱਟੀ, ਮੌਨਸੂਨ ਹਵਾਵਾਂ ਦੀ ਆਮਦ,ਵੱਖ ਵੱਖ ਰੁੱਤਾਂ ਦਾ ਚੱਕਰ,ਧਰਤੀ ਹੇਠਲਾ ਪਾਣੀ ਅਤੇ ਦਰਿਆਵਾਂ ਦਾ ਪਾਣੀ ਮੁੱਖ ਕੁਦਰਤੀ ਸ੍ਰੋਤ ਹਨ। ਇਹ ਸਾਰੇ ਸ੍ਰੋਤ ਸਦੀਆਂ ਤੋਂ ਪੰਜਾਬ ਦੇ ਮਾਨੁੱਖੀ ਜਨਜੀਵਨ ਦਾ ਆਧਾਰ ਬਣੇ ਹਨ ਜਿਨ੍ਹਾਂ ਸਦਕਾ ਬਾਕੀ ਜੀਵਨ ਨਾਲ ਸੰਬੰਧਿਤ ਆਲ਼ੇ ਦੁਆਲ਼ੇ ਦਾ ਪਾਲਣ ਪੋਸ਼ਣ ਹੁੰਦਾ ਆ ਰਿਹਾ ਹੈ। 21ਵੀਂ ਸਦੀ ‘ਚ ਪੰਜਾਬ ਦੇ ਜੀਵਨ ਦਾ ਆਧਾਰ ਬਣੇ ਹੋਏ ਇਹ ਕੁਦਰਤੀ ਸ੍ਰੋਤ ਹੁਣ ਖਤਰਨਾਕ ਸਥਿਤੀ ‘ਚ ਪਹੁੰਚ ਚੁੱਕੇ ਹਨ। ਜਿਨ੍ਹਾਂ ਸ੍ਰੋਤਾਂ ਨੇ ਪੰਜਾਬੀਆਂ ਨੂੰ ਜੀਵਨ ਬਖਸ਼ਿਆ ਉਹੀ ਸ੍ਰੋਤ ਹੁਣ ਇਸ ਖੇਤਰ ਦੇ ਜਨਜੀਵਨ ਲਈ ਮੌਤ ਬਣਨ ਲੱਗੇ ਹਨ ਜੋ ਪੰਜਾਬੀਆਂ ਲਈ ਵੱਡੀ ਚੁਨੌਤੀ ਹੈ।
ਪੰਜਾਬ ਦੀ ਮਿੱਟੀ ਇਸ ਹੱਦ ਤੱਕ ਜ਼ਹਿਰੀਲੀ ਹੋ ਗਈ ਹੈ ਕਿ ਇਸ ਮਿੱਟੀ ਵਿੱਚੋਂ ਪੈਦਾ ਹੋਣ ਵਾਲੇ ਹਰ ਪ੍ਰਕਾਰ ਦੇ ਅਨਾਜ਼ ਦੀ ਗੁਣਵੱਤਾ ਉੱਤੇ ਹੁਣ ਉਂਗਲ ਉੱਠਣ ਲੱਗੀ ਹੈ। ਔਰਤਾਂ ਅਤੇ ਮੱਝਾਂ ਦੇ ਦੁੱਧ ਅੰਦਰਲੀ ਸ਼ੁੱਧਤਾ ਵੀ ਸ਼ੱਕ ਦੇ ਘੇਰੇ ‘ਚ ਆਈ ਹੋਈ ਹੈ।
ਭਾਰਤ ਦੀ ਕੇਂਦਰ ਸਰਕਾਰ ਵੱਲੋਂ 1966 ‘ਚ ਹਰੀ ਕ੍ਰਾਂਤੀ ਦੇ ਦਿੱਤੇ ਨਾਆਰੇ ‘ਚ ਪੰਜਾਬ ਅਜਿਹਾ ਫਸਾਇਆ ਕਿ ਅੱਜ ਪੰਜਾਬ ਆਪਣੀ ਹੋਂਦ ਦੀ ਲੜਾਈ ਲੜਨ ਤੱਕ ਪਹੁੰਚ ਗਿਆ ਹੈ। ਪੰਜਾਬ ਦੀ ਉਪਜਾਊ ਮਿੱਟੀ ਨੂੰ ਕੈਂਸਰ ਤੱਕ ਹੋ ਗਿਆ ਹੈ, ਧਰਤੀ ਹੇਠਲਾ ਪਾਣੀ ਇਸ ਹੱਦ ਤੱਕ ਹੇਠਾਂ ਚਲਾ ਗਿਆ ਹੈ ਸੂਬੇ ਦੇ ਬਹੁਗਿਣਤੀ ਬਲਾਕ ਡਾਰਕ ਜ਼ੋਨ ਐਲਾਨੇ ਜਾ ਚੁੱਕੇ ਹਨ।