ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦੀ ਪਹਿਲੀ ਬੈਠਕ ਸਨਿਚਰਵਾਰ ਨੂੰ ਹੈਦਰਾਬਾਦ ’ਚ

ਹੈਦਰਾਬਾਦ: ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦੀ ਪਹਿਲੀ ਬੈਠਕ ਕੱਲ੍ਹ ਯਾਨੀ ਸ਼ਨਿਚਰਵਾਰ ਨੂੰ ਹੈਦਰਾਬਾਦ ਵਿਖੇ ਹੋਵੇਗੀ, ਜਿਸ ’ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਵਿੱਖ ਦੀ ਰਣਨੀਤੀ, ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ‘ਇੰਡੀਆ’ ਦੀ ਇਕਜੁਟਤਾ ਨੂੰ ਅੱਗੇ ਲੈ ਕੇ ਜਾਣ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਹੋਰ ਕਈ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ।

ਕਾਂਗਰਸ ਨੇ 20 ਅੱਗਸਤ ਨੂੰ ਅਪਣੀ ਵਰਕਿੰਗ ਕਮੇਟੀ ਦਾ ਪੁਨਰਗਠਨ ਕੀਤਾ ਸੀ, ਜਿਸ ’ਚ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਨਾਲ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਵਰਕਿੰਗ ਕਮੇਟੀ ’ਚ 39 ਮੈਂਬਰ, 32 ਸਥਾਈ ਸੱਦੇ ਵਾਲੇ ਅਤੇ 13 ਵਿਸ਼ੇਸ਼ ਸੱਦੇ ਵਾਲੇ ਸ਼ਾਮਲ ਹਨ। ਸਚਿਨ ਪਾਇਲਟ ਅਤੇ ਸ਼ਸ਼ੀ ਥਰੂਰ ਵਰਗੇ ਨੇਤਾਵਾਂ ਨੂੰ ਪਹਿਲੀ ਵਾਰ ਇਸ ਵਰਕਿੰਗ ਕਮੇਟੀ ’ਚ ਥਾਂ ਮਿਲੀ ਹੈ।

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 16 ਸਤੰਬਰ ਨੂੰ ਹੋਵੇਗੀ ਅਤੇ ਫਿਰ ਅਗਲੇ ਦਿਨ ਵਿਸਥਾਰਤ ਵਰਕਿੰਗ ਕਮੇਟੀ ਦੀ ਮੀਟਿੰਗ ਹੋਵੇਗੀ। ਵਰਕਿੰਗ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹੋਰ ਕਈ ਸੀਨੀਅਰ ਆਗੂ ਵਿਸਤ੍ਰਿਤ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਹਿੱਸਾ ਲੈਣਗੇ

ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ 17 ਸਤੰਬਰ ਨੂੰ ਹੈਦਰਾਬਾਦ ਨੇੜੇ ਜਨ ਸਭਾ ਵੀ ਹੋਵੇਗੀ ਜਿਸ ਨੂੰ ਪਾਰਟੀ ਦੇ ਚੋਟੀ ਦੇ ਆਗੂ ਸੰਬੋਧਨ ਕਰਨਗੇ। ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੂੰ ਘੇਰਨ ਦੀ ਰਣਨੀਤੀ, ਵਿਰੋਧੀ ਗਠਜੋੜ ‘ਇੰਡੀਆ’ ਦੀ ਏਕਤਾ ਨੂੰ ਅੱਗੇ ਵਧਾਉਣ, ਸੰਗਠਨ ਨੂੰ ਮਜ਼ਬੂਤ ​​ਕਰਨ ਸਮੇਤ ਹੋਰ ਕਈ ਵਿਸ਼ਿਆਂ ’ਤੇ ਚਰਚਾ ਹੋਵੇਗੀ।

Spread the love