ਬ੍ਰਿਟੇਨ ਦੁਨੀਆ ਦਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ ਜੋ ਸੱਤ ਮਿੰਟਾਂ ਦੇ ਅੰਦਰ ਕੈਂਸਰ ਦੇ ਮਰੀਜ਼ਾਂ ਅੰਦਰ ਇਲਾਜ ਦੀ ਦਿਵਾਈ ਇੰਜੈਕਟ ਕਰੇਗਾ। ਬ੍ਰਿਟੇਨ ਦੀ ਪਬਲਿਕ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਦੁਨੀਆ ਦੀ ਪਹਿਲੀ ਸੰਸਥਾ ਬਣ ਗਈ ਹੈ ਜੋ ਦੇਸ਼ ਵਿੱਚ ਕੈਂਸਰ ਦੇ ਸੈਂਕੜੇ ਮਰੀਜ਼ਾਂ ਦਾ ਇੱਕੋ ਟੀਕੇ ਨਾਲ ਇਲਾਜ ਕਰ ਸਕਦੀ ਹੈ ਤੇ ਇਲਾਜ ਦੇ ਸਮੇਂ ਵਿੱਚ ਤਿੰਨ ਚੌਥਾਈ ਦੀ ਕਟੌਤੀ ਕਰ ਸਕਦੀ ਹੈ।

ਬ੍ਰਿਟਿਸ਼ ਮੈਡੀਸਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਤੋਂ ਮਨਜ਼ੂਰੀ ਮਿਲਣ ਮਗਰੋਂ NHS ਨੇ ਕਿਹਾ ਕਿ ਜਿਨ੍ਹਾਂ ਸੈਂਕੜੇ ਕੈਂਸਰ ਦੇ ਮਰੀਜ਼ਾਂ ਦਾ ਇਮਯੂਨੋਥੈਰੇਪੀ ਨਾਲ ਇਲਾਜ ਕੀਤਾ ਜਾ ਰਿਹਾ ਸੀ, ਉਨ੍ਹਾਂ ਨੂੰ ਹੁਣ “ਚਮੜੀ ਦੇ ਹੇਠਾਂ” ਐਟਜ਼ੋਲਿਜ਼ੁਮੈਬ ਦੇ ਟੀਕੇ ਦਿੱਤੇ ਜਾਣ ਦੀ ਤਿਆਰੀ ਹੈ। ਇਸ ਨਾਲ ਕੈਂਸਰ ਦੇ ਇਲਾਜ ਦਾ ਸਮਾਂ ਘੱਟ ਜਾਵੇਗਾ।

NHS ਨੇ ਕਿਹਾ ਕਿ ਐਟਜ਼ੋਲਿਜ਼ੁਮੈਬ ਜਿਸ ਨੂੰ ਟੇਸੈਂਟ੍ਰਿਕ ਵੀ ਕਿਹਾ ਜਾਂਦਾ ਹੈ, ਆਮ ਤੌਰ ‘ਤੇ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਨਾੜੀਆਂ ਵਿੱਚ ਡ੍ਰਿੱਪ ਰਾਹੀਂ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਕੁਝ ਮਰੀਜ਼ਾਂ ਲਈ ਲਗਪਗ 30 ਮਿੰਟ ਜਾਂ ਇੱਕ ਘੰਟੇ ਤੱਕ ਦਾ ਸਮਾਂ ਲੱਗਦਾ ਹੈ। ਕਈ ਮਰੀਜ਼ਾਂ ਨੂੰ ਤਾਂ ਇਹ ਟੀਕਾ ਲਾਉਣ ਵਿੱਚ ਹੋਰ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ, ਜਦੋਂ ਉਨ੍ਹਾਂ ਦੀਆਂ ਨਾੜੀਆਂ ਤੱਕ ਦਵਾਈ ਪਹੁੰਚਣਾ ਔਖਾ ਹੋ ਜਾਂਦਾ ਹੈ, ਪਰ ਨਵੇਂ ਤਰੀਕੇ ਨਾਲ ਹੁਣ ਇਹ ਦਵਾਈ ਦੇਣ ਲਈ ਨਾੜੀ ਦੀ ਬਜਾਏ ਚਮੜੀ ਦੇ ਹੇਠਾਂ ਟੀਕਾ ਲਾਇਆ ਜਾਵੇਗਾ। ਇੰਗਲੈਂਡ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੋਵੇਗਾ। Tecentric ਇੱਕ ਮੋਨੋਕਲੋਨਲ ਐਂਟੀਬਾਡੀ ਹੈ ਜੋ ਕੈਂਸਰ ਦੇ ਮਰੀਜ਼ਾਂ ਵਿੱਚ ਸਰੀਰ ਦੀ ਇਮਿਊਨ ਸਿਸਟਮ ਦੇ ਕਾਰਜਾਂ ਨੂੰ ਪ੍ਰਭਾਵਿਤ ਕਰਦੀ ਹੈ।

ਰਾਇਟਰਜ਼ ਅਨੁਸਾਰ, ਵੈਸਟ ਸਫੋਲਕ ਐਨਐਚਐਸ ਫਾਊਂਡੇਸ਼ਨ ਟਰੱਸਟ ਦੇ ਸਲਾਹਕਾਰ ਔਨਕੋਲੋਜਿਸਟ ਡਾਕਟਰ ਅਲੈਗਜ਼ੈਂਡਰ ਮਾਰਟਿਨ ਨੇ ਕਿਹਾ, “ਇਹ ਮਨਜ਼ੂਰੀ ਨਾ ਸਿਰਫ਼ ਸਾਨੂੰ ਆਪਣੇ ਮਰੀਜ਼ਾਂ ਲਈ ਵਧੇਰੇ ਸੁਵਿਧਾਜਨਕ ਤੇ ਤੇਜ਼ ਦੇਖਭਾਲ ਪ੍ਰਦਾਨ ਕਰਨ ਦੀ ਇਜਾਜ਼ਤ ਦੇਵੇਗੀ, ਸਗੋਂ ਸਾਡੀਆਂ ਟੀਮਾਂ ਨੂੰ ਪੂਰੇ ਸਮੇਂ ਵਿੱਚ ਹੋਰ ਮਰੀਜ਼ਾਂ ਦਾ ਇਲਾਜ ਕਰਨ ਦੀ ਵੀ ਇਜਾਜ਼ਤ ਦੇਵੇਗੀ। ਰੋਸ਼ ਪ੍ਰੋਡਕਟਸ ਲਿਮਟਿਡ ਦੇ ਮੈਡੀਕਲ ਡਾਇਰੈਕਟਰ ਮਾਰੀਅਸ ਸ਼ੋਲਟਜ਼ ਨੇ ਕਿਹਾ, “ਮੌਜੂਦਾ ਡ੍ਰਿੱਪ ਵਿਧੀ ਨਾਲ 30 ਤੋਂ 60 ਮਿੰਟਾਂ ਦੇ ਮੁਕਾਬਲੇ ਇਸ ਵਿੱਚ ਸੱਤ ਮਿੰਟ ਲੱਗਦੇ ਹਨ।”

Spread the love