ਪੰਜਾਬ ਦੇ ਦਰਿਆਈ ਪਾਣੀਆਂ ਨੂੰ ਇੱਥੋਂ ਦੇ ਉਦਯੋਗ ਨੇ ਇਸ ਹੱਦ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਸਿੰਚਾਈ ਵਿਭਾਗ ਨੂੰ ਐਡਵਾਇਜ਼ਰੀ ਜਾਰੀ ਕਰਨੀ ਪੈ ਰਹੀ ਹੈ ਉਹ ਦਰਿਆਵਾਂ ਚੋਂ ਨਿਕਲਦੀਆਂ ਨਹਿਰਾਂ ਦੇ ਪਾਣੀ ਦੀ ਵਰਤੋਂ ਪੀਣ ਲਈ ਨਾ ਕਰਨ। ਪੰਜਾਬ ਦੇ ਪਿੰਡਾਂ ‘ਚ ਜੋ ਵਾਟਰ ਵਰਕਸ ਸਕੀਮਾਂ ਚੱਲ ਰਹੀਆਂ ਹਨ ਉਨ੍ਹਾਂ ਨੂੰ ਨਹਿਰੀ ਪਾਣੀ ਹੀ ਸਪਲਾਈ ਹੁੰਦਾ ਹੈ। ਵਾਤਾਵਰਨ ਚ ਤਬਦੀਲੀ ਆ ਰਹੀ ਹੈ ਅਤੇ ਮੌਨਸੂਨ ਹਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ।
ਇੱਕ ਹੋਰ ਹੈਰਾਨੀਜਨਕ ਪਹਿਲੂ ਇਹ ਹੈ ਕਿ ਇੱਥੇ ਹਰੀ ਕ੍ਰਾਂਤੀ ਜਾਂ ਬਾਆਦ ਦੇ ਸਮਿਆਂ ‘ਚ ਪੰਜਾਬ ਅੰਦਰ ਖੇਤੀਬਾੜੀ ਨੀਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਸਥਾਨਕ ਸਰਕਾਰਾਂ ਨੇ ਕਦੇ ਵੀ ਖੇਤੀਬਾੜੀ ਨੀਤੀ ਬਣਾਉਣ ਨੂੰ ਆਪਣੇ ਏਜੰਡੇ ਉੱਤੇ ਨਹੀਂ ਰੱਖਿਆ। ਜਰੂਰਤ ਤਾਂ ਇਹ ਸੀ ਖੇਤੀਬਾੜੀ ਨੀਤੀ ਬਣਾਕੇ ਇਸ ਲਈ ਵੱਖਰਾ ਬਜਟ ਰੱਖਿਆ ਜਾਂਦਾ ਪਰ ਇੱਥੇ ਤਾਂ ਕਦੇ ਕਿਸੇ ਸਰਕਾਰ ਨੇ ਖੇਤੀ ਨੀਤੀ ਹੀ ਨਹੀਂ ਬਣਾਈਂ। ਖੇਤੀ ਨੀਤੀ ਦੀ ਅਣਹੋਂਦ ਕਰਕੇ ਹੀ ਪੰਜਾਬ ਨੂੰ ਕਣਕ ਅਤੇ ਝੋਨੇ ਦੇ ਦੋ ਫਸਲੀ ਚੱਕਰ ‘ਚ ਅਜਿਹਾ ਪਾਇਆ ਜਿਸ ਵਿੱਚੋਂ ਹੁਣ ਪੰਜਾਬ ਲਈ ਬਾਹਰ ਆਉਣਾ ਅਸੰਭਵ ਲੱਗਦਾ ਹੈ।
