ਕੇਰਲ ਚ ਨਿਪਾਹ ਵਾਇਰਸ:2 ਮੌਤਾਂ,4 ਜ਼ਿਲ੍ਹਿਆਂ ਚ ਅਲਰਟ,7 ਕੰਟੇਨਮੈਂਟ ਜ਼ੋਨ ਬਣਾਏ ਗਏ

ਚੰਡੀਗੜ੍ਹ ;ਕੇਰਲ ਦੇ ਕੋਝੀਕੋਡ ‘ਚ ਨਿਪਾਹ ਵਾਇਰਸ ਕਾਰਨ ਦੋ ਮੌਤਾਂ ਤੋਂ ਬਾਅਦ ਹਸਪਤਾਲਾਂ ‘ਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਆਈਸੋਲੇਸ਼ਨ ਵਾਰਡ ਦੇ ਬਾਹਰ ਨੋ ਐਂਟਰੀ ਸਾਈਨ ਬੋਰਡ ਵੀ ਲਗਾਏ ਗਏ ਹਨ।

ਕੇਰਲ ਦੇ ਕੋਝੀਕੋਡ ‘ਚ ਨਿਪਾਹ ਵਾਇਰਸ ਕਾਰਨ ਦੋ ਲੋਕਾਂ ਦੀ ਮੌਤ ਤੋਂ ਬਾਅਦ 3 ਹੋਰ ਜ਼ਿਲਿਆਂ ਕੰਨੂਰ, ਵਾਇਨਾਡ ਅਤੇ ਮਲਪੁਰਮ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇੱਥੋਂ ਦੀਆਂ 7 ਗ੍ਰਾਮ ਪੰਚਾਇਤਾਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਕੰਟੇਨਮੈਂਟ ਜ਼ੋਨ ਖੇਤਰਾਂ ਅਤੇ ਹਸਪਤਾਲਾਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਕੋਝੀਕੋਡ ਦੇ ਜ਼ਿਲ੍ਹਾ ਅਧਿਕਾਰੀ ਨੇ 7 ਪੰਚਾਇਤਾਂ ਵਿੱਚ ਸਾਰੇ ਵਿਦਿਅਕ ਸੰਸਥਾਵਾਂ, ਆਂਗਣਵਾੜੀ ਕੇਂਦਰਾਂ, ਬੈਂਕਾਂ ਅਤੇ ਸਰਕਾਰੀ ਅਦਾਰਿਆਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਿਰਫ਼ ਦਵਾਈਆਂ ਅਤੇ ਜ਼ਰੂਰੀ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੈ।

ਕੇਰਲ ‘ਚ ਹੁਣ ਤੱਕ ਨਿਪਾਹ ਵਾਇਰਸ ਦੇ 4 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ, ਰਾਜ ਸਰਕਾਰ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਪੁਣੇ ਤੋਂ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੀ ਟੀਮ ਨਿਪਾਹ ਵਾਇਰਸ ਦੀ ਜਾਂਚ ਕਰਨ ਲਈ ਅੱਜ ਕੇਰਲ ਆਵੇਗੀ। ਐਨਆਈਵੀ ਟੀਮ ਕੋਝੀਕੋਡ ਮੈਡੀਕਲ ਕਾਲਜ ਵਿੱਚ ਚਮਗਿੱਦੜਾਂ ਦਾ ਸਰਵੇਖਣ ਵੀ ਕਰੇਗੀ।

Spread the love