ਚੰਡੀਗੜ੍ਹ ‘ਚ ਡਾਕਟਰਾਂ ਦੀ ਹੜਤਾਲ ਦਾ ਦੂਜੇ ਦਿਨ ਵੀ ਜਾਰੀ

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ (ਜੀਐਮਸੀਐਚ) ਦੇ 240 ਡਾਕਟਰ (ਪੀਜੀਜੇਆਰ) ਹੜਤਾਲ ’ਤੇ ਹਨ। ਉਨ੍ਹਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਮੰਗਲਵਾਰ ਨੂੰ ਪ੍ਰਸ਼ਾਸਨ ਵੱਲੋਂ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਡਾਕਟਰਾਂ ‘ਤੇ ਉਨ੍ਹਾਂ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਇਸ ਕਾਰਨ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

ਇਸ ਸਬੰਧੀ ਜੂਨੀਅਰ ਰੈਜ਼ੀਡੈਂਟ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਰਮਿਆਨ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਚੰਡੀਗੜ੍ਹ ਵਿੱਚ ਅਪਰੈਲ ਤੋਂ ਕੇਂਦਰੀ ਤਨਖਾਹ ਸਕੇਲ ਲਾਗੂ ਹੋਣ ਤੋਂ ਬਾਅਦ ਵੀ ਅਜੇ ਤੱਕ ਮੀਟਿੰਗ ਨਹੀਂ ਹੋਈ।

ਕੱਲ੍ਹ ਚੰਡੀਗੜ੍ਹ ਪ੍ਰਸ਼ਾਸਨ ਦੀ ਤਰਫ਼ੋਂ ਸਿਹਤ ਸਕੱਤਰ ਅਜੈ ਚਗਤੀ ਨੇ ਸਾਰੇ ਡਾਕਟਰਾਂ ਨੂੰ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਡਾਕਟਰ ਵੱਲੋਂ ਰੱਖੀਆਂ ਸਾਰੀਆਂ ਮੰਗਾਂ ‘ਤੇ ਚਰਚਾ ਚੱਲ ਰਹੀ ਹੈ। ਇਸ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ। ਇਸ ਤਰ੍ਹਾਂ ਹੜਤਾਲ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ਲਈ ਡਾਕਟਰਾਂ ਨੂੰ ਜਲਦ ਤੋਂ ਜਲਦ ਹੜਤਾਲ ਖਤਮ ਕਰਕੇ ਕੰਮ ‘ਤੇ ਆਉਣਾ ਚਾਹੀਦਾ ਹੈ।

ਹੜਤਾਲ ‘ਤੇ ਬੈਠੇ ਡਾਕਟਰ ਕੇਂਦਰ ਦੀ ਤਰਜ਼ ‘ਤੇ 7ਵੇਂ ਤਨਖਾਹ ਕਮਿਸ਼ਨ ਦੀ ਮੰਗ ਕਰ ਰਹੇ ਹਨ । ਧਰਨਾਕਾਰੀਆਂ ਦਾ ਕਹਿਣਾ ਹੈ ਕਿ ਕੇਂਦਰੀ ਤਨਖਾਹ ਸਕੇਲ ਚੰਡੀਗੜ੍ਹ ਵਿੱਚ ਅਪ੍ਰੈਲ ਮਹੀਨੇ ਤੋਂ ਲਾਗੂ ਕੀਤਾ ਗਿਆ ਹੈ, ਜਦੋਂ ਕਿ ਇਹ ਅਜੇ ਤੱਕ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ। ਇਹ ਤਨਖਾਹ ਸਕੇਲ ਅਤੇ ਅਪਰੈਲ ਤੋਂ ਹੁਣ ਤੱਕ ਦੇ ਬਕਾਏ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਦਿੱਤੇ ਜਾਣ।

Spread the love