ਪੰਜਾਬ ਦੀਆਂ ਸਰਕਾਰਾਂ,ਮਾਹਿਰਾਂ,ਵਿਗਿਆਨੀਆਂ ਅਤੇ ਆਮ ਪੰਜਾਬੀਆਂ ਦੀ ਕੁਦਰਤੀ ਸ੍ਰੋਤਾਂ ਦੀ ਵਰਤੋਂ ਪ੍ਰਤੀ ਲਾਪਰਵਾਹੀ ਵਾਲੀ ਪਹੁੰਚ ਨੇ ਪੰਜਾਬ ਦੇ ਜਨਜੀਵਨ ਨੂੰ ਖਤਰਨਾਕ ਸਥਿਤੀ ‘ਚ ਪਹੁੰਚਾ ਦਿੱਤਾ ਹੈ। ਧਰਤੀ ਹੇਠਲੇ ਪਾਣੀ ਅਤੇ ਦਰਿਆਵਾਂ ਦਾ ਪਾਣੀ ਇਸ ਹੱਦ ਤੱਕ ਪ੍ਰਦੂਸ਼ਿਤ ਹੋ ਗਿਆ ਹੈ ਕਿ ਹੁਣ ਇਹ ਮਾਨੁੱਖੀ ਜੀਵਨ ਸਮੇਤ ਪਸ਼ੂਆਂ ਤੇ ਪੰਛੀਆਂ ਦੇ ਪੀਣਯੋਗ ਨਹੀਂ ਰਿਹਾ। ਪੰਜਾਬ ਦੇ ਮਾਲਵਾ ਖੇਤਰ ਚ ਧਰਤੀ ਹੇਠਲੇ ਕੁਦਰਤੀ ਤੱਤਾਂ ਚ ਯੂਰੇਨੀਅਮ ਦੀ ਮਿਲਾਵਟ ਵਾਲੀਆਂ ਰਿਪੋਰਟਾਂ ਨੇ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਵਰਤੋਂ ਯੋਗ ਨਹੀਂ ਰਿਹਾ। ਮਾਲਵੇ ਦੇ ਬਹੁਤ ਸਾਰੇ ਪਿੰਡਾਂ ਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਉੱਤੇ ਰੋਕ ਲੱਗ ਚੁੱਕੀ ਹੈ। ਆਮ ਮਾਨੁੱਖ ਵੀ ਜਾਣਦਾ ਹੈ ਕਿ ਪਾਣੀ ਉਨ੍ਹਾਂ ਪੰਜ ਪ੍ਰਮੁੱਖ ਤੱਤਾਂ ਚ ਸ਼ਾਮਲ ਹੈ ਜਿਨ੍ਹਾਂ ਸਦਕਾ ਧਰਤੀ ਉੱਤੇ ਮਨੁੱਖੀ ਜੀਵਨ ਹੋਂਦ ਚ ਆਇਆ। ਪਾਣੀ ਤੋਂ ਬਿਨ ਧਰਤੀ ਉੱਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਤਿਹਾਸ ਚ ਇਹ ਤੱਥ ਮੌਜੂਦ ਹਨ ਆਦਿ ਕਾਲ ਚ ਮਾਨੁੱਖੀ ਸਭਿਅਤਾਵਾਂ ਦਾ ਵਿਕਾਸ ਉੱਥੇ ਹੀ ਹੋਇਆ ਜਿੱਥੇ ਪਾਣੀ ਮਿਲਦਾ ਸੀ। ਦੁਨੀਆਂ ਦੀਆਂ ਬਹੁਤ ਗਿਣਤੀ ਸਭਿਅਤਾਵਾਂ ਦਰਿਆਵਾਂ ਦੇ ਕਿਨਾਰੇ ਵਸੀਆਂ ਅਤੇ ਵਿਕਸਤ ਹੋਈਆਂ।
ਪਾਣੀ ਦੀ ਮਾਨੁੱਖੀ ਜੀਵਨ ਚ ਮਹਾਨਤਾ ਵਾਰੇ ਜ਼ਿਕਰ ਕਰਦਿਆਂ ਗੁਰੂ ਨਾਨਕ ਜੀ ਨੇ ਗੁਰਬਾਣੀ ਚ ਫੁਰਮਾਇਆ ਹੈ :-
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ।।
ਜਲ ਬਿਨੁ ਸਾਖ ਕੁਮਲਾਵਤੀ
ਉਪਜਹਿ ਨਾਹੀ ਦਾਮ
ਪਹਿਲਾ ਪਾਣੀ ਜਿਉ ਹੈ
ਜਿਤੁ ਹਰਿਆ ਸਭ ਕੋਇ
ਗੁਰਬਾਣੀ ਚ ਪਾਣੀ ਨੂੰ ਪਿਤਾ ਤੱਕ ਦਾ ਦਰਜਾ ਦਿੱਤਾ ਗਿਆ ਹੈ। ਜਿਵੇਂ ਪਿਤਾ ਤੋਂ ਬਿਨਾਂ ਸੰਤਾਨ ਹੋਂਦ ਵਿੱਚ ਨਹੀਂ ਆ ਸਕਦੀ, ਉਸੇ ਤਰ੍ਹਾਂ ਜੀਵਨ ਦਾ ਵਿਕਾਸ ਵੀ ਪਾਣੀ ਤੋਂ ਬਿਨਾਂ ਅਸੰਭਵ ਹੈ।
ਪੰਜਾਬ ਦੀ ਧਰਤੀ ਉੱਤੇ ਜਿੱਥੇ ਰਿਸ਼ੀਆਂ ਮੁਨੀਆਂ,ਪੀਰਾਂ ਪੈਗੰਬਰਾਂ ਅਤੇ ਗੁਰੂਆਂ ਦਾ ਜਨਮ ਹੋਇਆ ਉੱਥੇ ਹੀ ਇਸ ਧਰਤੀ ਉੱਤੇ ਦੁਨੀਆਂ ਦੇ ਮੁਢਲੇ ਅਧਿਆਤਮਕ ਗ੍ਰੰਥਾਂ ਦੀ ਰਚਨਾ ਹੋਣ ਦਾ ਜ਼ਿਕਰ ਮਿਲਦਾ ਹੈ। ਅਧਿਆਤਮਕ ਗੁਰੂਆਂ ਨੇ ਆਪਣੇ ਆਪਣੇ ਗ੍ਰੰਥਾਂ ਚ ਪਾਣੀ ਦੀ ਮਹੱਤਤਾ ਨੂੰ ਵਿਸ਼ੇਸ਼ ਦਰਜਾ ਦਿੱਤਾ ਹੈ ਪਰ ਅਸੀਂ ਆਪਣੇ ਗੁਰੂਆਂ ਪੀਰਾਂ ਦੀਆਂ ਸਿਖਿਆਵਾਂ ਦਾ ਕਿਨ੍ਹਾਂ ਕੁ ਪਾਲਣ ਕੀਤਾ ਹੈ ਇਹ ਪੰਜਾਬ ਦੇ ਪਾਣੀਆਂ ਦੀ ਹਾਲਤ ਬਿਆਨ ਕਰ ਰਹੀ ਹੈ।
ਪੰਜਾਬ ਵਿੱਚ ਝੋਨੇ ਦੀ ਖੇਤੀ ਹੇਠ ਰਕਬਾ 27 ਲੱਖ ਹੈਕਟੇਅਰ ਤੋਂ ਉੱਪਰ ਪੁੱਜ ਚੁੱਕਾ ਹੈ। ਇਸ ਸਮੇਂ ਪੰਜਾਬ ਅੰਦਰ 11.68 ਲੱਖ ਟਿਊਬਵੈੱਲ ਧਰਤੀ ਦੀ ਹਿੱਕ ‘ਚੋਂ ਪਾਣੀ ਖਿੱਚ ਰਹੇ ਹਨ ਅਤੇ ਇਨ੍ਹਾਂ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਕਿਲੋ ਝੋਨਾ ਉਗਾਉਣ ਲਈ 3500 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਅੰਦਾਜ਼ਨ 150 ਲੱਖ ਟਨ ਝੋਨਾ ਉਗਾਉਣ ਲਈ 4100 ਕਰੋੜ ਕਿਊਬਕ ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਵੀ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ 10 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਫ਼ਸਲ ਘਟਾਉਣ ਦਾ ਸੁਝਾਅ ਦਿੱਤਾ ਹੈ।
ਮਾਹਿਰਾਂ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਅੰਦਰ ਧਰਤੀ ਹੇਠਲਾ ਪਾਣੀ 145 ਫੀਸਦੀ ਦਰ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਪੰਜਾਬ ‘ਚ ਕੁੱਲ 138 ਬਲਾਕ ਹਨ। ਇਨ੍ਹਾਂ 138 ਬਲਾਕਾਂ ਵਿੱਚੋਂ 103 ਅਜਿਹੇ ਬਲਾਕ ਹਨ, ਜਿੱਥੇ ਖ਼ਤਰੇ ਦੀ ਹੱਦ ਤੋਂ ਵੱਧ ਪਾਣੀ ਬਾਹਰ ਕੱਢਿਆ ਜਾ ਚੁੱਕਾ ਹੈ। 5 ਬਲਾਕਾਂ ਅੰਦਰ ਇਹ ਖ਼ਤਰੇ ਦੀ ਸਥਿਤੀ ਵਿੱਚ ਹਨ ਤੇ 4 ਬਲਾਕ ਖ਼ਤਰੇ ਵੱਲ ਵੱਧ ਰਹੇ ਹਨ। ਬਾਕੀ ਬਲਾਕਾਂ ਵਿੱਚ ਖ਼ਤਰੇ ਵਾਲੀ ਹਾਲਤ ਨਹੀਂ, ਪਰ ਉਨ੍ਹਾਂ ਦਾ ਪਾਣੀ ਵੀ ਪੀਣਯੋਗ ਨਹੀਂ। ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੋਈ ਜ਼ਿਲ੍ਹਾ ਅਜਿਹਾ ਨਹੀਂ, ਜਿਸ ਦਾ ਪਾਣੀ ਪ੍ਰਦੂਸ਼ਿਤ ਨਾ ਹੋਵੇ। ਮਾਲਵੇ ਦੀ ਜ਼ਮੀਨ ਵਿੱਚ ਸੰਖਿਆ (ਆਰਸੈਨਿਕ) ਵੱਡੀ ਮਾਤਰਾ ‘ਚ ਸ਼ਾਮਲ ਹੈ। ਇਸ ਕਾਰਨ ਇਲਾਕੇ ਵਿੱਚ ਕੈਂਸਰ, ਕਾਲਾ ਪੀਲੀਆ, ਬੇਔਲਾਦਪਨ ਤੇ ਕਿਡਨੀ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਅਨੁਸਾਰ ਲੁਧਿਆਣਾ ਨੇੜਲਾ ਬੁੱਢਾ ਨਾਲਾ(ਦਰਿਆ) ਇਸ ਸਮੇਂ ਭਾਰਤ ਦਾ ਸਭ ਤੋਂ ਵੱਧ ਦੂਸ਼ਿਤ ਨਾਲਾ ਹੈ। ਸਤਲੁਜ ਦਰਿਆ ਹਰੀਕੇ ਪੱਤਣ ‘ਤੇ ਬਿਆਸ ਨਾਲ ਮਿਲ ਜਾਂਦਾ ਹੈ ਜਿਥੋਂ ਦੋ ਨਹਿਰਾਂ ਰਾਹੀਂ ਇਸ ਦਾ ਜ਼ਹਿਰੀਲਾ ਪਾਣੀ ਮਾਲਵੇ ਤੇ ਰਾਜਸਥਾਨ ਜਾਂਦਾ ਹੈ। ਜਿਥੇ-ਜਿਥੇ ਲੋਕ ਇਹ ਪਾਣੀ ਪੀਣ ਲਈ ਵਰਤਦੇ ਹਨ, ਉਥੇ-ਉਥੇ ਕੈਂਸਰ ਤੇ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਦੂਜੇ ਥਾਵਾਂ ਦੇ ਮੁਕਾਬਲੇ ਵਧੇਰੇ ਹੈ। ਵਰਤਮਾਨ ਚ ਪੰਜਾਬ ਦੇ ਧਰਤੀ ਹੇਠਲੇ ਅਤੇ ਦਰਿਆਵਾਂ ਦੇ ਪਾਣੀਆਂ ਦੀ ਵਾਲੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਜਿਸ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਪਾਣੀਆਂ ਦੀ ਸਾਂਭ ਸੰਭਾਲ ਲਈ ਜੋ ਨਵੇਂ ਯਤਨ ਆਰੰਭੇ ਹਨ ਉਹ ਸ਼ਲਾਘਾਯੋਗ ਤਾਂ ਹਨ ਪਰ ਇਹ ਨਾਕਾਫੀ ਹੈ। ਪਿਛਲੀਆਂ ਸਰਕਾਰਾਂ ਵੱਲੋਂ ਪਾਣੀਆਂ ਦੀ ਮਹੱਤਤਾ ਅਤੇ ਸਾਂਭ ਸੰਭਾਲ ਸੰਬੰਧੀ ਜੋ ਵੱਡੇ ਖੱਪੇ ਛੱਡੇ ਹੋਏ ਹਨ ਉਹ ਛੇਤੀ ਕੀਤਿਆਂ ਭਰੇ ਵੀ ਨਹੀਂ ਜਾਣੇ।
ਪੰਜਾਬ ਦੇ ਪਾਣੀਆਂ ਨੂੰ ਉਸ ਦੇ ਕੁਦਰਤੀ ਰੂਪ ਚ ਸੰਭਾਲ ਕਰਨੀ ਕੇਵਲ ਸਰਕਾਰ ਦਾ ਕਾਰਜ ਨਹੀਂ ਹੈ,ਇਸ ਕਾਰਜ ਚ ਹਰ ਪੰਜਾਬੀ ਨੂੰ ਆਪਣਾ ਯੋਗਦਾਨ ਪਾਉਣਾ ਪਵੇਗਾ ਤਾਂ ਹੀ ਸਾਨੂੰ ਜ਼ਹਿਰ ਮੁਕਤ ਜੀਵਨ ਪਾਣੀ ਮਿਲੇਗਾ। ਪੰਜਾਬ ਦੇ ਪਾਣੀਆਂ ਦੀ ਗੁਣਵੱਤਾ ਇਸ ਹੱਦ ਤੱਕ ਵਿਗੜ ਗਈ ਹੈ ਅੱਜ ਹਰ ਘਰ ਚ ਆਰ ਓ ਸਿਸਟਮ ਲੱਗ ਚੁੱਕਿਆ ਹੈ। ਕਾਰਪੋਰੇਟ ਮਾਡਲ ਪੰਜਾਬ ਦੇ ਜਨਜੀਵਨ ਚੋਂ ਕੁਦਰਤੀਪਣ ਨੂੰ ਖਤਮ ਕਰਕੇ ਆਪਣੀ ਤਕਨੀਕ ਵੇਚ ਕੇ ਮੁਨਾਫ਼ਾ ਕਮਾ ਰਿਹਾ ਹੈ ਪਰ ਪੰਜਾਬੀ ਅਜੇ ਵੀ ਅਵੇਸਲੇ ਨਜਰ ਆ ਰਹੇ ਹਨ। ਪੰਜਾਬੀਆਂ ਨੂੰ ਆਪਣਾ ਇਹ ਅਵੇਸਲਾਪਣ ਤਿਆਗਣਾ ਪਵੇਗਾ ਫਿਰ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੋਵੇਗਾ।